Family Pension Rules : ਮੁਲਾਜ਼ਮ ਦੀ ਮੌਤ ਤੋਂ ਬਾਅਦ ਕਿਸ ਨੂੰ ਮਿਲੇਗੀ ਫੈਮਿਲੀ ਪੈਨਸ਼ਨ? ਪਤਨੀ-ਬੱਚੇ ਜਾਂ ਮਾਪਿਆਂ 'ਚੋਂ ਕਿਸ ਦਾ ਹੋਵੇਗਾ ਪਹਿਲਾ ਹੱਕ?
ਕੇਂਦਰ ਸਰਕਾਰ ਦੇ ਪੈਨਸ਼ਨ ਤੇ ਪੈਨਸ਼ਨਰਜ਼ ਭਲਾਈ ਵਿਭਾਗ (DoPPW) ਨੇ 29 ਅਕਤੂਬਰ 2026 ਨੂੰ ਜਾਰੀ ਦਫ਼ਤਰੀ ਮੈਮੋਰੰਡਮ 'ਚ ਫੈਮਿਲੀ ਪੈਨਸ਼ਨ ਲੈਣ ਵਾਲੇ ਪਰਿਵਾਰਕ ਮੈਂਬਰਾਂ ਦੀ ਤਰਜੀਹ ਦਾ ਕ੍ਰਮ ਦੱਸਿਆ ਹੈ। ਇਹ ਵਿਵਸਥਾਵਾਂ ਕੇਂਦਰੀ ਸਿਵਲ ਸੇਵਾ ਨਿਯਮ, 2021 ਦੇ ਨਿਯਮ 50 ਤਹਿਤ ਆਉਂਦੀਆਂ ਹਨ।
Publish Date: Wed, 18 Nov 2026 10:17 AM (IST)
Updated Date: Wed, 18 Nov 2026 10:22 AM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਸਰਕਾਰੀ ਮੁਲਾਜ਼ਮ ਜਾਂ ਪੈਨਸ਼ਨਰ ਦੀ ਮੌਤ ਤੋਂ ਬਾਅਦ ਮਿਲਣ ਵਾਲੀ ਫੈਮਿਲੀ ਪੈਨਸ਼ਨ ਨੂੰ ਲੈ ਕੇ ਸਰਕਾਰ ਨੇ ਨਿਯਮਾਂ ਦੀ ਸਥਿਤੀ ਸਪੱਸ਼ਟ ਕਰ ਦਿੱਤੀ ਹੈ। ਅਕਸਰ ਪਰਿਵਾਰਾਂ 'ਚ ਇਹ ਸਵਾਲ ਉੱਠਦਾ ਹੈ ਕਿ ਮੁਲਾਜ਼ਮ ਦੀ ਮੌਤ ਤੋਂ ਬਾਅਦ ਪੈਨਸ਼ਨ ਸਭ ਤੋਂ ਪਹਿਲਾਂ ਪਤਨੀ ਨੂੰ ਮਿਲੇਗੀ, ਬੱਚਿਆਂ ਨੂੰ ਜਾਂ ਫਿਰ ਬਜ਼ੁਰਗ ਮਾਤਾ-ਪਿਤਾ ਨੂੰ? ਇੰਨਾ ਹੀ ਨਹੀਂ, ਦੂਜੇ ਵਿਆਹ ਤੋਂ ਹੋਏ ਬੱਚਿਆਂ, ਗੋਦ ਲਏ ਬੱਚਿਆਂ ਅਤੇ ਤਲਾਕਸ਼ੁਦਾ ਧੀਆਂ ਨੂੰ ਵੀ ਫੈਮਿਲੀ ਪੈਨਸ਼ਨ ਦਾ ਲਾਭ ਮਿਲ ਸਕਦਾ ਹੈ ਜਾਂ ਨਹੀਂ, ਇਸ ਬਾਰੇ ਵੀ ਨਿਯਮ ਸਪੱਸ਼ਟ ਕੀਤੇ ਗਏ ਹਨ।
ਕੇਂਦਰ ਸਰਕਾਰ ਦੇ ਪੈਨਸ਼ਨ ਤੇ ਪੈਨਸ਼ਨਰਜ਼ ਭਲਾਈ ਵਿਭਾਗ (DoPPW) ਨੇ 29 ਅਕਤੂਬਰ 2026 ਨੂੰ ਜਾਰੀ ਦਫ਼ਤਰੀ ਮੈਮੋਰੰਡਮ 'ਚ ਫੈਮਿਲੀ ਪੈਨਸ਼ਨ ਲੈਣ ਵਾਲੇ ਪਰਿਵਾਰਕ ਮੈਂਬਰਾਂ ਦੀ ਤਰਜੀਹ ਦਾ ਕ੍ਰਮ ਦੱਸਿਆ ਹੈ। ਇਹ ਵਿਵਸਥਾਵਾਂ ਕੇਂਦਰੀ ਸਿਵਲ ਸੇਵਾ ਨਿਯਮ, 2021 ਦੇ ਨਿਯਮ 50 ਤਹਿਤ ਆਉਂਦੀਆਂ ਹਨ।
ਸਭ ਤੋਂ ਪਹਿਲਾਂ ਕਾਨੂੰਨੀ ਪਤਨੀ ਦਾ ਹੱਕ
ਨਿਯਮਾਂ ਮੁਤਾਬਕ, ਸਰਕਾਰੀ ਕਰਮਚਾਰੀ ਜਾਂ ਪੈਨਸ਼ਨਰ ਦੀ ਮੌਤ ਹੋਣ 'ਤੇ ਸਭ ਤੋਂ ਪਹਿਲਾਂ ਕਾਨੂੰਨੀ ਤੌਰ 'ਤੇ ਵਿਆਹੇ ਹੋਏ ਪਤੀ ਜਾਂ ਪਤਨੀ ਨੂੰ ਫੈਮਿਲੀ ਪੈਨਸ਼ਨ ਮਿਲੇਗੀ। ਸੇਵਾਮੁਕਤੀ ਤੋਂ ਬਾਅਦ ਹੋਏ ਵਿਆਹ ਤੋਂ ਪਤੀ ਜਾਂ ਪਤਨੀ ਵੀ ਨਿਰਧਾਰਤ ਸ਼ਰਤਾਂ ਪੂਰੀਆਂ ਕਰਨ 'ਤੇ ਇਸ ਦੇ ਹੱਕਦਾਰ ਹੋ ਸਕਦੇ ਹਨ।
ਗੋਦ ਲਏ ਅਤੇ ਮਤਰੇਏ ਬੱਚਿਆਂ ਨੂੰ ਵੀ ਮਿਲੇਗੀ ਪੈਨਸ਼ਨ
ਪਤੀ ਜਾਂ ਪਤਨੀ ਦੀ ਮੌਤ ਹੋਣ ਜਾਂ ਉਨ੍ਹਾਂ ਦੀ ਪੈਨਸ਼ਨ ਲੈਣ ਦੀ ਯੋਗਤਾ ਖ਼ਤਮ ਹੋਣ ਤੋਂ ਬਾਅਦ ਬੱਚਿਆਂ ਨੂੰ ਫੈਮਿਲੀ ਪੈਨਸ਼ਨ ਮਿਲ ਸਕਦੀ ਹੈ। ਇਸ 'ਚ ਗੋਦ ਲਏ ਅਤੇ ਮਤਰੇਏ ਬੱਚੇ ਵੀ ਸ਼ਾਮਲ ਹਨ। ਕਰਮਚਾਰੀ ਜਾਂ ਪੈਨਸ਼ਨਰ ਦੀ ਮੌਤ ਜਾਂ ਸੇਵਾਮੁਕਤੀ ਤੋਂ ਬਾਅਦ ਪੈਦਾ ਹੋਏ ਬੱਚੇ ਵੀ ਨਿਰਧਾਰਤ ਸ਼ਰਤਾਂ ਪੂਰੀਆਂ ਕਰਨ 'ਤੇ ਇਸ ਦੇ ਹੱਕਦਾਰ ਹੋ ਸਕਦੇ ਹਨ।
ਬੱਚਿਆਂ ਨੂੰ ਉਨ੍ਹਾਂ ਦੀ ਸਥਿਤੀ ਦੇ ਆਧਾਰ 'ਤੇ ਤਿੰਨ ਸ਼੍ਰੇਣੀਆਂ 'ਚ ਵੰਡਿਆ ਗਿਆ ਹੈ
- ਪਹਿਲੀ ਸ਼੍ਰੇਣੀ : ਇਨ੍ਹਾਂ ਨੂੰ ਜਨਮ ਦੇ ਕ੍ਰਮ ਅਨੁਸਾਰ ਪੈਨਸ਼ਨ ਮਿਲਦੀ ਹੈ। 25 ਸਾਲ ਦੀ ਉਮਰ ਪੂਰੀ ਹੋਣ, ਵਿਆਹ ਹੋਣ ਜਾਂ ਕਮਾਈ ਸ਼ੁਰੂ ਕਰਨ 'ਤੇ ਪੈਨਸ਼ਨ ਲੈਣ ਦੀ ਯੋਗਤਾ ਖ਼ਤਮ ਹੋ ਜਾਂਦੀ ਹੈ। ਇਨ੍ਹਾਂ 'ਚੋਂ ਜਿਹੜੀ ਸ਼ਰਤ ਪਹਿਲਾਂ ਪੂਰੀ ਹੋਵੇਗੀ, ਉਸੇ ਸਮੇਂ ਪੈਨਸ਼ਨ ਬੰਦ ਹੋ ਜਾਵੇਗੀ।
- ਦੂਜੀ ਸ਼੍ਰੇਣੀ : ਜੇਕਰ 25 ਸਾਲ ਤੱਕ ਦੀ ਉਮਰ ਵਾਲੇ ਯੋਗ ਬੱਚੇ ਨਹੀਂ ਹਨ ਜਾਂ ਉਨ੍ਹਾਂ ਦੀ ਯੋਗਤਾ ਖ਼ਤਮ ਹੋ ਗਈ ਹੈ ਤਾਂ ਸਰੀਰਕ ਜਾਂ ਮਾਨਸਿਕ ਤੌਰ 'ਤੇ ਦਿਵਿਆਂਗ ਬੱਚੇ ਪੈਨਸ਼ਨ ਦੇ ਹੱਕਦਾਰ ਹੋ ਸਕਦੇ ਹਨ। ਇਨ੍ਹਾਂ ਨੂੰ ਉਦੋਂ ਤੱਕ ਪੈਨਸ਼ਨ ਮਿਲ ਸਕਦੀ ਹੈ, ਜਦੋਂ ਤੱਕ ਉਹ ਆਪਣੀ ਰੋਜ਼ੀ-ਰੋਟੀ ਕਮਾਉਣ ਦੇ ਸਮਰੱਥ ਨਹੀਂ ਹੋ ਜਾਂਦੇ। ਵਿਆਹ ਹੋਣ ਨਾਲ ਇਨ੍ਹਾਂ ਦੀ ਯੋਗਤਾ ਖ਼ਤਮ ਨਹੀਂ ਹੁੰਦੀ।
- ਤੀਜੀ ਸ਼੍ਰੇਣੀ : ਪਹਿਲੀਆਂ ਦੋ ਸ਼੍ਰੇਣੀਆਂ 'ਚ ਯੋਗ ਬੱਚੇ ਨਾ ਹੋਣ 'ਤੇ ਅਜਿਹੀਆਂ ਧੀਆਂ ਨੂੰ ਪੈਨਸ਼ਨ ਮਿਲ ਸਕਦੀ ਹੈ। ਸ਼ਰਤ ਇਹ ਹੈ ਕਿ ਉਹ ਮਾਤਾ-ਪਿਤਾ ਦੇ ਜੀਵਨਕਾਲ ਦੌਰਾਨ ਉਨ੍ਹਾਂ 'ਤੇ ਨਿਰਭਰ ਰਹੀਆਂ ਹੋਣ ਅਤੇ ਪੈਨਸ਼ਨ ਮਿਲਣ ਸਮੇਂ ਖ਼ੁਦ ਕਮਾਈ ਨਾ ਕਰ ਰਹੀਆਂ ਹੋਣ। ਵਿਆਹ, ਦੁਬਾਰਾ ਵਿਆਹ ਜਾਂ ਕਮਾਈ ਸ਼ੁਰੂ ਕਰਨ 'ਤੇ ਉਨ੍ਹਾਂ ਦੀ ਯੋਗਤਾ ਖ਼ਤਮ ਹੋ ਜਾਵੇਗੀ।
ਪਤੀ-ਪਤਨੀ ਵਿਚਾਲੇ ਵਿਵਾਦ ਹੋਵੇ ਤਾਂ ਬੱਚਿਆਂ ਨੂੰ ਤਰਜੀਹ
ਜੇਕਰ ਕਿਸੇ ਮਹਿਲਾ ਸਰਕਾਰੀ ਕਰਮਚਾਰੀ ਜਾਂ ਪੈਨਸ਼ਨਰ ਦੇ ਵਿਆਹੁਤਾ ਜੀਵਨ 'ਚ ਵਿਵਾਦ ਚੱਲ ਰਿਹਾ ਹੈ ਤਾਂ ਨਿਰਧਾਰਤ ਸ਼ਰਤਾਂ ਤਹਿਤ ਉਹ ਆਪਣੇ ਬੱਚਿਆਂ ਨੂੰ ਫੈਮਿਲੀ ਪੈਨਸ਼ਨ ਲਈ ਨਾਮਜ਼ਦ ਕਰ ਸਕਦੀ ਹੈ। ਉੱਥੇ ਹੀ ਨਿਆਂਇਕ ਤੌਰ 'ਤੇ ਵੱਖ ਹੋਣ (Judicial Separation) ਦੀ ਸਥਿਤੀ 'ਚ ਯੋਗ ਬੱਚਿਆਂ ਨੂੰ ਵੱਖ ਰਹਿ ਰਹੇ ਪਤੀ ਜਾਂ ਪਤਨੀ ਤੋਂ ਪਹਿਲਾਂ ਪੈਨਸ਼ਨ ਮਿਲ ਸਕਦੀ ਹੈ। ਬੱਚਿਆਂ ਦੀ ਯੋਗਤਾ ਖ਼ਤਮ ਹੋਣ ਤੋਂ ਬਾਅਦ ਹੀ ਵੱਖ ਰਹਿ ਰਹੇ ਪਤੀ ਜਾਂ ਪਤਨੀ ਨੂੰ ਪੈਨਸ਼ਨ ਦਿੱਤੀ ਜਾ ਸਕਦੀ ਹੈ।
ਦੂਜੀ ਪਤਨੀ ਦੇ ਬੱਚਿਆਂ ਅਤੇ ਮੌਜੂਦਾ ਪਤਨੀ ਨੂੰ ਵੀ ਮਿਲ ਸਕਦਾ ਹੈ ਲਾਭ
ਕੁਝ ਵਿਸ਼ੇਸ਼ ਹਾਲਾਤ 'ਚ ਮੌਜੂਦਾ ਜੀਵਤ ਪਤਨੀ ਅਤੇ ਦੂਜੀ ਮ੍ਰਿਤਕ ਪਤਨੀ, ਤਲਾਕਸ਼ੁਦਾ ਪਤਨੀ ਜਾਂ ਅਵੈਧ ਜਾਂ ਰੱਦ ਕੀਤੇ ਜਾ ਸਕਣ ਵਾਲੇ ਵਿਆਹ ਤੋਂ ਪੈਦਾ ਹੋਏ ਯੋਗ ਬੱਚਿਆਂ ਨੂੰ ਵੀ ਫੈਮਿਲੀ ਪੈਨਸ਼ਨ ਮਿਲ ਸਕਦੀ ਹੈ। ਇਸ ਦੇ ਲਈ ਨਿਯਮ 50(8)(e) ਤੋਂ (g) 'ਚ ਨਿਰਧਾਰਤ ਸ਼ਰਤਾਂ ਪੂਰੀਆਂ ਕਰਨੀਆਂ ਹੋਣਗੀਆਂ।