ਅੱਜ ਤੋਂ ਲਾਗੂ ਹੋਈ ₹23,731 ਦੀ ਗੋਬਰਧਨ ਯੋਜਨਾ, 100% ਖਰੀਦ ਤੇ 10 ਸਾਲ ਦਾ ਮੁੱਲ ਸਮਰਥਨ; ਪਿੰਡਾਂ 'ਚ ਖੁੱਲ੍ਹਣਗੇ ਕਮਾਈ ਦੇ ਰਾਹ ਨਵੀਂ ਵਿਵਸਥਾ ਤਹਿਤ ਯੋਗ CBG ਉਤਪਾਦਕ ਵਿਕਰੀ ਲਈ ਉਪਲਬਧ ਆਪਣੀ ਗੈਸ ਦੀ 100 ਫ਼ੀਸਦੀ ਤੱਕ ਯਕੀਨੀ ਖਰੀਦ ਦਾ ਵਿਕਲਪ ਚੁਣ ਸਕਦੇ ਹਨ। ਇਹ ਸਹੂਲਤ ਤਕਨੀਕੀ ਅਤੇ ਆਪਰੇਸ਼ਨਲ ਵਿਹਾਰਕਤਾ 'ਤੇ ਨਿਰਭਰ ਕਰੇਗੀ।
Publish Date: Sun, 20 Sep 2026 03:04 PM (IST)
Updated Date: Sun, 20 Sep 2026 03:07 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਸਰਕਾਰ ਨੇ ₹23,731 ਕਰੋੜ ਦੀ ‘ਗੋਬਰ-ਧਨ’ (GOBAR-DHAN) ਯੋਜਨਾ ਲਾਗੂ ਕਰ ਦਿੱਤੀ ਹੈ। ਇਸ ਯੋਜਨਾ ਤਹਿਤ ਕੰਪ੍ਰੈੱਸਡ ਬਾਇਓਗੈਸ (CBG) ਬਣਾਉਣ ਵਾਲਿਆਂ ਨੂੰ ਉਨ੍ਹਾਂ ਦੀ ਵਿਕਰੀਯੋਗ ਗੈਸ ਦੀ 100 ਫ਼ੀਸਦੀ ਤੱਕ ਨਿਸ਼ਚਿਤ ਖਰੀਦ ਦੀ ਗਾਰੰਟੀ, ਘੱਟੋ-ਘੱਟ 10 ਸਾਲ ਤੱਕ ਤੈਅ ਕੀਮਤ ਅਤੇ ਕੈਪੀਟਲ ਸਪੋਰਟ ਦਿੱਤਾ ਜਾਵੇਗਾ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵੱਲੋਂ 15 ਸਤੰਬਰ ਨੂੰ ਜਾਰੀ ਕੀਤੀਆਂ ਆਪਰੇਸ਼ਨਲ ਗਾਈਡਲਾਈਨਾਂ ਅਨੁਸਾਰ ਇਹ ਸਕੀਮ ਵਿੱਤੀ ਸਾਲ 2026-27 ਤੋਂ 2035-36 ਤੱਕ ਲਾਗੂ ਰਹੇਗੀ। ਇਸ ਦਾ ਮਕਸਦ ਦੇਸ਼ 'ਚ CBG ਉਤਪਾਦਨ ਨੂੰ ਉਤਸ਼ਾਹਿਤ ਕਰਨਾ, ਪ੍ਰੋਜੈਕਟਾਂ ਲਈ ਬਿਹਤਰ ਬਾਜ਼ਾਰ ਤਿਆਰ ਕਰਨਾ ਅਤੇ ਨਿੱਜੀ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਹੈ।
GOBARdhan, ਜਿਸ ਦਾ ਪੂਰਾ ਨਾਮ ‘ਗੈਲਵਨਾਈਜ਼ਿੰਗ ਆਰਗੈਨਿਕ ਬਾਇਓ-ਐਗਰੋ ਰਿਸੋਰਸਿਜ਼ ਧਨ’ ਹੈ, ਇੱਕ ਸਰਕਾਰੀ ਪ੍ਰੋਗਰਾਮ ਹੈ। ਇਸ ਤਹਿਤ ਪਸ਼ੂਆਂ ਦੇ ਗੋਬਰ, ਖੇਤੀਬਾੜੀ ਤੋਂ ਬਚੇ ਰਹਿੰਦ-ਖੂੰਹਦ, ਖਾਣੇ ਦੀ ਬਰਬਾਦੀ ਅਤੇ ਹੋਰ ਆਰਗੈਨਿਕ ਕਚਰੇ ਤੋਂ ਬਾਇਓਗੈਸ, CBG (ਕੰਪ੍ਰੈੱਸਡ ਬਾਇਓਗੈਸ) ਅਤੇ ਆਰਗੈਨਿਕ ਖਾਦ ਤਿਆਰ ਕੀਤੀ ਜਾਂਦੀ ਹੈ। ਇਸ ਸਕੀਮ ਤਹਿਤ ਤਿਆਰ ਕੀਤੀ CBG ਨੂੰ ਕੁਦਰਤੀ ਗੈਸ ਨਾਲ ਮਿਲਾ ਕੇ ਗਾਹਕਾਂ ਤੱਕ ਪਹੁੰਚਾਉਣ ਦੀ ਵਿਵਸਥਾ ਕੀਤੀ ਜਾਵੇਗੀ।
ਮੰਤਰਾਲੇ ਦੀਆਂ ਗਾਈਡਲਾਈਨਾਂ 'ਚ ਕਿਹਾ ਗਿਆ ਹੈ ਕਿ ਯੋਜਨਾ ਤਹਿਤ ਛੇ ਮੁੱਖ ਚੀਜ਼ਾਂ ਯਕੀਨੀ ਬਣਾਈਆਂ ਜਾਣਗੀਆਂ। ਇਨ੍ਹਾਂ 'ਚ CBG ਦੀ ਯਕੀਨੀ ਖਰੀਦ, ਕੀਮਤ ਨਿਰਧਾਰਨ ਵਿਵਸਥਾ, ਪੂੰਜੀਗਤ ਸਹਾਇਤਾ, ਪਾਈਪਲਾਈਨ ਢਾਂਚਾ, ਕਰਜ਼ ਗਾਰੰਟੀ ਸਹਾਇਤਾ ਅਤੇ CBG ਇਕੋਸਿਸਟਮ ਚੈਲੇਂਜ ਫੰਡ ਸ਼ਾਮਲ ਹਨ।
ਨਵੀਂ ਵਿਵਸਥਾ ਤਹਿਤ ਯੋਗ CBG ਉਤਪਾਦਕ ਵਿਕਰੀ ਲਈ ਉਪਲਬਧ ਆਪਣੀ ਗੈਸ ਦੀ 100 ਫ਼ੀਸਦੀ ਤੱਕ ਯਕੀਨੀ ਖਰੀਦ ਦਾ ਵਿਕਲਪ ਚੁਣ ਸਕਦੇ ਹਨ। ਇਹ ਸਹੂਲਤ ਤਕਨੀਕੀ ਅਤੇ ਆਪਰੇਸ਼ਨਲ ਵਿਹਾਰਕਤਾ 'ਤੇ ਨਿਰਭਰ ਕਰੇਗੀ।
ਗੈਸ ਦੀ ਸਪਲਾਈ ਨੂੰ ਸਿਟੀ ਗੈਸ ਡਿਸਟ੍ਰੀਬਿਊਸ਼ਨ (CGD) ਕੰਪਨੀਆਂ ਅਤੇ ਸਬੰਧਤ ਭੂਗੋਲਿਕ ਖੇਤਰਾਂ ਨਾਲ ਜੋੜਿਆ ਜਾਵੇਗਾ। ਇਸ ਤੋਂ ਇਲਾਵਾ CBG ਕਲੱਸਟਰਾਂ ਰਾਹੀਂ ਗੈਸ ਨੂੰ ਇਕੱਠਾ ਕਰਕੇ ਮੁੱਖ ਪਾਈਪਲਾਈਨ 'ਚ ਪਾਉਣ ਦੀ ਵਿਵਸਥਾ ਵੀ ਕੀਤੀ ਜਾਵੇਗੀ।
CGD ਕੰਪਨੀਆਂ ਨੂੰ ਆਪਣੀ CNG ਟਰਾਂਸਪੋਰਟ ਅਤੇ ਘਰੇਲੂ PNG ਸੈਗਮੈਂਟ ਦੀ ਕੁੱਲ ਗੈਸ ਸਪਲਾਈ 'ਚ ਨਿਰਧਾਰਤ ਅਨੁਪਾਤ 'ਚ CBG ਦੀ ਖਰੀਦ ਅਤੇ ਵਿਕਰੀ ਕਰਨੀ ਹੋਵੇਗੀ। ਇਹ ਜ਼ਿੰਮੇਵਾਰੀ ਵਿੱਤੀ ਸਾਲ 2026-27 'ਚ ਤਿੰਨ ਫ਼ੀਸਦੀ, 2027-28 'ਚ ਚਾਰ ਫ਼ੀਸਦੀ ਅਤੇ 2028-29 ਤੋਂ ਪੰਜ ਫ਼ੀਸਦੀ ਹੋਵੇਗੀ। ਸਰਕਾਰ ਨੇ CBG ਲਈ ₹2,110 ਪ੍ਰਤੀ ਯੂਨਿਟ (MMBTU) ਦਾ ਪ੍ਰਸ਼ਾਸਿਤ ਮੁੱਲ ਤੈਅ ਕੀਤਾ ਹੈ। 95 ਫ਼ੀਸਦੀ ਮੀਥੇਨ ਸਮੱਗਰੀ ਦੇ ਆਧਾਰ 'ਤੇ ਇਹ ਲਗਭਗ ₹98 ਪ੍ਰਤੀ ਕਿਲੋਗ੍ਰਾਮ ਦੇ ਬਰਾਬਰ ਹੈ। ਇਸ 'ਚ ਟੈਕਸ ਅਤੇ ਕੰਪ੍ਰੈਸ਼ਨ ਚਾਰਜ ਸ਼ਾਮਲ ਨਹੀਂ ਹਨ।
ਇਹ ਕੀਮਤ ਘੱਟੋ-ਘੱਟ 31 ਮਾਰਚ 2036 ਤੱਕ ਲਾਗੂ ਰਹੇਗੀ। ਹਾਲਾਂਕਿ, CBG ਉਤਪਾਦਨ ਦੀ ਲਾਗਤ, ਮਹਿੰਗਾਈ ਅਤੇ ਹੋਰ ਕਾਰਕਾਂ ਨੂੰ ਧਿਆਨ 'ਚ ਰੱਖਦੇ ਹੋਏ ਭਵਿੱਖ 'ਚ ਇਸ 'ਚ ਬਦਲਾਅ ਕੀਤਾ ਜਾ ਸਕਦਾ ਹੈ।