ਕੀ ਸੋਨੇ ਦੀਆਂ ਅਸਮਾਨ ਨੂੰ ਛੂਹ ਰਹੀਆਂ ਕੀਮਤਾਂ 'ਤੇ ਬ੍ਰੇਕ ਲੱਗੇਗੀ? ਕੀ ਘਰ ਬਣਾਉਣਾ ਤੇ ਗੱਡੀ ਖਰੀਦਣੀ ਮਹਿੰਗੀ ਹੋ ਜਾਵੇਗੀ? ਇਨ੍ਹਾਂ ਸਾਰੀਆਂ ਉਲਝਣਾਂ ਨੂੰ ਸੁਲਝਾਉਣ ਤੇ ਬਾਜ਼ਾਰ ਦੀ ਸਹੀ ਦਿਸ਼ਾ ਸਮਝਣ ਲਈ ਅਸੀਂ SEBI ਰਜਿਸਟਰਡ ਮਾਰਕੀਟ ਤੇ ਕਮੋਡਿਟੀ ਐਕਸਪਰਟ, ਅਨੁਜ ਗੁਪਤਾ ਨਾਲ ਗੱਲ ਕੀਤੀ ਹੈ।

ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ (RBI) ਦੀ ਮੌਦਰਿਕ ਨੀਤੀ (Monetary Policy) ਅਤੇ ਦੇਸ਼ ਦੀ ਸਭ ਤੋਂ ਵੱਡੀ ਲੋਹ ਧਾਤ (Iron Ore) ਉਤਪਾਦਕ ਕੰਪਨੀ NMDC ਵੱਲੋਂ ਕੀਮਤਾਂ 'ਚ ਕੀਤੇ ਗਏ ਤਾਜ਼ਾ ਬਦਲਾਅ ਨੇ ਬਾਜ਼ਾਰ 'ਚ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਆਮ ਆਦਮੀ ਤੋਂ ਲੈ ਕੇ ਸ਼ੇਅਰ ਬਾਜ਼ਾਰ ਤੇ ਕਮੋਡਿਟੀ ਨਿਵੇਸ਼ਕਾਂ ਤਕ ਹਰ ਕੋਈ ਇਹ ਸਮਝਣਾ ਚਾਹੁੰਦਾ ਹੈ ਕਿ ਇਨ੍ਹਾਂ ਆਰਥਿਕ ਗਤੀਵਿਧੀਆਂ ਦਾ ਉਨ੍ਹਾਂ ਦੀ ਜੇਬ ਅਤੇ ਨਿਵੇਸ਼ 'ਤੇ ਕੀ ਅਸਰ ਪਵੇਗਾ। ਕੀ ਸੋਨੇ ਦੀਆਂ ਅਸਮਾਨ ਨੂੰ ਛੂਹ ਰਹੀਆਂ ਕੀਮਤਾਂ 'ਤੇ ਬ੍ਰੇਕ ਲੱਗੇਗੀ? ਕੀ ਘਰ ਬਣਾਉਣਾ ਤੇ ਗੱਡੀ ਖਰੀਦਣੀ ਮਹਿੰਗੀ ਹੋ ਜਾਵੇਗੀ? ਇਨ੍ਹਾਂ ਸਾਰੀਆਂ ਉਲਝਣਾਂ ਨੂੰ ਸੁਲਝਾਉਣ ਤੇ ਬਾਜ਼ਾਰ ਦੀ ਸਹੀ ਦਿਸ਼ਾ ਸਮਝਣ ਲਈ ਅਸੀਂ SEBI ਰਜਿਸਟਰਡ ਮਾਰਕੀਟ ਤੇ ਕਮੋਡਿਟੀ ਐਕਸਪਰਟ, ਅਨੁਜ ਗੁਪਤਾ ਨਾਲ ਗੱਲ ਕੀਤੀ ਹੈ। ਆਓ ਸਵਾਲ-ਜਵਾਬ ਰਾਹੀਂ ਜਾਣਦੇ ਹਾਂ:
ਸਵਾਲ: ਬਾਜ਼ਾਰ 'ਚ ਚਰਚਾ ਹੈ ਕਿ RBI ਇਸ ਵਾਰ ਵੀ ਰੈਪੋ ਰੇਟ 'ਚ ਬਦਲਾਅ ਨਹੀਂ ਕਰੇਗਾ। ਕੀ ਦਰਾਂ ਸਥਿਰ ਰਹਿਣ ਨਾਲ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਆਵੇਗੀ ਜਾਂ ਕੀਮਤਾਂ ਇਸੇ ਤਰ੍ਹਾਂ ਵਧਦੀਆਂ ਰਹਿਣਗੀਆਂ?
ਜਵਾਬ: RBI ਦੇ ਫੈਸਲੇ ਦਾ ਸਿੱਧਾ ਅਸਰ ਮੁੱਖ ਤੌਰ 'ਤੇ ਰੁਪਏ ਦੀ ਚਾਲ 'ਤੇ ਪਵੇਗਾ। RBI ਦਾ ਟੀਚਾ ਰੁਪਏ ਨੂੰ ਮਜ਼ਬੂਤੀ ਦੇਣਾ ਹੈ। ਜੇਕਰ ਡਾਲਰ ਦੇ ਮੁਕਾਬਲੇ ਰੁਪਿਆ ਮਜ਼ਬੂਤ ਹੁੰਦਾ ਹੈ ਤਾਂ ਭਾਰਤ 'ਚ ਦਰਾਮਦ (Import) ਹੋਣ ਵਾਲੀਆਂ ਚੀਜ਼ਾਂ ਸਸਤੀਆਂ ਹੋ ਸਕਦੀਆਂ ਹਨ। ਕਿਉਂਕਿ ਭਾਰਤ ਵੱਡੇ ਪੱਧਰ 'ਤੇ ਸੋਨੇ ਦੀ ਦਰਾਮਦ ਕਰਦਾ ਹੈ, ਇਸ ਲਈ ਰੁਪਏ ਦੀ ਮਜ਼ਬੂਤੀ ਨਾਲ ਭਾਰਤ 'ਚ ਸੋਨੇ ਦੀ ਲੈਂਡਿੰਗ ਕਾਸਟ (Landing Cost) ਘੱਟ ਸਕਦੀ ਹੈ ਜਿਸ ਨਾਲ ਕੀਮਤਾਂ 'ਚ ਕੁਝ ਰਾਹਤ ਦੇਖਣ ਨੂੰ ਮਿਲ ਸਕਦੀ ਹੈ।
ਸਵਾਲ: ਇਕ ਨਿਵੇਸ਼ਕ ਵਜੋਂ ਹੁਣੇ ਸੋਨੇ 'ਚ ਨਿਵੇਸ਼ ਕਰਨਾ ਚਾਹੀਦਾ ਹੈ ਜਾਂ RBI ਦੀ ਪਾਲਿਸੀ ਆਉਣ ਤੋਂ ਬਾਅਦ?
ਜਵਾਬ: ਜੇਕਰ ਤੁਹਾਡਾ ਨਜ਼ਰੀਆ ਲੰਬੇ ਸਮੇਂ ਦਾ ਹੈ ਯਾਨੀ ਤੁਸੀਂ 3 ਤੋਂ 5 ਸਾਲਾਂ ਲਈ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਸੋਨੇ ਦਾ ਆਊਟਲੁੱਕ ਕਾਫੀ ਸਕਾਰਾਤਮਕ ਨਜ਼ਰ ਆ ਰਿਹਾ ਹੈ। ਲੰਬੇ ਸਮੇਂ ਦੇ ਨਿਵੇਸ਼ਕਾਂ ਨੂੰ ਥੋੜ੍ਹੇ ਸਮੇਂ ਦੇ ਪਾਲਿਸੀ ਈਵੈਂਟਸ (Events) ਤੋਂ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਹੈ।
ਸਵਾਲ: ਜੋ ਰਿਟੇਲ ਨਿਵੇਸ਼ਕ Gold ETF, ਗੋਲਡ ਮਿਊਚਲ ਫੰਡ ਜਾਂ ਡਿਜੀਟਲ ਗੋਲਡ 'ਚ ਨਿਵੇਸ਼ ਕਰਦੇ ਹਨ, ਉਨ੍ਹਾਂ ਨੂੰ RBI ਦੀ ਮੀਟਿੰਗ ਖਤਮ ਹੋਣ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਜਾਂ ਹੁਣੇ ਨਿਵੇਸ਼ ਕਰ ਦੇਣਾ ਚਾਹੀਦਾ ਹੈ?
ਜਵਾਬ: ਰਿਟੇਲ ਨਿਵੇਸ਼ਕ ਯਕੀਨੀ ਤੌਰ 'ਤੇ ਗੋਲਡ ETF ਅਤੇ ਗੋਲਡ ਮਿਊਚਲ ਫੰਡਾਂ ਵੱਲ ਰੁਖ ਕਰ ਸਕਦੇ ਹਨ, ਕਿਉਂਕਿ ਇਹ ਸੁਰੱਖਿਅਤ ਤੇ ਪਾਰਦਰਸ਼ੀ ਤਰੀਕੇ ਹਨ। ਹਾਲਾਂਕਿ, ਮੇਰੀ ਸਪੱਸ਼ਟ ਸਲਾਹ ਹੈ ਕਿ ਡਿਜੀਟਲ ਗੋਲਡ (Digital Gold) ਤੋਂ ਬਚੋ। ਡਿਜੀਟਲ ਗੋਲਡ ਇੱਕ ਅਣ-ਰੈਗੂਲੇਟਿਡ (Unregulated) ਮਾਰਕੀਟ ਹੈ, ਇਸ ਲਈ ਅਸੀਂ ਇਸ ਵਿਚ ਨਿਵੇਸ਼ ਦੀ ਬਿਲਕੁਲ ਵੀ ਸਿਫਾਰਸ਼ ਨਹੀਂ ਕਰਦੇ।
ਸਵਾਲ: NMDC ਨੇ ਲੋਹ ਧਾਤ (Iron Ore) ਦੀਆਂ ਕੀਮਤਾਂ ਸੋਧੀਆਂ ਹਨ। ਕੀ ਇਸ ਨਾਲ ਆਉਣ ਵਾਲੇ ਦਿਨਾਂ 'ਚ ਸਟੀਲ ਮਹਿੰਗਾ ਹੋਣ ਵਾਲਾ ਹੈ? ਕੀ ਘਰ ਬਣਾਉਣਾ ਜਾਂ ਗੱਡੀ ਖਰੀਦਣੀ ਹੋਰ ਮਹਿੰਗੀ ਹੋ ਜਾਵੇਗੀ?
ਜਵਾਬ: ਬਿਲਕੁਲ, NMDC ਵੱਲੋਂ ਲੋਹ ਧਾਤ ਦੀਆਂ ਕੀਮਤਾਂ ਵਧਾਉਣ ਦਾ ਸਿੱਧਾ ਅਸਰ ਸਟੀਲ ਦੀਆਂ ਕੀਮਤਾਂ ਤੇ ਆਟੋਮੋਬਾਈਲ ਦੀ ਲਾਗਤ 'ਤੇ ਪਵੇਗਾ। ਕੱਚੇ ਮਾਲ ਦੀ ਕੀਮਤ ਵਧਣ ਨਾਲ ਅੰਤਿਮ ਉਤਪਾਦਾਂ ਯਾਨੀ ਘਰ ਬਣਾਉਣ 'ਚ ਵਰਤੇ ਜਾਣ ਵਾਲੇ ਸਰੀਏ ਅਤੇ ਗੱਡੀਆਂ ਦੀ ਕੀਮਤ 'ਚ ਵੀ ਵਾਧਾ ਹੋਵੇਗਾ।
Baila Lump (65.5%, 10–40 mm): ₹5,300 ਪ੍ਰਤੀ ਟਨ
Baila Fines (64%, -10 mm): ₹4,500 ਪ੍ਰਤੀ ਟਨ
(ਨੋਟ: ਇਹ FOR ਕੀਮਤਾਂ ਹਨ, ਜਿਨ੍ਹਾਂ ਵਿਚ ਰਾਇਲਟੀ, DMF ਅਤੇ GST ਵਰਗੇ ਟੈਕਸ ਸ਼ਾਮਲ ਨਹੀਂ ਹਨ।)
ਸਵਾਲ: ਇਕ ਆਮ ਰਿਟੇਲ ਨਿਵੇਸ਼ਕ ਵਜੋਂ, ਕੀ ਹੁਣੇ NMDC ਜਾਂ ਹੋਰ ਮੈਟਲ/ਸਟੀਲ ਸ਼ੇਅਰਾਂ ਵਿੱਚ ਨਵੀਂ ਖਰੀਦਦਾਰੀ ਕਰਨੀ ਚਾਹੀਦੀ ਹੈ?
ਜਵਾਬ: ਲੋਹ ਧਾਤ ਦੀਆਂ ਕੀਮਤਾਂ 'ਚ ਵਾਧੇ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਤੁਸੀਂ ਤੁਰੰਤ ਜਾ ਕੇ NMDC ਜਾਂ ਹੋਰ ਮੈਟਲ ਸਟਾਕ ਖਰੀਦ ਲਵੋ। ਕਿਸੇ ਵੀ ਸ਼ੇਅਰ ਦੀ ਕੀਮਤ ਸਿਰਫ਼ ਉਤਪਾਦ ਦੀ ਕੀਮਤ ਵਧਣ ਨਾਲ ਤੈਅ ਨਹੀਂ ਹੁੰਦੀ। ਬਾਜ਼ਾਰ 'ਚ ਮੰਗ ਅਤੇ ਸਪਲਾਈ ਦੀ ਸਥਿਤੀ ਕੀ ਹੈ, ਅਤੇ ਕੀਮਤਾਂ 'ਚ ਇਸ ਵਾਧੇ ਨਾਲ ਕੰਪਨੀ ਦੇ ਮਾਲੀਏ (Revenue) 'ਚ ਅਸਲ ਵਿਚ ਕਿੰਨਾ ਬਦਲਾਅ ਆਉਂਦਾ ਹੈ, ਇਹ ਦੇਖਣਾ ਮਹੱਤਵਪੂਰਨ ਹੋਵੇਗਾ। ਫਿਲਹਾਲ ਨਿਵੇਸ਼ਕਾਂ ਨੂੰ ਡਾਟਾ ਅਤੇ ਕੰਪਨੀ ਦੇ ਨਤੀਜਿਆਂ 'ਤੇ ਨਜ਼ਰ ਰੱਖਣੀ ਚਾਹੀਦੀ ਹੈ।
(ਡਿਸਕਲੇਮਰ: ਸ਼ੇਅਰ ਬਾਜ਼ਾਰ ਤੇ ਕਮੋਡਿਟੀ ਮਾਰਕੀਟ 'ਚ ਨਿਵੇਸ਼ ਜੋਖ਼ਮਾਂ ਅਧੀਨ ਹੈ। ਕੋਈ ਵੀ ਨਿਵੇਸ਼ ਕਰਨ ਤੋਂ ਪਹਿਲਾਂ ਆਪਣੇ ਵਿੱਤੀ ਸਲਾਹਕਾਰ ਨਾਲ ਸਲਾਹ ਜ਼ਰੂਰ ਕਰੋ।)