ਕੀ ਦਿਵਾਲੀਆ ਹੋਣ ਦੀ ਕਗਾਰ 'ਤੇ ਪਹੁੰਚੀ Apple ਲਈ iPhone ਬਣਾਉਣ ਵਾਲੀ Foxconn? ਭਾਰਤ 'ਚ 143 ਕਰੋੜ ਦਾ ਮੁਕੱਦਮਾ, ਕਈ ਵੈਂਡਰਾਂ ਦਾ ਭੁਗਤਾਨ ਅਟਕਿਆ
BCD ਐਂਪਰਾਸਾ LLP ਨੇ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (NCLT) ਦੀ ਚੇਨਈ ਬੈਂਚ 'ਚ 12 ਅਗਸਤ ਨੂੰ ਪਟੀਸ਼ਨ ਦਾਇਰ ਕੀਤੀ ਹੈ। ਕੰਪਨੀ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਫੌਕਸਕਾਨ ਦੀ ਬੈਂਗਲੁਰੂ ਇਕਾਈ ਦੇ ਕਰਮਚਾਰੀਆਂ ਲਈ ਦੱਖਣੀ ਭਾਰਤ 'ਚ ਮੁਹੱਈਆ ਕਰਵਾਏ ਗਏ ਡਾਰਮਿਟਰੀ ਰਿਹਾਇਸ਼ ਦੇ ਕਿਰਾਏ ਅਤੇ ਹੋਰ ਸਹੂਲਤਾਂ (ਯੂਟਿਲਿਟੀਜ਼) ਦਾ ਭੁਗਤਾਨ ਨਹੀਂ ਕੀਤਾ ਗਿਆ।
Publish Date: Wed, 25 Nov 2026 03:17 PM (IST)
Updated Date: Wed, 25 Nov 2026 03:20 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਐਪਲ ਦੇ ਆਈਫੋਨ ਦੀ ਸਭ ਤੋਂ ਵੱਡੀ ਕਾਂਟ੍ਰੈਕਟ ਨਿਰਮਾਤਾ ਕੰਪਨੀ ਫੌਕਸਕਾਨ ਦੀ ਭਾਰਤੀ ਇਕਾਈ ਫੌਕਸਕਾਨ ਹੋਨ ਹਾਈ ਟੈਕਨਾਲੋਜੀ ਇੰਡੀਆ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਕੰਪਨੀ 'ਤੇ ਅੱਧੀ ਦਰਜਨ ਤੋਂ ਵੱਧ ਵੈਂਡਰਾਂ ਦਾ ਭੁਗਤਾਨ ਬਕਾਇਆ ਹੋਣ ਦੇ ਦੋਸ਼ ਹਨ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਮੁਤਾਬਕ, ਇਕ ਵੈਂਡਰ ਨੇ ਤਾਂ ਆਪਣਾ 15 ਮਿਲੀਅਨ ਡਾਲਰ ਦਾ ਬਕਾਇਆ ਵਸੂਲਣ ਲਈ ਦਿਵਾਲੀਆਪਨ (ਇਨਸਾਲਵੈਂਸੀ) ਦੀ ਕਾਰਵਾਈ ਸ਼ੁਰੂ ਕਰਨ ਵਾਸਤੇ ਮੁਕੱਦਮਾ ਵੀ ਦਾਇਰ ਕਰ ਦਿੱਤਾ ਹੈ।
ਫੌਕਸਕਾਨ ਦੀ ਭਾਰਤੀ ਇਕਾਈ 'ਤੇ ਕੀ ਲੱਗੇ ਦੋਸ਼?
BCD ਐਂਪਰਾਸਾ LLP ਨੇ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (NCLT) ਦੀ ਚੇਨਈ ਬੈਂਚ 'ਚ 12 ਅਗਸਤ ਨੂੰ ਪਟੀਸ਼ਨ ਦਾਇਰ ਕੀਤੀ ਹੈ। ਕੰਪਨੀ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਫੌਕਸਕਾਨ ਦੀ ਬੈਂਗਲੁਰੂ ਇਕਾਈ ਦੇ ਕਰਮਚਾਰੀਆਂ ਲਈ ਦੱਖਣੀ ਭਾਰਤ 'ਚ ਮੁਹੱਈਆ ਕਰਵਾਏ ਗਏ ਡਾਰਮਿਟਰੀ ਰਿਹਾਇਸ਼ ਦੇ ਕਿਰਾਏ ਅਤੇ ਹੋਰ ਸਹੂਲਤਾਂ (ਯੂਟਿਲਿਟੀਜ਼) ਦਾ ਭੁਗਤਾਨ ਨਹੀਂ ਕੀਤਾ ਗਿਆ।
BCD ਐਂਪਰਾਸਾ LLP, ਫੌਕਸਕਾਨ ਹੋਨ ਹਾਈ ਟੈਕਨਾਲੋਜੀ ਇੰਡੀਆ ਮੇਗਾ ਡਿਵੈਲਪਮੈਂਟ ਪ੍ਰਾਈਵੇਟ ਲਿਮਟਿਡ ਤੋਂ 8 ਜੁਲਾਈ ਤੱਕ ਦੇ ਆਪਣੇ ਬਕਾਏ ਵਜੋਂ ਲਗਭਗ 143 ਕਰੋੜ ਰੁਪਏ (15.3 ਮਿਲੀਅਨ ਡਾਲਰ) ਦੀ ਮੰਗ ਕਰ ਰਹੀ ਹੈ। ਇਸ ਰਕਮ 'ਚ ਬਕਾਇਆ ਭੁਗਤਾਨ ਦੇ ਨਾਲ ਵਿਆਜ, ਸਰਵਿਸ ਚਾਰਜ ਅਤੇ ਨੁਕਸਾਨ ਦੀ ਭਰਪਾਈ ਵੀ ਸ਼ਾਮਲ ਹੈ।
ਭਾਰਤ 'ਚ ਵੈਂਡਰ ਅਕਸਰ ਆਪਣਾ ਬਕਾਇਆ ਭੁਗਤਾਨ ਵਸੂਲਣ ਲਈ ਦਿਵਾਲੀਆਪਨ ਦੀ ਕਾਰਵਾਈ ਸ਼ੁਰੂ ਕਰਦੇ ਹਨ। ਹਾਲਾਂਕਿ, ਅਜਿਹੇ ਮਾਮਲਿਆਂ ਕਾਰਨ ਸ਼ਾਇਦ ਹੀ ਕੋਈ ਕੰਪਨੀ ਅਸਲ 'ਚ ਦਿਵਾਲੀਆ ਹੁੰਦੀ ਹੈ।
ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਦੱਸਿਆ ਕਿ BCD ਤੋਂ ਇਲਾਵਾ ਘੱਟੋ-ਘੱਟ ਚਾਰ ਹੋਰ ਵੈਂਡਰ ਵੀ ਅਜਿਹੇ ਹਨ, ਜੋ ਕਈ ਮਹੀਨਿਆਂ ਤੋਂ ਲੈ ਕੇ ਇਕ ਸਾਲ ਤੋਂ ਵੱਧ ਸਮੇਂ ਤੋਂ ਫੌਕਸਕਾਨ ਵੱਲੋਂ ਆਪਣਾ ਬਕਾਇਆ ਚੁਕਾਉਣ ਦੀ ਉਡੀਕ ਕਰ ਰਹੇ ਹਨ। ਇਨ੍ਹਾਂ ਲੋਕਾਂ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ 'ਤੇ ਇਹ ਜਾਣਕਾਰੀ ਦਿੱਤੀ।
ਇਨ੍ਹਾਂ 'ਚੋਂ ਕਈ ਵੈਂਡਰਾਂ ਨੂੰ ਬੈਂਗਲੁਰੂ ਸਥਿਤ ਫੈਕਟਰੀ 'ਚ ਨਿਰਮਾਣ ਕਾਰਜਾਂ ਲਈ ਕੰਮ 'ਤੇ ਰੱਖਿਆ ਗਿਆ ਸੀ। ਉਹ ਪਹਿਲੀ ਵਾਰ ਫੌਕਸਕਾਨ ਨਾਲ ਕੰਮ ਕਰ ਰਹੇ ਸਨ।
ਫੌਕਸਕਾਨ ਨੇ ਭਾਰਤ ਤੋਂ ਵਾਪਸ ਬੁਲਾਏ ਸਨ ਚੀਨੀ ਮੁਲਾਜ਼ਮ
ਫੌਕਸਕਾਨ ਨੇ 2025 'ਚ ਭਾਰਤ ਤੋਂ ਸੈਂਕੜੇ ਚੀਨੀ ਕਰਮਚਾਰੀਆਂ ਨੂੰ ਵਾਪਸ ਬੁਲਾ ਲਿਆ ਸੀ। ਹਾਲਾਂਕਿ, ਉਸ ਸਮੇਂ ਇਸ ਕਦਮ ਦਾ ਕਾਰਨ ਸਪੱਸ਼ਟ ਨਹੀਂ ਸੀ। ਇਸ ਫ਼ੈਸਲੇ ਕਾਰਨ ਕੰਪਨੀ ਨੂੰ ਉਤਪਾਦਨ 'ਤੇ ਪੈਣ ਵਾਲੇ ਅਸਰ ਨੂੰ ਘੱਟ ਕਰਨ ਲਈ ਤਾਈਵਾਨ ਅਤੇ ਵੀਅਤਨਾਮ ਤੋਂ ਕਰਮਚਾਰੀ ਬੁਲਾਉਣੇ ਪਏ ਸਨ।
NCLT 'ਚ ਦਾਇਰ ਦਸਤਾਵੇਜ਼ਾਂ ਮੁਤਾਬਕ, ਅਪ੍ਰੈਲ 2024 'ਚ BCD ਨਾਲ ਹੋਏ ਇਕ ਸਮਝੌਤੇ ਤਹਿਤ ਫੌਕਸਕਾਨ ਨੇ ਮਹਿਲਾ ਕਰਮਚਾਰੀਆਂ ਲਈ 700 ਰਿਹਾਇਸ਼ੀ ਯੂਨਿਟ ਕਿਰਾਏ 'ਤੇ ਲਏ ਸਨ। ਸਮਝੌਤੇ ਮੁਤਾਬਕ, ਇਨ੍ਹਾਂ ਯੂਨਿਟਾਂ 'ਚ ਕੋਈ ਰਹੇ ਜਾਂ ਨਾ ਰਹੇ, ਕਿਰਾਇਆ ਦੇਣਾ ਲਾਜ਼ਮੀ ਸੀ। ਇਸ ਦੇ ਨਾਲ ਹੀ ਜੁਲਾਈ 2026 ਤੱਕ ਦੀ 'ਲੌਕ-ਇਨ' ਮਿਆਦ ਵੀ ਤੈਅ ਕੀਤੀ ਗਈ ਸੀ।
ਦਸਤਾਵੇਜ਼ਾਂ 'ਚ ਕਿਹਾ ਗਿਆ ਹੈ ਕਿ ਫੌਕਸਕਾਨ ਨੇ ਮਈ 2025 'ਚ ਭੁਗਤਾਨ ਲਈ ਬਕਾਇਆ ਇਕ ਇਨਵੌਇਸ ਦੀ ਅਦਾਇਗੀ ਨਹੀਂ ਕੀਤੀ। ਇਸ ਤੋਂ ਇਲਾਵਾ, ਇਲੈਕਟ੍ਰੋਨਿਕਸ ਕੰਪਨੀ ਵਿਚੋਲੇ (ਆਰਬਿਟਰੇਟਰ) ਦੀ ਨਿਯੁਕਤੀ ਕਰਨ ਲਈ ਵੀ ਸਹਿਮਤ ਨਹੀਂ ਹੋਈ।
ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਮੁਤਾਬਕ, ਕੁਝ ਗੈਰ-ਭਾਰਤੀ ਕਰਮਚਾਰੀਆਂ ਦੇ ਚਲੇ ਜਾਣ ਕਾਰਨ ਸਥਾਨਕ ਠੇਕੇਦਾਰਾਂ ਨੂੰ ਕੀਤੇ ਜਾਣ ਵਾਲੇ ਭੁਗਤਾਨ 'ਚ ਦੇਰੀ ਹੋਈ ਹੈ।