IPO 'ਚ ਦੇਰੀ ਤੇ ਵਿਵਾਦਾਂ ਵਿਚਾਲੇ Flipkart ਨੂੰ ਵੱਡਾ ਝਟਕਾ, 11 ਸਾਲ ਬਾਅਦ CEO ਕਲਿਆਣ ਕ੍ਰਿਸ਼ਨਮੂਰਤੀ ਛੱਡਣਗੇ ਅਹੁਦਾ; ਜਾਣੋ ਕੀ ਹੈ ਅਗਲਾ ਪਲਾਨ
'ਕੇਕੇ' (KK) ਦੇ ਨਾਂ ਨਾਲ ਮਸ਼ਹੂਰ ਕਲਿਆਣ ਕ੍ਰਿਸ਼ਨਮੂਰਤੀ ਵਾਲਮਾਰਟ ਦੀ ਮਲਕੀਅਤ ਹੇਠ ਫਲਿੱਪਕਾਰਟ ਦੇ ਬਦਲਾਅ ਦੇ ਕੇਂਦਰ 'ਚ ਰਹੇ ਹਨ। ਸਚਿਨ ਬੰਸਲ ਅਤੇ ਬਿੰਨੀ ਬੰਸਲ ਵੱਲੋਂ ਸ਼ੁਰੂ ਕੀਤੀ ਗਈ ਫਲਿੱਪਕਾਰਟ ਨੂੰ ਵਾਲਮਾਰਟ ਨੂੰ ਵੇਚੇ ਜਾਣ ਅਤੇ ਸੰਸਥਾਪਕਾਂ ਦੇ ਕੰਪਨੀ ਤੋਂ ਬਾਹਰ ਹੋਣ ਤੋਂ ਬਾਅਦ ਕ੍ਰਿਸ਼ਨਮੂਰਤੀ ਨੇ ਹੀ ਇਸ ਦੀ ਕਮਾਨ ਸੰਭਾਲੀ ਸੀ।
Publish Date: Wed, 25 Nov 2026 04:34 PM (IST)
Updated Date: Wed, 25 Nov 2026 04:36 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਭਾਰਤ ਦੀਆਂ ਸਭ ਤੋਂ ਸਫ਼ਲ ਈ-ਕਾਮਰਸ ਕੰਪਨੀਆਂ 'ਚੋਂ ਇਕ ਫਲਿੱਪਕਾਰਟ (Flipkart) 'ਚ ਇਕ ਵੱਡੇ ਦੌਰ ਦਾ ਅੰਤ ਹੋਣ ਜਾ ਰਿਹਾ ਹੈ। ਕੰਪਨੀ ਦੇ ਦਿੱਗਜ ਸੀਈਓ ਕਲਿਆਣ ਕ੍ਰਿਸ਼ਨਮੂਰਤੀ ਜਲਦ ਹੀ ਆਪਣਾ ਅਹੁਦਾ ਛੱਡਣ ਵਾਲੇ ਹਨ। ਵਾਲਮਾਰਟ ਦੀ ਮਲਕੀਅਤ ਵਾਲੇ ਫਲਿੱਪਕਾਰਟ ਗਰੁੱਪ ਦੀ ਕਰੀਬ 11 ਸਾਲ ਤੱਕ ਅਗਵਾਈ ਕਰਨ ਤੋਂ ਬਾਅਦ ਕ੍ਰਿਸ਼ਨਮੂਰਤੀ ਆਉਣ ਵਾਲੇ ਕੁਝ ਹਫ਼ਤਿਆਂ 'ਚ ਅਹੁਦੇ ਤੋਂ ਅਸਤੀਫ਼ਾ ਦੇਣ ਜਾ ਰਹੇ ਹਨ। ਬੁੱਧਵਾਰ, 25 ਨਵੰਬਰ ਨੂੰ ਉਨ੍ਹਾਂ ਨੇ ਇਸ ਦਾ ਅਧਿਕਾਰਤ ਐਲਾਨ ਕੀਤਾ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਅਚਾਨਕ ਹੋਏ ਵੱਡੇ ਬਦਲਾਅ ਨੂੰ ਲੈ ਕੇ ਕੰਪਨੀ ਨੇ ਐਮਰਜੈਂਸੀ ਮੀਟਿੰਗ ਵੀ ਸੱਦੀ।
ਬੰਸਲ ਭਰਾਵਾਂ ਦੇ ਜਾਣ ਤੋਂ ਬਾਅਦ ਸੰਭਾਲੀ ਸੀ ਕਮਾਨ
'ਕੇਕੇ' (KK) ਦੇ ਨਾਂ ਨਾਲ ਮਸ਼ਹੂਰ ਕਲਿਆਣ ਕ੍ਰਿਸ਼ਨਮੂਰਤੀ ਵਾਲਮਾਰਟ ਦੀ ਮਲਕੀਅਤ ਹੇਠ ਫਲਿੱਪਕਾਰਟ ਦੇ ਬਦਲਾਅ ਦੇ ਕੇਂਦਰ 'ਚ ਰਹੇ ਹਨ। ਸਚਿਨ ਬੰਸਲ ਅਤੇ ਬਿੰਨੀ ਬੰਸਲ ਵੱਲੋਂ ਸ਼ੁਰੂ ਕੀਤੀ ਗਈ ਫਲਿੱਪਕਾਰਟ ਨੂੰ ਵਾਲਮਾਰਟ ਨੂੰ ਵੇਚੇ ਜਾਣ ਅਤੇ ਸੰਸਥਾਪਕਾਂ ਦੇ ਕੰਪਨੀ ਤੋਂ ਬਾਹਰ ਹੋਣ ਤੋਂ ਬਾਅਦ ਕ੍ਰਿਸ਼ਨਮੂਰਤੀ ਨੇ ਹੀ ਇਸ ਦੀ ਕਮਾਨ ਸੰਭਾਲੀ ਸੀ।
ਇਸ ਤੋਂ ਪਹਿਲਾਂ ਉਹ ਫਲਿੱਪਕਾਰਟ ਦੇ ਸਭ ਤੋਂ ਵੱਡੇ ਸ਼ੁਰੂਆਤੀ ਨਿਵੇਸ਼ਕ ਟਾਈਗਰ ਗਲੋਬਲ ਮੈਨੇਜਮੈਂਟ 'ਚ ਮੈਨੇਜਿੰਗ ਡਾਇਰੈਕਟਰ ਸਨ। ਉਹ 2013 'ਚ ਕੰਪਨੀ ਦੇ ਅੰਤਰਿਮ CFO ਵੀ ਰਹੇ ਸਨ। ਜਨਵਰੀ 2017 'ਚ ਉਨ੍ਹਾਂ ਨੂੰ ਫਲਿੱਪਕਾਰਟ ਦਾ ਸੀਈਓ ਬਣਾਇਆ ਗਿਆ ਅਤੇ 2018 'ਚ ਉਹ ਗਰੁੱਪ ਸੀਈਓ ਬਣ ਗਏ।
ਇਕ ਦਹਾਕੇ ਦੌਰਾਨ ਐਮਾਜ਼ੋਨ (Amazon) ਅਤੇ ਮੀਸ਼ੋ (Meesho) ਵਰਗੇ ਵਿਰੋਧੀਆਂ ਤੋਂ ਸਖ਼ਤ ਮੁਕਾਬਲੇ ਦੇ ਬਾਵਜੂਦ ਫਲਿੱਪਕਾਰਟ ਨੂੰ ਸਥਿਰਤਾ ਦੇਣ ਅਤੇ ਇਸ ਦੇ ਕੰਮਕਾਜ ਨੂੰ ਬਿਹਤਰ ਬਣਾਉਣ ਦਾ ਸਿਹਰਾ ਉਨ੍ਹਾਂ ਨੂੰ ਹੀ ਜਾਂਦਾ ਹੈ।
ਫਾਊਂਡਰ ਵਾਂਗ ਕੰਮ ਕਰਕੇ ਕਰ ਰਹੇ ਸਨ ਨਵੇਂ ਪ੍ਰਯੋਗ
ਆਪਣੇ ਸਖ਼ਤ ਕਾਰਜ-ਅਮਲ ਅਤੇ ਸੰਸਥਾਪਕਾਂ ਵਰਗੇ ਕੰਮ ਕਰਨ ਦੇ ਅੰਦਾਜ਼ ਲਈ ਮਸ਼ਹੂਰ ਕ੍ਰਿਸ਼ਨਮੂਰਤੀ ਕੰਪਨੀ ਨੂੰ ਨਵੇਂ ਖੇਤਰਾਂ 'ਚ ਲਿਜਾਣ ਦੀ ਤਿਆਰੀ ਕਰ ਰਹੇ ਸਨ। ਉਹ ਫੂਡ ਡਿਲੀਵਰੀ ਸੈਕਟਰ 'ਚ ਦਾਖ਼ਲ ਹੋਣ, ਜਨਰੇਸ਼ਨ-ਜ਼ੈੱਡ (Gen Z) ਗਾਹਕਾਂ ਲਈ ਖ਼ਾਸ ਉਤਪਾਦਾਂ ਦੀ ਗਿਣਤੀ ਵਧਾਉਣ ਅਤੇ ਕਵਿੱਕ ਕਾਮਰਸ ਪਲੇਟਫਾਰਮ 'ਫਲਿੱਪਕਾਰਟ ਮਿੰਟਸ' (Flipkart Minutes) ਨੂੰ ਤੇਜ਼ੀ ਨਾਲ ਅੱਗੇ ਵਧਾਉਣ 'ਤੇ ਕੰਮ ਕਰ ਰਹੇ ਸਨ।
ਇਹ ਪਲੇਟਫਾਰਮ ਐਮਾਜ਼ੋਨ, ਐਟਰਨਲ ਦੇ ਬਲਿੰਕਿਟ (Blinkit), ਸਵਿੱਗੀ ਦੇ ਇੰਸਟਾਮਾਰਟ (Instamart) ਅਤੇ ਜ਼ੈਪਟੋ (Zepto) ਨੂੰ ਟੱਕਰ ਦਿੰਦਾ ਹੈ। ਉਨ੍ਹਾਂ ਦੀ ਅਗਵਾਈ ਹੇਠ ਫਲਿੱਪਕਾਰਟ ਦੀ 'ਦਿ ਬਿਗ ਬਿਲੀਅਨ ਡੇਜ਼' (The Big Billion Days) ਸੇਲ ਭਾਰਤ ਦੇ ਤਿਉਹਾਰੀ ਖਰੀਦਦਾਰੀ ਸੀਜ਼ਨ ਦਾ ਦੂਜਾ ਨਾਂ ਬਣ ਗਈ।
ਕਾਰਜਕਾਲ ਦੇ ਅੰਤ 'ਤੇ ਕੀ ਬੋਲੇ ਕ੍ਰਿਸ਼ਨਮੂਰਤੀ?
ਆਪਣੇ ਕਾਰਜਕਾਲ ਦੇ ਅੰਤ ਬਾਰੇ ਕਲਿਆਣ ਕ੍ਰਿਸ਼ਨਮੂਰਤੀ ਨੇ ਕਿਹਾ, 'ਫਲਿੱਪਕਾਰਟ ਦੇ ਇਸ ਸਫ਼ਰ ਦਾ ਹਿੱਸਾ ਬਣਨਾ ਮੇਰੇ ਲਈ ਸੁਭਾਗ ਦੀ ਗੱਲ ਰਹੀ ਹੈ। ਅਸੀਂ ਜਿਸ ਵੱਡੇ ਪੱਧਰ 'ਤੇ ਕਾਰੋਬਾਰ ਖੜ੍ਹਾ ਕੀਤਾ ਹੈ, ਮੈਨੂੰ ਉਸ 'ਤੇ ਮਾਣ ਹੈ, ਪਰ ਜਿਸ ਤਰੀਕੇ ਨਾਲ ਇਸ ਨੂੰ ਬਣਾਇਆ ਗਿਆ, ਉਸ 'ਤੇ ਵੀ ਉਨਾ ਹੀ ਮਾਣ ਹੈ। ਮਜ਼ਬੂਤ ਨੈਤਿਕਤਾ, ਇਮਾਨਦਾਰੀ ਅਤੇ ਗਵਰਨੈਂਸ ਦੇ ਉੱਚੇ ਮਾਪਦੰਡ ਫਲਿੱਪਕਾਰਟ ਦੇ ਵਿਕਾਸ ਦਾ ਕੇਂਦਰ ਰਹੇ ਹਨ।'
ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਕਰੋੜਾਂ ਭਾਰਤੀਆਂ ਦੇ ਖਰੀਦਦਾਰੀ ਕਰਨ ਦੇ ਤਰੀਕੇ ਨੂੰ ਬਦਲਿਆ ਹੈ। ਆਪਣੇ ਸਾਰੇ ਸਾਥੀਆਂ, ਵਿਕਰੇਤਾਵਾਂ ਅਤੇ ਭਾਈਵਾਲਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਫਲਿੱਪਕਾਰਟ ਦੀ ਨੀਂਹ ਮਜ਼ਬੂਤ ਹੈ ਅਤੇ ਇਸ ਦਾ ਭਵਿੱਖ ਬੇਹੱਦ ਸ਼ਾਨਦਾਰ ਹੈ।
ਉੱਥੇ ਹੀ ਵਾਲਮਾਰਟ ਇੰਟਰਨੈਸ਼ਨਲ ਦੇ ਪ੍ਰਧਾਨ ਅਤੇ ਸੀਈਓ ਕ੍ਰਿਸ ਨਿਕੋਲਸ ਨੇ ਕਿਹਾ, 'ਕਲਿਆਣ ਦੀ ਬਦੌਲਤ ਫਲਿੱਪਕਾਰਟ ਅਤੇ ਵਾਲਮਾਰਟ ਦੋਵੇਂ ਪਹਿਲਾਂ ਨਾਲੋਂ ਬਿਹਤਰ ਬਣੇ ਹਨ। ਅਸੀਂ ਉਨ੍ਹਾਂ ਦੀ ਅਗਵਾਈ, ਗਵਰਨੈਂਸ ਅਤੇ ਕੰਪਨੀ 'ਚ ਪਾਏ ਗਏ ਕਈ ਯੋਗਦਾਨਾਂ ਲਈ ਧੰਨਵਾਦੀ ਹਾਂ। ਅਸੀਂ ਉਨ੍ਹਾਂ ਦੇ ਅਗਲੇ ਸਫ਼ਰ ਲਈ ਸ਼ੁਭਕਾਮਨਾਵਾਂ ਦਿੰਦੇ ਹਾਂ।' ਉਨ੍ਹਾਂ ਸਪੱਸ਼ਟ ਕੀਤਾ ਕਿ ਵਾਲਮਾਰਟ ਭਾਰਤ 'ਚ ਆਪਣੇ ਲੰਬੇ ਸਮੇਂ ਦੇ ਮੌਕਿਆਂ ਅਤੇ ਫਲਿੱਪਕਾਰਟ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ।
ਵਿਵਾਦਾਂ ਤੇ ਸੰਕਟ ਦੇ ਦੌਰ 'ਚ ਹੋ ਰਹੀ ਵਿਦਾਈ
ਮੀਡੀਆ ਰਿਪੋਰਟਾਂ ਮੁਤਾਬਕ, ਕੰਪਨੀ 'ਚ ਇਹ ਬਦਲਾਅ ਅਜਿਹੇ ਸਮੇਂ ਹੋ ਰਿਹਾ ਹੈ, ਜਦੋਂ ਫਲਿੱਪਕਾਰਟ ਕਈ ਅੰਦਰੂਨੀ ਚੁਣੌਤੀਆਂ ਨਾਲ ਜੂਝ ਰਹੀ ਹੈ। ਕੰਪਨੀ ਦਾ ਆਈਪੀਓ (Flipkart IPO) ਲਗਾਤਾਰ ਟਲ ਰਿਹਾ ਹੈ ਅਤੇ ਵਾਲਮਾਰਟ ਨੇ ਅਜੇ ਤੱਕ ਇਸ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਹੈ। ਇਸ ਕਾਰਨ ਮੌਜੂਦਾ ਅਤੇ ਸਾਬਕਾ ਮੁਲਾਜ਼ਮਾਂ 'ਚ ਆਪਣੇ ESOPs (ਸ਼ੇਅਰ ਵਿਕਲਪਾਂ) ਨੂੰ ਭੁਨਾਉਣ ਨੂੰ ਲੈ ਕੇ ਕਾਫ਼ੀ ਨਾਰਾਜ਼ਗੀ ਹੈ। ਪਿਛਲੇ ਮਹੀਨੇ ਹੀ ਘੱਟੋ-ਘੱਟ 1,000 ਸਾਬਕਾ ਮੁਲਾਜ਼ਮਾਂ ਨੇ ਸਟਾਕ ਬਾਇਬੈਕ 'ਚ ਬਰਾਬਰੀ ਦੀ ਮੰਗ ਕਰਦਿਆਂ ਵਾਲਮਾਰਟ ਬੋਰਡ ਨੂੰ ਪੱਤਰ ਲਿਖਿਆ ਸੀ।
ਇਸ ਤੋਂ ਇਲਾਵਾ, ਕਥਿਤ ਰਿਸ਼ਵਤਖੋਰੀ (ਕਿੱਕਬੈਕ) ਨੂੰ ਲੈ ਕੇ ਵਾਲਮਾਰਟ ਦੀ ਜਾਂਚ ਅਤੇ ਪਿਛਲੇ ਇਕ ਸਾਲ ਦੌਰਾਨ ਘੱਟੋ-ਘੱਟ 14 ਵਾਈਸ ਪ੍ਰੈਜ਼ੀਡੈਂਟ (VP) ਅਤੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ (SVP) ਦੇ ਅਸਤੀਫ਼ਿਆਂ ਨੇ ਵੀ ਕੰਪਨੀ ਦੇ ਅੰਦਰ ਤਣਾਅਪੂਰਨ ਮਾਹੌਲ ਪੈਦਾ ਕੀਤਾ ਹੈ।