ਭਾਰਤ-ਨਿਊਜ਼ੀਲੈਂਡ ਵਿਚਾਲੇ FTA ਪੱਕਾ! ਕਿਸਾਨਾਂ, MSMEs ਤੇ ਬਰਾਮਦਕਾਰਾਂ ਨੂੰ ਮਿਲੇਗਾ ਫਾਇਦਾ, ਰੁਜ਼ਗਾਰ 'ਤੇ ਵੀ ਬਣੀ ਗੱਲ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਫ੍ਰੀ ਟ੍ਰੇਡ ਐਗਰੀਮੈਂਟ ਤੋਂ ਬਾਅਦ ਐਕਸਪੋਰਟ 'ਤੇ ਲੱਗਣ ਵਾਲੀ ਡਿਊਟੀ ਨੂੰ 100 ਫੀਸਦੀ ਖ਼ਤਮ ਕਰ ਦਿੱਤਾ ਗਿਆ ਹੈ। ਇਹ FTA ਟੈਕਸਟਾਈਲ, ਗਾਰਮੈਂਟ, ਲੈਦਰ, ਜੁੱਤੇ, ਰਤਨ ਤੇ ਗਹਿਣੇ, ਇੰਜੀਨੀਅਰਿੰਗ ਗੁਡਜ਼ ਅਤੇ ਪ੍ਰੋਸੈਸਡ ਫੂਡ ਆਈਟਮਾਂ ਸਮੇਤ ਲੇਬਰ-ਇੰਟੈਂਸਿਵ ਸੈਕਟਰਾਂ ਨੂੰ ਜ਼ੀਰੋ-ਡਿਊਟੀ ਪਹੁੰਚ ਦੇ ਕੇ ਛੋਟੇ ਤੇ ਦਰਮਿਆਨੇ ਉਦਯੋਗਾਂ (MSMEs) ਤੇ ਰੁਜ਼ਗਾਰ ਨੂੰ ਹੁਲਾਰਾ ਦੇਣ 'ਚ ਮਦਦ ਕਰੇਗਾ।
Publish Date: Wed, 16 Sep 2026 03:25 PM (IST)
Updated Date: Wed, 16 Sep 2026 03:28 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ: ਭਾਰਤ ਆਪਣੇ ਵਪਾਰ ਨੂੰ ਮਜ਼ਬੂਤ ਕਰਨ ਤੇ ਵਿਦੇਸ਼ੀ ਦੇਸ਼ਾਂ ਨਾਲ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਫ੍ਰੀ ਟ੍ਰੇਡ ਐਗਰੀਮੈਂਟ (FTA) ਕਰ ਰਿਹਾ ਹੈ। ਇਸੇ ਦੌਰਾਨ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੁਕਤ ਵਪਾਰ ਸਮਝੌਤੇ (FTA) ਨੇ ਇਕ ਹੋਰ ਅਹਿਮ ਪੜਾਅ ਪਾਰ ਕਰ ਲਿਆ ਹੈ। ਨਿਊਜ਼ੀਲੈਂਡ ਦੀ ਸੰਸਦ ਨੇ ਇਸ ਸਮਝੌਤੇ ਨੂੰ ਲਾਗੂ ਕਰਨ ਲਈ ਜ਼ਰੂਰੀ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਸੰਸਦ 'ਚ ਬਿੱਲ 93-29 ਵੋਟਾਂ ਨਾਲ ਪਾਸ ਹੋਇਆ। ਵਿਰੋਧੀ ਲੇਬਰ ਪਾਰਟੀ ਨੇ ਵੀ ਇਸ ਦੇ ਸਮਰਥਨ 'ਚ ਵੋਟਿੰਗ ਕੀਤੀ। ਸਮਝੌਤੇ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਖੁਸ਼ੀ ਜ਼ਾਹਰ ਕੀਤੀ ਅਤੇ ਕਿਹਾ ਕਿ ਇਸ ਨਾਲ ਵੱਡੀ ਗਿਣਤੀ 'ਚ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।
PM ਨੇ ਕਿਹਾ- 'ਅਸੀਂ ਕਰ ਦਿਖਾਇਆ' ਦੋਵੇਂ ਦੇਸ਼ਾਂ ਵਿਚਾਲੇ ਇਸ ਮੁਕਤ ਵਪਾਰ ਸਮਝੌਤੇ ਤੋਂ ਬਾਅਦ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਨੇ ਇਸ ਨੂੰ ਵੱਡੀ ਉਪਲਬਧੀ ਦੱਸਦੇ ਹੋਏ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ। ਉਨ੍ਹਾਂ ਕਿਹਾ, 'ਲੋਕਾਂ ਨੇ ਮੈਨੂੰ ਕਿਹਾ ਸੀ ਕਿ ਭਾਰਤ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਸੰਭਵ ਨਹੀਂ ਹੈ। ਪਰ ਅੱਜ ਇਸ ਸਮਝੌਤੇ ਨੂੰ ਸੰਸਦ 'ਚ ਆਖਰੀ ਵੋਟ ਮਿਲ ਗਈ ਹੈ। ਇਹ ਹੁਣ ਹਕੀਕਤ ਬਣ ਰਿਹਾ ਹੈ। ਨੈਸ਼ਨਲ ਪਾਰਟੀ ਨੇ ਕਿਹਾ ਸੀ ਕਿ ਅਸੀਂ ਆਪਣੇ ਪਹਿਲੇ ਕਾਰਜਕਾਲ 'ਚ ਹੀ ਭਾਰਤ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਪੱਕਾ ਕਰਾਂਗੇ ਅਤੇ ਅਸੀਂ ਇਹ ਕਰ ਦਿਖਾਇਆ ਹੈ।'
ਉਨ੍ਹਾਂ ਅੱਗੇ ਕਿਹਾ ਕਿ ਇਸ ਅਹਿਮ ਸਮਝੌਤੇ ਦਾ ਮਤਲਬ ਨਿਊਜ਼ੀਲੈਂਡ ਦੇ ਲੋਕਾਂ ਲਈ ਵੱਧ ਨੌਕਰੀਆਂ ਅਤੇ ਬਿਹਤਰ ਆਮਦਨ ਹੈ। ਇਸ ਦੇ ਨਾਲ ਹੀ ਭਾਰਤ ਦੇ 1.4 ਅਰਬ ਗਾਹਕਾਂ ਤੱਕ ਪਹੁੰਚ ਮਿਲਣ ਨਾਲ ਨਿਊਜ਼ੀਲੈਂਡ ਦੇ ਹੋਰ ਉਤਪਾਦ ਭਾਰਤ 'ਚ ਵਿਕ ਸਕਣਗੇ। ਉਨ੍ਹਾਂ ਮੁਤਾਬਕ ਇਹ ਅਰਥਵਿਵਸਥਾ ਨੂੰ ਅੱਗੇ ਵਧਾਉਣ ਅਤੇ ਬਿਹਤਰ ਭਵਿੱਖ ਬਣਾਉਣ 'ਚ ਮਦਦ ਕਰੇਗਾ।
ਭਾਰਤ ਨੂੰ ਕੀ ਫਾਇਦਾ? ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਫ੍ਰੀ ਟ੍ਰੇਡ ਐਗਰੀਮੈਂਟ ਤੋਂ ਬਾਅਦ ਐਕਸਪੋਰਟ 'ਤੇ ਲੱਗਣ ਵਾਲੀ ਡਿਊਟੀ ਨੂੰ 100 ਫੀਸਦੀ ਖ਼ਤਮ ਕਰ ਦਿੱਤਾ ਗਿਆ ਹੈ। ਇਹ FTA ਟੈਕਸਟਾਈਲ, ਗਾਰਮੈਂਟ, ਲੈਦਰ, ਜੁੱਤੇ, ਰਤਨ ਤੇ ਗਹਿਣੇ, ਇੰਜੀਨੀਅਰਿੰਗ ਗੁਡਜ਼ ਅਤੇ ਪ੍ਰੋਸੈਸਡ ਫੂਡ ਆਈਟਮਾਂ ਸਮੇਤ ਲੇਬਰ-ਇੰਟੈਂਸਿਵ ਸੈਕਟਰਾਂ ਨੂੰ ਜ਼ੀਰੋ-ਡਿਊਟੀ ਪਹੁੰਚ ਦੇ ਕੇ ਛੋਟੇ ਤੇ ਦਰਮਿਆਨੇ ਉਦਯੋਗਾਂ (MSMEs) ਤੇ ਰੁਜ਼ਗਾਰ ਨੂੰ ਹੁਲਾਰਾ ਦੇਣ 'ਚ ਮਦਦ ਕਰੇਗਾ।
ਇਸ ਸਮਝੌਤੇ ਨਾਲ ਜੁੜੇ ਹੋਰ ਅਹਿਮ ਫਾਇਦੇ ਭਾਰਤ ਨੂੰ ਆਪਣੇ ਮੈਨਿਊਫੈਕਚਰਿੰਗ ਸੈਕਟਰ ਲਈ ਲੱਕੜ ਦੇ ਲੱਠੇ, ਕੋਕਿੰਗ ਕੋਲਾ ਅਤੇ ਮੈਟਲਜ਼ ਦੇ ਵੇਸਟ ਤੇ ਸਕ੍ਰੈਪ ਸਮੇਤ ਕਈ ਜ਼ਰੂਰੀ ਉਤਪਾਦ ਡਿਊਟੀ-ਫ੍ਰੀ ਇਨਪੁਟ ਵਜੋਂ ਮਿਲਣਗੇ। ਇਸ ਨਾਲ ਉਤਪਾਦਨ ਲਾਗਤ ਘਟੇਗੀ ਅਤੇ ਭਾਰਤੀ ਉਦਯੋਗ ਦੀ ਗਲੋਬਲ ਮੁਕਾਬਲੇਬਾਜ਼ੀ ਮਜ਼ਬੂਤ ਹੋਵੇਗੀ। ਨਿਊਜ਼ੀਲੈਂਡ ਨੇ ਭਾਰਤ 'ਚ ਕੀਵੀ ਫਲ, ਸੇਬ ਅਤੇ ਸ਼ਹਿਦ ਦੇ ਉਤਪਾਦਕਾਂ ਦੀ ਉਤਪਾਦਨ ਸਮਰੱਥਾ, ਗੁਣਵੱਤਾ ਅਤੇ ਖੇਤਰੀ ਸਮਰੱਥਾਵਾਂ 'ਚ ਸੁਧਾਰ ਲਈ ਇਨ੍ਹਾਂ ਉਤਪਾਦਾਂ ਵਾਸਤੇ ਕੇਂਦਰਿਤ ਕਾਰਜ ਯੋਜਨਾਵਾਂ 'ਤੇ ਸਹਿਮਤੀ ਜਤਾਈ ਹੈ।