ਸੋਨੇ 'ਚ ਆਉਣ ਵਾਲੀ ਹੈ ਵੱਡੀ ਗਿਰਾਵਟ, ₹1.10 ਲੱਖ ਤੋਂ ਵੀ ਹੇਠਾਂ ਰਹਿ ਸਕਦੀ ਹੈ ਕੀਮਤ? Bank of America ਨੇ ਦੱਸੇ ਕਾਰਨ
BofA ਮੁਤਾਬਕ, ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਊਰਜਾ ਦਰਾਮਦ ਕਰਨ ਵਾਲੇ ਦੇਸ਼ਾਂ ਦੀ ਕਰੰਸੀ ਤੇ ਕਰੰਟ ਅਕਾਊਂਟ 'ਤੇ ਦਬਾਅ ਪੈ ਸਕਦਾ ਹੈ। ਅਜਿਹੀ ਸਥਿਤੀ 'ਚ ਕੁਝ ਕੇਂਦਰੀ ਬੈਂਕ ਆਪਣੀ ਅਰਥਵਿਵਸਥਾ ਤੇ ਕਰੰਸੀ ਨੂੰ ਸਹਾਰਾ ਦੇਣ ਲਈ ਸੋਨਾ ਵੇਚ ਸਕਦੇ ਹਨ।
Publish Date: Fri, 02 Oct 2026 05:11 PM (IST)
Updated Date: Fri, 02 Oct 2026 05:15 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਸੋਨੇ 'ਚ ਲਗਾਤਾਰ ਦੂਜੇ ਹਫ਼ਤੇ ਗਿਰਾਵਟ ਦੌਰਾਨ Bank of America (BofA Gold Price Outlook) ਨੇ ਅਜਿਹਾ ਅਨੁਮਾਨ ਦਿੱਤਾ ਹੈ ਜੋ ਨਿਵੇਸ਼ਕਾਂ ਦੀ ਚਿੰਤਾ ਵਧਾ ਸਕਦਾ ਹੈ। ਬੈਂਕ ਦਾ ਕਹਿਣਾ ਹੈ ਕਿ ਚਾਲੂ ਸਾਲ ਦੀ ਚੌਥੀ ਤਿਮਾਹੀ 'ਚ ਸੋਨੇ ਦੀ ਕੀਮਤ 4,000 ਡਾਲਰ ਪ੍ਰਤੀ ਔਂਸ ਤੋਂ ਹੇਠਾਂ ਜਾ ਸਕਦੀ ਹੈ।
ਬੈਂਕ ਦਾ ਅਨੁਮਾਨ ਹੈ ਕਿ ਕੀਮਤ ਕਰੀਬ 3,750 ਡਾਲਰ ਪ੍ਰਤੀ ਔਂਸ ਤਕ ਡਿੱਗ ਸਕਦੀ ਹੈ। ਭਾਰਤੀ ਕਰੰਸੀ 'ਚ ਦੇਖੀਏ ਤਾਂ ਇਹ ਪੱਧਰ ਕਰੀਬ ₹1.15 ਲੱਖ ਪ੍ਰਤੀ 10 ਗ੍ਰਾਮ ਦੇ ਆਸ-ਪਾਸ ਬਣਦਾ ਹੈ। ਹਾਲਾਂਕਿ, ਭਾਰਤ 'ਚ ਅਸਲ ਕੀਮਤਾਂ ਡਾਲਰ-ਰੁਪਏ ਦੀ ਐਕਸਚੇਂਜ ਰੇਟ ਅਤੇ ਘਰੇਲੂ ਬਾਜ਼ਾਰ ਦੀ ਸਥਿਤੀ 'ਤੇ ਨਿਰਭਰ ਕਰਨਗੀਆਂ।
ਕਿਉਂ ਬਦਲਿਆ Bank of America ਦਾ ਰੁਖ਼?
Bank of America ਪਿਛਲੇ ਦੋ ਸਾਲਾਂ ਤੋਂ ਸੋਨੇ ਨੂੰ ਲੈ ਕੇ ਕਾਫ਼ੀ ਤੇਜ਼ੀ ਦਾ ਅਨੁਮਾਨ ਲਗਾਉਣ ਵਾਲੇ ਸੰਸਥਾਨਾਂ 'ਚ ਰਿਹਾ ਹੈ। ਬੈਂਕ ਸਭ ਤੋਂ ਪਹਿਲਾਂ 5,000 ਡਾਲਰ ਪ੍ਰਤੀ ਔਂਸ ਦੇ ਪੱਧਰ ਦਾ ਅਨੁਮਾਨ ਲਗਾਉਣ ਵਾਲਿਆਂ 'ਚ ਸ਼ਾਮਲ ਸੀ। ਹਾਲਾਂਕਿ ਹੁਣ ਇਸ ਦਾ ਰੁਖ਼ ਪਹਿਲਾਂ ਦੇ ਮੁਕਾਬਲੇ ਸਾਵਧਾਨ ਹੋ ਗਿਆ ਹੈ। ਇਸ ਦੀ ਵੱਡੀ ਵਜ੍ਹਾ ਊਰਜਾ ਦੀਆਂ ਵਧਦੀਆਂ ਕੀਮਤਾਂ ਕਾਰਨ ਮਹਿੰਗਾਈ ਦਾ ਦਬਾਅ ਵਧਣ ਦਾ ਖ਼ਦਸ਼ਾ ਹੈ।
₹1.10 ਲੱਖ ਤੋਂ ਹੇਠਾਂ ਪਹੁੰਚ ਸਕਦਾ ਹੈ ਸੋਨਾ?
ਬੈਂਕ ਦੇ ਤਾਜ਼ਾ ਆਉਟਲੁੱਕ ਮੁਤਾਬਕ, ਉੱਚੀਆਂ ਊਰਜਾ ਕੀਮਤਾਂ ਸੋਨੇ ਲਈ ਚੁਣੌਤੀ ਬਣ ਸਕਦੀਆਂ ਹਨ। ਖ਼ਾਸ ਤੌਰ 'ਤੇ ਮੱਧ ਪੂਰਬ ਤੇ ਈਰਾਨ ਨਾਲ ਜੁੜੇ ਸੰਘਰਸ਼ 'ਤੇ ਬਾਜ਼ਾਰ ਦੀ ਨਜ਼ਰ ਹੈ। BofA ਦੇ ਐਨਾਲਿਸਟ ਦਾ ਕਹਿਣਾ ਹੈ ਕਿ ਜੇਕਰ ਮੱਧ ਪੂਰਬ 'ਚ ਲੰਬੇ ਸਮੇਂ ਤਕ ਤਣਾਅ ਬਣਿਆ ਰਹਿੰਦਾ ਹੈ ਅਤੇ ਕੱਚੇ ਤੇਲ ਦੀ ਕੀਮਤ 150 ਡਾਲਰ ਪ੍ਰਤੀ ਬੈਰਲ ਤੱਕ ਪਹੁੰਚਦੀ ਹੈ ਤਾਂ 2027 'ਚ ਸੋਨੇ ਦੀ ਔਸਤ ਕੀਮਤ ਕਰੀਬ 3,500 ਡਾਲਰ ਪ੍ਰਤੀ ਔਂਸ (ਭਾਰਤੀ ਕਰੰਸੀ 'ਚ ਕਰੀਬ 1.08 ਲੱਖ ਰੁਪਏ ਪ੍ਰਤੀ 10 ਗ੍ਰਾਮ) ਰਹਿ ਸਕਦੀ ਹੈ। ਹਾਲਾਂਕਿ, ਬੈਂਕ ਨੇ ਇਸ ਨੂੰ ਆਪਣਾ ਮੁੱਖ ਅਨੁਮਾਨ ਨਹੀਂ ਦੱਸਿਆ ਹੈ।
ਜਨਵਰੀ 'ਚ ਦਿੱਤਾ ਸੀ 5,000 ਡਾਲਰ ਦਾ ਟਾਰਗੇਟ
BofA ਮੁਤਾਬਕ, ਇਸ ਸਮੇਂ ਸੋਨੇ ਦੀਆਂ ਕੀਮਤਾਂ ਨੂੰ ਨਿਵੇਸ਼ਕਾਂ ਦੀ ਮਜ਼ਬੂਤ ਮੰਗ ਤੋਂ ਸਹਾਰਾ ਮਿਲ ਰਿਹਾ ਹੈ। ਜਨਵਰੀ 'ਚ ਬੈਂਕ ਨੇ ਕਿਹਾ ਸੀ ਕਿ ਸੋਨੇ ਨੂੰ ਕਰੀਬ 5,000 ਡਾਲਰ ਪ੍ਰਤੀ ਔਂਸ ਦੇ ਪੱਧਰ 'ਤੇ ਬਣਾਈ ਰੱਖਣ ਲਈ ਨਿਵੇਸ਼ ਮੰਗ 'ਚ ਲਗਪਗ 14 ਫ਼ੀਸਦੀ ਦਾ ਵਾਧਾ ਜ਼ਰੂਰੀ ਹੋਵੇਗਾ। ਪਰ ਹੁਣ ਬੈਂਕ ਦਾ ਕਹਿਣਾ ਹੈ ਕਿ ਮੌਜੂਦਾ ਨਿਵੇਸ਼ ਮੰਗ ਕਰੀਬ 4,000 ਡਾਲਰ ਪ੍ਰਤੀ ਔਂਸ ਦੇ ਆਸ-ਪਾਸ ਦੀ ਕੀਮਤ ਨੂੰ ਹੀ ਸਹਾਰਾ ਦਿੰਦੀ ਹੈ। ਬੈਂਕ ਦੇ ਅਨੁਸਾਰ, 5,000 ਡਾਲਰ (ਭਾਰਤੀ ਕਰੰਸੀ 'ਚ ਕਰੀਬ 1.55 ਲੱਖ ਰੁਪਏ ਪ੍ਰਤੀ 10 ਗ੍ਰਾਮ) ਦੇ ਪੱਧਰ ਤਕ ਪਹੁੰਚਣ ਲਈ ਨਿਵੇਸ਼ਕਾਂ ਦੀ ਮੰਗ 'ਚ ਹੋਰ ਤੇਜ਼ੀ ਨਾਲ ਵਾਧਾ ਜ਼ਰੂਰੀ ਹੈ, ਪਰ ਮੌਜੂਦਾ ਭੂ-ਰਾਜਨੀਤਕ ਹਾਲਾਤ 'ਚ ਅਜਿਹਾ ਮੁਸ਼ਕਲ ਹੋ ਸਕਦਾ ਹੈ।
ਕੀ ਹੋ ਸਕਦਾ ਹੈ ਸਭ ਤੋਂ ਵੱਡਾ ਖ਼ਤਰਾ?
ਸੋਨੇ ਲਈ ਇਕ ਹੋਰ ਵੱਡਾ ਖ਼ਤਰਾ ਕੇਂਦਰੀ ਬੈਂਕਾਂ ਵੱਲੋਂ ਵਿਕਰੀ ਹੋ ਸਕਦੀ ਹੈ। BofA ਮੁਤਾਬਕ, ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਊਰਜਾ ਦਰਾਮਦ ਕਰਨ ਵਾਲੇ ਦੇਸ਼ਾਂ ਦੀ ਕਰੰਸੀ ਅਤੇ ਕਰੰਟ ਅਕਾਊਂਟ 'ਤੇ ਦਬਾਅ ਪੈ ਸਕਦਾ ਹੈ। ਅਜਿਹੀ ਸਥਿਤੀ 'ਚ ਕੁਝ ਕੇਂਦਰੀ ਬੈਂਕ ਆਪਣੀ ਅਰਥਵਿਵਸਥਾ ਤੇ ਕਰੰਸੀ ਨੂੰ ਸਹਾਰਾ ਦੇਣ ਲਈ ਸੋਨਾ ਵੇਚ ਸਕਦੇ ਹਨ।
ਬੈਂਕ ਨੇ ਦੱਸਿਆ ਕਿ ਦੂਜੀ ਤਿਮਾਹੀ 'ਚ ਤੁਰਕੀ ਦੀ ਅਗਵਾਈ 'ਚ ਕੇਂਦਰੀ ਬੈਂਕਾਂ ਨੇ ਕਰੀਬ 60 ਟਨ ਸੋਨਾ ਵੇਚਿਆ। ਮਾਰਚ 'ਚ ਵੀ ਕੇਂਦਰੀ ਬੈਂਕ ਨੈੱਟ ਸੇਲਰ ਬਣੇ ਸਨ। BofA ਮੁਤਾਬਕ, ਜੇਕਰ ਇਹ ਰੁਝਾਨ ਮੁੜ ਮਜ਼ਬੂਤ ਹੁੰਦਾ ਹੈ ਅਤੇ ਨਾਲ ਹੀ ਰਿਟੇਲ ਨਿਵੇਸ਼ਕ Gold ETF 'ਚੋਂ ਪੈਸਾ ਕੱਢਣਾ ਸ਼ੁਰੂ ਕਰਦੇ ਹਨ ਤਾਂ ਸੋਨੇ ਦੀਆਂ ਕੀਮਤਾਂ 'ਤੇ ਦਬਾਅ ਹੋਰ ਵਧ ਸਕਦਾ ਹੈ।
ਇਸ ਸਮੇਂ ਕਿੱਥੇ ਟ੍ਰੇਡ ਕਰ ਰਿਹਾ ਹੈ ਸੋਨਾ?
ਗਲੋਬਲ ਬਾਜ਼ਾਰ 'ਚ ਸੋਨਾ ਇਸ ਸਮੇਂ 4,217 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ (gold rate today) ਕਰ ਰਿਹਾ ਹੈ। ਉੱਥੇ ਹੀ ਚਾਂਦੀ 61 ਡਾਲਰ ਤੋਂ ਉੱਪਰ ਟ੍ਰੇਡ (silver price today) ਕਰ ਰਹੀ ਹੈ। ਭਾਰਤੀ ਵਾਇਦਾ ਬਾਜ਼ਾਰ ਯਾਨੀ ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਗੋਲਡ ਦੀ ਕੀਮਤ 1,50,250 ਰੁਪਏ (gold price today) ਪ੍ਰਤੀ 10 ਗ੍ਰਾਮ ਅਤੇ ਚਾਂਦੀ ਦੀ ਕੀਮਤ 2,25,545 ਰੁਪਏ ਪ੍ਰਤੀ ਕਿਲੋਗ੍ਰਾਮ (silver rate today) ਹੋ ਗਈ ਹੈ।
ਦੱਸ ਦੇਈਏ ਕਿ ਇਹ ਲਗਾਤਾਰ ਦੂਜਾ ਹਫ਼ਤਾ ਹੈ, ਜਦੋਂ ਸੋਨਾ ਅਤੇ ਚਾਂਦੀ ਸਸਤੇ ਹੋਏ ਹਨ। ਇਸ ਹਫ਼ਤੇ ਸੋਨਾ ਕਰੀਬ 3,200 ਰੁਪਏ ਅਤੇ ਚਾਂਦੀ 9,100 ਰੁਪਏ ਤੱਕ ਸਸਤੀ ਹੋਈ ਹੈ।