- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਲਾਹਕਾਰ ਕੰਪਨੀ ਰੈੱਡਸੀਅਰ ਸਟ੍ਰੈਟੇਜੀ ਕੰਸਲਟੈਂਟਸ ਦਾ ਅਨੁਮਾਨ ਹੈ ਕਿ ਗਾਹਕਾਂ ਨੇ ਐਮਾਜ਼ੋਨ, ਫਲਿੱਪਕਾਰਟ, ਮੀਸ਼ੋ, ਅਜੀਓ ਤੇ ਕਈ ਹੋਰ ਆਨਲਾਈਨ ਪਲੇਟਫਾਰਮਾਂ ’ਤੇ ਕੁੱਲ ਮਿਲਾ ਕੇ ਲਗਭਗ 8 ਤੋਂ 9 ਕਰੋੜ ਆਰਡਰ ਦਿੱਤੇ। ਇਹ ਵਾਧਾ ਆਮ ਕਾਰੋਬਾਰੀ ਦਿਨਾਂ (ਬੀਏਯੂ) ਦੀ ਰੋਜ਼ਾਨਾ ਔਸਤ ਨਾਲੋਂ ਲਗਭਗ ਛੇ ਗੁਣਾ ਵੱਧ ਰਿਹਾ।

ਨਵੀਂ ਦਿੱਲੀ (ਏਜੰਸੀ) : ਤਿਉਹਾਰੀ ਸੀਜ਼ਨ ਦੀ ਸੇਲ ਦੇ ਪਹਿਲੇ ਦੋ ਦਿਨਾਂ ’ਚ ਈ-ਕਾਮਰਸ ਕੰਪਨੀਆਂ ਨੇ ਲਗਭਗ 24,000 ਕਰੋੜ ਰੁਪਏ ਦਾ ਸਾਮਾਨ ਵੇਚਿਆ ਹੈ। ਆਰਡਰਾਂ ਦੀ ਗਿਣਤੀ ’ਚ ਜ਼ਬਰਦਸਤ ਵਾਧੇ ਦੇ ਦਮ ’ਤੇ ਇਹ ਵਿਕਰੀ ਦਰਜ ਕੀਤੀ ਗਈ। ਮੁੱਲ ਦੇ ਲਿਹਾਜ਼ ਨਾਲ ਮੋਬਾਈਲ ਫ਼ੋਨਾਂ ਦੀ ਹਿੱਸੇਦਾਰੀ ਸਭ ਤੋਂ ਵੱਧ ਰਹੀ।
ਸਲਾਹਕਾਰ ਕੰਪਨੀ ਰੈੱਡਸੀਅਰ ਸਟ੍ਰੈਟੇਜੀ ਕੰਸਲਟੈਂਟਸ ਦਾ ਅਨੁਮਾਨ ਹੈ ਕਿ ਗਾਹਕਾਂ ਨੇ ਐਮਾਜ਼ੋਨ, ਫਲਿੱਪਕਾਰਟ, ਮੀਸ਼ੋ, ਅਜੀਓ ਤੇ ਕਈ ਹੋਰ ਆਨਲਾਈਨ ਪਲੇਟਫਾਰਮਾਂ ’ਤੇ ਕੁੱਲ ਮਿਲਾ ਕੇ ਲਗਭਗ 8 ਤੋਂ 9 ਕਰੋੜ ਆਰਡਰ ਦਿੱਤੇ। ਇਹ ਵਾਧਾ ਆਮ ਕਾਰੋਬਾਰੀ ਦਿਨਾਂ (ਬੀਏਯੂ) ਦੀ ਰੋਜ਼ਾਨਾ ਔਸਤ ਨਾਲੋਂ ਲਗਭਗ ਛੇ ਗੁਣਾ ਵੱਧ ਰਿਹਾ।
ਐਮਾਜ਼ੋਨ ਤੇ ਫਲਿੱਪਕਾਰਟ ਵਰਗੀਆਂ ਕੰਪਨੀਆਂ ਵਿਕਰੀ ਲਈ ਆਪਣੀਆਂ ‘ਕੁਇੱਕ ਕਾਮਰਸ’ ਇਕਾਈਆਂ ਦੀ ਵਰਤੋਂ ਕਰ ਰਹੀਆਂ ਹਨ ਤੇ ਪਲੇਟਫਾਰਮਾਂ ’ਤੇ ਇਨ੍ਹਾਂ ਦੀ ਪ੍ਰਮੁੱਖਤਾ ਵਧਾ ਰਹੀਆਂ ਹਨ। ਇਨ੍ਹਾਂ ਇਕਾਈਆਂ ਨੇ ਆਮ ਦਿਨਾਂ ਦੀ ਰੋਜ਼ਾਨਾ ਔਸਤ ਨਾਲੋਂ ਚਾਰ ਤੋਂ ਪੰਜ ਗੁਣਾ ਵੱਧ ਕੁੱਲ ਵਪਾਰਕ ਮੁੱਲ (ਜੀਐੱਮਵੀ) ਦਰਜ ਕੀਤਾ।
ਅਨੁਮਾਨਾਂ ਅਨੁਸਾਰ, ਕੁੱਲ ਵਿਕਰੀ ’ਚ ਮੋਬਾਈਲ ਫ਼ੋਨਾਂ ਦੀ ਹਿੱਸੇਦਾਰੀ 38 ਤੋਂ 40 ਫ਼ੀਸਦ, ਯਾਨੀ ਲਗਭਗ 9,100 ਤੋਂ 9,600 ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ। ਕੁੱਲ ਵਿਕਰੀ ’ਚ ਖਪਤਕਾਰ ਇਲੈਕਟ੍ਰੋਨਿਕਸ ਦੀ ਹਿੱਸੇਦਾਰੀ ਲਗਭਗ 25 ਤੋਂ 27 ਫ਼ੀਸਦ (6,000 ਤੋਂ 6,500 ਕਰੋੜ ਰੁਪਏ) ਅਤੇ ਫੈਸ਼ਨ ਉਤਪਾਦਾਂ ਦੀ ਹਿੱਸੇਦਾਰੀ 15 ਤੋਂ 18 ਫ਼ੀਸਦ (ਲਗਭਗ 3,630 ਤੋਂ 4,350 ਕਰੋੜ ਰੁਪਏ) ਰਹਿਣ ਦਾ ਅਨੁਮਾਨ ਹੈ। ਰੈੱਡਸੀਅਰ ਅਨੁਸਾਰ, ਸ਼ੁਰੂਆਤੀ ਦਿਨਾਂ ’ਚ ਖ਼ਰੀਦਦਾਰੀ ਕਰਨ ਵਾਲਿਆਂ ’ਚ ਲਗਭਗ ਇੱਕ ਤਿਹਾਈ ਹਿੱਸੇਦਾਰੀ ‘ਜਨਰੇਸ਼ਨ ਜ਼ੈੱਡ’ (ਨੌਜਵਾਨ ਪੀੜ੍ਹੀ) ਦੀ ਰਹੀ।
ਟੀਅਰ-2 ਸ਼ਹਿਰਾਂ ਦੇ ਗਾਹਕਾਂ ਨੇ ਕਿਫ਼ਾਇਤੀ ਕੀਮਤਾਂ ’ਤੇ ਖ਼ਰੀਦੇ ਤਿਉਹਾਰੀ ਕੱਪੜੇ
ਰੈੱਡਸੀਅਰ ਸਟ੍ਰੈਟੇਜੀ ਕੰਸਲਟੈਂਟਸ ਦੇ ਐਸੋਸੀਏਟ ਪਾਰਟਨਰ ਨਿਖਿਲ ਦਲਾਲ ਨੇ ਦੱਸਿਆ ਕਿ ਸ਼ੁਰੂਆਤੀ ਦੋ ਦਿਨਾਂ ਦੇ ਅੰਕੜੇ ਦਰਸਾਉਂਦੇ ਹਨ ਕਿ ਭਾਰਤ ’ਚ ਤਿਉਹਾਰੀ ਈ-ਕਾਮਰਸ ਦਾ ਦਾਇਰਾ ਹੋਰ ਵਧ ਰਿਹਾ ਹੈ। ਇਸ ਵਾਧੇ ’ਚ ਆਰਡਰਾਂ ਦੀ ਗਿਣਤੀ ਦਾ ਮੁੱਖ ਯੋਗਦਾਨ ਹੈ। ਖਪਤਕਾਰ ਸਿਰਫ਼ ਮੋਬਾਈਲ ਫ਼ੋਨਾਂ ਤੱਕ ਸੀਮਤ ਨਹੀਂ ਹਨ, ਸਗੋਂ ਫੈਸ਼ਨ, ਇਲੈਕਟ੍ਰੋਨਿਕਸ ਅਤੇ ਘਰੇਲੂ ਉਪਕਰਨਾਂ ’ਤੇ ਵੀ ਖੁੱਲ੍ਹ ਕੇ ਖ਼ਰਚ ਕਰ ਰਹੇ ਹਨ। ਸਸਤੇ ਅਤੇ ਕਿਫ਼ਾਇਤੀ ਫੈਸ਼ਨ ਉਤਪਾਦਾਂ ਦੀ ਮੰਗ ਖ਼ਾਸ ਤੌਰ ’ਤੇ ਦੇਖਣ ਨੂੰ ਮਿਲੀ। ਟੀਅਰ-2 ਅਤੇ ਛੋਟੇ ਸ਼ਹਿਰਾਂ ਦੇ ਗਾਹਕਾਂ ਨੇ ਕਿਫ਼ਾਇਤੀ ਕੀਮਤਾਂ ’ਤੇ ਤਿਉਹਾਰੀ ਕੱਪੜੇ ਖ਼ਰੀਦੇ। ਪਹਿਲੇ ਦੋ ਦਿਨਾਂ ’ਚ ਕੁੱਲ ਵਪਾਰਕ ਮੁੱਲ (ਜੀਐੱਮਵੀ) 2.5 ਅਰਬ ਡਾਲਰ (ਲਗਭਗ 24,200 ਕਰੋੜ ਰੁਪਏ) ਤੋਂ ਵੱਧ ਰਿਹਾ ਅਤੇ ਹੁਣ ਤੱਕ ਲਗਭਗ 6 ਤੋਂ 6.5 ਕਰੋੜ ਖ਼ਰੀਦਦਾਰ ਇਸ ਸੇਲ ’ਚ ਹਿੱਸਾ ਲੈ ਚੁੱਕੇ ਹਨ।