10 ਲੱਖ ਕਿਲੋਗ੍ਰਾਮ ਸੋਨਾ! ਭਾਰਤ ਦੇ ਖ਼ਜ਼ਾਨੇ ’ਚ ਜਿੰਨਾ ਗੋਲਡ, ਚੀਨ ਨੇ ਸਿਰਫ਼ 8 ਮਹੀਨਿਆਂ ’ਚ ਖਰੀਦ ਲਿਆ ਉਸ ਤੋਂ ਵੀ ਜ਼ਿਆਦਾ; ਕੀ ਹੈ ਪਲਾਨ? ਚੀਨ ਦੀ ਇੰਨੀ ਵੱਡੀ ਖਰੀਦਾਰੀ ਗਲੋਬਲ ਬਾਜ਼ਾਰ ਵਿਚ ਸੋਨੇ ਦੀ ਮੰਗ ਨੂੰ ਮਜ਼ਬੂਤ ਕਰ ਸਕਦੀ ਹੈ। ਜੇ ਚੀਨ ਦੀ ਖਰੀਦਾਰੀ ਅੱਗੇ ਵੀ ਤੇਜ਼ ਰਹਿੰਦੀ ਹੈ ਅਤੇ ਦੂਜੇ ਪਾਸੇ ਸਪਲਾਈ ਸੀਮਤ ਰਹਿੰਦੀ ਹੈ ਤਾਂ ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ ਨੂੰ ਸਹਾਰਾ ਮਿਲ ਸਕਦਾ ਹੈ। ਇਸ ਦਾ ਸਿੱਧਾ ਅਸਰ ਭਾਰਤ ’ਤੇ ਵੀ ਪੈਂਦਾ ਹੈ, ਕਿਉਂਕਿ ਭਾਰਤ ਸੋਨੇ ਦਾ ਵੱਡਾ ਦਰਾਮਦਕਾਰ ਹੈ।
Publish Date: Tue, 22 Sep 2026 03:44 PM (IST)
Updated Date: Tue, 22 Sep 2026 03:52 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਚੀਨ ਦੀ ਸੋਨੇ ਦੀ ਖਰੀਦ ਨੇ ਦੁਨੀਆ ਭਰ 'ਚ ਹਲਚਲ ਮਚਾ ਦਿੱਤੀ ਹੈ। ਚੀਨ ਨੇ ਅਗਸਤ ਤਕ ਯਾਨੀ ਪਿਛਲੇ 8 ਮਹੀਨਿਆਂ 'ਚ 1000 ਟਨ ਤੋਂ ਵੱਧ ਸੋਨੇ ਦਰਾਮਦ ਕਰ ਲਿਆ ਹੈ। ਇਹ ਅੰਕੜਾ ਇਸ ਲਈ ਵੀ ਵੱਡਾ ਹੈ ਕਿਉਂਕਿ ਭਾਰਤ ਦੇ ਗੋਲਡ ਰਿਜ਼ਰਵ 'ਚ ਜਿੰਨਾ ਸੋਨਾ ਹੈ, ਚੀਨ ਨੇ ਉਸ ਤੋਂ ਵੀ ਜ਼ਿਆਦਾ ਸੋਨਾ ਸਿਰਫ਼ 8 ਮਹੀਨਿਆਂ 'ਚ ਖਰੀਦ ਲਿਆ ਹੈ। ਖ਼ਾਸ ਗੱਲ ਇਹ ਹੈ ਕਿ ਚੀਨ ਨੇ ਸਾਲ 2025 ਵਿਚ ਜਿੰਨਾ ਸੋਨਾ ਦਰਾਮਦ ਕੀਤਾ ਸੀ, ਇਸ ਸਾਲ ਦੇ ਸਿਰਫ਼ ਅੱਠ ਮਹੀਨਿਆਂ 'ਚ ਹੀ ਉਸ ਤੋਂ ਵੱਧ ਖਰੀਦਾਰੀ ਕਰ ਲਈ ਹੈ।
ਮੀਡੀਆ ਰਿਪੋਰਟ ਮੁਤਾਬਕ ਚੀਨ ਵਿਚ ਸੋਨੇ ਦੀ ਖਰੀਦਾਰੀ ਵਧਣ ਪਿੱਛੇ ਨਿਵੇਸ਼ ਦੀ ਮਜ਼ਬੂਤ ਮੰਗ, ਗਲੋਬਲ ਕੀਮਤਾਂ 'ਚ ਗਿਰਾਵਟ ਤੇ ਚੀਨੀ ਯੁਆਨ 'ਚ ਮਜ਼ਬੂਤੀ ਅਹਿਮ ਕਾਰਨ ਹਨ। ਚੀਨ ਦੁਨੀਆ ਦਾ ਸਭ ਤੋਂ ਵੱਡਾ ਗੋਲਡ ਖਰੀਦਦਾਰ ਹੈ ਅਤੇ ਉਸ ਦੀ ਇਹ ਤੇਜ਼ ਖਰੀਦਾਰੀ ਗਲੋਬਲ ਗੋਲਡ ਮਾਰਕੀਟ ਦੇ ਨਾਲ-ਨਾਲ ਭਾਰਤ ਵਿਚ ਸੋਨੇ ਦੀਆਂ ਕੀਮਤਾਂ ’ਤੇ ਵੀ ਅਸਰ ਪਾ ਸਕਦੀ ਹੈ।
1000 ਟਨ ਤੋਂ ਵੱਧ ਸੋਨਾ ਚੀਨ ਪਹੁੰਚਿਆ
ਚੀਨ ਦੇ ਕਸਟਮ ਅੰਕੜਿਆਂ ਮੁਤਾਬਕ, ਜਨਵਰੀ ਤੋਂ ਅਗਸਤ 2026 ਦਰਮਿਆਨ ਸੋਨੇ ਦਾ ਆਯਾਤ 1000 ਟਨ ਯਾਨੀ 10 ਲੱਖ ਕਿਲੋਗ੍ਰਾਮ ਤੋਂ ਪਾਰ ਨਿਕਲ ਗਿਆ। ਅੱਜ ਦੀ ਅੰਤਰਰਾਸ਼ਟਰੀ ਕੀਮਤ (4391 ਡਾਲਰ ਪ੍ਰਤੀ ਔਂਸ) ਦੇ ਹਿਸਾਬ ਨਾਲ ਇੰਨੀ ਖਰੀਦਾਰੀ ਦੀ ਕੀਮਤ 13.52 ਲੱਖ ਕਰੋੜ ਰੁਪਏ ਤੋਂ ਵੀ ਵੱਧ ਬਣਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਪਲਬਧ ਰਿਕਾਰਡ 2017 ਤੋਂ ਰੱਖੇ ਜਾ ਰਹੇ ਹਨ ਅਤੇ ਇਸ ਸਾਲ ਦਾ ਆਯਾਤ ਹੁਣ ਤੱਕ ਦੇ ਬੇਹੱਦ ਉੱਚੇ ਪੱਧਰ ਨੂੰ ਦਰਸਾ ਰਿਹਾ ਹੈ।
ਚੀਨ ਵਿੱਚ ਘਰੇਲੂ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ ਅੰਤਰਰਾਸ਼ਟਰੀ ਕੀਮਤਾਂ ਦੇ ਮੁਕਾਬਲੇ ਮਾਮੂਲੀ ਪ੍ਰੀਮੀਅਮ ’ਤੇ ਬਣੀਆਂ ਹੋਈਆਂ ਹਨ। ਇਸ ਦਾ ਮਤਲਬ ਹੈ ਕਿ ਘਰੇਲੂ ਨਿਵੇਸ਼ਕਾਂ ਦੀ ਮੰਗ ਇੰਨੀ ਮਜ਼ਬੂਤ ਹੈ ਕਿ ਆਯਾਤਕਾਰਾਂ ਲਈ ਵਿਦੇਸ਼ਾਂ ਤੋਂ ਸੋਨਾ ਮੰਗਵਾਉਣਾ ਆਕਰਸ਼ਕ ਬਣਿਆ ਹੋਇਆ ਹੈ।
ETF 'ਚ ਵੀ ਚੀਨ ਨੇ ਵਧਾਈ ਆਪਣੀ ਖਰੀਦਾਰੀ ਚੀਨ ਵਿਚ ਸਿਰਫ਼ ਫਿਜ਼ੀਕਲ ਗੋਲਡ ਦੀ ਮੰਗ ਹੀ ਨਹੀਂ ਵਧੀ ਹੈ, ਸਗੋਂ ਗੋਲਡ ETF 'ਚ ਵੀ ਨਿਵੇਸ਼ ਵਧਿਆ ਹੈ। ਅਗਸਤ ਤਕ ਚੀਨੀ ਗੋਲਡ ETF ਨੇ ਕਰੀਬ 44 ਟਨ ਸੋਨਾ ਜਮ੍ਹਾਂ ਕੀਤਾ, ਜੋ ਸਾਲ ਦੀ ਸ਼ੁਰੂਆਤ ਦੇ ਮੁਕਾਬਲੇ ਕਰੀਬ 18 ਫੀਸਦੀ ਵੱਧ ਹੈ। ਇਸ ਦੇ ਮੁਕਾਬਲੇ ਅੰਤਰਰਾਸ਼ਟਰੀ ETF 'ਚ ਇਸ ਦੌਰਾਨ ਜ਼ਿਆਦਾ ਬਦਲਾਅ ਨਹੀਂ ਦੇਖਿਆ ਗਿਆ।
ਇਸ ਤੋਂ ਸੰਕੇਤ ਮਿਲਦਾ ਹੈ ਕਿ ਚੀਨ ਵਿਚ ਨਿਵੇਸ਼ਕ ਸੋਨੇ ਨੂੰ ਮਹਿੰਗਾਈ, ਆਰਥਿਕ ਅਨਿਸ਼ਚਿਤਤਾ ਅਤੇ ਬਾਜ਼ਾਰ 'ਚ ਹੋਰ ਨਿਵੇਸ਼ ਵਿਕਲਪਾਂ ਨਾਲ ਜੁੜੇ ਜੋਖ਼ਮਾਂ ਵਿਚਕਾਰ ਇਕ ਸੁਰੱਖਿਅਤ ਵਿਕਲਪ ਵਜੋਂ ਦੇਖ ਰਹੇ ਹਨ।
ਚੀਨ ਦਾ ਕੇਂਦਰੀ ਬੈਂਕ ਵੀ ਖਰੀਦ ਰਿਹਾ ਸੋਨਾ ਚੀਨ ਦੇ ਕੇਂਦਰੀ ਬੈਂਕ ਪੀਪਲਜ਼ ਬੈਂਕ ਆਫ ਚਾਈਨਾ (People's Bank of China) ਯਾਨੀ PBOC ਦੀ ਖਰੀਦਾਰੀ ਨੇ ਵੀ ਬਾਜ਼ਾਰ ਦਾ ਭਰੋਸਾ ਵਧਾਇਆ ਹੈ। ਅਗਸਤ ਵਿਚ PBOC ਨੇ 2023 ਤੋਂ ਬਾਅਦ ਸਭ ਤੋਂ ਵੱਡੀ ਮਹੀਨਾਵਾਰ ਗੋਲਡ ਖਰੀਦਾਰੀ ਕੀਤੀ। ਬੈਂਕ ਕਰੀਬ ਦੋ ਸਾਲਾਂ ਤੋਂ ਲਗਾਤਾਰ ਸੋਨੇ ਦਾ ਭੰਡਾਰ ਵਧਾਉਣ ਦੀ ਦਿਸ਼ਾ ਵਿਚ ਬਣਿਆ ਹੋਇਆ ਹੈ।
ਜੂਨ 'ਚ ਬਦਲੇ ਗਏ ਇੰਪੋਰਟ ਲਾਇਸੈਂਸ ਨਿਯਮਾਂ ਨੇ ਵੀ ਹਾਲ ਦੇ ਮਹੀਨਿਆਂ 'ਚ ਦਰਾਮਦ ਵਧਾਉਣ 'ਚ ਭੂਮਿਕਾ ਨਿਭਾਈ ਹੋ ਸਕਦੀ ਹੈ। ਨਵੇਂ ਢਾਂਚੇ ਤਹਿਤ ਵਿੱਤੀ ਸੰਸਥਾਵਾਂ ਨੂੰ ਪਹਿਲਾਂ ਮਿਲੇ ਇੰਪੋਰਟ ਅਲੋਕੇਸ਼ਨ ਦੀ ਵਰਤੋਂ ਕਰਨ ਲਈ ਉਤਸ਼ਾਹ ਮਿਲਿਆ।
ਭਾਰਤ 'ਚ ਸੋਨੇ ’ਤੇ ਕੀ ਅਸਰ? ਚੀਨ ਦੀ ਇੰਨੀ ਵੱਡੀ ਖਰੀਦਾਰੀ ਗਲੋਬਲ ਬਾਜ਼ਾਰ ਵਿਚ ਸੋਨੇ ਦੀ ਮੰਗ ਨੂੰ ਮਜ਼ਬੂਤ ਕਰ ਸਕਦੀ ਹੈ। ਜੇ ਚੀਨ ਦੀ ਖਰੀਦਾਰੀ ਅੱਗੇ ਵੀ ਤੇਜ਼ ਰਹਿੰਦੀ ਹੈ ਅਤੇ ਦੂਜੇ ਪਾਸੇ ਸਪਲਾਈ ਸੀਮਤ ਰਹਿੰਦੀ ਹੈ ਤਾਂ ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ ਨੂੰ ਸਹਾਰਾ ਮਿਲ ਸਕਦਾ ਹੈ। ਇਸ ਦਾ ਸਿੱਧਾ ਅਸਰ ਭਾਰਤ ’ਤੇ ਵੀ ਪੈਂਦਾ ਹੈ, ਕਿਉਂਕਿ ਭਾਰਤ ਸੋਨੇ ਦਾ ਵੱਡਾ ਦਰਾਮਦਕਾਰ ਹੈ। ਹਾਲਾਂਕਿ, ਸਿਰਫ਼ ਚੀਨ ਦੀ ਖਰੀਦਾਰੀ ਦੇ ਆਧਾਰ ’ਤੇ ਭਾਰਤ 'ਚ ਸੋਨੇ ਦੀ ਕੀਮਤ ਕਿੰਨੀ ਵਧੇਗੀ, ਇਹ ਤੈਅ ਨਹੀਂ ਕੀਤਾ ਜਾ ਸਕਦਾ। ਅਮਰੀਕੀ ਵਿਆਜ ਦਰਾਂ, ਡਾਲਰ, ਗਲੋਬਲ ਆਰਥਿਕ ਹਾਲਾਤ, ਕੇਂਦਰੀ ਬੈਂਕਾਂ ਦੀ ਖਰੀਦਾਰੀ ਅਤੇ ਭਾਰਤ ਵਿੱਚ ਰੁਪਏ ਦੀ ਚਾਲ ਵੀ ਗੋਲਡ ਦੀ ਕੀਮਤ ਨੂੰ ਪ੍ਰਭਾਵਿਤ ਕਰੇਗੀ।
ਭਾਰਤ ਦੇ ਗੋਲਡ ਰਿਜ਼ਰਵ 'ਚ ਕਿੰਨਾ ਹੈ ਸੋਨਾ? ਅੰਕੜਿਆਂ ਮੁਤਾਬਕ ਭਾਰਤ ਦੇ ਗੋਲਡ ਰਿਜ਼ਰਵ 'ਚ 880.52 ਟਨ ਸੋਨਾ ਹੈ। ਜਦਕਿ ਚੀਨ ਦੇ ਗੋਲਡ ਰਿਜ਼ਰਵ 'ਚ ਜ਼ਬਰਦਸਤ ਵਾਧਾ ਹੋਇਆ ਹੈ। ਅਗਸਤ 2026 ਤਕ ਉਸ ਕੋਲ 2387 ਟਨ ਤੋਂ ਵੱਧ ਸੋਨਾ ਹੋ ਗਿਆ ਹੈ। ਸਭ ਤੋਂ ਵੱਡੇ ਗੋਲਡ ਰਿਜ਼ਰਵ ਵਾਲੇ ਦੇਸ਼ਾਂ ਦੀ ਗੱਲ ਕਰੀਏ ਤਾਂ 8133 ਟਨ ਗੋਲਡ ਦੇ ਨਾਲ ਅਮਰੀਕਾ ਨੰਬਰ-1 ’ਤੇ ਹੈ। 3350 ਟਨ ਗੋਲਡ ਦੇ ਨਾਲ ਜਰਮਨੀ ਦੂਜੇ ਨੰਬਰ ’ਤੇ ਹੈ। ਤੀਜੇ ਨੰਬਰ ’ਤੇ ਅੰਤਰਰਾਸ਼ਟਰੀ ਸੰਸਥਾ IMF ਹੈ, ਜਿਸ ਕੋਲ 2814 ਟਨ ਤੋਂ ਵੱਧ ਸੋਨਾ ਹੈ। ਉੱਥੇ ਚੀਨ ਚੌਥੇ ਅਤੇ ਭਾਰਤ ਅੱਠਵੇਂ ਨੰਬਰ ’ਤੇ ਹੈ।