Diwali 2026 : ਕਿੰਨੇ ਵਜੇ ਖੁੱਲ੍ਹੇਗਾ ਸ਼ੇਅਰ ਬਾਜ਼ਾਰ? ਕੀ ਮਹੂਰਤ ਟ੍ਰੇਡਿੰਗ ਦੌਰਾਨ ਕਰ ਸਕੋਗੇ SIP?
Diwali Trading : ਜੇਕਰ ਤੁਸੀਂ ਦੀਵਾਲੀ ਵਾਲੇ ਦਿਨ ਮਿਊਚਲ ਫੰਡ 'ਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਅਜਿਹਾ ਕਰ ਸਕਦੇ ਹੋ। ਹਾਲਾਂਕਿ, ਇਹ ਜ਼ਰੂਰੀ ਨਹੀਂ ਕਿ ਨਿਵੇਸ਼ ਲਈ ਆਰਡਰ ਦੇਣ ਦੇ ਨਾਲ ਹੀ ਤੁਹਾਡਾ ਨਿਵੇਸ਼ ਵੀ ਹੋ ਜਾਵੇ।
Publish Date: Sat, 07 Nov 2026 04:20 PM (IST)
Updated Date: Sat, 07 Nov 2026 04:23 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਭਾਰਤੀ ਸ਼ੇਅਰ ਬਾਜ਼ਾਰ ਇਸ ਹਫ਼ਤੇ ਜ਼ਬਰਦਸਤ ਤੇਜ਼ੀ ਨਾਲ ਬੰਦ ਹੋਏ ਸਨ। ਸ਼ੁੱਕਰਵਾਰ ਨੂੰ ਸੈਂਸੈਕਸ 1,718.01 ਅੰਕ ਚੜ੍ਹ ਕੇ 81,028.02 ਦੇ ਪੱਧਰ 'ਤੇ ਬੰਦ ਹੋਇਆ, ਜਦਕਿ ਨਿਫਟੀ 493.75 ਅੰਕਾਂ ਦੇ ਉਛਾਲ ਨਾਲ 25,030.35 'ਤੇ ਬੰਦ ਹੋਇਆ। ਦੀਵਾਲੀ ਤੋਂ ਪਹਿਲਾਂ ਬਾਜ਼ਾਰ 'ਚ ਆਈ ਇਸ ਤੇਜ਼ੀ ਨੇ ਨਿਵੇਸ਼ਕਾਂ 'ਚ ਵੱਖਰਾ ਉਤਸ਼ਾਹ ਪੈਦਾ ਕਰ ਦਿੱਤਾ ਹੈ।
ਅਜਿਹੇ 'ਚ ਨਿਵੇਸ਼ਕਾਂ ਨੂੰ ਉਮੀਦ ਹੈ ਕਿ ਸ਼ਾਇਦ ਦੀਵਾਲੀ ਦੀ ਮੁਹੂਰਤ ਟ੍ਰੇਡਿੰਗ ਦੌਰਾਨ ਵੀ ਇਹ ਤੇਜ਼ੀ ਜਾਰੀ ਰਹਿ ਸਕਦੀ ਹੈ। ਪਰ ਮੁਹੂਰਤ ਟ੍ਰੇਡਿੰਗ ਦਾ ਸਮਾਂ ਕੀ ਹੈ ਅਤੇ ਕੀ ਇਸ ਦੌਰਾਨ ਤੁਸੀਂ SIP ਕਰ ਸਕਦੇ ਹੋ ਜਾਂ ਨਹੀਂ? ਆਓ ਜਾਣਦੇ ਹਾਂ ਇਨ੍ਹਾਂ ਸਵਾਲਾਂ ਦੇ ਜਵਾਬ।
ਦੀਵਾਲੀ 'ਤੇ ਕਿੰਨੇ ਵਜੇ ਖੁੱਲ੍ਹੇਗਾ ਸ਼ੇਅਰ ਬਾਜ਼ਾਰ?
ਇਸ ਵਾਰ ਦੀਵਾਲੀ ਦਾ ਤਿਉਹਾਰ 8 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਦਿਨ ਐਤਵਾਰ ਹੈ ਅਤੇ ਆਮ ਤੌਰ 'ਤੇ ਐਤਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਬੰਦ ਰਹਿੰਦੇ ਹਨ। ਪਰ ਦੀਵਾਲੀ ਦੇ ਮੌਕੇ 'ਤੇ ਬਾਜ਼ਾਰ ਕੁਝ ਘੰਟਿਆਂ ਲਈ ਖੁੱਲ੍ਹੇਗਾ ਅਤੇ ਇਸ ਦੌਰਾਨ ਮੁਹੂਰਤ ਟ੍ਰੇਡਿੰਗ ਹੋਵੇਗੀ। ਮੁਹੂਰਤ ਟ੍ਰੇਡਿੰਗ NSE ਅਤੇ BSE ਦੋਵਾਂ ਐਕਸਚੇਂਜਾਂ 'ਤੇ ਹੋਵੇਗੀ।
ਦੀਵਾਲੀ 'ਤੇ ਮੁਹੂਰਤ ਟ੍ਰੇਡਿੰਗ ਦੁਪਹਿਰ 2:05 ਵਜੇ ਸ਼ੁਰੂ ਹੋਵੇਗੀ ਅਤੇ 3:30 ਵਜੇ ਤੱਕ ਚੱਲੇਗੀ। ਲਾਈਵ ਟ੍ਰੇਡਿੰਗ ਸੈਸ਼ਨ ਤੋਂ ਇਲਾਵਾ, ਦੁਪਹਿਰ 1:50 ਵਜੇ ਤੋਂ 2:05 ਵਜੇ ਤੱਕ ਬਲਾਕ ਡੀਲ ਸੈਸ਼ਨ ਵੀ ਹੋਵੇਗਾ।
ਪ੍ਰੀ-ਓਪਨ ਆਰਡਰ ਐਂਟਰੀ ਸੈਸ਼ਨ ਦੁਪਹਿਰ 2:05 ਵਜੇ ਸ਼ੁਰੂ ਹੋਵੇਗਾ ਅਤੇ 2:10 ਵਜੇ ਸਮਾਪਤ ਹੋਵੇਗਾ। ਪ੍ਰੀ-ਮਾਰਕੀਟ ਸੈਸ਼ਨ ਦੌਰਾਨ ਲਿਮਿਟ ਅਤੇ ਮਾਰਕੀਟ ਦੋਵਾਂ ਤਰ੍ਹਾਂ ਦੇ ਆਰਡਰ ਦੇਣ, ਉਨ੍ਹਾਂ 'ਚ ਬਦਲਾਅ ਕਰਨ (ਮੋਡੀਫਿਕੇਸ਼ਨ) ਅਤੇ ਰੱਦ ਕਰਨ (ਕੈਂਸਲੇਸ਼ਨ) ਦੀ ਸਹੂਲਤ ਹੋਵੇਗੀ।
ਇਸ ਤੋਂ ਬਾਅਦ ਦੁਪਹਿਰ 2:15 ਵਜੇ ਤੋਂ 2:17 ਵਜੇ ਤੱਕ ਪ੍ਰੀ-ਓਪਨ (ਆਰਡਰ ਮੈਚਿੰਗ ਅਤੇ ਟ੍ਰੇਡ ਦੀ ਪੁਸ਼ਟੀ) ਦਾ ਸਮਾਂ ਹੋਵੇਗਾ। ਫਿਰ 2:17 ਵਜੇ ਤੋਂ 2:20 ਵਜੇ ਤੱਕ ਪ੍ਰੀ-ਓਪਨ ਬਫਰ ਪੀਰੀਅਡ ਰਹੇਗਾ। ਇਸ ਤੋਂ ਬਾਅਦ ਦੁਪਹਿਰ 2:20 ਵਜੇ ਤੋਂ 3:30 ਵਜੇ ਤੱਕ ਟ੍ਰੇਡਿੰਗ ਹੋਵੇਗੀ।
ਕੀ ਮੁਹੂਰਤ ਟ੍ਰੇਡਿੰਗ ਦੌਰਾਨ ਕਰ ਸਕਦੇ ਹੋ SIP?
ਜੇਕਰ ਤੁਸੀਂ ਦੀਵਾਲੀ ਵਾਲੇ ਦਿਨ ਮਿਊਚਲ ਫੰਡ 'ਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਅਜਿਹਾ ਕਰ ਸਕਦੇ ਹੋ। ਹਾਲਾਂਕਿ, ਇਹ ਜ਼ਰੂਰੀ ਨਹੀਂ ਕਿ ਨਿਵੇਸ਼ ਲਈ ਆਰਡਰ ਦੇਣ ਦੇ ਨਾਲ ਹੀ ਤੁਹਾਡਾ ਨਿਵੇਸ਼ ਵੀ ਹੋ ਜਾਵੇ।
ਜਦੋਂ ਤੁਸੀਂ ਨਿਵੇਸ਼ ਲਈ ਅੱਗੇ ਵਧਦੇ ਹੋ ਤਾਂ ਅਸਲ 'ਚ ਤੁਹਾਡਾ ਆਰਡਰ ਸਬਮਿਟ ਹੁੰਦਾ ਹੈ। ਕਈ ਟ੍ਰੇਡਿੰਗ ਪਲੇਟਫਾਰਮ ਦੀਵਾਲੀ ਵਾਲੇ ਦਿਨ SIP ਸ਼ੁਰੂ ਕਰਨ ਜਾਂ ਫੰਡ ਖਰੀਦਣ ਦਾ ਵਿਕਲਪ ਦਿੰਦੇ ਹਨ। ਇਸ ਦਾ ਮਤਲਬ ਹੈ ਕਿ ਤੁਸੀਂ ਆਰਡਰ ਸਬਮਿਟ ਕਰ ਸਕਦੇ ਹੋ, ਪਰ ਉਸ ਆਰਡਰ ਦੀ ਪ੍ਰਕਿਰਿਆ ਉਦੋਂ ਹੀ ਸ਼ੁਰੂ ਹੋਵੇਗੀ, ਜਦੋਂ ਤੁਹਾਡਾ ਨਿਵੇਸ਼ ਮਿਊਚਲ ਫੰਡ ਹਾਊਸ ਤੱਕ ਪਹੁੰਚੇਗਾ।
ਉਦਾਹਰਨ ਵਜੋਂ, ਜੇਕਰ ਤੁਸੀਂ ਇਕਮੁਸ਼ਤ ਨਿਵੇਸ਼ ਕੀਤਾ ਹੈ ਜਾਂ SIP ਦੀ ਅਦਾਇਗੀ ਕਰ ਦਿੱਤੀ ਹੈ ਤਾਂ ਮਿਊਚਲ ਫੰਡ ਹਾਊਸ ਨੂੰ ਇਹ ਪੇਮੈਂਟ ਪ੍ਰਾਪਤ ਹੋਣ ਤੋਂ ਬਾਅਦ ਸਬੰਧਤ ਕਾਰੋਬਾਰੀ ਦਿਨ ਦੇ ਆਧਾਰ 'ਤੇ ਤੁਹਾਨੂੰ NAV ਅਲਾਟ ਕੀਤੀ ਜਾਵੇਗੀ।
ਸ਼ੇਅਰ ਬਾਜ਼ਾਰ ਨਾਲ ਜੁੜੇ ਆਪਣੇ ਸਵਾਲ ਤੁਸੀਂ business@jagrannewmedia.com 'ਤੇ ਭੇਜ ਸਕਦੇ ਹੋ। ਡਿਸਕਲੇਮਰ: ਇੱਥੇ ਸ਼ੇਅਰ ਬਾਜ਼ਾਰ ਨਾਲ ਜੁੜੀ ਜਾਣਕਾਰੀ ਦਿੱਤੀ ਗਈ ਹੈ, ਨਿਵੇਸ਼ ਦੀ ਸਲਾਹ ਨਹੀਂ। ਜਾਗਰਣ ਬਿਜ਼ਨਸ ਵੱਲੋਂ ਨਿਵੇਸ਼ ਦੀ ਕੋਈ ਸਲਾਹ ਨਹੀਂ ਦਿੱਤੀ ਜਾ ਰਹੀ। ਸਟਾਕ ਮਾਰਕੀਟ 'ਚ ਨਿਵੇਸ਼ ਬਾਜ਼ਾਰ ਦੇ ਜੋਖ਼ਮਾਂ ਦੇ ਅਧੀਨ ਹੈ। ਇਸ ਲਈ ਨਿਵੇਸ਼ ਕਰਨ ਤੋਂ ਪਹਿਲਾਂ ਕਿਸੇ ਪ੍ਰਮਾਣਿਤ ਇਨਵੈਸਟਮੈਂਟ ਐਡਵਾਈਜ਼ਰ ਨਾਲ ਸਲਾਹ ਜ਼ਰੂਰ ਕਰੋ।