EPFO ਨੇ ਜਾਰੀ ਕੀਤੇ PF ਕਢਵਾਉਣ ਦੇ ਨਵੇਂ ਨਿਯਮ, ਕਦੋਂ-ਕਦੋਂ ਕਢਵਾ ਸਕੋਗੇ ਐਡਵਾਂਸ ਪੈਸਾ ? ਚੈੱਕ ਕਰੋ ਅਪਡੇਟ EPFO ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ, ਬਿਮਾਰੀ ਦੇ ਇਲਾਜ ਲਈ ਕਰਮਚਾਰੀ ਆਪਣੀ ਜਾਂ ਪਰਿਵਾਰਕ ਮੈਂਬਰਾਂ ਦੀ ਲੋੜ ਨੂੰ ਧਿਆਨ 'ਚ ਰੱਖਦਿਆਂ ਪੀਐੱਫ ਐਡਵਾਂਸ (PF Advance) ਲੈ ਸਕਦੇ ਹਨ। ਇਸ ਸ਼੍ਰੇਣੀ 'ਚ ਐਡਵਾਂਸ ਲੈਣ ਦੀ ਗਿਣਤੀ 'ਤੇ ਕੋਈ ਸੀਮਾ ਨਹੀਂ ਦੱਸੀ ਗਈ ਹੈ। ਯਾਨੀ ਲੋੜ ਪੈਣ 'ਤੇ ਕਰਮਚਾਰੀ ਇਸ ਸਹੂਲਤ ਦੀ ਵਰਤੋਂ ਕਰ ਸਕਦੇ ਹਨ।
Publish Date: Tue, 13 Oct 2026 03:39 PM (IST)
Updated Date: Tue, 13 Oct 2026 03:44 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਪੀਐੱਫ ਖਾਤੇ 'ਚੋਂ ਐਡਵਾਂਸ ਪੈਸੇ ਕਢਵਾਉਣ ਦੇ ਨਿਯਮਾਂ ਨੂੰ ਆਸਾਨ ਬਣਾਉਣ ਲਈ ਵੱਖ-ਵੱਖ ਸ਼੍ਰੇਣੀਆਂ ਤੈਅ ਕੀਤੀਆਂ ਹਨ। ਬਿਮਾਰੀ, ਬੱਚਿਆਂ ਦੀ ਪੜ੍ਹਾਈ, ਵਿਆਹ ਅਤੇ ਮਕਾਨ ਖਰੀਦਣ ਵਰਗੇ ਖ਼ਰਚਿਆਂ ਲਈ ਕਰਮਚਾਰੀ ਆਪਣੇ ਪੀਐੱਫ ਖਾਤੇ 'ਚੋਂ ਪੈਸੇ ਕਢਵਾ (Advance PF Withdrawal) ਸਕਦੇ ਹਨ। ਨਿਯਮਾਂ ਮੁਤਾਬਕ, ਕੁਝ ਲੋੜਾਂ ਲਈ ਪੈਸੇ ਕਢਵਾਉਣ ਦੀ ਗਿਣਤੀ ਦੀ ਕੋਈ ਸੀਮਾ ਨਹੀਂ ਹੈ, ਜਦਕਿ ਹੋਰ ਮਾਮਲਿਆਂ 'ਚ ਤੈਅ ਕੀਤੀ ਗਈ ਹੱਦ ਲਾਗੂ ਹੋਵੇਗੀ।
ਨੌਕਰੀ ਕਰਨ ਵਾਲੇ ਕਰੋੜਾਂ ਕਰਮਚਾਰੀਆਂ ਲਈ ਪੀਐੱਫ ਦੀ ਰਕਮ ਮੁਸ਼ਕਲ ਸਮੇਂ 'ਚ ਵੱਡਾ ਸਹਾਰਾ ਬਣਦੀ ਹੈ। ਅਜਿਹੇ 'ਚ EPFO ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ 'ਚ ਕਈ ਜ਼ਰੂਰੀ ਲੋੜਾਂ ਨੂੰ ਵੱਖ-ਵੱਖ ਸ਼੍ਰੇਣੀਆਂ 'ਚ ਵੰਡ ਕੇ ਪੈਸੇ ਕਢਵਾਉਣ ਦੀ ਵੱਧ ਤੋਂ ਵੱਧ ਗਿਣਤੀ ਦੱਸੀ ਗਈ ਹੈ।
ਬਿਮਾਰੀ ਲਈ ਕਿੰਨੀ ਵਾਰ ਕਢਵਾ ਸਕਦੇ ਹੋ ਪੈਸੇ? EPFO ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ, ਬਿਮਾਰੀ ਦੇ ਇਲਾਜ ਲਈ ਕਰਮਚਾਰੀ ਆਪਣੀ ਜਾਂ ਪਰਿਵਾਰਕ ਮੈਂਬਰਾਂ ਦੀ ਲੋੜ ਨੂੰ ਧਿਆਨ 'ਚ ਰੱਖਦਿਆਂ ਪੀਐੱਫ ਐਡਵਾਂਸ (PF Advance) ਲੈ ਸਕਦੇ ਹਨ। ਇਸ ਸ਼੍ਰੇਣੀ 'ਚ ਐਡਵਾਂਸ ਲੈਣ ਦੀ ਗਿਣਤੀ 'ਤੇ ਕੋਈ ਸੀਮਾ ਨਹੀਂ ਦੱਸੀ ਗਈ ਹੈ। ਯਾਨੀ ਲੋੜ ਪੈਣ 'ਤੇ ਕਰਮਚਾਰੀ ਇਸ ਸਹੂਲਤ ਦੀ ਵਰਤੋਂ ਕਰ ਸਕਦੇ ਹਨ।
ਪੜ੍ਹਾਈ ਤੇ ਵਿਆਹ ਲਈ ਤੈਅ ਹੈ ਹੱਦ ਬੱਚਿਆਂ ਦੀ ਪੜ੍ਹਾਈ ਲਈ ਵੀ ਪੀਐੱਫ ਐਡਵਾਂਸ ਕਢਵਾਉਣ ਦੀ ਸਹੂਲਤ ਦਿੱਤੀ ਗਈ ਹੈ। ਹਾਲਾਂਕਿ, ਇਸ ਸ਼੍ਰੇਣੀ 'ਚ ਪੂਰੀ ਮੈਂਬਰਸ਼ਿਪ ਮਿਆਦ ਦੌਰਾਨ ਵੱਧ ਤੋਂ ਵੱਧ 10 ਵਾਰ ਐਡਵਾਂਸ ਲਿਆ ਜਾ ਸਕਦਾ ਹੈ।
ਉੱਥੇ ਹੀ, ਵਿਆਹ ਦੇ ਖ਼ਰਚਿਆਂ ਲਈ ਕਰਮਚਾਰੀ ਆਪਣੇ ਜਾਂ ਪਰਿਵਾਰਕ ਮੈਂਬਰਾਂ ਦੇ ਵਿਆਹ ਦੇ ਉਦੇਸ਼ ਨਾਲ ਪੀਐੱਫ ਐਡਵਾਂਸ ਲੈ ਸਕਦੇ ਹਨ। ਇਸ ਸ਼੍ਰੇਣੀ 'ਚ ਮੈਂਬਰਸ਼ਿਪ ਦੀ ਪੂਰੀ ਮਿਆਦ ਦੌਰਾਨ ਵੱਧ ਤੋਂ ਵੱਧ 5 ਵਾਰ ਪੈਸੇ ਕਢਵਾਉਣ ਦੀ ਇਜਾਜ਼ਤ ਦਿੱਤੀ ਗਈ ਹੈ।
ਮਕਾਨ ਖਰੀਦਣ ਤੋਂ ਲੈ ਕੇ ਮੁਰੰਮਤ ਤਕ ਮਿਲ ਸਕਦਾ ਹੈ ਐਡਵਾਂਸ EPFO ਨੇ ਰਿਹਾਇਸ਼ ਨਾਲ ਜੁੜੀਆਂ ਲੋੜਾਂ ਨੂੰ ਵੀ ਵੱਖਰੀ ਸ਼੍ਰੇਣੀ 'ਚ ਰੱਖਿਆ ਹੈ। ਇਸ ਤਹਿਤ ਕਰਮਚਾਰੀ ਹੇਠ ਲਿਖੇ ਕੰਮਾਂ ਲਈ ਐਡਵਾਂਸ ਲੈ ਸਕਦੇ ਹਨ:
- ਮਕਾਨ, ਫਲੈਟ ਜਾਂ ਪਲਾਟ ਖਰੀਦਣਾ।
- ਨਵਾਂ ਮਕਾਨ ਬਣਵਾਉਣਾ।
- ਹੋਮ ਲੋਨ ਦਾ ਭੁਗਤਾਨ ਕਰਨਾ।
- ਮਕਾਨ ਦਾ ਨਵੀਨੀਕਰਨ, ਬਦਲਾਅ ਜਾਂ ਮੁਰੰਮਤ ਕਰਵਾਉਣਾ।
ਇਨ੍ਹਾਂ ਸਾਰੀਆਂ ਰਿਹਾਇਸ਼ ਨਾਲ ਸਬੰਧਤ ਲੋੜਾਂ ਨੂੰ ਮਿਲਾ ਕੇ ਮੈਂਬਰਸ਼ਿਪ ਦੀ ਪੂਰੀ ਮਿਆਦ ਦੌਰਾਨ ਵੱਧ ਤੋਂ ਵੱਧ 5 ਵਾਰ ਐਡਵਾਂਸ ਲੈਣ ਦੀ ਹੱਦ ਦੱਸੀ ਗਈ ਹੈ। ਹਾਲਾਂਕਿ, ਹਰ ਵਾਰ ਪੈਸੇ ਕਢਵਾਉਣ ਲਈ ਸਬੰਧਤ ਯੋਗਤਾ ਸ਼ਰਤਾਂ ਨੂੰ ਪੂਰਾ ਕਰਨਾ ਜ਼ਰੂਰੀ ਹੋਵੇਗਾ।
ਵਿਸ਼ੇਸ਼ ਹਾਲਾਤ 'ਚ ਵੀ ਮਿਲੇਗੀ ਸਹੂਲਤ
ਦਿਸ਼ਾ-ਨਿਰਦੇਸ਼ਾਂ 'ਚ ਵਿਸ਼ੇਸ਼ ਹਾਲਾਤਾਂ ਲਈ ਵੀ ਵੱਖਰੇ ਪ੍ਰਬੰਧ ਕੀਤੇ ਗਏ ਹਨ। ਕੇਂਦਰੀ ਟਰੱਸਟੀ ਬੋਰਡ (CBT) ਜਾਂ EPFO ਵੱਲੋਂ ਅਧਿਸੂਚਿਤ ਵਿਸ਼ੇਸ਼ ਹਾਲਾਤਾਂ 'ਚ ਇਕ ਵਿੱਤੀ ਸਾਲ ਦੌਰਾਨ ਵੱਧ ਤੋਂ ਵੱਧ 2 ਵਾਰ ਐਡਵਾਂਸ ਲੈਣ ਦੀ ਇਜਾਜ਼ਤ ਦੱਸੀ ਗਈ ਹੈ।
ਸਾਰੀਆਂ ਸ਼੍ਰੇਣੀਆਂ ਲਈ ਕੀ ਹਨ ਯੋਗਤਾ ਦੇ ਨਿਯਮ? ਦਿਸ਼ਾ-ਨਿਰਦੇਸ਼ਾਂ ਅਨੁਸਾਰ, EPF ਮੈਂਬਰਸ਼ਿਪ ਦੇ 12 ਮਹੀਨੇ ਪੂਰੇ ਹੋਣ ਤੋਂ ਬਾਅਦ ਕਰਮਚਾਰੀ ਅਤੇ ਮਾਲਕ ਦੇ ਯੋਗਦਾਨ ਅਤੇ ਉਸ 'ਤੇ ਮਿਲੇ ਵਿਆਜ ਸਮੇਤ ਕੁੱਲ ਪੀਐੱਫ ਬਕਾਇਆ ਰਕਮ ਦਾ ਵੱਧ ਤੋਂ ਵੱਧ 75 ਫ਼ੀਸਦੀ ਤੱਕ ਐਡਵਾਂਸ ਕਢਵਾਇਆ ਜਾ ਸਕਦਾ ਹੈ।
ਹਾਲਾਂਕਿ, 75 ਫ਼ੀਸਦੀ ਤੱਕ ਪੈਸੇ ਕਢਵਾਉਣ ਦੀ ਹੱਦ ਦਾ ਇਹ ਮਤਲਬ ਨਹੀਂ ਹੈ ਕਿ ਹਰ ਸਥਿਤੀ 'ਚ ਕਰਮਚਾਰੀ ਨੂੰ ਇੰਨੀ ਰਕਮ ਮਿਲ ਹੀ ਜਾਵੇਗੀ। ਅਸਲ 'ਚ ਮਿਲਣ ਵਾਲੀ ਰਕਮ ਸਬੰਧਤ ਉਦੇਸ਼, ਲਾਗੂ ਨਿਯਮਾਂ ਅਤੇ ਕਰਮਚਾਰੀ ਦੀ ਯੋਗਤਾ 'ਤੇ ਨਿਰਭਰ ਕਰੇਗੀ।