- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੋਲਡਨ ਗ੍ਰੋਥ ਫੰਡ ਦੇ ਸੀਈਓ ਅੰਕੁਰ ਜਾਲਾਨ ਨੇ ਕਿਹਾ ਕਿ ਘੱਟ ਬਜਟ ਵਾਲੇ ਘਰ ਖਰੀਦਦਾਰ ਲੋਨ ਦੀ ਈਐੱਮਆਈ ’ਤੇ ਪੂਰਾ ਧਿਆਨ ਦਿੰਦੇ ਹਨ। 20 ਸਾਲ ਲਈ 50 ਲੱਖ ਤੱਕ ਦੇ ਲੋਨ ’ਤੇ ਈਐੱਮਆਈ ’ਚ 1000 ਰੁਪਏ ਪ੍ਰਤੀ ਮਹੀਨੇ ਦਾ ਵਾਧਾ ਹੋ ਸਕਦਾ ਹੈ। ਸੀਮਤ ਕਮਾਈ ਵਾਲੇ ਲੋਕ ਏਨੀ ਰਕਮ ਦਾ ਵੀ ਧਿਆਨ ਰੱਖਦੇ ਹਨ।

ਜਾਸ, ਨਵੀਂ ਦਿੱਲੀ : ਜੇਕਰ ਹੁਣ ਤੁਸੀਂ ਮਕਾਨ ਤੇ ਗੱਡੀ ਖਰੀਦਣ ਦੀ ਸੋਚ ਰਹੇ ਹੋ ਤਾਂ ਨਵੰਬਰ ’ਚ ਇਸਦੀ ਖਰੀਦਦਾਰੀ ਕਰਨਾ ਫਾਇਦੇਮੰਦ ਸਾਬਿਤ ਹੋ ਸਕਦਾ ਹੈ। ਤਿਉਹਾਰੀ ਸੀਜ਼ਨ ’ਚ ਮਿਲਣ ਵਾਲੀ ਛੋਟ ਤੇ ਘੱਟ ਵਿਆਜ਼ ਦਰ ’ਤੇ ਖਰੀਦਦਾਰੀ ਦਾ ਦੋਹਰਾ ਫਾਇਦਾ ਚੁੱਕ ਸਕਦੇ ਹੋ ਕਿਉਂਕਿ ਦਸੰਬਰ ਤੋਂ ਦੋਵਾਂ ਦੀ ਖਰੀਦਦਾਰੀ ਲਾਗਤ ਵਧਣ ਦੇ ਪੁਖਤਾ ਆਸਾਰ ਹਨ। ਆਲਮੀ ਹਾਲਾਤ ਨੂੰ ਦੇਖਦੇ ਹੋਏ ਅਗਲੇ ਦੋ-ਤਿੰਨ ਮਹੀਨਿਆਂ ’ਚ ਮਕਾਨ ਤੇ ਗੱਡੀ ਦੀ ਨਿਰਮਾਣ ਲਾਗਤ ਵਧਣ ਨਾਲ ਉਨ੍ਹਾਂ ਦੀਆਂ ਕੀਮਤਾਂ ਵਧਣਗੀਆਂ ਤੇ ਆਰਬੀਆਈ ਵਲੋਂ ਰੈਪੋ ਰੇਟ ਵਧਾਉਣ ਨਾਲ ਬੈਂਕਾਂ ਦੇ ਕਰਜ਼ ਦੀ ਵਿਆਜ਼ ਦਰ ’ਚ ਵੀ ਵਾਧਾ ਪੱਕਾ ਮੰਨਿਆ ਜਾ ਰਿਹਾ ਹੈ। ਅਰਥਸ਼ਾਸਤਰੀ ਸਾਕਸ਼ੀ ਗੁਪਤਾ ਮੁਤਾਬਕ ਮਹਿੰਗਾਈ ਦੇ ਦਬਾਅ ਨੂੰ ਦੇਖਦੇ ਹੋਏ ਦਸੰਬਰ ’ਚ ਆਰਬੀਆਈ ਮੁੜ ਰੈਪੋ ਰੇਟ ’ਚ 25 ਬੇਸ ਅੰਕਾਂ ਦਾ ਵਾਧਾ ਕਰ ਸਕਦਾ ਹੈ। ਆਰਥਿਕ ਜਾਣਕਾਰਾਂ ਦਾ ਕਹਿਣਾ ਹੈ ਕਿ ਆਰਬੀਆਈ ਦਸੰਬਰ ਦੇ ਬਾਅਦ ਅਗਲੀ ਮਾਰਚ ’ਚ ਵੀ ਰੈਪੋ ਰੇਟ ਵਧਾ ਸਕਦਾ ਹੈ। ਅਜਿਹੇ ’ਚ ਸ਼ੱਕ ਹੈ ਕਿ ਬੈਂਕ ਦੀ ਵਿਆਜ ਦਰ ਪਿਛਲੇ ਮਹੀਨੇ ਦੇ ਮੁਕਾਬਲੇ ਦਸੰਬਰ ’ਚ 50 ਬੇਸ ਅੰਕ ਵੱਧ ਜਾਏਗੀ ਤੇ ਮਕਾਨ ਖਰੀਦਣ ਵਾਲਿਆਂ ਨੂੰ ਕਿਸ਼ਤ (ਈਐੱਮਆਈ) ’ਤੇ ਜ਼ਿਆਦਾ ਵਿਆਜ ਚੁਕਾਉਣਾ ਪਵੇਗਾ। ਕਾਰ ਲੋਨ ਦੀ ਦਰ ਵੀ ਵੱਧ ਜਾਏਗੀ ਤੇ ਉਸ ’ਤੇ ਜ਼ਿਆਦਾ ਵਿਆਜ ਦੇਣਾ ਪਵੇਗਾ। 70 ਫ਼ੀਸਦੀ ਤੋਂ ਜ਼ਿਆਦਾ ਮਕਾਨ ਤੇ ਕਾਰਾਂ, ਬੈਂਕ ਤੋਂ ਲੋਨ ਲੈ ਕੇ ਖਰੀਦੀਆਂ ਜਾਂਦੀਆਂ ਹਨ। ਕਾਰ ਲੋਨ ਦੀ ਮਿਆਦ ਵੱਧ ਤੋਂ ਵੱਧ ਸੱਤ ਸਾਲ ਦੀ ਹੁੰਦੀ ਹੈ, ਇਸ ਲਈ ਉਸਦੇ ਲੋਨ ਦੀ ਕਿਸ਼ਤ ਵੀ ਜ਼ਿਆਦਾ ਹੁੰਦੀ ਹੈ।
ਅਰਬਨ ਮਨੀ ਦੇ ਕੋ-ਫਾਊਂਡਰ ਅਮਿਤ ਪ੍ਰਕਾਸ਼ ਸਿੰਘ ਦਾ ਕਹਿਣਾ ਹੈ ਕਿ ਦਸੰਬਰ ’ਚ ਰੇਟ ਵਧਣ ’ਤੇ ਘੱਟ ਜਾਂ ਮੱਧਮ ਬਜਟ ਦੇ ਮਕਾਨ ਦੇ ਖ਼ਰੀਦਦਾਰ ਨਿਸ਼ਚਿਤ ਰੂਪ ਨਾਲ ਆਪਣੀ ਲਾਗਤ ਦਾ ਮੁਲਾਂਕਣ ਕਰਨਗੇ ਤੇ ਉਹ ਖ਼ਰੀਦਦਾਰੀ ਨੂੰ ਟਾਲ ਵੀ ਸਕਦੇ ਹਨ. ਪਰ ਪ੍ਰੀਮੀਅਮ ਸੇਗਮੈਂਟ ’ਤੇ ਇਸਦਾ ਅਸਰ ਨਹੀਂ ਹੋਵੇਗਾ। ਗੋਲਡਨ ਗ੍ਰੋਥ ਫੰਡ ਦੇ ਸੀਈਓ ਅੰਕੁਰ ਜਾਲਾਨ ਨੇ ਕਿਹਾ ਕਿ ਘੱਟ ਬਜਟ ਵਾਲੇ ਘਰ ਖਰੀਦਦਾਰ ਲੋਨ ਦੀ ਈਐੱਮਆਈ ’ਤੇ ਪੂਰਾ ਧਿਆਨ ਦਿੰਦੇ ਹਨ। 20 ਸਾਲ ਲਈ 50 ਲੱਖ ਤੱਕ ਦੇ ਲੋਨ ’ਤੇ ਈਐੱਮਆਈ ’ਚ 1000 ਰੁਪਏ ਪ੍ਰਤੀ ਮਹੀਨੇ ਦਾ ਵਾਧਾ ਹੋ ਸਕਦਾ ਹੈ। ਸੀਮਤ ਕਮਾਈ ਵਾਲੇ ਲੋਕ ਏਨੀ ਰਕਮ ਦਾ ਵੀ ਧਿਆਨ ਰੱਖਦੇ ਹਨ। ਹਾਲੇ ਹੋਮ ਲੋਨ 7.60 ਫ਼ੀਸਦੀ ਤੋਂ ਲੈ ਕੇ 13 ਫ਼ੀਸਦੀ ਤੱਕ ਹੈ ਜਿਹੜਾ ਬੈਂਕ ਤੇ ਗਾਹਕ ਦੇ ਸਿਬਿਲ ਸਕੋਰ ’ਤੇ ਨਿਰਭਰ ਕਰਦਾ ਹੈ। ਹਾਲਾਂਕਿ ਫਲੋਟਿੰਗ ਰੇਟ (ਬਦਲਦੀ ਵਿਆਜ ਦਰ) ’ਤੇ ਲੋਨ ਲੈਣ ’ਤੇ ਬਾਅਦ ’ਚ ਵੀ ਲੋਨ ਦੀ ਕਿਸ਼ਤ ਵੱਧ ਜਾਏਗੀ, ਇਸ ਲਈ ਗਾਹਕਾਂ ਨੂੰ ਫਿਕਸਡ ਰੇਟ (ਨਿਸ਼ਚਿਤ ਵਿਆਜ ਦਰ) ’ਤੇ ਲੋਨ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।