ਬਿਜਲੀ ਵੰਡ ਕੰਪਨੀਆਂ ਸਿਰ 7.26 ਲੱਖ ਕਰੋੜ ਦਾ ਕਰਜ਼ਾ! ਉਦੈ ਯੋਜਨਾ ਦੇ ਬਾਵਜੂਦ ਮੁੜ ਵਿਗੜੀ ਹਾਲਤ, 2047 ਤੱਕ 200 ਲੱਖ ਕਰੋੜ ਦੇ ਨਿਵੇਸ਼ ਦੀ ਲੋੜ
ਬਿਜਲੀ ਮੰਤਰੀ ਨੇ ਦੱਸਿਆ ਕਿ 2047 ਤੱਕ ਬਿਜਲੀ ਖੇਤਰ ਵਿਚ ਲਗਪਗ 200 ਲੱਖ ਕਰੋੜ ਰੁਪਏ ਦੇ ਨਿਵੇਸ਼ ਦੀ ਲੋੜ ਹੈ। ਇਹ ਰਕਮ ਸਰਕਾਰ ਦੇ ਤਕਰੀਬਨ ਪੰਜ ਸਾਲਾਂ ਦੇ ਬਜਟ ਦੇ ਬਰਾਬਰ ਹੈ। ਮਨੋਹਰ ਲਾਲ ਨੇ ਕਿਹਾ ਕਿ ਇੰਨਾ ਵੱਡਾ ਨਿਵੇਸ਼ ਇਕੱਲੇ ਨਹੀਂ ਕੀਤਾ ਜਾ ਸਕਦਾ। ਜਨਤਕ ਖੇਤਰ ਦੀਆਂ ਕੰਪਨੀਆਂ ਨੂੰ ਸ਼ੇਅਰ ਬਾਜ਼ਾਰ ਵਿਚ ਸੂਚੀਬੱਧ ਕਰਨ, ਨਿੱਜੀ ਖੇਤਰ ਦੀ ਭਾਈਵਾਲੀ ਅਤੇ ਸਰਕਾਰੀ-ਨਿੱਜੀ ਭਾਈਵਾਲੀ ਦੀ ਲੋੜ ਹੈ।
Publish Date: Sun, 29 Nov 2026 10:47 AM (IST)
Updated Date: Sun, 29 Nov 2026 10:59 AM (IST)
ਜਾਗਰਣ ਬਿਊਰੋ, ਨਵੀਂ ਦਿੱਲੀ : ਬਿਜਲੀ ਵੰਡ ਕੰਪਨੀਆਂ (ਡਿਸਕਾਮ) ਦੀ ਮਾਲੀ ਹਾਲਤ ਸੁਧਾਰਨ ਦੀ ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ਮੁੜ ਨਾਕਾਮ ਹੁੰਦੀਆਂ ਦਿਖਾਈ ਦੇ ਰਹੀਆਂ ਹਨ। ਇਨ੍ਹਾਂ ਦਾ ਕੁੱਲ ਨੁਕਸਾਨ ਇਕ ਵਾਰ ਫਿਰ ਸੱਤ ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਨੇ ਸ਼ੁੱਕਰਵਾਰ ਨੂੰ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਬਿਜਲੀ ਮੰਤਰੀਆਂ ਦੇ ਦੋ-ਰੋਜ਼ਾ ਸੰਮੇਲਨ ਵਿਚ ਇਹ ਗੱਲ ਕਹੀ। ਉਨ੍ਹਾਂ ਨੇ ਯਾਦ ਦਿਵਾਇਆ ਕਿ 2017 ਵਿਚ ਉੱਜਵਲ ਡਿਸਕਾਮ ਐਸ਼ੋਰੈਂਸ ਯੋਜਨਾ (ਉਦੈ) ਤਹਿਤ ਕੇਂਦਰ ਅਤੇ ਸੂਬਿਆਂ ਨੇ ਲਗਪਗ ਇੰਨੀ ਹੀ ਰਕਮ ਦਾ ਨੁਕਸਾਨ ਆਪਣੇ ਸਿਰ ਲਿਆ ਸੀ, ਪਰ ਹਾਲਾਤ ਮੁੜ ਪਹਿਲਾਂ ਵਰਗੇ ਹੋ ਗਏ ਹਨ।
ਮਨੋਹਰ ਲਾਲ ਨੇ ਕਿਹਾ ਕਿ ਪਿਛਲੇ ਸਾਲ ਸਾਰੀਆਂ ਡਿਸਕਾਮਾਂ ਨੇ ਮਿਲ ਕੇ 2,600 ਕਰੋੜ ਰੁਪਏ ਦਾ ਮੁਨਾਫ਼ਾ ਕਮਾਇਆ ਸੀ। ਹੁਣ ਚੁਣੌਤੀ ਇਹ ਹੈ ਕਿ ਇਹ ਮੁਨਾਫ਼ਾ ਮੁੜ ਨੁਕਸਾਨ ਵਿਚ ਨਾ ਬਦਲ ਜਾਵੇ। ਸੂਬਿਆਂ ਨੂੰ ਕਿਹਾ ਗਿਆ ਕਿ ਉਹ ਇਸ ਮੁਨਾਫ਼ੇ ਦੀ ਵਰਤੋਂ ਪੁਰਾਣੇ ਨੁਕਸਾਨਾਂ ਦੀ ਭਰਪਾਈ ਲਈ ਕਰਨ ਤੇ ਡਿਸਕਾਮਾਂ ਦੀ ਵਿੱਤੀ ਹਾਲਤ ਮਜ਼ਬੂਤ ਕਰਨ ਵਾਸਤੇ ਨੀਤੀ, ਸੰਚਾਲਨ ਅਤੇ ਨਿਯਮਾਂ ਵਿਚ ਲੋੜੀਂਦੇ ਬਦਲਾਅ ਲਿਆਉਣ।
ਬਿਜਲੀ ਮੰਤਰੀ ਨੇ ਦੱਸਿਆ ਕਿ 2047 ਤੱਕ ਬਿਜਲੀ ਖੇਤਰ ਵਿਚ ਲਗਪਗ 200 ਲੱਖ ਕਰੋੜ ਰੁਪਏ ਦੇ ਨਿਵੇਸ਼ ਦੀ ਲੋੜ ਹੈ। ਇਹ ਰਕਮ ਸਰਕਾਰ ਦੇ ਤਕਰੀਬਨ ਪੰਜ ਸਾਲਾਂ ਦੇ ਬਜਟ ਦੇ ਬਰਾਬਰ ਹੈ। ਮਨੋਹਰ ਲਾਲ ਨੇ ਕਿਹਾ ਕਿ ਇੰਨਾ ਵੱਡਾ ਨਿਵੇਸ਼ ਇਕੱਲੇ ਨਹੀਂ ਕੀਤਾ ਜਾ ਸਕਦਾ। ਜਨਤਕ ਖੇਤਰ ਦੀਆਂ ਕੰਪਨੀਆਂ ਨੂੰ ਸ਼ੇਅਰ ਬਾਜ਼ਾਰ ਵਿਚ ਸੂਚੀਬੱਧ ਕਰਨ, ਨਿੱਜੀ ਖੇਤਰ ਦੀ ਭਾਈਵਾਲੀ ਅਤੇ ਸਰਕਾਰੀ-ਨਿੱਜੀ ਭਾਈਵਾਲੀ ਦੀ ਲੋੜ ਹੈ। ਹਾਲਾਂਕਿ, ਜੇ ਡਿਸਕਾਮਾਂ ਲਗਾਤਾਰ ਇਸੇ ਤਰ੍ਹਾਂ ਨੁਕਸਾਨ ਕਰਦੀਆਂ ਰਹੀਆਂ ਤਾਂ ਨਿੱਜੀ ਨਿਵੇਸ਼ ਖਿੱਚਣਾ ਮੁਸ਼ਕਲ ਹੋਵੇਗਾ। ਡਿਸਕਾਮਾਂ ਦੀ ਮਾੜੀ ਵਿੱਤੀ ਹਾਲਤ ਪੂਰੇ ਬਿਜਲੀ ਖੇਤਰ ਲਈ ਖ਼ਤਰਾ ਵਧਾਉਂਦੀ ਹੈ ਤੇ ਨਿਵੇਸ਼ਕਾਂ ਦਾ ਭਰੋਸਾ ਕਮਜ਼ੋਰ ਕਰਦੀ ਹੈ।
ਸੰਮੇਲਨ ਵਿਚ ਟ੍ਰਾਂਸਮਿਸ਼ਨ ਅਤੇ ਵੰਡ ਦੌਰਾਨ ਹੋਣ ਵਾਲਾ ਨੁਕਸਾਨ ਘਟਾਉਣ ਅਤੇ ਬਿਜਲੀ ਦੀ ਵਧਦੀ ਮੰਗ ਪੂਰੀ ਕਰਨ ਉੱਤੇ ਜ਼ੋਰ ਦਿੱਤਾ ਗਿਆ। ਮਨੋਹਰ ਲਾਲ ਨੇ ਸੂਬਿਆਂ ਨੂੰ ਢੁੱਕਵਾਂ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਿਆਂ ‘ਟੀਮ ਇੰਡੀਆ’ ਵਾਂਗ ਕੰਮ ਕਰਨ, ਖ਼ਾਸ ਕਰ ਕੇ ਨਵਿਆਉਣਯੋਗ ਊਰਜਾ ਨੂੰ ਟ੍ਰਾਂਸਮਿਸ਼ਨ ਗ੍ਰਿਡ ਤੱਕ ਪਹੁੰਚਾਉਣ ਅਤੇ ਇਸ ਨਾਲ ਜੁੜੀਆਂ ਰੁਕਾਵਟਾਂ ਦੂਰ ਕਰਨ ਲਈ।
ਇਸ ਵੇਲੇ ਨਵਿਆਉਣਯੋਗ ਊਰਜਾ ਦੀ ਸਥਾਪਿਤ ਸਮਰੱਥਾ ਲਗਪਗ 300 ਗੀਗਾਵਾਟ ਹੈ ਅਤੇ ਅਗਲੇ 10 ਸਾਲਾਂ ਵਿਚ ਇਸ ਵਿਚ 500 ਗੀਗਾਵਾਟ ਹੋਰ ਜੋੜਨ ਦਾ ਟੀਚਾ ਹੈ। ਡਾਟਾ ਸੈਂਟਰਾਂ ਅਤੇ ਇਲੈਕਟ੍ਰਿਕ ਵਾਹਨਾਂ ਕਾਰਨ ਬਿਜਲੀ ਦੀ ਮੰਗ ਵਧੇਗੀ। ਇਸ ਲਈ ਊਰਜਾ ਸਟੋਰੇਜ, ਸਮਾਰਟ ਮੀਟਰਾਂ, ਏਆਈ ਟੂਲਜ਼ ਤੇ ਪ੍ਰਮਾਣੂ ਊਰਜਾ ਉੱਤੇ ਧਿਆਨ ਦੇਣ ਦੀ ਲੋੜ ਦੱਸੀ ਗਈ।
ਡਿਸਕਾਮਾਂ ਦਾ ਕੁੱਲ ਬਕਾਇਆ 7.26 ਲੱਖ ਕਰੋੜ ਰੁਪਏ
ਡਿਸਕਾਮਾਂ ਦਾ ਕੁੱਲ ਬਕਾਇਆ ਜਾਂ ਕਰਜ਼ਾ ਲਗਪਗ 7.26 ਲੱਖ ਕਰੋੜ ਰੁਪਏ ਹੈ। ਸਭ ਤੋਂ ਵੱਧ ਬਕਾਇਆ ਤਮਿਲਨਾਡੂ (ਲਗਭਗ 1.02 ਲੱਖ ਕਰੋੜ ਰੁਪਏ), ਰਾਜਸਥਾਨ (98,488 ਕਰੋੜ), ਮਹਾਰਾਸ਼ਟਰ (90,659 ਕਰੋੜ), ਉੱਤਰ ਪ੍ਰਦੇਸ਼ (61,395 ਕਰੋੜ) ਅਤੇ ਤੇਲੰਗਾਨਾ (59,230 ਕਰੋੜ) ਦਾ ਹੈ।
ਸੰਚਿਤ ਨੁਕਸਾਨ ਦੇ ਮਾਮਲੇ ਵਿਚ ਵੀ ਤਮਿਲਨਾਡੂ (ਲਗਪਗ 1.19 ਲੱਖ ਕਰੋੜ ਰੁਪਏ), ਉੱਤਰ ਪ੍ਰਦੇਸ਼ (ਇੱਕ ਲੱਖ ਕਰੋੜ ਤੋਂ ਵੱਧ), ਰਾਜਸਥਾਨ (92 ਹਜ਼ਾਰ ਕਰੋੜ ਤੋਂ ਵੱਧ) ਅਤੇ ਮੱਧ ਪ੍ਰਦੇਸ਼ (71 ਹਜ਼ਾਰ ਕਰੋੜ) ਸਭ ਤੋਂ ਅੱਗੇ ਹਨ।
ਕੀ ਹੈ ਉਦੈ ਯੋਜਨਾ?
ਉਦੈ ਯੋਜਨਾ ਨਵੰਬਰ 2015 ਵਿਚ ਸ਼ੁਰੂ ਕੀਤੀ ਗਈ ਸੀ। ਇਸ ਤਹਿਤ ਰਾਜਾਂ ਲਈ ਸ਼ਰਤ ਰੱਖੀ ਗਈ ਸੀ ਕਿ ਉਹ ਸਤੰਬਰ 2015 ਦੇ ਅੰਕੜਿਆਂ ਦੇ ਆਧਾਰ ’ਤੇ ਆਪਣੀਆਂ ਡਿਸਕਾਮਾਂ ਦਾ 75 ਫ਼ੀਸਦੀ ਕਰਜ਼ਾ ਆਪਣੇ ਸਿਰ ਲੈਣ ਅਤੇ ਇਸ ਲਈ ਬਾਂਡ ਜਾਰੀ ਕਰਨ। ਰਾਜਾਂ ਨੇ ਦੋ ਲੱਖ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਆਪਣੇ ਸਿਰ ਲਿਆ ਅਤੇ ਡਿਸਕਾਮਾਂ ਦੇ ਬਕਾਏ ਦਾ ਕੁਝ ਹਿੱਸਾ ਨਿਪਟਾਇਆ। ਇਸ ਨਾਲ ਵਿਆਜ ਦਾ ਬੋਝ ਘਟਿਆ ਅਤੇ ਏਟੀਐਂਡਸੀ ਨੁਕਸਾਨ ਵਿਚ ਕੁਝ ਕਮੀ ਆਈ, ਪਰ ਲੰਮੇ ਸਮੇਂ ਵਿਚ ਇਹ ਸੁਧਾਰ ਕਾਇਮ ਨਹੀਂ ਰਹਿ ਸਕਿਆ।