ਧਨਤੇਰਸ 'ਤੇ ਸੋਨਾ ਖ਼ਰੀਦਣਾ ਨਿਵੇਸ਼ ਨਹੀਂ, ਸ਼ੌਕ ਤੇ ਪਰੰਪਰਾ ! ਗਹਿਣਿਆਂ 'ਤੇ ਖ਼ਰਚੇ ਪੈਸੇ ਪੂਰੇ ਵਾਪਸ ਮਿਲਣੇ ਮੁਸ਼ਕਲ
ਧਨਤੇਰਸ ’ਤੇ ਬਹੁਤੇ ਪਰਿਵਾਰ ਕੀ ਖ਼ਰੀਦਦੇ ਹਨ। ਆਮ ਤੌਰ ’ਤੇ ਗਹਿਣੇ, ਜਿਨ੍ਹਾਂ ਦੀ ਕੀਮਤ ਵਿਚ ਮੇਕਿੰਗ ਚਾਰਜ ਦੇ ਨਾਂ ’ਤੇ ਮੋਟੀ ਰਕਮ ਜੁੜੀ ਹੁੰਦੀ ਹੈ। ਇਹ ਉਹ ਪੈਸਾ ਹੈ ਜੋ ਗਹਿਣੇ ਵੇਚਦੇ ਵਕਤ ਵਾਪਸ ਨਹੀਂ ਮਿਲੇਗਾ। ਜਾਂ ਫਿਰ ਸੋਨੇ ਦੇ ਸਿੱਕੇ, ਜੋ ਸਾਲਾਂ ਤੱਕ ਬੈਂਕ ਦੇ ਲਾਕਰ ਵਿਚ ਰੱਖੇ ਜਾਣਗੇ ਅਤੇ ਜਿਨ੍ਹਾਂ ਦਾ ਕਿਰਾਇਆ ਵੀ ਦੇਣਾ ਪਵੇਗਾ। ਦੌਲਤ ਬਣਾਉਣ ਦੇ ਨਜ਼ਰੀਏ ਤੋਂ ਇਸ ਖ਼ਰੀਦਦਾਰੀ ਦਾ ਹਿਸਾਬ ਕਮਜ਼ੋਰ ਹੈ।
Publish Date: Sun, 18 Oct 2026 09:59 AM (IST)
Updated Date: Sun, 18 Oct 2026 10:01 AM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਹਰ ਸਾਲ ਦੀਵਾਲੀ ਨੇੜੇ ਇਕ ਦਿਲਚਸਪ ਨਜ਼ਾਰਾ ਵੇਖਣ ਨੂੰ ਮਿਲਦਾ ਹੈ। ਜਿਹੜੇ ਲੋਕ ਸਾਲ ਭਰ ਨਿਵੇਸ਼ ਕਰਨ ਬਾਰੇ ਨਹੀਂ ਸੋਚਦੇ, ਉਹ ਵੀ ਧਨਤੇਰਸ ਮੌਕੇ ਸੋਨਾ ਖ਼ਰੀਦਣ ਨਿਕਲ ਪੈਂਦੇ ਹਨ। ਗਹਿਣਿਆਂ ਦੀਆਂ ਦੁਕਾਨਾਂ ’ਤੇ ਦੇਰ ਰਾਤ ਤੱਕ ਕਤਾਰਾਂ ਲੱਗੀਆਂ ਰਹਿੰਦੀਆਂ ਹਨ ਅਤੇ ਬਹੁਤੇ ਖ਼ਰੀਦਦਾਰਾਂ ਨੂੰ ਲੱਗਦਾ ਹੈ ਕਿ ਉਹ ਨਿਵੇਸ਼ ਕਰ ਰਹੇ ਹਨ। ਸਮੱਸਿਆ ਪਰੰਪਰਾ ਵਿਚ ਨਹੀਂ, ਸਗੋਂ ਉਦੋਂ ਪੈਦਾ ਹੁੰਦੀ ਹੈ ਜਦੋਂ ਅਸੀਂ ਪਰੰਪਰਾ ਨਿਭਾਉਣ ਤੇ ਨਿਵੇਸ਼ ਕਰਨ ਨੂੰ ਇੱਕੋ ਹੀ ਗੱਲ ਸਮਝ ਲੈਂਦੇ ਹਾਂ।
ਧਨਤੇਰਸ ’ਤੇ ਬਹੁਤੇ ਪਰਿਵਾਰ ਕੀ ਖ਼ਰੀਦਦੇ ਹਨ। ਆਮ ਤੌਰ ’ਤੇ ਗਹਿਣੇ, ਜਿਨ੍ਹਾਂ ਦੀ ਕੀਮਤ ਵਿਚ ਮੇਕਿੰਗ ਚਾਰਜ ਦੇ ਨਾਂ ’ਤੇ ਮੋਟੀ ਰਕਮ ਜੁੜੀ ਹੁੰਦੀ ਹੈ। ਇਹ ਉਹ ਪੈਸਾ ਹੈ ਜੋ ਗਹਿਣੇ ਵੇਚਦੇ ਵਕਤ ਵਾਪਸ ਨਹੀਂ ਮਿਲੇਗਾ। ਜਾਂ ਫਿਰ ਸੋਨੇ ਦੇ ਸਿੱਕੇ, ਜੋ ਸਾਲਾਂ ਤੱਕ ਬੈਂਕ ਦੇ ਲਾਕਰ ਵਿਚ ਰੱਖੇ ਜਾਣਗੇ ਅਤੇ ਜਿਨ੍ਹਾਂ ਦਾ ਕਿਰਾਇਆ ਵੀ ਦੇਣਾ ਪਵੇਗਾ। ਦੌਲਤ ਬਣਾਉਣ ਦੇ ਨਜ਼ਰੀਏ ਤੋਂ ਇਸ ਖ਼ਰੀਦਦਾਰੀ ਦਾ ਹਿਸਾਬ ਕਮਜ਼ੋਰ ਹੈ। ਇਹ ਆਪਣੀ ਵਰਤੋਂ ਅਤੇ ਖ਼ੁਸ਼ੀ ਲਈ ਕੀਤਾ ਗਿਆ ਖ਼ਰਚ ਹੈ ਅਤੇ ਅਜਿਹਾ ਖ਼ਰਚ ਕਰਨ ਵਿਚ ਕੋਈ ਬੁਰਾਈ ਵੀ ਨਹੀਂ ਹੈ। ਪਰ ਖ਼ਰੀਦਦਾਰੀ ਕਿਸੇ ਸ਼ੁਭ ਦਿਨ ਹੋਈ ਹੈ, ਸਿਰਫ਼ ਇਸ ਲਈ ਉਸ ਨੂੰ ਨਿਵੇਸ਼ ਨਹੀਂ ਕਿਹਾ ਜਾ ਸਕਦਾ।
ਹੁਣ ਖ਼ਰੀਦਦਾਰੀ ਦੇ ਇਸ ਤਰੀਕੇ ਬਾਰੇ ਸੋਚੋ। ਅਸੀਂ ਕਿਸੇ ਹੋਰ ਨਿਵੇਸ਼ ਵਿਚ ਅਜਿਹਾ ਨਹੀਂ ਕਰਦੇ। ਸਿਰਫ਼ ਸ਼ੁਭ ਦਿਨ ਵੇਖ ਕੇ ਮਿਊਚੁਅਲ ਫੰਡ ਜਾਂ ਸ਼ੇਅਰ ਖ਼ਰੀਦਣ ਨਹੀਂ ਨਿਕਲ ਪੈਂਦੇ। ਪਰ ਸੋਨੇ ਦੇ ਮਾਮਲੇ ਵਿਚ ਕਰੋੜਾਂ ਲੋਕ ਅਜਿਹਾ ਕਰਦੇ ਹਨ। ਕਿਸੇ ਨੂੰ ਕਹੋ ਕਿ ਤੁਸੀਂ ਇਕ ਸ਼ੇਅਰ ਖ਼ਰੀਦਣ ਲਈ ਕੋਈ ਖ਼ਾਸ ਦਿਨ ਇਸ ਕਰ ਕੇ ਚੁਣਿਆ ਹੈ ਕਿ ਉਹ ਸ਼ੁਭ ਹੈ। ਸ਼ਾਇਦ ਉਹ ਤੁਰੰਤ ਕਹੇਗਾ ਕਿ ਇਹ ਨਿਵੇਸ਼ ਕਰਨ ਦਾ ਸਹੀ ਤਰੀਕਾ ਨਹੀਂ ਹੈ।
ਗਹਿਣੇ ਔਖੇ ਵੇਲੇ ਕੰਮ ਆਉਂਦੇ ਹਨ
ਗਹਿਣਿਆਂ ਨੂੰ ਦੌਲਤ ਸਮਝ ਕੇ ਸੰਭਾਲਣ ਦੀ ਪਰੰਪਰਾ ਬੇਵਜ੍ਹਾ ਨਹੀਂ ਬਣੀ। ਪੀੜ੍ਹੀਆਂ ਤੋਂ ਭਾਰਤੀ ਪਰਿਵਾਰਾਂ ਵਿਚ-ਖ਼ਾਸ ਕਰ ਕੇ ਔਖੇ ਵੇਲੇ ਔਰਤਾਂ ਦੇ ਗਹਿਣੇ ਪੈਸੇ ਜੁਟਾਉਣ ਦਾ ਆਖ਼ਰੀ ਸਹਾਰਾ ਰਹੇ ਹਨ। ਅੱਜ ਵੀ ਸੋਨਾ ਭਰੋਸੇਯੋਗ ਚੀਜ਼ ਮੰਨਿਆ ਜਾਂਦਾ ਹੈ ਅਤੇ ਇਸ ਦੇ ਬਦਲੇ ਕਰਜ਼ਾ ਦੇਣ ਦਾ ਵੱਡਾ ਕਾਰੋਬਾਰ ਖੜ੍ਹਾ ਹੋ ਚੁੱਕਾ ਹੈ।
ਆਰਬੀਆਈ ਮੁਤਾਬਕ, ਮਈ 2026 ਵਿਚ ਬੈਂਕਾਂ ਵੱਲੋਂ ਸੋਨੇ ਦੇ ਗਹਿਣਿਆਂ ਦੇ ਬਦਲੇ ਦਿੱਤੇ ਕਰਜ਼ਿਆਂ ਦੀ ਬਕਾਇਆ ਰਕਮ ਲਗਪਗ ₹5 ਲੱਖ ਕਰੋੜ ਰੁਪਏ ਸੀ ਜੋ ਇਕ ਸਾਲ ਪਹਿਲਾਂ ਨਾਲੋਂ ਕਰੀਬ ਦੁੱਗਣੀ ਹੈ। ਐੱਨਬੀਐੱਫਸੀ ਦਾ ਕਰਜ਼ਾ ਜੋੜਨ ’ਤੇ ਇਹ ਅੰਕੜਾ ₹8 ਲੱਖ ਕਰੋੜ ਤੋਂ ਉੱਪਰ ਪਹੁੰਚ ਜਾਂਦਾ ਹੈ। ਕਿਉਂਕਿ ਕਰਜ਼ਾ ਦੇਣ ਵਾਲੇ ਆਮ ਤੌਰ ’ਤੇ ਸੋਨੇ ਦੀ ਪੂਰੀ ਕੀਮਤ ਦੀ ਬਜਾਏ ਉਸ ਦਾ 75 ਤੋਂ 85 ਫ਼ੀਸਦੀ ਹਿੱਸਾ ਹੀ ਕਰਜ਼ੇ ਵਜੋਂ ਦਿੰਦੇ ਹਨ, ਇਸ ਲਈ ਗਿਰਵੀ ਰੱਖੇ ਸੋਨੇ ਦੀ ਕੀਮਤ ₹11 ਲੱਖ ਕਰੋੜ ਤੋਂ ਵੱਧ ਬਣਦੀ ਹੈ। ਇਹ ਇਕੁਇਟੀ ਮਿਊਚੁਅਲ ਫੰਡਾਂ ਵਿਚ ਮੌਜੂਦ ₹37.5 ਲੱਖ ਕਰੋੜ ਰੁਪਏ ਦਾ ਲਗਪਗ ਇਕ-ਤਿਹਾਈ ਹੈ। ਫਿਰ ਵੀ, ਗਹਿਣੇ ਗਿਰਵੀ ਰੱਖਣਾ ਔਖੇ ਵੇਲੇ ਦਾ ਬੰਦੋਬਸਤ ਹੈ, ਨਿਵੇਸ਼ ਦੀ ਰਣਨੀਤੀ ਨਹੀਂ। ਧਨਤੇਰਸ ’ਤੇ ਸੋਨਾ ਖ਼ਰੀਦਣ ਨੂੰ ਪਰੰਪਰਾ ਸਮਝੋ, ਵਿੱਤੀ ਯੋਜਨਾ ਨਹੀਂ।
ਸੁਰੱਖਿਆ ਲਈ ਸੋਨਾ ਰੱਖਣ ਦਾ ਤਰੀਕਾ ਅਲੱਗ ਹੈ
ਪਿਛਲੇ ਕੁਝ ਸਾਲਾਂ ਵਿਚ ਸੋਨੇ ਨੂੰ ਲੈ ਕੇ ਮੇਰੀ ਸੋਚ ਬਦਲੀ ਹੈ। ਹੁਣ ਮੈਂ ਪੋਰਟਫੋਲੀਓ ਦਾ ਛੋਟਾ ਜਿਹਾ ਹਿੱਸਾ ਸੋਨੇ ਵਿਚ ਰੱਖਣ ਨੂੰ ਆਰਥਿਕ ਅਨਿਸ਼ਚਿਤਤਾ ਦੇ ਖ਼ਿਲਾਫ਼ ਬੀਮੇ ਵਾਂਗ ਦੇਖਦਾ ਹਾਂ। ਦੁਨੀਆ ਦੀ ਮੁਦਰਾ ਪ੍ਰਣਾਲੀ ਹੁਣ ਪਹਿਲਾਂ ਜਿੰਨੀ ਭਰੋਸੇਯੋਗ ਨਹੀਂ ਰਹੀ। ਹਾਲਾਂਕਿ, ਧਨਤੇਰਸ ’ਤੇ ਗਹਿਣੇ ਖ਼ਰੀਦਣਾ ਇਸ ਤੋਂ ਅਲੱਗ ਹੈ।
ਸੁਰੱਖਿਆ ਲਈ ਰੱਖਿਆ ਸੋਨਾ ਤੁਹਾਡੀ ਵਿੱਤੀ ਯੋਜਨਾ ਦਾ ਛੋਟਾ ਹਿੱਸਾ ਹੋਣਾ ਚਾਹੀਦਾ ਹੈ ਅਤੇ ਲੋੜ ਪੈਣ ’ਤੇ ਆਸਾਨੀ ਨਾਲ ਵਿਕਣਾ ਚਾਹੀਦਾ ਹੈ। ਗਹਿਣਿਆਂ ’ਤੇ ਮੇਕਿੰਗ ਚਾਰਜ ਵਰਗੇ ਵਾਧੂ ਖ਼ਰਚੇ ਹੁੰਦੇ ਹਨ ਅਤੇ ਵੇਚਣ ਵੇਲੇ ਪੂਰੀ ਰਕਮ ਵਾਪਸ ਮਿਲਣੀ ਮੁਸ਼ਕਲ ਹੈ। ਸੋਨਾ ਖ਼ਤਰੇ ਤੋਂ ਬਚਾਅ ਦਾ ਸਾਧਨ ਹੋ ਸਕਦਾ ਹੈ, ਪਰ ਗਹਿਣਿਆਂ ਨੂੰ ਇਸੇ ਭੂਮਿਕਾ ਵਿਚ ਦੇਖਣਾ ਠੀਕ ਨਹੀਂ ਹੈ।
ਤਾਂ ਇਸ ਦੀਵਾਲੀ ਕੀ ਕਰੀਏ?
ਜਦ ਤਿਉਹਾਰ ਦਾ ਉਤਸ਼ਾਹ ਹੋਵੇ ਤੇ ਗਹਿਣਿਆਂ ਦੀਆਂ ਦੁਕਾਨਾਂ ਜਗਮਗਾ ਰਹੀਆਂ ਹੋਣ, ਤਾਂ ਵਿਧਾਨ ਨਿਭਾਓ ਅਤੇ ਖ਼ਰੀਦਦਾਰੀ ਦਾ ਆਨੰਦ ਲਓ। ਧਨਤੇਰਸ ’ਤੇ ਗਹਿਣੇ ਖ਼ਰੀਦੋ, ਖ਼ੁਦ ਪਹਿਨੋ ਜਾਂ ਆਪਣੇ ਪਿਆਰਿਆਂ ਨੂੰ ਤੋਹਫ਼ੇ ਵਜੋਂ ਦਿਉ। ਬਸ, ਇਸ ਖ਼ਰਚ ਨੂੰ ਨਿਵੇਸ਼ ਨਹੀਂ, ਸ਼ੌਕ ਅਤੇ ਪਰੰਪਰਾ ਮੰਨੋ। ਪੋਰਟਫੋਲੀਓ ਵਿਚ ਸੋਨਾ ਰੱਖਣਾ ਹੈ, ਤਾਂ ਘੱਟ ਲਾਗਤ ਵਾਲਾ ਅਤੇ ਆਸਾਨੀ ਨਾਲ ਵਿਕਣ ਵਾਲਾ ਬਦਲ ਚੁਣੋ। ਚੂੜੀਆਂ ਅਤੇ ਹਾਰ ਇਸ ਦੇ ਲਈ ਸਹੀ ਨਹੀਂ ਹਨ।