- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਆਈਜੇਜੀਐੱਫ ਨੇ ਰਤਨ ਅਤੇ ਗਹਿਣਿਆਂ ਦੇ ਖੇਤਰ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ (ਅਪ੍ਰੈਲ-ਸਤੰਬਰ) ਦੌਰਾਨ ਇਸ ਖੇਤਰ ਦਾ ਵਿਦੇਸ਼ੀ ਵਪਾਰ ਵੀ ਕਾਫ਼ੀ ਮਜ਼ਬੂਤ ਰਿਹਾ। ਇਸ ਸਮੇਂ ਦੌਰਾਨ 1,82,995 ਕਰੋੜ ਰੁਪਏ ਦੇ ਸੋਨੇ ਦੀ ਧਾਤ ਦੀ ਦਰਾਮਦ ਅਤੇ 22,923 ਕਰੋੜ ਰੁਪਏ ਦੀ ਚਾਂਦੀ ਦੀ ਧਾਤ ਦੀ ਦਰਾਮਦ ਦਰਜ ਕੀਤੀ ਗਈ।

ਜਾਸ, ਨਵੀਂ ਦਿੱਲੀ: ਧਨਤੇਰਸ ਮੌਕੇ ਦੇਸ਼ ਭਰ ’ਚ ਖ਼ਰੀਦਦਾਰੀ ਦਾ ਬੇਮਿਸਾਲ ਉਤਸ਼ਾਹ ਦੇਖਣ ਨੂੰ ਮਿਲਿਆ, ਜਿਸ ਨੇ ਭਾਰਤੀ ਪ੍ਰਚੂਨ ਵਪਾਰ ਦੇ ਇਤਿਹਾਸ ’ਚ ਨਵਾਂ ਰਿਕਾਰਡ ਕਾਇਮ ਕੀਤਾ ਹੈ। ਰਵਾਇਤੀ ਆਸਥਾ, ਖ਼ਪਤਕਾਰਾਂ ਦੇ ਮਜ਼ਬੂਤ ਭਰੋਸੇ ਤੇ ਘਰੇਲੂ ਅਰਥਚਾਰੇ ’ਚ ਆਈ ਨਵੀਂ ਊਰਜਾ ਦੇ ਦਮ ’ਤੇ ਇਸ ਵਾਰ ਧਨਤੇਰਸ ਦਾ ਕਾਰੋਬਾਰ 1.25 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ। ਇਸ ਵੱਡੇ ਤਿਉਹਾਰ ਮੌਕੇ ਸੋਨੇ-ਚਾਂਦੀ ਤੋਂ ਲੈ ਕੇ ਆਟੋਮੋਬਾਈਲ, ਭਾਂਡਿਆਂ, ਇਲੈਕਟ੍ਰਾਨਿਕਸ ਤੇ ਕੱਪੜਿਆਂ ਤੱਕ ਬਾਜ਼ਾਰ ਦੇ ਹਰ ਖੇਤਰ ’ਚ ਗਾਹਕਾਂ ਦੀ ਭਾਰੀ ਭੀੜ ਉਮੜੀ। ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ) ਦੇ ਕੌਮੀ ਜਨਰਲ ਸਕੱਤਰ ਤੇ ਚਾਂਦਨੀ ਚੌਕ ਤੋਂ ਸੰਸਦ ਮੈਂਬਰ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਧਨਤੇਰਸ ਨੇ ਇਕ ਵਾਰ ਫਿਰ ਦੇਸ਼ ਦੇ ਰਵਾਇਤੀ ਬਾਜ਼ਾਰਾਂ ਦੀ ਵੱਡੀ ਤਾਕਤ ਸਾਬਤ ਕੀਤੀ ਹੈ। ਤਿਉਹਾਰਾਂ ਦੇ ਸੀਜ਼ਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਦੇਸ਼ੀ ਅਪਣਾਉਣ ਦੇ ਸੱਦੇ ਦਾ ਵਿਆਪਕ ਅਸਰ ਦੇਖਣ ਨੂੰ ਮਿਲਿਆ ਹੈ, ਜਿਸ ਨਾਲ ਸਥਾਨਕ ਕਾਰੀਗਰਾਂ, ਸ਼ਿਲਪਕਾਰਾਂ ਅਤੇ ਐੱਮਐੱਸਐੱਮਈ ਖੇਤਰ ਨੂੰ ਵੱਡਾ ਲਾਭ ਹੋਇਆ ਹੈ।
ਕੈਟ ਦੇ ਗਹਿਣਿਆਂ ਨਾਲ ਸਬੰਧਤ ਵਿੰਗ ਆਲ ਇੰਡੀਆ ਜਵੈਲਰਜ਼ ਐਂਡ ਗੋਲਡਸਮਿਥ ਫੈਡਰੇਸ਼ਨ (ਏਆਈਜੇਜੀਐੱਫ) ਦੇ ਕੌਮੀ ਪ੍ਰਧਾਨ ਪੰਕਜ ਅਰੋੜਾ ਅਨੁਸਾਰ, ਕੀਮਤੀ ਧਾਤਾਂ ਦੀਆਂ ਕੀਮਤਾਂ ’ਚ ਤੇਜ਼ੀ ਦੇ ਬਾਵਜੂਦ ਗਾਹਕਾਂ ਦੇ ਉਤਸ਼ਾਹ ’ਚ ਕੋਈ ਕਮੀ ਨਹੀਂ ਆਈ। ਸੋਨੇ-ਚਾਂਦੀ ਦਾ ਕਾਰੋਬਾਰ 66 ਹਜ਼ਾਰ ਕਰੋੜ ਰੁਪਏ ਤੋਂ ਵੱਧ ਰਿਹਾ। ਉੱਥੇ ਹੀ, ਆਲ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਯੋਗੇਸ਼ ਸਿੰਘਲ ਅਨੁਸਾਰ ਦਿੱਲੀ ’ਚ ਵਿਕਰੀ ਦਾ ਇਹ ਅੰਕੜਾ ਕਰੀਬ 20 ਹਜ਼ਾਰ ਕਰੋੜ ਰੁਪਏ ਰਿਹਾ।
ਹਰ ਵਰਗ ਅਤੇ ਖੇਤਰ ਦੇ ਕਾਰੋਬਾਰ ਨੂੰ ਮਿਲੀ ਰਫ਼ਤਾਰ
ਧਨਤੇਰਸ ਦਾ ਆਰਥਿਕ ਪ੍ਰਭਾਵ ਸਿਰਫ਼ ਗਹਿਣਿਆਂ ਤੱਕ ਹੀ ਸੀਮਤ ਨਹੀਂ ਰਿਹਾ। ਰਵਾਇਤ ਅਨੁਸਾਰ ਤਾਂਬੇ, ਪਿੱਤਲ ਅਤੇ ਸਟੀਲ ਦੇ ਭਾਂਡਿਆਂ ਦੇ ਨਾਲ-ਨਾਲ ਨਵੀਂ ਝਾੜੂ ਖ਼ਰੀਦਣ ਦੀ ਰਵਾਇਤ ਵੀ ਪੂਰੇ ਉਤਸ਼ਾਹ ਨਾਲ ਨਿਭਾਈ ਗਈ। ਆਧੁਨਿਕ ਸਮੇਂ ਦੀਆਂ ਲੋੜਾਂ ਨੂੰ ਦੇਖਦਿਆਂ ਮੋਬਾਈਲ ਫੋਨ, ਲੈਪਟਾਪ, ਟੈਲੀਵਿਜ਼ਨ, ਆਧੁਨਿਕ ਘਰੇਲੂ ਉਪਕਰਨਾਂ ਅਤੇ ਆਟੋਮੋਬਾਈਲ ਖੇਤਰ ’ਚ ਵੀ ਰਿਕਾਰਡ ਤੋੜ ਵਿਕਰੀ ਦਰਜ ਕੀਤੀ ਗਈ। ਇਸ ਧਨਤੇਰਸ ਮੌਕੇ ਦੇਸ਼ ਦੇ ਰਵਾਇਤੀ ਬਾਜ਼ਾਰ ਗਾਹਕਾਂ ਦੀ ਭਾਰੀ ਭੀੜ ਨਾਲ ਗੁਲਜ਼ਾਰ ਨਜ਼ਰ ਆਏ।
ਵਿਦੇਸ਼ੀ ਝਟਕਿਆਂ ਦਾ ਅਸਰ ਨਹੀਂ, ਦਰਾਮਦ-ਬਰਾਮਦ ਦਾ ਪ੍ਰਦਰਸ਼ਨ ਰਿਹਾ ਮਜ਼ਬੂਤ
ਏਆਈਜੇਜੀਐੱਫ ਨੇ ਰਤਨ ਅਤੇ ਗਹਿਣਿਆਂ ਦੇ ਖੇਤਰ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ (ਅਪ੍ਰੈਲ-ਸਤੰਬਰ) ਦੌਰਾਨ ਇਸ ਖੇਤਰ ਦਾ ਵਿਦੇਸ਼ੀ ਵਪਾਰ ਵੀ ਕਾਫ਼ੀ ਮਜ਼ਬੂਤ ਰਿਹਾ। ਇਸ ਸਮੇਂ ਦੌਰਾਨ 1,82,995 ਕਰੋੜ ਰੁਪਏ ਦੇ ਸੋਨੇ ਦੀ ਧਾਤ ਦੀ ਦਰਾਮਦ ਅਤੇ 22,923 ਕਰੋੜ ਰੁਪਏ ਦੀ ਚਾਂਦੀ ਦੀ ਧਾਤ ਦੀ ਦਰਾਮਦ ਦਰਜ ਕੀਤੀ ਗਈ। ਦੂਜੇ ਪਾਸੇ, ਦੇਸ਼ ਦੇ ਹੁਨਰਮੰਦ ਕਾਰੀਗਰਾਂ ਦੀ ਕਲਾ ਦੀ ਬਦੌਲਤ ਸਾਦੇ ਅਤੇ ਜੜਾਊ ਤਿਆਰ ਸੋਨੇ ਦੇ ਗਹਿਣਿਆਂ ਦੀ ਬਰਾਮਦ 59,266 ਕਰੋੜ ਰੁਪਏ ਅਤੇ ਚਾਂਦੀ ਦੇ ਗਹਿਣਿਆਂ ਦੀ ਬਰਾਮਦ 6,909 ਕਰੋੜ ਰੁਪਏ ਦੇ ਪੱਧਰ ’ਤੇ ਪਹੁੰਚ ਗਈ।
ਗਹਿਣਿਆਂ ਲਈ 24 ਕੈਰੇਟ ਨਾਲੋਂ 22 ਅਤੇ 18 ਕੈਰੇਟ ਸੋਨੇ ਦੀ ਮੰਗ ਵੱਧ
ਸਰਾਫਾ ਬਾਜ਼ਾਰ ਦੇ ਕਾਰੋਬਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ 24 ਕੈਰੇਟ ਸੋਨੇ ਦੀ ਕੀਮਤ ਕਰੀਬ ਦੋ ਹਜ਼ਾਰ ਰੁਪਏ ਦੀ ਨਰਮੀ ਨਾਲ ਘਟ ਕੇ ਪ੍ਰਤੀ 10 ਗ੍ਰਾਮ 1.45 ਲੱਖ ਰੁਪਏ ਰਹਿ ਗਈ। ਪਰ ਇਸ ਮੌਕੇ ਗਹਿਣੇ ਖ਼ਰੀਦਣ ਵਾਲੇ ਗਾਹਕਾਂ ’ਚ 22 ਅਤੇ 18 ਕੈਰੇਟ ਸੋਨੇ ਦੀ ਮੰਗ ਵੱਧ ਰਹੀ। ਸ਼ੁੱਕਰਵਾਰ ਨੂੰ 22 ਕੈਰੇਟ ਸੋਨੇ ਦੀ ਕੀਮਤ ਪ੍ਰਤੀ 10 ਗ੍ਰਾਮ 1.33 ਲੱਖ ਰੁਪਏ ਰਹੀ, ਜਦਕਿ 18 ਕੈਰੇਟ ਸੋਨੇ ਦੀ ਕੀਮਤ ਪ੍ਰਤੀ 10 ਗ੍ਰਾਮ 1,10,000 ਰੁਪਏ ਰਹੀ। ਸਰਾਫਾ ਕਾਰੋਬਾਰੀਆਂ ਨੇ ਦੱਸਿਆ ਕਿ ਧਨਤੇਰਸ ਮੌਕੇ 24 ਕੈਰੇਟ ਸੋਨਾ ਖ਼ਰੀਦਣ ਵਾਲੇ ਜ਼ਿਆਦਾਤਰ ਗਾਹਕ ਸੋਨੇ ਦੇ ਸਿੱਕੇ ਜਾਂ ਬਿਸਕੁਟ ਖ਼ਰੀਦਣਾ ਪਸੰਦ ਕਰ ਰਹੇ ਸਨ। ਉਨ੍ਹਾਂ ਅਨੁਸਾਰ ਪੁਰਾਣਾ ਸੋਨਾ ਵੇਚ ਕੇ ਨਵੇਂ ਗਹਿਣੇ ਬਣਵਾਉਣ ਦਾ ਰੁਝਾਨ ਵੀ ਤੇਜ਼ੀ ਨਾਲ ਵਧ ਰਿਹਾ ਹੈ।
ਚਾਲੂ ਵਿੱਤੀ ਸਾਲ 2026-27 ’ਚ ਅਪ੍ਰੈਲ ਤੋਂ ਸਤੰਬਰ ਤੱਕ ਸੋਨੇ ਦੀ ਦਰਾਮਦ ’ਚ 27 ਫ਼ੀਸਦ ਤੱਕ ਦੀ ਗਿਰਾਵਟ ਦਰਜ ਕੀਤੀ ਗਈ। ਇਸ ਸਮੇਂ ਦੌਰਾਨ 19.27 ਅਰਬ ਡਾਲਰ ਦੇ ਸੋਨੇ ਦੀ ਦਰਾਮਦ ਕੀਤੀ ਗਈ, ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ ਅੰਕੜਾ 26.51 ਅਰਬ ਡਾਲਰ ਸੀ। ਇਸ ਸਾਲ 650 ਟਨ ਸੋਨੇ ਦੀ ਖ਼ਪਤ ਹੋਣ ਦਾ ਅਨੁਮਾਨ ਹੈ।