1 ਅਪ੍ਰੈਲ 2026 ਤੋਂ ਟੋਲ ਪਲਾਜ਼ਾ 'ਤੇ ਤੁਸੀਂ FASTag ਅਤੇ UPI ਵਰਗੇ ਡਿਜੀਟਲ ਮਾਧਿਅਮਾਂ ਰਾਹੀਂ ਭੁਗਤਾਨ ਕਰ ਸਕੋਗੇ। ਰਿਪੋਰਟਾਂ ਅਨੁਸਾਰ ਇਹ ਸੁਧਾਰ ਟੋਲ ਉਗਰਾਹੀ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਅਤੇ ਪਾਰਦਰਸ਼ਤਾ ਲਿਆਉਣ ਲਈ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ: ਜੇਕਰ ਤੁਸੀਂ ਸਮੇਂ-ਸਮੇਂ 'ਤੇ ਨੈਸ਼ਨਲ ਹਾਈਵੇਅ (ਰਾਸ਼ਟਰੀ ਰਾਜਮਾਰਗ) ਰਾਹੀਂ ਯਾਤਰਾ ਕਰਦੇ ਰਹਿੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਕੰਮ ਦੀ ਹੋ ਸਕਦੀ ਹੈ। ਰਾਸ਼ਟਰੀ ਹਾਈਵੇਅ 'ਤੇ ਟੋਲ ਦੇਣਾ ਪੈਂਦਾ ਹੈ ਅਤੇ 1 ਅਪ੍ਰੈਲ ਤੋਂ ਇਸ ਟੋਲ ਦੇਣ ਦੀ ਪ੍ਰਕਿਰਿਆ ਥੋੜ੍ਹੀ ਬਦਲ ਜਾਵੇਗੀ। ਟੋਲ ਸਿਸਟਮ ਉਹੀ ਰਹੇਗਾ, ਪਰ ਹੁਣ ਤੁਸੀਂ ਸਿੱਕੇ ਜਾਂ ਨੋਟ (No Cash Payment at Toll Plaza) ਦੇ ਕੇ ਟੋਲ ਨਹੀਂ ਕਟਵਾ ਸਕਦੇ ਕਿਉਂਕਿ ਟੋਲ ਪਲਾਜ਼ਿਆਂ 'ਤੇ ਕੈਸ਼ (ਨਗਦ) ਸਿਸਟਮ ਬੰਦ ਹੋਣ ਜਾ ਰਿਹਾ ਹੈ। ਇਸ ਦੇ ਨਾਲ ਹੀ FASTag ਦਾ ਸਾਲਾਨਾ ਪਾਸ ਵੀ ਮਹਿੰਗਾ ਹੋ ਜਾਵੇਗਾ।
ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (NHAI) ਸੜਕੀ ਯਾਤਰਾ ਨੂੰ ਤੇਜ਼, ਆਸਾਨ ਅਤੇ ਵਧੇਰੇ ਕੁਸ਼ਲ ਬਣਾਉਣ ਲਈ ਇਕ ਵੱਡਾ ਸੁਧਾਰ ਲਾਗੂ ਕਰ ਰਹੀ ਹੈ। ਇਹ ਸੁਧਾਰ 1 ਅਪ੍ਰੈਲ 2026 ਤੋਂ ਲਾਗੂ ਹੋ ਸਕਦਾ ਹੈ।
ਰਿਪੋਰਟਾਂ ਅਨੁਸਾਰ, 1 ਅਪ੍ਰੈਲ 2026 ਤੋਂ ਸਾਰੇ ਨੈਸ਼ਨਲ ਹਾਈਵੇਅ ਟੋਲ ਪਲਾਜ਼ਿਆਂ 'ਤੇ ਨਗਦ ਭੁਗਤਾਨ ਪੂਰੀ ਤਰ੍ਹਾਂ ਬੰਦ ਕੀਤਾ ਜਾ ਸਕਦਾ ਹੈ। ਹੁਣ ਸ਼ਾਇਦ ਤੁਹਾਨੂੰ ਟੋਲ ਪਲਾਜ਼ਾ 'ਤੇ ਸਿਰਫ਼ ਡਿਜੀਟਲ ਪੇਮੈਂਟ ਕਰਨ ਦਾ ਹੀ ਵਿਕਲਪ ਮਿਲੇ। ਇਸ ਨਵੀਂ ਤਜਵੀਜ਼ ਤਹਿਤ ਟੋਲ ਬੂਥਾਂ 'ਤੇ ਨਗਦ ਲੈਣ-ਦੇਣ ਬੀਤੇ ਜ਼ਮਾਨੇ ਦੀ ਗੱਲ ਹੋ ਜਾਵੇਗੀ। ਜਿਨ੍ਹਾਂ ਯਾਤਰੀਆਂ ਕੋਲ ਡਿਜੀਟਲ ਭੁਗਤਾਨ ਦੇ ਵਿਕਲਪ ਉਪਲਬਧ ਨਹੀਂ ਹਨ, ਉਨ੍ਹਾਂ ਨੂੰ ਆਪਣੀ ਯਾਤਰਾ ਦੌਰਾਨ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
1 ਅਪ੍ਰੈਲ 2026 ਤੋਂ ਟੋਲ ਪਲਾਜ਼ਾ 'ਤੇ ਤੁਸੀਂ FASTag ਅਤੇ UPI ਵਰਗੇ ਡਿਜੀਟਲ ਮਾਧਿਅਮਾਂ ਰਾਹੀਂ ਭੁਗਤਾਨ ਕਰ ਸਕੋਗੇ। ਰਿਪੋਰਟਾਂ ਅਨੁਸਾਰ ਇਹ ਸੁਧਾਰ ਟੋਲ ਉਗਰਾਹੀ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਅਤੇ ਪਾਰਦਰਸ਼ਤਾ ਲਿਆਉਣ ਲਈ ਕੀਤਾ ਜਾ ਰਿਹਾ ਹੈ।
ਸਰਕਾਰ ਵੱਲੋਂ ਭਾਵੇਂ ਫਾਸਟੈਗ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ ਪਰ ਅਜੇ ਵੀ ਬਹੁਤ ਸਾਰੇ ਲੋਕ ਕੈਸ਼ ਦੀ ਵਰਤੋਂ ਕਰਦੇ ਹਨ। ਕੈਸ਼ ਦੀ ਵਰਤੋਂ ਕਾਰਨ ਕਈ ਵਾਰ ਟੋਲ ਪਲਾਜ਼ਿਆਂ 'ਤੇ ਟ੍ਰੈਫਿਕ ਜ਼ਿਆਦਾ ਹੋ ਜਾਂਦਾ ਹੈ। ਇਸ ਸਮੱਸਿਆ ਨੂੰ ਦੂਰ ਕਰਨ ਲਈ NHAI ਟੋਲ ਪਲਾਜ਼ਿਆਂ ਤੋਂ ਕੈਸ਼ ਕਾਊਂਟਰਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਸਕਦੀ ਹੈ। ਇਸ ਨਾਲ ਜਾਮ ਤੋਂ ਮੁਕਤੀ ਮਿਲੇਗੀ, ਸਮਾਂ ਬਚੇਗਾ ਅਤੇ ਬਾਲਣ ਦੀ ਬਚਤ ਦੇ ਨਾਲ-ਨਾਲ ਪ੍ਰਦੂਸ਼ਣ ਘਟਾਉਣ 'ਚ ਵੀ ਮਦਦ ਮਿਲੇਗੀ।
ਹਾਈਵੇਅ ਦੀ ਅਕਸਰ ਵਰਤੋਂ ਕਰਨ ਵਾਲਿਆਂ ਨੂੰ ਅਪ੍ਰੈਲ ਤੋਂ ਬਿਨਾਂ ਕਿਸੇ ਰੁਕਾਵਟ ਦੇ ਟੋਲ ਯਾਤਰਾ ਲਈ ਥੋੜ੍ਹਾ ਜ਼ਿਆਦਾ ਭੁਗਤਾਨ ਕਰਨਾ ਪਵੇਗਾ ਕਿਉਂਕਿ ਨਵੇਂ ਵਿੱਤੀ ਸਾਲ ਲਈ FASTag ਸਾਲਾਨਾ ਪਾਸ ਦੀ ਫੀਸ ਵਧਣ ਵਾਲੀ ਹੈ। ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (NHAI) ਨੇ ਫਾਸਟੈਗ ਸਾਲਾਨਾ ਪਾਸ ਦੀ ਕੀਮਤ (FASTag Yearly Pass) ₹3,000 ਤੋਂ ਵਧਾ ਕੇ ₹3,075 ਕਰ ਦਿੱਤੀ ਹੈ। ਇਹ ਬਦਲਾਅ ਵਿੱਤੀ ਸਾਲ 2027 ਲਈ 1 ਅਪ੍ਰੈਲ, 2026 ਤੋਂ ਪ੍ਰਭਾਵਸ਼ਾਲੀ ਹੋਵੇਗਾ।
ਪਿਛਲੇ ਸਾਲ 3,000 ਰੁਪਏ 'ਚ ਲਾਂਚ ਕੀਤਾ ਗਿਆ ਇਹ ਸਾਲਾਨਾ ਪਾਸ ਇਕ ਪ੍ਰੀਪੇਡ ਟੋਲ ਪਲਾਨ ਹੈ, ਜੋ 200 ਟੋਲ ਕਰਾਸਿੰਗ ਜਾਂ ਪੂਰੇ ਇਕ ਸਾਲ ਦੀ ਯਾਤਰਾ (ਜੋ ਵੀ ਪਹਿਲਾਂ ਹੋਵੇ) ਦੀ ਸਹੂਲਤ ਦਿੰਦਾ ਹੈ। ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ (MoRTH) ਨੇ ਸਪੱਸ਼ਟ ਕੀਤਾ ਹੈ ਕਿ ਫੀਸਾਂ 'ਚ ਇਹ ਬਦਲਾਅ 'ਰਾਸ਼ਟਰੀ ਰਾਜਮਾਰਗ ਫੀਸ ਨਿਯਮ, 2008' ਦੇ ਉਪਬੰਧਾਂ ਅਨੁਸਾਰ ਕੀਤਾ ਗਿਆ ਹੈ।