EPFO: ਇਨ੍ਹਾਂ 4 ਗਲਤੀਆਂ ਕਾਰਨ ਰੁਕ ਸਕਦਾ ਹੈ PF ਖਾਤੇ 'ਚ ਵਿਆਜ ਦਾ ਪੈਸਾ! ਖੁਦ EPFO ਨੇ ਦੱਸਿਆ ਕਦੋਂ 'ਇਨਆਪ੍ਰੇਟਿਵ' ਹੁੰਦਾ ਹੈ ਅਕਾਊਂਟ EPFO ਨੇ ਖੁਦ ਸਪੱਸ਼ਟ ਕੀਤਾ ਹੈ ਕਿ ਆਖ਼ਰ ਕਿਹੜੇ ਚਾਰ ਹਾਲਾਤ 'ਚ ਕਿਸੇ PF ਖਾਤੇ ਨੂੰ ਇਨਆਪ੍ਰੇਟਿਵ ਮੰਨਿਆ ਜਾਂਦਾ ਹੈ ਅਤੇ ਉਸ 'ਤੇ ਵਿਆਜ ਦਾ ਪੈਸਾ ਆਉਣਾ ਰੁਕ ਜਾਂਦਾ ਹੈ।
Publish Date: Fri, 21 Aug 2026 02:48 PM (IST)
Updated Date: Fri, 21 Aug 2026 03:05 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ: ਨੌਕਰੀਪੇਸ਼ਾ ਲੋਕਾਂ ਲਈ ਕਰਮਚਾਰੀ ਭਵਿੱਖ ਨਿਧੀ (EPF) ਬੱਚਤ ਤੇ ਨਿਵੇਸ਼ ਦਾ ਇਕ ਸੁਰੱਖਿਅਤ ਤੇ ਬਿਹਤਰ ਸਾਧਨ ਹੈ। PF ਖਾਤੇ 'ਚ ਜਮ੍ਹਾਂ ਰਕਮ 'ਤੇ ਹਰ ਸਾਲ ਵਿਆਜ ਮਿਲਦਾ ਹੈ ਜਿਸ ਨਾਲ ਰਿਟਾਇਰਮੈਂਟ ਲਈ ਇਕ ਵੱਡਾ ਫੰਡ ਤਿਆਰ ਹੁੰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਖਾਸ ਹਾਲਾਤ 'ਚ ਤੁਹਾਡੇ PF ਖਾਤੇ 'ਤੇ ਵਿਆਜ ਮਿਲਣਾ ਬੰਦ ਹੋ ਸਕਦਾ ਹੈ?
ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਖੁਦ ਸਪੱਸ਼ਟ ਕੀਤਾ ਹੈ ਕਿ ਆਖ਼ਰ ਕਿਹੜੇ ਚਾਰ ਹਾਲਾਤ 'ਚ ਕਿਸੇ PF ਖਾਤੇ ਨੂੰ ਇਨਆਪ੍ਰੇਟਿਵ (Inoperative) ਯਾਨੀ ਨਿਸ਼ਕਿਰਿਆ ਮੰਨਿਆ ਜਾਂਦਾ ਹੈ ਅਤੇ ਉਸ 'ਤੇ ਵਿਆਜ ਦਾ ਪੈਸਾ ਆਉਣਾ ਰੁਕ ਜਾਂਦਾ ਹੈ।
1. 55 ਸਾਲ ਦੀ ਉਮਰ ਤੋਂ ਬਾਅਦ ਰਿਟਾਇਰਮੈਂਟ EPFO ਦੇ ਨਿਯਮਾਂ ਅਨੁਸਾਰ, ਜੇ ਕੋਈ ਮੁਲਾਜ਼ਮ 55 ਸਾਲ ਦੀ ਉਮਰ ਪੂਰੀ ਕਰਨ ਤੋਂ ਬਾਅਦ ਨੌਕਰੀ ਤੋਂ ਰਿਟਾਇਰ ਹੋ ਜਾਂਦਾ ਹੈ ਤੇ ਰਿਟਾਇਰਮੈਂਟ ਤੋਂ ਅਗਲੇ 36 ਮਹੀਨੇ (3 ਸਾਲ) ਤੱਕ ਆਪਣੇ PF ਖਾਤੇ 'ਚੋਂ ਪੈਸਾ ਨਹੀਂ ਕਢਵਾਉਂਦਾ ਤਾਂ ਉਸ ਖਾਤੇ ਨੂੰ ਇਨਆਪ੍ਰੇਟਿਵ (Inoperative) ਮੰਨ ਲਿਆ ਜਾਂਦਾ ਹੈ। ਇਸ ਤੋਂ ਬਾਅਦ ਉਸ 'ਤੇ ਵਿਆਜ ਮਿਲਣਾ ਬੰਦ ਹੋ ਜਾਂਦਾ ਹੈ।
2. ਹਮੇਸ਼ਾ ਲਈ ਵਿਦੇਸ਼ ਵੱਸਣ 'ਤੇ EPFO ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇ ਕੋਈ PF ਖਾਤਾਧਾਰਕ ਦੇਸ਼ ਛੱਡ ਕੇ ਸਥਾਈ ਤੌਰ 'ਤੇ (Permanently) ਕਿਸੇ ਹੋਰ ਦੇਸ਼ ਵਿਚ ਜਾ ਕੇ ਵੱਸ ਜਾਂਦਾ ਹੈ ਤਾਂ ਉਸ ਦਾ EPF ਅਕਾਊਂਟ ਤੁਰੰਤ ਇਨਆਪ੍ਰੇਟਿਵ ਖਾਤਿਆਂ ਦੀ ਸ਼੍ਰੇਣੀ 'ਚ ਪਾ ਦਿੱਤਾ ਜਾਂਦਾ ਹੈ।
3. PF ਖਾਤਾਧਾਰਕ ਦੀ ਮੌਤ ਹੋਣ 'ਤੇ
ਜੇ ਕਿਸੇ ਮੰਦਭਾਗੀ ਸਥਿਤੀ 'ਚ PF ਮੈਂਬਰ (EPF Member) ਦੀ ਮੌਤ ਹੋ ਜਾਂਦੀ ਹੈ, ਤਾਂ EPFO ਉਸ ਖਾਤੇ ਨੂੰ ਇਨਆਪ੍ਰੇਟਿਵ ਮੰਨ ਲੈਂਦਾ ਹੈ। ਅਜਿਹੀ ਸਥਿਤੀ 'ਚ ਖਾਤੇ 'ਤੇ ਅੱਗੇ ਕੋਈ ਵਿਆਜ ਨਹੀਂ ਜੁੜਦਾ। ਨੌਮਿਨੀ ਨੂੰ ਸਮੇਂ ਸਿਰ ਕਲੇਮ ਕਰ ਲੈਣਾ ਚਾਹੀਦਾ ਹੈ।
4. ਭੁਗਤਾਨ ਯੋਗ ਹੋਣ ਤੋਂ 36 ਮਹੀਨੇ ਤਕ ਕੋਈ ਕਲੇਮ ਨਾ ਕਰਨ 'ਤੇ EPFO ਮੁਤਾਬਕ, ਜਦੋਂ PF ਦਾ ਪੈਸਾ ਕਢਵਾਉਣ ਦੀਆਂ ਸ਼ਰਤਾਂ ਪੂਰੀਆਂ ਹੋ ਚੁੱਕੀਆਂ ਹੋਣ ਅਤੇ ਰਕਮ ਭੁਗਤਾਨ ਯੋਗ (Payable) ਹੋ ਗਈ ਹੋਵੇ, ਪਰ ਇਸ ਦੇ ਬਾਵਜੂਦ ਮੈਂਬਰ ਅਗਲੇ 36 ਮਹੀਨਿਆਂ ਤਕ ਫੰਡ ਕਢਵਾਉਣ ਲਈ ਕੋਈ ਦਾਅਵਾ (Claim) ਨਹੀਂ ਕਰਦਾ ਹੈ, ਤਾਂ ਅਜਿਹੀ ਲਾਪਰਵਾਹੀ ਕਾਰਨ ਖਾਤਾ ਇਨਆਪ੍ਰੇਟਿਵ ਹੋ ਜਾਂਦਾ ਹੈ।
EPFO ਦੀ ਸਲਾਹ EPFO ਅਕਸਰ ਆਪਣੇ ਮੈਂਬਰਾਂ ਨੂੰ ਸਲਾਹ ਦਿੰਦਾ ਹੈ ਕਿ ਨੌਕਰੀ ਬਦਲਣ ਦੀ ਸਥਿਤੀ 'ਚ ਆਪਣੇ ਪੁਰਾਣੇ PF ਖਾਤੇ ਦਾ ਬੈਲੇਂਸ ਹਮੇਸ਼ਾ ਨਵੇਂ ਖਾਤੇ 'ਚ (UAN ਰਾਹੀਂ) ਟਰਾਂਸਫਰ ਕਰ ਲੈਣ। ਅਜਿਹਾ ਕਰਨ ਨਾਲ ਤੁਹਾਡਾ ਅਕਾਊਂਟ ਲਗਾਤਾਰ ਐਕਟਿਵ ਰਹਿੰਦਾ ਹੈ ਅਤੇ ਤੁਹਾਡੀ ਜਮ੍ਹਾਂ ਪੂੰਜੀ 'ਤੇ ਬਿਨਾਂ ਕਿਸੇ ਰੁਕਾਵਟ ਦੇ ਵਿਆਜ (Compound Interest) ਦਾ ਲਾਭ ਮਿਲਦਾ ਰਹਿੰਦਾ ਹੈ।