ਸੋਨੇ-ਚਾਂਦੀ 'ਚ ਮੁੜ ਆਵੇਗੀ ਤੂਫ਼ਾਨੀ ਤੇਜ਼ੀ! ₹1.85 ਲੱਖ ਤਕ ਪਹੁੰਚ ਸਕਦੈ ਸੋਨਾ, ਚਾਂਦੀ ਲਈ ਕਿੰਨੀ ਔਖੀ ਹੈ 90 ਡਾਲਰ ਦੀ ਰਾਹ?
ਭਾਰਤ 'ਚ ਵੀ ਚਾਂਦੀ 'ਚ ਭੌਤਿਕ ਨਿਵੇਸ਼ ਦੀ ਮੰਗ ਅਹਿਮ ਬਣੀ ਹੋਈ ਹੈ। 2026 'ਚ ਭਾਰਤ ਦੀ ਨਿਵੇਸ਼ ਮੰਗ ਲਗਪਗ 10 ਫ਼ੀਸਦੀ ਘਟ ਸਕਦੀ ਹੈ। ਪਰ ਇਸ ਨੂੰ ਕਮਜ਼ੋਰੀ ਨਹੀਂ ਮੰਨਣਾ ਚਾਹੀਦਾ, ਕਿਉਂਕਿ 2025 ਦੀ ਦੂਜੀ ਛਿਮਾਹੀ 'ਚ ਖ਼ਰੀਦਦਾਰੀ ਅਸਾਧਾਰਨ ਤੌਰ 'ਤੇ ਮਜ਼ਬੂਤ ਰਹੀ ਸੀ। ਉਸ ਉੱਚੇ ਪੱਧਰ ਤੋਂ ਗਿਰਾਵਟ ਦੇ ਬਾਵਜੂਦ ਮੰਗ ਚੰਗੀ ਬਣੀ ਹੋਈ ਹੈ।
Publish Date: Tue, 20 Oct 2026 01:01 PM (IST)
Updated Date: Tue, 20 Oct 2026 01:06 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਪਿਛਲੇ 9 ਮਹੀਨਿਆਂ ਦੌਰਾਨ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। 29 ਜਨਵਰੀ 2026 ਨੂੰ ਦਰਜ ਕੀਤੇ ਗਏ ਆਪਣੇ ਸਭ ਤੋਂ ਉੱਚ ਪੱਧਰ (All Time High) ਤੋਂ ਸੋਨਾ ਲਗਪਗ 24 ਫ਼ੀਸਦੀ ਤੇ ਚਾਂਦੀ 50 ਫ਼ੀਸਦੀ ਤਕ ਸਸਤੀ ਹੋ ਚੁੱਕੀ ਹੈ। ਸੌਖੇ ਸ਼ਬਦਾਂ 'ਚ ਕਹੀਏ ਤਾਂ ਸੋਨੇ ਦੀ ਕੀਮਤ 10 ਗ੍ਰਾਮ ਪਿੱਛੇ ਲਗਪਗ 45,000 ਰੁਪਏ ਅਤੇ ਚਾਂਦੀ ਦੀ ਕੀਮਤ ਪ੍ਰਤੀ ਕਿਲੋਗ੍ਰਾਮ 2.10 ਲੱਖ ਰੁਪਏ ਤੱਕ ਘਟ ਚੁੱਕੀ ਹੈ। (Gold-Silver Price Crash)
ਇਸ ਦੌਰਾਨ ਕੀਮਤੀ ਧਾਤਾਂ 'ਤੇ ਖੋਜ ਕਰਨ ਵਾਲੀ ਬ੍ਰਿਟਿਸ਼ ਕੰਪਨੀ ਮੈਟਲਜ਼ ਫੋਕਸ (Metals Focus) ਨੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਆਉਣ ਦਾ ਅਨੁਮਾਨ ਲਗਾਇਆ ਹੈ। ਕੰਪਨੀ ਮੁਤਾਬਕ, 2027 'ਚ ਸੋਨੇ ਦੀ ਔਸਤ ਕੀਮਤ 5,330 ਡਾਲਰ ਪ੍ਰਤੀ ਔਂਸ ਅਤੇ ਚਾਂਦੀ ਦੀ ਔਸਤ ਕੀਮਤ 84.40 ਡਾਲਰ ਪ੍ਰਤੀ ਔਂਸ ਰਹਿ ਸਕਦੀ ਹੈ।
ਸਾਲ ਦੀ ਆਖ਼ਰੀ ਤਿਮਾਹੀ 'ਚ ਸੋਨੇ ਦੀ ਕੀਮਤ 6,000 ਡਾਲਰ ਪ੍ਰਤੀ ਔਂਸ, ਯਾਨੀ ਲਗਪਗ 1.85 ਲੱਖ ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦੀ ਹੈ। ਇਸੇ ਤਰ੍ਹਾਂ ਚਾਂਦੀ ਦੀ ਕੀਮਤ 90 ਡਾਲਰ ਪ੍ਰਤੀ ਔਂਸ, ਯਾਨੀ ਲਗਪਗ 2.75 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਨੇੜੇ ਜਾਂ ਇਸ ਤੋਂ ਉੱਪਰ ਜਾ ਸਕਦੀ ਹੈ।
ਗਿਰਾਵਟ ਦਾ ਮਤਲਬ ਮੰਦੀ ਨਹੀਂ
ਮੈਟਲਜ਼ ਫੋਕਸ 'ਚ ਗੋਲਡ-ਸਿਲਵਰ ਦੇ ਡਾਇਰੈਕਟਰ ਮੈਥਿਊ ਪਿਗੌਟ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਸੋਨੇ ਦੀਆਂ ਕੀਮਤਾਂ 'ਚ ਇਸ ਸਾਲ ਆਈ ਗਿਰਾਵਟ ਦੇ ਬਾਵਜੂਦ ਲੰਬੇ ਸਮੇਂ 'ਚ ਤੇਜ਼ੀ ਦੇ ਆਧਾਰ ਕਮਜ਼ੋਰ ਨਹੀਂ ਹੋਏ ਹਨ। ਉਨ੍ਹਾਂ ਮੁਤਾਬਕ, ਸੋਨੇ ਦੀਆਂ ਕੀਮਤਾਂ 'ਚ ਮੌਜੂਦਾ ਗਿਰਾਵਟ ਦਾ ਮਤਲਬ ਇਹ ਨਹੀਂ ਹੈ ਕਿ ਮੰਦੀ ਦਾ ਦੌਰ ਸ਼ੁਰੂ ਹੋ ਗਿਆ ਹੈ। ਇਹ ਬਾਜ਼ਾਰ 'ਚ ਸਥਿਰਤਾ ਆਉਣ ਦੀ ਪ੍ਰਕਿਰਿਆ ਵੀ ਹੋ ਸਕਦੀ ਹੈ। ਸੰਸਥਾਗਤ ਨਿਵੇਸ਼ਕਾਂ ਅਤੇ ਕੇਂਦਰੀ ਬੈਂਕਾਂ ਦੀ ਖ਼ਰੀਦਦਾਰੀ ਸੋਨੇ ਦੀ ਕੀਮਤ ਨੂੰ 4,000 ਡਾਲਰ ਪ੍ਰਤੀ ਔਂਸ ਤੋਂ ਉੱਪਰ ਸਹਾਰਾ ਦੇ ਰਹੀ ਹੈ।
ਇੰਟਰਵਿਊ ਦੌਰਾਨ ਪਿਗੌਟ ਨੇ ਇਹ ਵੀ ਦੱਸਿਆ ਕਿ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਨੂੰ ਬ੍ਰੇਕ ਕਿਉਂ ਲੱਗੀ, ਮੱਧ ਪੂਰਬ ਦੇ ਤਣਾਅ ਦੀ ਕੀ ਭੂਮਿਕਾ ਹੈ ਅਤੇ ਭਾਰਤ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕਰਨ 'ਚ ਕਿਵੇਂ ਅਹਿਮ ਭੂਮਿਕਾ ਨਿਭਾ ਸਕਦਾ ਹੈ।
ਜਾਣੋ 5 ਮੁੱਖ ਨੁਕਤਿਆਂ 'ਚ ਪੂਰੀ ਖੇਡ
1. ਸੋਨੇ ਦੀ ਰਫ਼ਤਾਰ ਨੂੰ ਬ੍ਰੇਕ ਕਿਉਂ ਲੱਗੀ? ਸੋਨੇ ਦੀਆਂ ਕੀਮਤਾਂ 'ਤੇ ਮਹਿੰਗਾਈ, ਊਰਜਾ ਦੀਆਂ ਉੱਚੀਆਂ ਕੀਮਤਾਂ ਅਤੇ ਵਿਆਜ ਦਰਾਂ ਬਾਰੇ ਬਣੀ ਅਨਿਸ਼ਚਿਤਤਾ ਦਾ ਦਬਾਅ ਹੈ। ਬਾਂਡਾਂ 'ਤੇ ਮਿਲਣ ਵਾਲੇ ਉੱਚੇ ਰਿਟਰਨ ਕਾਰਨ ਨਿਵੇਸ਼ਕਾਂ ਨੂੰ ਅਜਿਹੇ ਵਿਕਲਪ ਵੀ ਆਕਰਸ਼ਕ ਲੱਗ ਰਹੇ ਹਨ, ਜਿੱਥੇ ਨਿਯਮਤ ਰਿਟਰਨ ਮਿਲਦਾ ਹੈ। ਇਸ ਤੋਂ ਇਲਾਵਾ, ਸ਼ੇਅਰ ਬਾਜ਼ਾਰ, ਕ੍ਰਿਪਟੋਕਰੰਸੀ ਅਤੇ ਹੋਰ ਵਸਤੂਆਂ 'ਚ ਵੀ ਨਿਵੇਸ਼ ਦੇ ਮੌਕੇ ਮੌਜੂਦ ਹਨ।
ਪਿਗੌਟ ਮੁਤਾਬਕ, ਜਦੋਂ ਸੋਨੇ ਦੀ ਕੀਮਤ 4,000 ਡਾਲਰ ਪ੍ਰਤੀ ਔਂਸ ਦੇ ਨੇੜੇ ਆਉਂਦੀ ਹੈ ਤਾਂ ਸੰਸਥਾਗਤ ਨਿਵੇਸ਼ਕ ਮੁੜ ਖ਼ਰੀਦਦਾਰੀ ਸ਼ੁਰੂ ਕਰ ਦਿੰਦੇ ਹਨ। ਕੇਂਦਰੀ ਬੈਂਕਾਂ ਦੀ ਖ਼ਰੀਦਦਾਰੀ ਵੀ ਕੀਮਤਾਂ ਨੂੰ ਸਹਾਰਾ ਦੇ ਰਹੀ ਹੈ।
ਵਧਦਾ ਸਰਕਾਰੀ ਕਰਜ਼ਾ, ਬਜਟ ਘਾਟਾ ਅਤੇ ਅਮਰੀਕੀ ਆਰਥਿਕ ਨੀਤੀਆਂ ਬਾਰੇ ਅਨਿਸ਼ਚਿਤਤਾ ਲੰਬੇ ਸਮੇਂ 'ਚ ਸੋਨੇ ਦੀ ਮੰਗ ਨੂੰ ਮਜ਼ਬੂਤ ਕਰ ਰਹੇ ਹਨ।
2. ਮੱਧ ਪੂਰਬ ਦੀ ਜੰਗ ਕਦੋਂ ਤਕ ਰੋਕੇਗੀ ਤੇਜ਼ੀ? ਮੱਧ ਪੂਰਬ 'ਚ ਜਾਰੀ ਸੰਘਰਸ਼ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਤਣਾਅ ਕਾਰਨ ਊਰਜਾ ਦੀਆਂ ਕੀਮਤਾਂ ਵਧਦੀਆਂ ਹਨ, ਜਿਸ ਨਾਲ ਮਹਿੰਗਾਈ ਵਧਣ ਦਾ ਖ਼ਤਰਾ ਰਹਿੰਦਾ ਹੈ। ਇਸ ਨਾਲ ਅਮਰੀਕੀ ਡਾਲਰ ਮਜ਼ਬੂਤ ਹੋ ਸਕਦਾ ਹੈ ਅਤੇ ਕੇਂਦਰੀ ਬੈਂਕਾਂ ਵੱਲੋਂ ਵਿਆਜ ਦਰਾਂ ਉੱਚੀਆਂ ਰੱਖੇ ਜਾਣ ਦੀ ਸੰਭਾਵਨਾ ਵਧ ਜਾਂਦੀ ਹੈ।
ਆਮ ਤੌਰ 'ਤੇ ਮਹਿੰਗਾਈ ਅਤੇ ਆਰਥਿਕ ਅਨਿਸ਼ਚਿਤਤਾ ਸੋਨੇ ਦੀ ਮੰਗ ਵਧਾਉਂਦੀਆਂ ਹਨ। ਪਰ ਜਦੋਂ ਮਹਿੰਗਾਈ ਦੇ ਨਾਲ ਡਾਲਰ ਅਤੇ ਵਿਆਜ ਦਰਾਂ ਵੀ ਮਜ਼ਬੂਤ ਹੁੰਦੀਆਂ ਹਨ, ਤਾਂ ਸੋਨੇ ਦੀ ਤੇਜ਼ੀ 'ਤੇ ਦਬਾਅ ਪੈ ਸਕਦਾ ਹੈ।
ਪਿਗੌਟ ਦਾ ਕਹਿਣਾ ਹੈ ਕਿ ਨਿਵੇਸ਼ਕਾਂ ਦਾ ਭਰੋਸਾ ਮੁੜ ਹਾਸਲ ਕਰਨ ਲਈ ਊਰਜਾ ਬਾਜ਼ਾਰ 'ਚ ਤਣਾਅ ਘਟਣਾ ਅਤੇ ਮੱਧ ਪੂਰਬ 'ਚ ਗੱਲਬਾਤ ਦੇ ਮੋਰਚੇ 'ਤੇ ਠੋਸ ਤਰੱਕੀ ਹੋਣੀ ਜ਼ਰੂਰੀ ਹੈ। ਸਿਰਫ਼ ਗੱਲਬਾਤ ਦਾ ਐਲਾਨ ਕਰਨ ਨਾਲ ਬਾਜ਼ਾਰ ਦਾ ਭਰੋਸਾ ਬਹਾਲ ਕਰਨਾ ਮੁਸ਼ਕਲ ਹੈ, ਜਦੋਂ ਤੱਕ ਇਸ ਦੇ ਨਤੀਜੇ ਜ਼ਮੀਨੀ ਪੱਧਰ 'ਤੇ ਦਿਖਾਈ ਨਹੀਂ ਦਿੰਦੇ।
ਉਨ੍ਹਾਂ ਦਾ ਮੰਨਣਾ ਹੈ ਕਿ ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਲੰਬੇ ਸਮੇਂ ਤੱਕ ਲਗਾਤਾਰ ਵਿਆਜ ਦਰਾਂ ਵਧਾਉਣ ਦੀ ਸੰਭਾਵਨਾ ਘੱਟ ਹੈ। ਬਹੁਤ ਜ਼ਿਆਦਾ ਸਖ਼ਤ ਨੀਤੀ ਨਾਲ ਅਰਥਵਿਵਸਥਾ ਦੀ ਰਫ਼ਤਾਰ ਹੌਲੀ ਹੋ ਸਕਦੀ ਹੈ, ਜਿਸ ਨਾਲ ਅੱਗੇ ਚੱਲ ਕੇ ਸੋਨੇ ਦੀ ਮੰਗ ਨੂੰ ਸਹਾਰਾ ਮਿਲ ਸਕਦਾ ਹੈ।
3. 2027 'ਚ ਕਿੰਨਾ ਮਹਿੰਗਾ ਹੋ ਸਕਦਾ ਹੈ ਸੋਨਾ?
ਮੈਟਲਜ਼ ਫੋਕਸ ਮੁਤਾਬਕ, ਸੋਨੇ ਦੀ ਔਸਤ ਕੀਮਤ 2026 'ਚ 4,600 ਡਾਲਰ ਪ੍ਰਤੀ ਔਂਸ ਅਤੇ 2027 'ਚ 5,330 ਡਾਲਰ ਪ੍ਰਤੀ ਔਂਸ ਰਹਿ ਸਕਦੀ ਹੈ। ਇਹ ਲਗਭਗ 16 ਫ਼ੀਸਦੀ ਦਾ ਵਾਧਾ ਹੈ।
2027 ਦੀ ਚੌਥੀ ਤਿਮਾਹੀ 'ਚ ਸੋਨੇ ਦੀ ਔਸਤ ਕੀਮਤ 5,600 ਡਾਲਰ ਪ੍ਰਤੀ ਔਂਸ ਤੱਕ ਪਹੁੰਚਣ ਦਾ ਅਨੁਮਾਨ ਹੈ। ਜੇਕਰ ਬਾਜ਼ਾਰ ਦੀਆਂ ਸਥਿਤੀਆਂ ਅਨੁਕੂਲ ਰਹੀਆਂ, ਤਾਂ ਕੀਮਤ 6,000 ਡਾਲਰ ਪ੍ਰਤੀ ਔਂਸ ਦੇ ਨੇੜੇ ਵੀ ਜਾ ਸਕਦੀ ਹੈ।
ਸਾਲ ਦੇ ਆਖ਼ਰੀ ਮਹੀਨਿਆਂ 'ਚ ਭਾਰਤ ਅਤੇ ਚੀਨ ਵਰਗੇ ਬਾਜ਼ਾਰਾਂ 'ਚ ਸੋਨੇ ਦੀ ਭੌਤਿਕ ਮੰਗ ਵੀ ਕੀਮਤਾਂ ਨੂੰ ਸਹਾਰਾ ਦੇ ਸਕਦੀ ਹੈ। ਫ਼ਿਲਹਾਲ ਸੋਨੇ ਦੇ ਸਿੱਕਿਆਂ ਅਤੇ ਬਾਰਾਂ 'ਚ ਨਿਵੇਸ਼ ਦੀ ਮੰਗ ਜਨਵਰੀ ਦੀ ਸ਼ੁਰੂਆਤ 'ਚ ਆਏ ਉਛਾਲ ਦੇ ਮੁਕਾਬਲੇ ਕਮਜ਼ੋਰ ਰਹੀ ਹੈ। ਪੁਰਾਣਾ ਸੋਨਾ ਵੇਚਣ ਵਾਲੇ ਡੀਲਰਾਂ ਕਾਰਨ ਨਵੀਂ ਖ਼ਰੀਦਦਾਰੀ ਦਾ ਅਸਰ ਵੀ ਸੀਮਤ ਰਿਹਾ ਹੈ।
4. ਚਾਂਦੀ ਦੇ 90 ਡਾਲਰ ਤੋਂ ਪਾਰ ਜਾਣ ਦੀ ਰਾਹ ਕਿੰਨੀ ਔਖੀ?
ਚਾਂਦੀ ਲਈ ਤਸਵੀਰ ਸੋਨੇ ਦੇ ਮੁਕਾਬਲੇ ਵਧੇਰੇ ਗੁੰਝਲਦਾਰ ਹੈ। ਮੈਟਲਜ਼ ਫੋਕਸ ਮੁਤਾਬਕ, ਚਾਂਦੀ ਦੀ ਔਸਤ ਕੀਮਤ 2026 'ਚ 72.60 ਡਾਲਰ ਅਤੇ 2027 'ਚ 84.40 ਡਾਲਰ ਪ੍ਰਤੀ ਔਂਸ ਰਹਿ ਸਕਦੀ ਹੈ। ਇਹ ਲਗਪਗ 16 ਫ਼ੀਸਦੀ ਦਾ ਵਾਧਾ ਹੈ।
ਅਗਲੇ ਸਾਲ ਦੀ ਚੌਥੀ ਤਿਮਾਹੀ 'ਚ ਚਾਂਦੀ ਦੀ ਕੀਮਤ 90 ਡਾਲਰ ਪ੍ਰਤੀ ਔਂਸ ਤੋਂ ਉੱਪਰ ਜਾ ਸਕਦੀ ਹੈ। ਪਰ ਚਾਂਦੀ ਉਦਯੋਗਿਕ ਮੰਗ 'ਚ ਕਮਜ਼ੋਰੀ ਇਸ ਦੀ ਤੇਜ਼ੀ ਦੇ ਰਾਹ 'ਚ ਰੁਕਾਵਟ ਬਣ ਸਕਦੀ ਹੈ।
ਕੰਪਨੀ ਦਾ ਅਨੁਮਾਨ ਹੈ ਕਿ ਚਾਂਦੀ ਦਾ ਵਿਸ਼ਵ ਬਾਜ਼ਾਰ 2026 'ਚ 3.54 ਕਰੋੜ ਔਂਸ ਦੀ ਘਾਟ 'ਚ ਰਹਿਣ ਤੋਂ ਬਾਅਦ 2027 'ਚ 3.73 ਕਰੋੜ ਔਂਸ ਦੇ ਸਰਪਲੱਸ, ਯਾਨੀ ਵਾਧੂ ਸਪਲਾਈ, 'ਚ ਆ ਸਕਦਾ ਹੈ।
ਇਸ ਦਾ ਮੁੱਖ ਕਾਰਨ ਸੋਲਰ ਪੈਨਲ ਬਣਾਉਣ ਵਾਲੀਆਂ ਕੰਪਨੀਆਂ ਵੱਲੋਂ ਚਾਂਦੀ ਦੀ ਵਰਤੋਂ ਘਟਾਉਣਾ ਹੈ। ਕੰਪਨੀਆਂ ਉਤਪਾਦਨ ਦੀ ਲਾਗਤ ਘਟਾਉਣ ਅਤੇ ਤਕਨੀਕ ਦੀ ਕਾਰਗੁਜ਼ਾਰੀ ਵਧਾਉਣ ਲਈ ਹਰ ਪੈਨਲ 'ਚ ਘੱਟ ਚਾਂਦੀ ਦੀ ਵਰਤੋਂ ਕਰ ਰਹੀਆਂ ਹਨ। ਕੁਝ ਕੰਪਨੀਆਂ ਤਾਂਬੇ ਵਰਗੇ ਹੋਰ ਵਿਕਲਪਾਂ 'ਤੇ ਵੀ ਕੰਮ ਕਰ ਰਹੀਆਂ ਹਨ।
5. ਕੀ ਨਿਵੇਸ਼ਕਾਂ ਦੀ ਖ਼ਰੀਦਦਾਰੀ ਚਾਂਦੀ ਨੂੰ ਨਵੀਂ ਉਚਾਈ 'ਤੇ ਲੈ ਜਾਵੇਗੀ? ਪਿਗੌਟ ਮੁਤਾਬਕ, ਚਾਂਦੀ 'ਚ ਅਗਲੀ ਵੱਡੀ ਤੇਜ਼ੀ ਦਾ ਮੁੱਖ ਆਧਾਰ ਉਦਯੋਗਿਕ ਮੰਗ ਦੀ ਬਜਾਏ ਨਿਵੇਸ਼ਕਾਂ ਦੀ ਵਾਪਸੀ ਹੋਵੇਗੀ। ਜੇਕਰ ਸੋਨੇ ਦੀਆਂ ਕੀਮਤਾਂ ਵਧਦੀਆਂ ਹਨ ਅਤੇ ਚਾਂਦੀ ਨਾਲ ਜੁੜੇ ਐਕਸਚੇਂਜ ਟਰੇਡਡ ਉਤਪਾਦਾਂ (ETPs) 'ਚ ਨਿਵੇਸ਼ ਵਧਦਾ ਹੈ, ਤਾਂ ਬਾਜ਼ਾਰ 'ਚ ਉਪਲਬਧ ਚਾਂਦੀ ਦੀ ਮਾਤਰਾ ਘਟ ਸਕਦੀ ਹੈ। ਇਸ ਨਾਲ ਕੀਮਤਾਂ ਨੂੰ ਸਹਾਰਾ ਮਿਲ ਸਕਦਾ ਹੈ।
ਹਾਲਾਂਕਿ, ਉਨ੍ਹਾਂ ਨੂੰ ਇਸ ਵਾਰ ਪਹਿਲਾਂ ਵਰਗੀ ਬਹੁਤ ਜ਼ਿਆਦਾ ਭੌਤਿਕ ਘਾਟ ਅਤੇ ਸਪਲਾਈ ਸਬੰਧੀ ਦਬਾਅ ਦੀ ਉਮੀਦ ਨਹੀਂ ਹੈ। ਪਹਿਲਾਂ ਅਜਿਹੇ ਹਾਲਾਤ ਨੇ ਚਾਂਦੀ ਦੀ ਕੀਮਤ ਨੂੰ 120 ਡਾਲਰ ਪ੍ਰਤੀ ਔਂਸ ਤੋਂ ਉੱਪਰ ਪਹੁੰਚਾਉਣ 'ਚ ਭੂਮਿਕਾ ਨਿਭਾਈ ਸੀ।
ਭਾਰਤ 'ਚ ਵੀ ਚਾਂਦੀ 'ਚ ਭੌਤਿਕ ਨਿਵੇਸ਼ ਦੀ ਮੰਗ ਅਹਿਮ ਬਣੀ ਹੋਈ ਹੈ। 2026 'ਚ ਭਾਰਤ ਦੀ ਨਿਵੇਸ਼ ਮੰਗ ਲਗਪਗ 10 ਫ਼ੀਸਦੀ ਘਟ ਸਕਦੀ ਹੈ। ਪਰ ਇਸ ਨੂੰ ਕਮਜ਼ੋਰੀ ਨਹੀਂ ਮੰਨਣਾ ਚਾਹੀਦਾ, ਕਿਉਂਕਿ 2025 ਦੀ ਦੂਜੀ ਛਿਮਾਹੀ 'ਚ ਖ਼ਰੀਦਦਾਰੀ ਅਸਾਧਾਰਨ ਤੌਰ 'ਤੇ ਮਜ਼ਬੂਤ ਰਹੀ ਸੀ। ਉਸ ਉੱਚੇ ਪੱਧਰ ਤੋਂ ਗਿਰਾਵਟ ਦੇ ਬਾਵਜੂਦ ਮੰਗ ਚੰਗੀ ਬਣੀ ਹੋਈ ਹੈ।
ਪਿਗੌਟ ਮੁਤਾਬਕ, ਸੋਨੇ ਲਈ ਕੇਂਦਰੀ ਬੈਂਕਾਂ ਦੀ ਖ਼ਰੀਦਦਾਰੀ, ਸਰਕਾਰੀ ਕਰਜ਼ਾ ਅਤੇ ਆਰਥਿਕ ਅਨਿਸ਼ਚਿਤਤਾ ਲੰਬੇ ਸਮੇਂ ਤਕ ਸਹਾਰਾ ਬਣੇ ਰਹਿ ਸਕਦੇ ਹਨ। ਦੂਜੇ ਪਾਸੇ, ਚਾਂਦੀ ਦੀ ਤੇਜ਼ੀ ਲਈ ਸੋਨੇ ਦਾ ਮਜ਼ਬੂਤ ਪ੍ਰਦਰਸ਼ਨ ਅਤੇ ਨਿਵੇਸ਼ਕਾਂ ਦੀ ਸਰਗਰਮ ਭਾਗੀਦਾਰੀ ਅਹਿਮ ਹੋਵੇਗੀ।