ਧੀਆਂ ਦੀ ਪੜ੍ਹਾਈ ਤੋਂ ਲੈ ਕੇ ਬਜ਼ੁਰਗਾਂ ਦੀ ਪੈਨਸ਼ਨ ਤੱਕ : ਪੋਸਟ ਆਫ਼ਿਸ ਦੀਆਂ ਇਹ 5 ਸਕੀਮਾਂ ਬਣਾਉਣਗੀਆਂ ਤੁਹਾਡਾ ਤੇ ਤੁਹਾਡੇ ਬੱਚਿਆਂ ਦਾ ਭਵਿੱਖ ਸੁਰੱਖਿਅਤ
ਬਾਜ਼ਾਰ ਦੇ ਉਤਾਰ-ਚੜ੍ਹਾਅ ਅਤੇ ਜੋਖਮਾਂ ਦੇ ਦਰਮਿਆਨ ਅੱਜ ਵੀ ਦੇਸ਼ ਦੇ ਲੱਖਾਂ ਨਿਵੇਸ਼ਕ (Investors) ਸੁਰੱਖਿਅਤ ਵਿਕਲਪ ਦੀ ਤਲਾਸ਼ 'ਚ ਰਹਿੰਦੇ ਹਨ। ਅਜਿਹੇ 'ਚ ਪੋਸਟ ਆਫ਼ਿਸ ਦੀਆਂ ਬਚਤ ਯੋਜਨਾਵਾਂ ਇੱਕ ਭਰੋਸੇਮੰਦ ਵਿਕਲਪ ਬਣ ਕੇ ਸਾਹਮਣੇ ਆਉਂਦੀਆਂ ਹਨ। ਸਰਕਾਰ ਦੁਆਰਾ ਸਮਰਥਿਤ ਇਹ ਸਕੀਮਾਂ ਨਾ ਸਿਰਫ਼ ਸੁਰੱਖਿਅਤ ਹਨ, ਸਗੋਂ ਇਹਨਾਂ 'ਚ ਮਿਲਣ ਵਾਲਾ ਰਿਟਰਨ ਵੀ ਕਈ ਵਾਰ ਬੈਂਕ FD ਨਾਲੋਂ ਬਿਹਤਰ ਹੁੰਦਾ ਹੈ। ਖ਼ਾਸ ਗੱਲ ਇਹ ਹੈ ਕਿ ਇਹਨਾਂ 'ਚ ਨਿਵੇਸ਼ ਕਰਕੇ ਤੁਸੀਂ ਟੈਕਸ 'ਚ ਵੀ ਰਾਹਤ ਪਾ ਸਕਦੇ ਹੋ।
Publish Date: Wed, 17 Jun 2026 06:30 PM (IST)
Updated Date: Wed, 17 Jun 2026 06:32 PM (IST)

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਬਾਜ਼ਾਰ ਦੇ ਉਤਾਰ-ਚੜ੍ਹਾਅ ਅਤੇ ਜੋਖਮਾਂ ਦੇ ਦਰਮਿਆਨ ਅੱਜ ਵੀ ਦੇਸ਼ ਦੇ ਲੱਖਾਂ ਨਿਵੇਸ਼ਕ (Investors) ਸੁਰੱਖਿਅਤ ਵਿਕਲਪ ਦੀ ਤਲਾਸ਼ 'ਚ ਰਹਿੰਦੇ ਹਨ। ਅਜਿਹੇ 'ਚ ਪੋਸਟ ਆਫ਼ਿਸ ਦੀਆਂ ਬਚਤ ਯੋਜਨਾਵਾਂ ਇੱਕ ਭਰੋਸੇਮੰਦ ਵਿਕਲਪ ਬਣ ਕੇ ਸਾਹਮਣੇ ਆਉਂਦੀਆਂ ਹਨ। ਸਰਕਾਰ ਦੁਆਰਾ ਸਮਰਥਿਤ ਇਹ ਸਕੀਮਾਂ ਨਾ ਸਿਰਫ਼ ਸੁਰੱਖਿਅਤ ਹਨ, ਸਗੋਂ ਇਹਨਾਂ 'ਚ ਮਿਲਣ ਵਾਲਾ ਰਿਟਰਨ ਵੀ ਕਈ ਵਾਰ ਬੈਂਕ FD ਨਾਲੋਂ ਬਿਹਤਰ ਹੁੰਦਾ ਹੈ। ਖ਼ਾਸ ਗੱਲ ਇਹ ਹੈ ਕਿ ਇਹਨਾਂ 'ਚ ਨਿਵੇਸ਼ ਕਰਕੇ ਤੁਸੀਂ ਟੈਕਸ 'ਚ ਵੀ ਰਾਹਤ ਪਾ ਸਕਦੇ ਹੋ।
ਪੋਸਟ ਆਫ਼ਿਸ ਦੀਆਂ ਇਹ ਯੋਜਨਾਵਾਂ ਹਰ ਵਰਗ ਦੀਆਂ ਲੋੜਾਂ ਨੂੰ ਧਿਆਨ 'ਚ ਰੱਖ ਕੇ ਬਣਾਈਆਂ ਗਈਆਂ ਹਨ—ਚਾਹੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰਨਾ ਹੋਵੇ, ਟੈਕਸ ਬਚਾਉਣਾ ਹੋਵੇ ਜਾਂ ਰਿਟਾਇਰਮੈਂਟ ਤੋਂ ਬਾਅਦ ਨਿਯਮਿਤ ਆਮਦਨ ਯਕੀਨੀ ਬਣਾਉਣੀ ਹੋਵੇ। ਆਓ ਜਾਣਦੇ ਹਾਂ ਅਜਿਹੀਆਂ 5 ਪ੍ਰਮੁੱਖ ਸਕੀਮਾਂ ਬਾਰੇ:
ਸੁਕੰਨਿਆ ਸਮ੍ਰਿਧੀ ਯੋਜਨਾ
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੁਕੰਨਿਆ ਸਮ੍ਰਿਧੀ ਯੋਜਨਾ (SSY) ਦੀ, ਜੋ ਧੀਆਂ ਦੇ ਭਵਿੱਖ ਲਈ ਸਭ ਤੋਂ ਪ੍ਰਸਿੱਧ ਸਕੀਮ ਮੰਨੀ ਜਾਂਦੀ ਹੈ। ਇਸ 'ਚ ਫਿਲਹਾਲ ਕਰੀਬ 8.2% ਤੱਕ ਵਿਆਜ ਮਿਲ ਰਿਹਾ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ 'ਚ ਮਿਲਣ ਵਾਲਾ ਰਿਟਰਨ ਪੂਰੀ ਤਰ੍ਹਾਂ ਟੈਕਸ ਮੁਫ਼ਤ (Tax-Free) ਹੁੰਦਾ ਹੈ। ਘੱਟ ਨਿਵੇਸ਼ ਨਾਲ ਸ਼ੁਰੂਆਤ ਕਰਕੇ ਲੰਬੀ ਅਵਧੀ 'ਚ ਇੱਕ ਵੱਡਾ ਫੰਡ ਤਿਆਰ ਕੀਤਾ ਜਾ ਸਕਦਾ ਹੈ।
ਸੀਨੀਅਰ ਸਿਟੀਜ਼ਨ ਸੇਵਿੰਗਸ ਸਕੀਮ
ਉੱਥੇ ਹੀ, ਸੀਨੀਅਰ ਸਿਟੀਜ਼ਨ ਸੇਵਿੰਗਸ ਸਕੀਮ (SCSS) ਬਜ਼ੁਰਗਾਂ ਲਈ ਬੇਹੱਦ ਫਾਇਦੇਮੰਦ ਹੈ। 60 ਸਾਲ ਤੋਂ ਵੱਧ ਉਮਰ ਦੇ ਲੋਕ ਇਸ 'ਚ ਨਿਵੇਸ਼ ਕਰ ਸਕਦੇ ਹਨ ਅਤੇ ਕਰੀਬ 8.2% ਤੱਕ ਵਿਆਜ ਦੇ ਨਾਲ ਹਰ ਤਿਮਾਹੀ ਨਿਯਮਿਤ ਆਮਦਨ ਪਾ ਸਕਦੇ ਹਨ। ਇਸ ਸਕੀਮ 'ਚ ਨਿਵੇਸ਼ ਕਰਨ 'ਤੇ ਇਨਕਮ ਟੈਕਸ ਦੀ ਧਾਰਾ 80C ਤਹਿਤ ਛੋਟ ਵੀ ਮਿਲਦੀ ਹੈ, ਹਾਲਾਂਕਿ ਇਸ ਦਾ ਵਿਆਜ ਟੈਕਸਯੋਗ (Taxable) ਹੁੰਦਾ ਹੈ।
ਨੈਸ਼ਨਲ ਸੇਵਿੰਗਸ ਸਰਟੀਫਿਕੇਟ
ਟੈਕਸ ਬਚਾਉਣ ਦੇ ਲਿਹਾਜ਼ ਨਾਲ ਨੈਸ਼ਨਲ ਸੇਵਿੰਗਸ ਸਰਟੀਫਿਕੇਟ (NSC) ਵੀ ਇੱਕ ਮਜ਼ਬੂਤ ਵਿਕਲਪ ਹੈ। ਇਸ 'ਚ ਲਗਭਗ 7.7% ਵਿਆਜ ਮਿਲਦਾ ਹੈ ਅਤੇ 5 ਸਾਲ ਦੀ ਅਵਧੀ ਦੇ ਨਾਲ ਇਹ ਮੱਧਮ ਵਰਗ ਦੇ ਨਿਵੇਸ਼ਕਾਂ 'ਚ ਕਾਫ਼ੀ ਪ੍ਰਸਿੱਧ ਹੈ। ਇਸ 'ਚ ਨਿਵੇਸ਼ 'ਤੇ 80C ਤਹਿਤ ਟੈਕਸ ਛੋਟ ਮਿਲਦੀ ਹੈ ਅਤੇ ਲੋੜ ਪੈਣ 'ਤੇ ਇਸ ਨੂੰ ਗਿਰਵੀ ਰੱਖ ਕੇ ਲੋਨ ਵੀ ਲਿਆ ਜਾ ਸਕਦਾ ਹੈ।
ਕਿਸਾਨ ਵਿਕਾਸ ਪੱਤਰ
ਜੇਕਰ ਤੁਹਾਡਾ ਟੀਚਾ ਨਿਵੇਸ਼ ਨੂੰ ਦੁੱਗਣਾ ਕਰਨਾ ਹੈ, ਤਾਂ ਕਿਸਾਨ ਵਿਕਾਸ ਪੱਤਰ (KVP) ਇੱਕ ਚੰਗਾ ਵਿਕਲਪ ਹੈ। ਇਸ 'ਚ ਕਰੀਬ 7.5% ਵਿਆਜ ਦੇ ਨਾਲ ਤੈਅ ਅਵਧੀ (ਲਗਭਗ 115 ਮਹੀਨੇ) 'ਚ ਪੈਸਾ ਦੁੱਗਣਾ ਹੋ ਜਾਂਦਾ ਹੈ। ਇਹ ਪੂਰੀ ਤਰ੍ਹਾਂ ਸੁਰੱਖਿਅਤ ਸਕੀਮ ਹੈ ਅਤੇ ਇਸ 'ਚ ਬਾਜ਼ਾਰ ਦਾ ਕੋਈ ਜੋਖਮ ਨਹੀਂ ਹੁੰਦਾ।
ਪੋਸਟ ਆਫ਼ਿਸ ਮੰਥਲੀ ਇਨਕਮ ਸਕੀਮ
ਇਸ ਤੋਂ ਇਲਾਵਾ, ਪੋਸਟ ਆਫ਼ਿਸ ਮੰਥਲੀ ਇਨਕਮ ਸਕੀਮ ਉਨ੍ਹਾਂ ਲੋਕਾਂ ਲਈ ਬਿਹਤਰ ਹੈ ਜੋ ਹਰ ਮਹੀਨੇ ਨਿਸ਼ਚਿਤ ਆਮਦਨ ਚਾਹੁੰਦੇ ਹਨ। ਇਸ 'ਚ ਕਰੀਬ 7.4% ਵਿਆਜ ਮਿਲਦਾ ਹੈ ਅਤੇ ਨਿਵੇਸ਼ ਤੋਂ ਬਾਅਦ ਹਰ ਮਹੀਨੇ ਵਿਆਜ ਦੇ ਰੂਪ 'ਚ ਨਿਯਮਿਤ ਕਮਾਈ ਹੁੰਦੀ ਹੈ, ਜੋ ਖ਼ਾਸ ਕਰਕੇ ਰਿਟਾਇਰਡ ਲੋਕਾਂ ਅਤੇ ਘਰੇਲੂ ਔਰਤਾਂ ਲਈ ਲਾਹੇਵੰਦ ਹੈ।
ਜ਼ਿਕਰਯੋਗ ਹੈ ਕਿ ਪੋਸਟ ਆਫ਼ਿਸ ਦੀਆਂ ਜ਼ਿਆਦਾਤਰ ਯੋਜਨਾਵਾਂ 'ਚ ਨਿਵੇਸ਼ ਕਰਨ 'ਤੇ ਇਨਕਮ ਟੈਕਸ ਐਕਟ ਦੀ ਧਾਰਾ 80C ਤਹਿਤ ਵੱਧ ਤੋਂ ਵੱਧ 1.5 ਲੱਖ ਰੁਪਏ ਦੀ ਛੋਟ ਮਿਲ ਸਕਦੀ ਹੈ। ਹਾਲਾਂਕਿ, ਸਾਰੀਆਂ ਯੋਜਨਾਵਾਂ ਟੈਕਸ ਮੁਫ਼ਤ ਨਹੀਂ ਹੁੰਦੀਆਂ ਅਤੇ ਕੁਝ 'ਚ ਮਿਲਣ ਵਾਲਾ ਵਿਆਜ ਟੈਕਸਯੋਗ ਵੀ ਹੁੰਦਾ ਹੈ।
ਜੇਕਰ ਤੁਸੀਂ ਸੁਰੱਖਿਅਤ ਨਿਵੇਸ਼ ਦੇ ਨਾਲ ਚੰਗਾ ਰਿਟਰਨ ਅਤੇ ਟੈਕਸ ਬਚਤ ਚਾਹੁੰਦੇ ਹੋ, ਤਾਂ ਪੋਸਟ ਆਫ਼ਿਸ ਦੀਆਂ ਇਹ 5 ਸਕੀਮਾਂ ਤੁਹਾਡੇ ਲਈ ਬਿਹਤਰ ਵਿਕਲਪ ਸਾਬਤ ਹੋ ਸਕਦੀਆਂ ਹਨ। ਯੋਜਨਾ ਦੀ ਚੋਣ ਤੁਹਾਡੀ ਲੋੜ ਜਿਵੇਂ ਕਿ ਬੱਚਿਆਂ ਦਾ ਭਵਿੱਖ, ਨਿਯਮਿਤ ਆਮਦਨ ਜਾਂ ਟੈਕਸ ਪਲੈਨਿੰਗ 'ਤੇ ਨਿਰਭਰ ਕਰਦੀ ਹੈ।
ਡਿਸਕਲੇਮਰ: ਇਹ ਖ਼ਬਰ ਆਮ ਜਾਣਕਾਰੀ ਲਈ ਹੈ। ਕਿਸੇ ਵੀ ਯੋਜਨਾ 'ਚ ਨਿਵੇਸ਼ ਕਰਨ ਤੋਂ ਪਹਿਲਾਂ ਮਾਹਰਦੀ ਸਲਾਹ ਜ਼ਰੂਰ ਲਓ।