- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਰਮ ਇੰਸ਼ੋਰੈਂਸ ਦੇਣ ਵਾਲੀ ਕੰਪਨੀ ਤੁਹਾਡੀਆਂ ਮੌਜੂਦਾ ਤੇ ਪੁਰਾਣੀਆਂ ਬੀਮਾ ਪਾਲਿਸੀਆਂ ਨੂੰ ਧਿਆਨ ’ਚ ਰੱਖ ਕੇ ਖਤਰੇ ਦਾ ਮੁਲਾਂਕਣ ਕਰਦੀ ਹੈ। ਜੇ ਤੁਸੀਂ ਇਸ ਬਾਰੇ ਜਾਣਕਾਰੀ ਨਹੀਂ ਦਿੰਦੇ, ਤਾਂ ਖਤਰੇ ਦਾ ਮੁਲਾਂਕਣ ਗ਼ਲਤ ਹੋ ਸਕਦਾ ਹੈ। ਬਾਅਦ ’ਚ ਇਸ ਨੂੰ ਧੋਖਾਧੜੀ ਜਾਂ ਤੱਥ ਲੁਕਾਉਣ ਵਜੋਂ ਦੇਖਿਆ ਜਾ ਸਕਦਾ ਹੈ।

ਅੱਜ ਵੱਡੀ ਗਿਣਤੀ ’ਚ ਲੋਕ ਟਰਮ ਇੰਸ਼ੋਰੈਂਸ ਲੈ ਰਹੇ ਹਨ, ਤਾਂ ਜੋ ਅਚਨਚੇਤ ਮੌਤ ਹੋਣ ਦੀ ਸੂਰਤ ’ਚ ਉਨ੍ਹਾਂ ਦਾ ਪਰਿਵਾਰ ਆਰਥਿਕ ਤੌਰ ’ਤੇ ਸੁਰੱਖਿਅਤ ਰਹੇ। ਕਈ ਵਾਰ ਪਾਲਿਸੀ ਲੈਂਦੇ ਸਮੇਂ ਲੋਕ ਛੋਟੀਆਂ-ਛੋਟੀਆਂ ਗ਼ਲਤੀਆਂ ਕਰ ਜਾਂਦੇ ਹਨ। ਇਸ ਕਾਰਨ ਪਾਲਿਸੀਧਾਰਕ ਦੀ ਮੌਤ ਹੋਣ ’ਤੇ ਕਲੇਮ ਰੱਦ ਹੋ ਸਕਦਾ ਹੈ ਅਤੇ ਪਰਿਵਾਰ ਨੂੰ ਕੋਈ ਲਾਭ ਨਹੀਂ ਮਿਲਦਾ। ਟਰਮ ਇੰਸ਼ੋਰੈਂਸ ਤੇ ਇਸ ਨਾਲ ਜੁੜੇ ਕਲੇਮ ਰੱਦ ਹੋਣ ਦੇ ਕਾਰਨਾਂ ਬਾਰੇ ਦੱਸ ਰਹੇ ਹਨ ਮਨੋਜ ਕੁਮਾਰ।
ਕੀ ਹੁੰਦਾ ਹੈ ਟਰਮ ਇੰਸ਼ੋਰੈਂਸ
ਟਰਮ ਇੰਸ਼ੋਰੈਂਸ ਬੀਮਾ ਕੰਪਨੀ ਅਤੇ ਪਾਲਿਸੀਧਾਰਕ ਵਿਚਕਾਰ ਇਕ ਨਿਰਧਾਰਤ ਸਮੇਂ ਲਈ ਕੀਤਾ ਗਿਆ ਸਮਝੌਤਾ ਹੁੰਦਾ ਹੈ। ਇਹ ਸਮਾਂ ਆਮ ਤੌਰ ’ਤੇ 10 ਤੋਂ 40 ਸਾਲ ਤੱਕ ਹੁੰਦਾ ਹੈ, ਇਸੇ ਲਈ ਇਸ ਨੂੰ ਟਰਮ ਇੰਸ਼ੋਰੈਂਸ ਕਿਹਾ ਜਾਂਦਾ ਹੈ। ਇਸ ਮਿਆਦ ਦੌਰਾਨ ਪਾਲਿਸੀਧਾਰਕ ਦੀ ਮੌਤ ਹੋਣ ’ਤੇ ਬੀਮਾ ਕੰਪਨੀ ਉਸ ਦੇ ਲਾਭਪਾਤਰੀਆਂ ਨੂੰ ਮੌਤ ਕਲੇਮ ਅਦਾ ਕਰਦੀ ਹੈ। ਜੇ ਇਸ ਮਿਆਦ ਦੌਰਾਨ ਪਾਲਿਸੀਧਾਰਕ ਦੀ ਮੌਤ ਨਹੀਂ ਹੁੰਦੀ, ਤਾਂ ਆਮ ਤੌਰ ’ਤੇ ਉਸ ਨੂੰ ਜਾਂ ਉਸ ਦੇ ਲਾਭਪਾਤਰੀਆਂ ਨੂੰ ਕੋਈ ਲਾਭ ਨਹੀਂ ਮਿਲਦਾ। ਹਾਲਾਂਕਿ, ਅੱਜਕੱਲ੍ਹ ਕਈ ਕੰਪਨੀਆਂ ਪਾਲਿਸੀਧਾਰਕ ਦੇ ਜਿਊਂਦੇ ਰਹਿਣ ’ਤੇ ਵੀ ਲਾਭ ਦੇ ਰਹੀਆਂ ਹਨ।
ਇਨ੍ਹਾਂ ਕਾਰਨਾਂ ਕਰ ਕੇ ਰੱਦ ਹੋ ਸਕਦਾ ਹੈ ਕਲੇਮ
ਮਹੱਤਵਪੂਰਣ ਨਿੱਜੀ ਜਾਣਕਾਰੀ ਨਾ ਦੇਣਾ :
ਟਰਮ ਇੰਸ਼ੋਰੈਂਸ ਲੈਂਦੇ ਸਮੇਂ ਬੀਮਾ ਕੰਪਨੀ ਨੂੰ ਆਪਣੀ ਸਾਰੀ ਅਹਿਮ ਨਿੱਜੀ ਜਾਣਕਾਰੀ ਦਿਓ। ਉਮਰ, ਸਿਹਤ ਜਾਂ ਪੇਸ਼ੇ ਬਾਰੇ ਗ਼ਲਤ ਜਾਣਕਾਰੀ ਦੇਣ ’ਤੇ ਕੰਪਨੀ ਕਲੇਮ ਰੱਦ ਕਰ ਸਕਦੀ ਹੈ। ਜਾਣਕਾਰੀ ਦੇਣ ’ਚ ਹੋਈ ਛੋਟੀ ਜਿਹੀ ਗ਼ਲਤੀ ਵੀ ਕਲੇਮ ਦੇ ਨਿਪਟਾਰੇ ਵੇਲੇ ਵੱਡੀ ਮੁਸ਼ਕਲ ਖੜ੍ਹੀ ਕਰ ਸਕਦੀ ਹੈ।
ਅਰਜ਼ੀ ’ਚ ਗ਼ਲਤ ਜਾਂ ਅਧੂਰੀ ਜਾਣਕਾਰੀ ਦੇਣਾ :
ਟਰਮ ਇੰਸ਼ੋਰੈਂਸ ਲਈ ਅਰਜ਼ੀ ਭਰਦੇ ਸਮੇਂ ਫਾਰਮ ਨੂੰ ਧਿਆਨ ਨਾਲ ਪੜ੍ਹੋ ਅਤੇ ਸਹੀ ਤੇ ਪੂਰੀ ਜਾਣਕਾਰੀ ਦਿਓ। ਅਰਜ਼ੀ ’ਚ ਗ਼ਲਤੀ ਜਾਂ ਅਧੂਰੀ ਜਾਣਕਾਰੀ ਹੋਣ ਨਾਲ ਕਲੇਮ ਰੱਦ ਹੋ ਸਕਦਾ ਹੈ। ਨਾਂ ਦੀ ਸਪੈਲਿੰਗ, ਅਧੂਰਾ ਪਤਾ ਜਾਂ ਨਾਂ ਵਰਗੀਆਂ ਛੋਟੀਆਂ ਗ਼ਲਤੀਆਂ ਵੀ ਕਲੇਮ ਦੇ ਨਿਪਟਾਰੇ ’ਚ ਬੇਲੋੜੀ ਦੇਰੀ ਕਰ ਸਕਦੀਆਂ ਹਨ ਜਾਂ ਕਲੇਮ ਰੱਦ ਹੋਣ ਦਾ ਕਾਰਨ ਬਣ ਸਕਦੀਆਂ ਹਨ।
ਮੌਜੂਦਾ ਜਾਂ ਪੁਰਾਣੀ ਬੀਮਾ ਪਾਲਿਸੀ ਬਾਰੇ ਨਾ ਦੱਸਣਾ :
ਟਰਮ ਇੰਸ਼ੋਰੈਂਸ ਦੇਣ ਵਾਲੀ ਕੰਪਨੀ ਤੁਹਾਡੀਆਂ ਮੌਜੂਦਾ ਤੇ ਪੁਰਾਣੀਆਂ ਬੀਮਾ ਪਾਲਿਸੀਆਂ ਨੂੰ ਧਿਆਨ ’ਚ ਰੱਖ ਕੇ ਖਤਰੇ ਦਾ ਮੁਲਾਂਕਣ ਕਰਦੀ ਹੈ। ਜੇ ਤੁਸੀਂ ਇਸ ਬਾਰੇ ਜਾਣਕਾਰੀ ਨਹੀਂ ਦਿੰਦੇ, ਤਾਂ ਖਤਰੇ ਦਾ ਮੁਲਾਂਕਣ ਗ਼ਲਤ ਹੋ ਸਕਦਾ ਹੈ। ਬਾਅਦ ’ਚ ਇਸ ਨੂੰ ਧੋਖਾਧੜੀ ਜਾਂ ਤੱਥ ਲੁਕਾਉਣ ਵਜੋਂ ਦੇਖਿਆ ਜਾ ਸਕਦਾ ਹੈ। ਕਲੇਮ ਵੇਲੇ ਮੁਸ਼ਕਲ ਜਾਂ ਰੱਦ ਹੋਣ ਤੋਂ ਬਚਣ ਲਈ ਪਾਲਿਸੀ ਲੈਂਦੇ ਸਮੇਂ ਆਪਣੀਆਂ ਮੌਜੂਦਾ ਤੇ ਪੁਰਾਣੀਆਂ ਪਾਲਿਸੀਆਂ ਬਾਰੇ ਬੀਮਾ ਕੰਪਨੀ ਨੂੰ ਜ਼ਰੂਰ ਦੱਸੋ।
ਨਾਮਜ਼ਦ ਵਿਅਕਤੀ ਦੀ ਸਹੀ ਜਾਣਕਾਰੀ ਨਾ ਦੇਣਾ :
ਟਰਮ ਇੰਸ਼ੋਰੈਂਸ ਲੈਂਦੇ ਸਮੇਂ ਨਾਮਜ਼ਦ ਵਿਅਕਤੀ ਬਾਰੇ ਪੁਰਾਣੀ ਜਾਂ ਗ਼ਲਤ ਜਾਣਕਾਰੀ ਦੇਣਾ ਵੀ ਕਲੇਮ ਰੱਦ ਹੋਣ ਦਾ ਕਾਰਨ ਬਣ ਸਕਦਾ ਹੈ। ਇਸ ਤੋਂ ਬਚਣ ਲਈ ਨਿੱਜੀ ਜੀਵਨ ’ਚ ਕੋਈ ਤਬਦੀਲੀ ਆਉਣ ’ਤੇ ਨਾਮਜ਼ਦ ਵਿਅਕਤੀ ਦੀ ਜਾਣਕਾਰੀ ਤੁਰੰਤ ਅਪਡੇਟ ਕਰੋ। ਹਰ ਵਾਰ ਉਸ ਦਾ ਨਾਂ, ਤੁਹਾਡੇ ਨਾਲ ਰਿਸ਼ਤਾ ਅਤੇ ਉਮਰ ਸਹੀ ਦਰਜ ਕਰਵਾਉਣਾ ਯਕੀਨੀ ਬਣਾਓ।
ਗੰਭੀਰ ਬਿਮਾਰੀ ਲੁਕਾਉਣਾ ਜਾਂ ਉਸ ਬਾਰੇ ਝੂਠ ਬੋਲਣਾ :
ਜੇ ਤੁਹਾਨੂੰ ਪਹਿਲਾਂ ਤੋਂ ਕੋਈ ਬਿਮਾਰੀ ਹੈ, ਤਾਂ ਆਪਣਾ ਮੈਡੀਕਲ ਇਤਿਹਾਸ ਨਾ ਦੱਸਣ ਕਰ ਕੇ ਕਲੇਮ ਰੱਦ ਹੋ ਸਕਦਾ ਹੈ। ਇਸ ਲਈ ਪਾਲਿਸੀ ਲੈਂਦੇ ਸਮੇਂ ਆਪਣੀਆਂ ਸਾਰੀਆਂ ਬਿਮਾਰੀਆਂ ਬਾਰੇ ਬੀਮਾ ਕੰਪਨੀ ਨੂੰ ਦੱਸੋ-ਭਾਵੇਂ ਕਿਸੇ ਬਿਮਾਰੀ ਬਾਰੇ ਤੁਹਾਨੂੰ ਹਾਲ ਹੀ ’ਚ ਪਤਾ ਲੱਗਿਆ ਹੋਵੇ।
ਪ੍ਰੀਮੀਅਮ ਦਾ ਭੁਗਤਾਨ ਨਾ ਕਰਨਾ :
ਟਰਮ ਇੰਸ਼ੋਰੈਂਸ ਦਾ ਪ੍ਰੀਮੀਅਮ ਨਾ ਭਰਨਾ ਕਲੇਮ ਰੱਦ ਹੋਣ ਦੇ ਸਭ ਤੋਂ ਆਮ ਕਾਰਨਾਂ ਵਿੱਚੋਂ ਇਕ ਹੈ। ਸਮੇਂ ਸਿਰ ਪ੍ਰੀਮੀਅਮ ਨਾ ਭਰਨ ’ਤੇ ਪਾਲਿਸੀ ਲੈਪਸ, ਯਾਨੀ ਬੰਦ ਜਾਂ ਖ਼ਤਮ, ਹੋ ਸਕਦੀ ਹੈ। ਅਜਿਹੀ ਸਥਿਤੀ ’ਚ ਭਵਿੱਖ ’ਚ ਕੀਤਾ ਜਾਣ ਵਾਲਾ ਕੋਈ ਵੀ ਕਲੇਮ ਅਵੈਧ ਹੋ ਸਕਦਾ ਹੈ।
ਜੀਵਨ-ਸ਼ੈਲੀ ਨਾਲ ਜੁੜੀਆਂ ਗੱਲਾਂ ਲੁਕਾਉਣਾ :
ਪਾਲਿਸੀ ਲੈਂਦੇ ਸਮੇਂ ਸਿਗਰਟਨੋਸ਼ੀ, ਸ਼ਰਾਬ ਪੀਣ ਜਾਂ ਜੋਖ਼ਮ ਭਰੀਆਂ ਗਤੀਵਿਧੀਆਂ ’ਚ ਸ਼ਾਮਲ ਹੋਣ ਵਰਗੀਆਂ ਆਦਤਾਂ ਬਾਰੇ ਦੱਸਣਾ ਜ਼ਰੂਰੀ ਹੈ। ਜੇ ਜੀਵਨ-ਸ਼ੈਲੀ ਨਾਲ ਜੁੜੀਆਂ ਅਜਿਹੀਆਂ ਗੱਲਾਂ ਲੁਕਾਈਆਂ ਜਾਂਦੀਆਂ ਹਨ ਅਤੇ ਬਾਅਦ ਵਿਚ ਪਤਾ ਲੱਗਦਾ ਹੈ, ਤਾਂ ਬੀਮਾ ਕੰਪਨੀ ਇਸ ਨੂੰ ਧੋਖਾਧੜੀ ਮੰਨ ਕੇ ਕਲੇਮ ਰੱਦ ਕਰ ਸਕਦੀ ਹੈ।
---
ਨੋਟ: ਇਹ ਲੇਖ ਸਿਰਫ਼ ਜਾਣਕਾਰੀ ਲਈ ਹੈ। ਕਿਸੇ ਵੀ ਕਿਸਮ ਦਾ ਬੀਮਾ ਲੈਣ ਤੋਂ ਪਹਿਲਾਂ ਬੀਮਾ ਕੰਪਨੀ ਜਾਂ ਏਜੰਟ ਤੋਂ ਪੂਰੀ ਜਾਣਕਾਰੀ ਜ਼ਰੂਰ ਲਵੋ।
ਸਰੋਤ : ਬੀਮਾ ਕੰਪਨੀਆਂ ਦੀਆਂ ਵੈੱਬਸਾਈਟਾਂ ’ਤੇ ਉਪਲਬਧ ਜਾਣਕਾਰੀ। ਜਾਗਰਣ: ਇਨਫੋ।