ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਅਹਿਮ ਖ਼ਬਰ! ਮਾਹਿਰਾਂ ਨੇ ਦੱਸਿਆ 2027 ’ਚ ਕਿੱਥੋਂ ਤੱਕ ਜਾ ਸਕਦੇ ਨੇ ਭਾਅ ਤੇ ਕਦੋਂ ਆ ਸਕਦਾ ਹੈ ਉਛਾਲ ਬ੍ਰੋਕਰੇਜ ਫਰਮ ਵੈਂਚੁਰਾ ਦੇ ਕਮੋਡਿਟੀ ਮੁਖੀ ਅਤੇ ਸੀਐੱਮਆਰ ਐੱਨਐੱਸ ਰਾਮਾਸਵਾਮੀ ਨੇ ਆਈਏਐੱਨਐੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੇੜਲੇ ਭਵਿੱਖ ਵਿੱਚ ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਿੱਚ ਵਾਧਾ ਕਰਨ ਜਾਂ ਯੀਲਡ ਦੇ ਉੱਚੇ ਪੱਧਰ ’ਤੇ ਬਣੇ ਰਹਿਣ ਨਾਲ ਸੋਨੇ ਦੀਆਂ ਕੀਮਤਾਂ ’ਤੇ ਦਬਾਅ ਪੈ ਸਕਦਾ ਹੈ। ਇਸ ਨਾਲ ਅਮਰੀਕੀ ਡਾਲਰ ਵੀ ਮਜ਼ਬੂਤ ਹੋ ਸਕਦਾ ਹੈ। ਦੂਜੇ ਪਾਸੇ, 2027 ਦੇ ਮੱਧ ਵਿੱਚ ਵਿਆਜ ਦਰਾਂ ਵਿੱਚ ਕਟੌਤੀ ਅਤੇ ਯੀਲਡ ਵਿੱਚ ਨਰਮੀ ਆਉਣ ਨਾਲ ਸੋਨੇ ਦੀਆਂ ਕੀਮਤਾਂ ਨੂੰ ਮੁੜ ਉੱਪਰ ਜਾਣ ਵਿੱਚ ਮਦਦ ਮਿਲ ਸਕਦੀ ਹੈ।
Publish Date: Thu, 26 Nov 2026 04:57 PM (IST)
Updated Date: Thu, 26 Nov 2026 04:58 PM (IST)
ਏਜੰਸੀ, ਮੁੰਬਈ। ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਸਾਲ 2026 ਦੌਰਾਨ ਸ਼ੁਰੂ ਹੋਈ ਗਿਰਾਵਟ 2027 ਦੇ ਪਹਿਲੇ ਛੇ ਮਹੀਨਿਆਂ ਵਿੱਚ ਵੀ ਜਾਰੀ ਰਹਿ ਸਕਦੀ ਹੈ। ਹਾਲਾਂਕਿ, ਕੇਂਦਰੀ ਬੈਂਕਾਂ ਅਤੇ ਸੰਸਥਾਗਤ ਨਿਵੇਸ਼ਕਾਂ ਵੱਲੋਂ ਕੀਤੀ ਜਾ ਰਹੀ ਖਰੀਦਦਾਰੀ ਕੀਮਤੀ ਧਾਤਾਂ ਨੂੰ ਸਹਾਰਾ ਦਿੰਦੀ ਰਹੇਗੀ। ਇਨ੍ਹਾਂ ਸੰਸਥਾਗਤ ਖਰੀਦਦਾਰਾਂ ਵਿੱਚ ਐਕਸਚੇਂਜ ਟਰੇਡਡ ਫੰਡ (ਈਟੀਐੱਫ), ਬੀਮਾ ਕੰਪਨੀਆਂ ਅਤੇ ਪੈਨਸ਼ਨ ਫੰਡ ਸ਼ਾਮਲ ਹਨ। ਇਹ ਜਾਣਕਾਰੀ ਵੀਰਵਾਰ ਨੂੰ ਵਿਸ਼ਲੇਸ਼ਕਾਂ ਨੇ ਦਿੱਤੀ।
ਬ੍ਰੋਕਰੇਜ ਫਰਮ ਵੈਂਚੁਰਾ ਦੇ ਕਮੋਡਿਟੀ ਮੁਖੀ ਅਤੇ ਸੀਐੱਮਆਰ ਐੱਨਐੱਸ ਰਾਮਾਸਵਾਮੀ ਨੇ ਆਈਏਐੱਨਐੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੇੜਲੇ ਭਵਿੱਖ ਵਿੱਚ ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਿੱਚ ਵਾਧਾ ਕਰਨ ਜਾਂ ਯੀਲਡ ਦੇ ਉੱਚੇ ਪੱਧਰ ’ਤੇ ਬਣੇ ਰਹਿਣ ਨਾਲ ਸੋਨੇ ਦੀਆਂ ਕੀਮਤਾਂ ’ਤੇ ਦਬਾਅ ਪੈ ਸਕਦਾ ਹੈ। ਇਸ ਨਾਲ ਅਮਰੀਕੀ ਡਾਲਰ ਵੀ ਮਜ਼ਬੂਤ ਹੋ ਸਕਦਾ ਹੈ। ਦੂਜੇ ਪਾਸੇ, 2027 ਦੇ ਮੱਧ ਵਿੱਚ ਵਿਆਜ ਦਰਾਂ ਵਿੱਚ ਕਟੌਤੀ ਅਤੇ ਯੀਲਡ ਵਿੱਚ ਨਰਮੀ ਆਉਣ ਨਾਲ ਸੋਨੇ ਦੀਆਂ ਕੀਮਤਾਂ ਨੂੰ ਮੁੜ ਉੱਪਰ ਜਾਣ ਵਿੱਚ ਮਦਦ ਮਿਲ ਸਕਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਕੇਂਦਰੀ ਬੈਂਕ ਅਤੇ ਸੰਸਥਾਗਤ ਖਰੀਦਦਾਰ ਕੀਮਤੀ ਧਾਤਾਂ ਦੇ ਬਾਜ਼ਾਰ ਨੂੰ ਲੰਬੇ ਸਮੇਂ ਲਈ ਮਜ਼ਬੂਤੀ ਦੇਣ ਵਾਲੇ ਮੁੱਖ ਕਾਰਕ ਬਣੇ ਹੋਏ ਹਨ। ਇਨ੍ਹਾਂ ਦੀ ਮੰਗ ਲੰਬੇ ਸਮੇਂ ਲਈ ਇੱਕ ਮਜ਼ਬੂਤ ਆਧਾਰ ਮੁਹੱਈਆ ਕਰਵਾਉਂਦੀ ਹੈ, ਹਾਲਾਂਕਿ ਇਹ ਥੋੜ੍ਹੇ ਸਮੇਂ ਵਿੱਚ ਕੀਮਤਾਂ ਦੀ ਕਮਜ਼ੋਰੀ ਜਾਂ ਗਿਰਾਵਟ ਨੂੰ ਰੋਕਣ ਦੇ ਸਮਰੱਥ ਨਹੀਂ ਹੈ।
ਸੋਨੇ ਦੀਆਂ ਕੀਮਤਾਂ ਕਿੱਥੇ ਤੱਕ ਪਹੁੰਚ ਸਕਦੀਆਂ ਹਨ? ਸੋਨੇ ਦੀਆਂ ਕੀਮਤਾਂ ਬਾਰੇ ਅਨੁਮਾਨ ਲਗਾਉਂਦਿਆਂ ਰਾਮਾਸਵਾਮੀ ਨੇ ਕਿਹਾ ਕਿ 2027 ਦੀ ਪਹਿਲੀ ਤਿਮਾਹੀ ਵਿੱਚ ਸੋਨੇ ਦਾ ਭਾਅ 3,400 ਤੋਂ 3,700 ਡਾਲਰ ਪ੍ਰਤੀ ਔਂਸ ਰਹਿ ਸਕਦਾ ਹੈ। ਦੂਜੀ ਤਿਮਾਹੀ ਵਿੱਚ ਇਹ 3,600 ਤੋਂ 4,000 ਡਾਲਰ ਪ੍ਰਤੀ ਔਂਸ, ਤੀਜੀ ਤਿਮਾਹੀ ਵਿੱਚ 4,200 ਤੋਂ 4,800 ਡਾਲਰ ਪ੍ਰਤੀ ਔਂਸ ਅਤੇ ਚੌਥੀ ਤਿਮਾਹੀ ਵਿੱਚ 4,900 ਤੋਂ 5,200 ਡਾਲਰ ਪ੍ਰਤੀ ਔਂਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਚਾਂਦੀ ਬਾਰੇ ਉਨ੍ਹਾਂ ਦਾ ਅਨੁਮਾਨ ਹੈ ਕਿ 2027 ਦੀ ਪਹਿਲੀ ਛਿਮਾਹੀ ਵਿੱਚ ਇਸ ਦੀ ਕੀਮਤ 48 ਤੋਂ 55 ਡਾਲਰ ਪ੍ਰਤੀ ਔਂਸ ਦੇ ਦਾਇਰੇ ਵਿੱਚ ਰਹਿ ਸਕਦੀ ਹੈ। ਉੱਥੇ ਹੀ, 2027 ਦੇ ਅੰਤ ਤੱਕ ਚਾਂਦੀ ਦਾ ਭਾਅ 65 ਤੋਂ 75 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਸਕਦਾ ਹੈ।
ਮਾਹਿਰਾਂ ਨੇ ਸੋਨੇ ਅਤੇ ਚਾਂਦੀ ਬਾਰੇ ਕੀ ਅਨੁਮਾਨ ਲਗਾਇਆ?
2027 ਲਈ ਸੋਨੇ ਅਤੇ ਚਾਂਦੀ ਦੇ ਬਾਜ਼ਾਰ ਬਾਰੇ ਪੀਐੱਲ ਕੈਪੀਟਲ ਦੇ ਕਮੋਡਿਟੀ ਮੁਖੀ ਆਸ਼ੀਸ਼ ਰਾਜੋਦੀਆ ਨੇ ਆਈਏਐੱਨਐੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਲ 2027 ਵਿੱਚ ਦਾਖ਼ਲ ਹੋਣ ਸਮੇਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਉਨ੍ਹਾਂ ਮੁਤਾਬਕ, ਐੱਮਸੀਐਕਸ ’ਤੇ ਸੋਨੇ ਦਾ ਭਾਅ ਲਗਭਗ 1.20 ਲੱਖ ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ ਦਾ ਭਾਅ 1.40 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਆਸ-ਪਾਸ ਹੈ।
ਉਨ੍ਹਾਂ ਕਿਹਾ ਕਿ ਇਸ ਵਿਕਰੀ ਵਿੱਚ ਮੁੱਖ ਭੂਮਿਕਾ ਫਿਊਚਰਜ਼ ਫੰਡਾਂ ਅਤੇ ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਧਾਉਣ ਦੀਆਂ ਸੰਭਾਵਨਾਵਾਂ ਕਾਰਨ ਬਣੇ ਡਰ ਦੀ ਰਹੀ ਹੈ, ਨਾ ਕਿ ਲੰਬੇ ਸਮੇਂ ਲਈ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਦੀ। ਦੂਜੇ ਪਾਸੇ, ਕੀਮਤਾਂ ਵਿੱਚ ਗਿਰਾਵਟ ਆਉਣ ਕਾਰਨ ਭੌਤਿਕ ਸੋਨੇ ਅਤੇ ਚਾਂਦੀ ਦੇ ਖਰੀਦਦਾਰ ਬਾਜ਼ਾਰ ਵਿੱਚ ਵਧੇ ਹਨ।
ਰਾਜੋਦੀਆ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਦੇ ਆਧਾਰ ’ਤੇ ਅਗਲੇ ਛੇ ਮਹੀਨਿਆਂ ਦੌਰਾਨ ਸੋਨੇ ਦੀ ਕੀਮਤ 1,12,000 ਰੁਪਏ ਤੋਂ 1,35,000 ਰੁਪਏ ਪ੍ਰਤੀ 10 ਗ੍ਰਾਮ ਦੇ ਵਿਚਕਾਰ ਰਹਿਣ ਦੀ ਉਮੀਦ ਹੈ। ਡਾਲਰ ਦੇ ਹਿਸਾਬ ਨਾਲ ਇਹ ਕੀਮਤ 3,200 ਤੋਂ 3,900 ਡਾਲਰ ਪ੍ਰਤੀ ਔਂਸ ਹੋ ਸਕਦੀ ਹੈ।
ਉਨ੍ਹਾਂ ਅਨੁਸਾਰ, ਅਗਲੇ 12 ਮਹੀਨਿਆਂ ਦੌਰਾਨ ਜਿਵੇਂ-ਜਿਵੇਂ ਵਿਆਜ ਦਰਾਂ ਵਧਾਉਣ ਦਾ ਦਬਾਅ ਘਟੇਗਾ, ਸੋਨੇ ਦੀ ਕੀਮਤ ਦਾ ਦਾਇਰਾ ਵਧ ਕੇ 1,20,000 ਤੋਂ 1,50,000 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦਾ ਹੈ। ਡਾਲਰ ਦੇ ਹਿਸਾਬ ਨਾਲ ਇਹ ਕੀਮਤ 3,450 ਤੋਂ 4,300 ਡਾਲਰ ਪ੍ਰਤੀ ਔਂਸ ਰਹਿਣ ਦਾ ਅਨੁਮਾਨ ਹੈ।
ਰਾਜੋਦੀਆ ਮੁਤਾਬਕ, ਇਸ ਸਮੇਂ ਦੌਰਾਨ ਚਾਂਦੀ ਦੀਆਂ ਕੀਮਤਾਂ ਵਿੱਚ ਸੋਨੇ ਦੇ ਮੁਕਾਬਲੇ ਵੱਧ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਸਕਦਾ ਹੈ। ਅਗਲੇ ਛੇ ਮਹੀਨਿਆਂ ਵਿੱਚ ਚਾਂਦੀ ਦਾ ਭਾਅ 1,25,000 ਰੁਪਏ ਤੋਂ 1,65,000 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਡਾਲਰ ਵਿੱਚ ਇਹ ਕੀਮਤ 35 ਤੋਂ 46 ਡਾਲਰ ਪ੍ਰਤੀ ਔਂਸ ਹੋ ਸਕਦੀ ਹੈ। ਉਨ੍ਹਾਂ ਨੇ ਅਗਲੇ 12 ਮਹੀਨਿਆਂ ਲਈ ਚਾਂਦੀ ਦੀ ਕੀਮਤ 1,40,000 ਰੁਪਏ ਤੋਂ 1,90,000 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਵਿਚਕਾਰ ਰਹਿਣ ਦਾ ਅਨੁਮਾਨ ਲਗਾਇਆ ਹੈ। ਡਾਲਰ ਦੇ ਹਿਸਾਬ ਨਾਲ ਇਹ ਦਾਇਰਾ 39 ਤੋਂ 54 ਡਾਲਰ ਪ੍ਰਤੀ ਔਂਸ ਹੋ ਸਕਦਾ ਹੈ।