ਸੋਨਾ ਬਿਹਤਰ ਜਾਂ ਚਾਂਦੀ? ਜਾਣੋ 1 ਲੱਖ ਰੁਪਏ ਦੇ ਨਿਵੇਸ਼ 'ਤੇ ਕਿਸ ਧਾਤ ਨੇ ਦਿੱਤਾ ਸਭ ਤੋਂ ਵੱਧ ਮੁਨਾਫ਼ਾ
ਮਾਹਿਰਾਂ ਮੁਤਾਬਕ ਸੋਨੇ ਅਤੇ ਚਾਂਦੀ ਦੋਵਾਂ ਦੀਆਂ ਕੀਮਤਾਂ ਡਾਲਰ ਦੀ ਚਾਲ, ਵਿਆਜ ਦਰਾਂ, ਵਿਸ਼ਵ ਪੱਧਰੀ ਤਣਾਅ ਅਤੇ ਨਿਵੇਸ਼ਕਾਂ ਦੀ ਮੰਗ ਵਰਗੇ ਆਮ ਕਾਰਕਾਂ ਤੋਂ ਪ੍ਰਭਾਵਿਤ ਹੁੰਦੀਆਂ ਹਨ। ਹਾਲਾਂਕਿ ਚਾਂਦੀ ਦੀ ਇਕ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਦੀ ਵਰਤੋਂ ਨਿਵੇਸ਼ ਤੋਂ ਇਲਾਵਾ ਉਦਯੋਗਿਕ ਖੇਤਰਾਂ 'ਚ ਵੀ ਵੱਡੇ ਪੱਧਰ 'ਤੇ ਹੁੰਦੀ ਹੈ।
Publish Date: Mon, 09 Nov 2026 12:08 PM (IST)
Updated Date: Mon, 09 Nov 2026 12:11 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਭਾਰਤੀ ਪਰਿਵਾਰਾਂ 'ਚ ਸੋਨਾ ਅਤੇ ਚਾਂਦੀ ਲੰਬੇ ਸਮੇਂ ਤੋਂ ਨਿਵੇਸ਼ ਅਤੇ ਜਾਇਦਾਦ ਨੂੰ ਸੁਰੱਖਿਅਤ ਰੱਖਣ ਦੇ ਪ੍ਰਮੁੱਖ ਸਾਧਨ ਰਹੇ ਹਨ। ਹਾਲਾਂਕਿ ਪਿਛਲੇ ਕੁਝ ਸਾਲਾਂ ਦੇ ਅੰਕੜੇ ਦੱਸਦੇ ਹਨ ਕਿ ਦੋਵਾਂ ਧਾਤਾਂ ਦਾ ਪ੍ਰਦਰਸ਼ਨ ਵੱਖ-ਵੱਖ ਰਿਹਾ ਹੈ। ਜਿੱਥੇ ਹਾਲੀਆ ਸਾਲਾਂ 'ਚ ਚਾਂਦੀ ਨੇ ਤੇਜ਼ੀ ਦਿਖਾਈ ਹੈ, ਉੱਥੇ ਹੀ ਲੰਬੇ ਸਮੇਂ 'ਚ ਸੋਨਾ ਵੀ ਮਜ਼ਬੂਤ ਰਿਟਰਨ ਦੇਣ 'ਚ ਸਫ਼ਲ ਰਿਹਾ ਹੈ। ਅਜਿਹੇ 'ਚ ਨਿਵੇਸ਼ਕਾਂ ਦੇ ਮਨ 'ਚ ਅਕਸਰ ਸਵਾਲ ਰਹਿੰਦਾ ਹੈ ਕਿ ਜੇਕਰ ਕੁਝ ਸਾਲ ਪਹਿਲਾਂ ਸੋਨਾ ਜਾਂ ਚਾਂਦੀ ਖਰੀਦੀ ਹੁੰਦੀ ਤਾਂ ਅੱਜ ਕਿੰਨਾ ਫ਼ਾਇਦਾ ਹੁੰਦਾ।
ਕਿਸ ਨੇ ਕੀਤਾ ਬਿਹਤਰ ਪ੍ਰਦਰਸ਼ਨ?
ਉਦਯੋਗਿਕ ਸੰਗਠਨ IBJA ਦੇ 999 ਸ਼ੁੱਧਤਾ ਵਾਲੇ ਸੋਨੇ ਅਤੇ ਚਾਂਦੀ ਦੇ ਬੈਂਚਮਾਰਕ ਭਾਅ ਦੇ ਆਧਾਰ 'ਤੇ ਦੇਖੀਏ ਤਾਂ ਪਿਛਲੇ ਇਕ ਸਾਲ 'ਚ ਚਾਂਦੀ ਨੇ ਸੋਨੇ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ। ਜੇਕਰ ਕਿਸੇ ਨਿਵੇਸ਼ਕ ਨੇ ਇਕ ਸਾਲ ਪਹਿਲਾਂ ਚਾਂਦੀ 'ਚ 1 ਲੱਖ ਰੁਪਏ ਲਗਾਏ ਹੁੰਦੇ ਤਾਂ ਉਸ ਦੀ ਰਕਮ ਵਧ ਕੇ ਲਗਪਗ 1.18 ਲੱਖ ਰੁਪਏ ਹੋ ਜਾਂਦੀ। ਉੱਥੇ ਹੀ ਸੋਨੇ 'ਚ ਲਗਾਇਆ 1 ਲੱਖ ਰੁਪਏ ਦਾ ਨਿਵੇਸ਼ ਲਗਪਗ 1.14 ਲੱਖ ਰੁਪਏ ਦਾ ਹੋ ਜਾਂਦਾ।
ਤਿੰਨ ਸਾਲਾਂ ਦੀ ਮਿਆਦ 'ਚ ਚਾਂਦੀ ਦਾ ਪ੍ਰਦਰਸ਼ਨ ਹੋਰ ਵੀ ਪ੍ਰਭਾਵਸ਼ਾਲੀ ਰਿਹਾ ਹੈ। ਇਸ ਦੌਰਾਨ ਚਾਂਦੀ ਨੇ ਲਗਪਗ 149.29 ਫ਼ੀਸਦੀ ਰਿਟਰਨ ਦਿੱਤਾ। ਯਾਨੀ ਤਿੰਨ ਸਾਲ ਪਹਿਲਾਂ ਨਿਵੇਸ਼ ਕੀਤੇ ਗਏ 1 ਲੱਖ ਰੁਪਏ ਵਧ ਕੇ ਲਗਪਗ 2.49 ਲੱਖ ਰੁਪਏ ਹੋ ਗਏ ਹੁੰਦੇ। ਦੂਜੇ ਪਾਸੇ, ਸੋਨੇ ਨੇ ਇਸੇ ਮਿਆਦ ਦੌਰਾਨ 125.26 ਫ਼ੀਸਦੀ ਰਿਟਰਨ ਦਿੱਤਾ ਅਤੇ 1 ਲੱਖ ਰੁਪਏ ਦਾ ਨਿਵੇਸ਼ ਵਧ ਕੇ ਲਗਪਗ 2.25 ਲੱਖ ਰੁਪਏ ਤੱਕ ਪਹੁੰਚ ਜਾਂਦਾ।
ਕਿਵੇਂ ਰਿਹਾ ਪਿਛਲੇ 5 ਸਾਲਾਂ ਦਾ ਪ੍ਰਦਰਸ਼ਨ?
ਹਾਲਾਂਕਿ ਪੰਜ ਸਾਲਾਂ ਦੇ ਅੰਕੜਿਆਂ 'ਚ ਤਸਵੀਰ ਥੋੜ੍ਹੀ ਬਦਲ ਜਾਂਦੀ ਹੈ। ਲੰਬੇ ਸਮੇਂ 'ਚ ਸੋਨੇ ਨੇ ਮਾਮੂਲੀ ਫ਼ਰਕ ਨਾਲ ਚਾਂਦੀ ਨੂੰ ਪਿੱਛੇ ਛੱਡ ਦਿੱਤਾ। ਪੰਜ ਸਾਲ ਪਹਿਲਾਂ ਸੋਨੇ 'ਚ ਲਗਾਏ ਗਏ 1 ਲੱਖ ਰੁਪਏ ਵਧ ਕੇ ਲਗਪਗ 2.88 ਲੱਖ ਰੁਪਏ ਹੋ ਗਏ ਹੁੰਦੇ, ਜਦਕਿ ਚਾਂਦੀ 'ਚ ਕੀਤਾ ਗਿਆ ਇੰਨਾ ਹੀ ਨਿਵੇਸ਼ ਲਗਪਗ 2.79 ਲੱਖ ਰੁਪਏ ਤਕ ਪਹੁੰਚਦਾ। ਯਾਨੀ ਥੋੜ੍ਹੇ ਅਤੇ ਦਰਮਿਆਨੇ ਸਮੇਂ 'ਚ ਚਾਂਦੀ ਬਿਹਤਰ ਰਹੀ, ਪਰ ਲੰਬੇ ਸਮੇਂ 'ਚ ਸੋਨੇ ਨੇ ਆਪਣੀ ਬੜ੍ਹਤ ਬਣਾਈ ਰੱਖੀ।
ਮਾਹਿਰਾਂ ਮੁਤਾਬਕ ਸੋਨੇ ਅਤੇ ਚਾਂਦੀ ਦੋਵਾਂ ਦੀਆਂ ਕੀਮਤਾਂ ਡਾਲਰ ਦੀ ਚਾਲ, ਵਿਆਜ ਦਰਾਂ, ਵਿਸ਼ਵ ਪੱਧਰੀ ਤਣਾਅ ਅਤੇ ਨਿਵੇਸ਼ਕਾਂ ਦੀ ਮੰਗ ਵਰਗੇ ਆਮ ਕਾਰਕਾਂ ਤੋਂ ਪ੍ਰਭਾਵਿਤ ਹੁੰਦੀਆਂ ਹਨ। ਹਾਲਾਂਕਿ ਚਾਂਦੀ ਦੀ ਇਕ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਦੀ ਵਰਤੋਂ ਨਿਵੇਸ਼ ਤੋਂ ਇਲਾਵਾ ਉਦਯੋਗਿਕ ਖੇਤਰਾਂ 'ਚ ਵੀ ਵੱਡੇ ਪੱਧਰ 'ਤੇ ਹੁੰਦੀ ਹੈ।
ਸੂਰਜੀ ਊਰਜਾ, ਇਲੈਕਟ੍ਰਾਨਿਕਸ ਅਤੇ ਇਲੈਕਟ੍ਰਿਕ ਵਾਹਨ ਉਦਯੋਗ 'ਚ ਵਧਦੀ ਮੰਗ ਕਾਰਨ ਕਈ ਵਾਰ ਚਾਂਦੀ ਦੀਆਂ ਕੀਮਤਾਂ ਸੋਨੇ ਦੇ ਮੁਕਾਬਲੇ ਵੱਧ ਤੇਜ਼ੀ ਦਿਖਾਉਂਦੀਆਂ ਹਨ। ਦੂਜੇ ਪਾਸੇ, ਇਹੀ ਕਾਰਨ ਚਾਂਦੀ ਦੀਆਂ ਕੀਮਤਾਂ 'ਚ ਵਧੇਰੇ ਉਤਰਾਅ-ਚੜ੍ਹਾਅ ਵੀ ਲਿਆਉਂਦਾ ਹੈ।
ਬਾਜ਼ਾਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਸੋਨੇ ਨੂੰ ਆਮ ਤੌਰ 'ਤੇ ਸੁਰੱਖਿਅਤ ਨਿਵੇਸ਼ ਮੰਨਿਆ ਜਾਂਦਾ ਹੈ। ਆਰਥਿਕ ਜਾਂ ਭੂ-ਰਾਜਨੀਤਿਕ ਅਨਿਸ਼ਚਿਤਤਾ ਦੌਰਾਨ ਨਿਵੇਸ਼ਕਾਂ ਦਾ ਭਰੋਸਾ ਸੋਨੇ ਵੱਲ ਵਧ ਜਾਂਦਾ ਹੈ। ਉੱਥੇ ਹੀ ਚਾਂਦੀ ਦੀਆਂ ਕੀਮਤਾਂ 'ਚ ਵਧੇਰੇ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਦਾ ਹੈ। ਇਸ ਲਈ ਇਸ 'ਚ ਮੁਨਾਫ਼ੇ ਦੀ ਸੰਭਾਵਨਾ ਵੱਧ ਹੋਣ ਦੇ ਨਾਲ ਜੋਖ਼ਮ ਵੀ ਜ਼ਿਆਦਾ ਰਹਿੰਦਾ ਹੈ।
ਮਾਹਿਰਾਂ ਮੁਤਾਬਕ ਇਹ ਅੰਕੜੇ ਸਿਰਫ਼ ਬੈਂਚਮਾਰਕ ਕੀਮਤਾਂ 'ਤੇ ਆਧਾਰਿਤ ਹਨ। ਅਸਲ ਨਿਵੇਸ਼ 'ਚ ਸੋਨਾ ਅਤੇ ਚਾਂਦੀ ਖਰੀਦਣ ਸਮੇਂ 3 ਫ਼ੀਸਦੀ GST, ਗਹਿਣਿਆਂ 'ਤੇ ਮੇਕਿੰਗ ਚਾਰਜ ਅਤੇ ਵੇਚਣ ਸਮੇਂ ਸ਼ੁੱਧਤਾ ਤੇ ਡੀਲਰ ਮਾਰਜਿਨ ਵਰਗੇ ਕਾਰਕਾਂ ਦਾ ਵੀ ਅਸਰ ਪੈਂਦਾ ਹੈ। ਜਿਹੜੇ ਨਿਵੇਸ਼ਕ ਭੌਤਿਕ ਸੋਨਾ ਜਾਂ ਚਾਂਦੀ ਆਪਣੇ ਕੋਲ ਰੱਖਣ ਤੋਂ ਬਚਣਾ ਚਾਹੁੰਦੇ ਹਨ, ਉਹ ਗੋਲਡ ETF ਅਤੇ ਸਿਲਵਰ ETF ਵਰਗੇ ਵਿਕਲਪਾਂ 'ਤੇ ਵੀ ਵਿਚਾਰ ਕਰ ਸਕਦੇ ਹਨ।