- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੇ ਤੁਹਾਡਾ ਪੀਐੱਫ ਖਾਤਾ ਹੈ ਤਾਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੋਵੇਗਾ ਕਿ ਸਾਡੇ ਪੀਐੱਫ ਖਾਤੇ ਲਈ ਯੂਏਐੱਨ (UAN) ਨੰਬਰ ਕਿੰਨਾ ਜ਼ਰੂਰੀ ਹੈ। ਅਜਿਹੇ ਵਿੱਚ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਨੌਕਰੀ ਬਦਲਣ ’ਤੇ ਤੁਹਾਨੂੰ ਨਵਾਂ ਯੂਏਐੱਨ ਬਣਵਾਉਣ ਦੀ ਲੋੜ ਨਹੀਂ ਹੁੰਦੀ।

ਬਿਜ਼ਨਸ ਡੈਸਕ, ਨਵੀਂ ਦਿੱਲੀ : ਇਕ ਸਮੇਂ ਬਾਅਦ ਹਰ ਵਿਅਕਤੀ ਆਪਣੀ ਨੌਕਰੀ ਬਦਲਦਾ ਹੈ। ਤਨਖ਼ਾਹ ਵਿੱਚ ਵਾਧੇ ਅਤੇ ਕਰੀਅਰ ਨੂੰ ਅੱਗੇ ਵਧਾਉਣ ਲਈ ਲੋਕ ਇਕ ਕੰਪਨੀ ਛੱਡ ਕੇ ਦੂਜੀ ਕੰਪਨੀ ਵਿੱਚ ਨੌਕਰੀ ਸ਼ੁਰੂ ਕਰਦੇ ਹਨ। ਪਰ ਇਸ ਪ੍ਰਕਿਰਿਆ ਦੌਰਾਨ ਅਕਸਰ ਮਨ ਵਿੱਚ ਸਵਾਲ ਆਉਂਦਾ ਹੈ ਕਿ ਪੁਰਾਣੀ ਕੰਪਨੀ ਵਿੱਚ ਜਮ੍ਹਾਂ ਪੀਐੱਫ (PF) ਅਤੇ ਪੈਨਸ਼ਨ ਦਾ ਕੀ ਹੋਵੇਗਾ? ਪੀਐੱਫ ਦਾ ਪੈਸਾ ਕਿਵੇਂ ਟਰਾਂਸਫਰ ਹੋਵੇਗਾ? ਕੀ ਨਵਾਂ ਖਾਤਾ ਖੁੱਲ੍ਹਵਾਉਣਾ ਪਵੇਗਾ? ਅੱਜ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਦੇਵਾਂਗੇ।
ਸਭ ਤੋਂ ਖ਼ਾਸ ਗੱਲ ਇਹ ਹੈ ਕਿ ਜਦੋਂ ਤੁਸੀਂ ਨੌਕਰੀ ਬਦਲਦੇ ਹੋ ਤਾਂ ਤੁਹਾਡੇ ਪੀਐੱਫ ਅਤੇ ਪੈਨਸ਼ਨ ਦੇ ਪੈਸੇ ਦਾ ਕੋਈ ਨੁਕਸਾਨ ਨਹੀਂ ਹੁੰਦਾ। ਸਹੀ ਪ੍ਰਕਿਰਿਆ ਅਪਣਾਉਣ ਨਾਲ ਪੁਰਾਣੀ ਨੌਕਰੀ ਦੀ ਬਚਤ ਅਤੇ ਸਰਵਿਸ ਰਿਕਾਰਡ ਅੱਗੇ ਵੀ ਜਾਰੀ ਰਹਿ ਸਕਦੇ ਹਨ।
PF ਖਾਤੇ ਵਿੱਚ ਹੁੰਦਾ ਹੈ ਬਦਲਾਅ
ਜੇ ਤੁਹਾਡਾ ਪੀਐੱਫ ਖਾਤਾ ਹੈ ਤਾਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੋਵੇਗਾ ਕਿ ਸਾਡੇ ਪੀਐੱਫ ਖਾਤੇ ਲਈ ਯੂਏਐੱਨ (UAN) ਨੰਬਰ ਕਿੰਨਾ ਜ਼ਰੂਰੀ ਹੈ। ਅਜਿਹੇ ਵਿੱਚ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਨੌਕਰੀ ਬਦਲਣ ’ਤੇ ਤੁਹਾਨੂੰ ਨਵਾਂ ਯੂਏਐੱਨ ਬਣਵਾਉਣ ਦੀ ਲੋੜ ਨਹੀਂ ਹੁੰਦੀ। ਯੂਏਐੱਨ ਯਾਨੀ ਯੂਨੀਵਰਸਲ ਅਕਾਊਂਟ ਨੰਬਰ ਪੂਰੀ ਨੌਕਰੀ ਦੌਰਾਨ ਇਕ ਹੀ ਰਹਿੰਦਾ ਹੈ। ਨਵੀਂ ਕੰਪਨੀ ਨੂੰ ਆਪਣਾ ਪੁਰਾਣਾ ਯੂਏਐੱਨ ਦੇਣਾ ਪੈਂਦਾ ਹੈ। ਇਸ ਤੋਂ ਬਾਅਦ ਨਵੀਂ ਕੰਪਨੀ ਉਸੇ ਯੂਏਐੱਨ ਨਾਲ ਤੁਹਾਡੀ ਨਵੀਂ ਪੀਐੱਫ ਮੈਂਬਰ ਆਈਡੀ ਜੋੜ ਦਿੰਦੀ ਹੈ।
ਹੁਣ ਕੰਮ ਦੀ ਗੱਲ ਕਰੀਏ। ਪੁਰਾਣੀ ਕੰਪਨੀ ਵਿੱਚ ਤੁਹਾਡੇ ਪੀਐੱਫ ਖਾਤੇ ਵਿੱਚ ਜਮ੍ਹਾਂ ਹੋਈ ਰਕਮ ਨਵੇਂ ਖਾਤੇ ਵਿੱਚ ਟਰਾਂਸਫਰ ਕਰਵਾਈ ਜਾ ਸਕਦੀ ਹੈ। ਇਸ ਲਈ ਈਪੀਐੱਫਓ (EPFO) ਪੋਰਟਲ ’ਤੇ ਆਨਲਾਈਨ ਟਰਾਂਸਫਰ ਕਲੇਮ ਦੀ ਸਹੂਲਤ ਉਪਲਬਧ ਹੈ। ਜ਼ਿਆਦਾਤਰ ਮਾਮਲਿਆਂ ਵਿੱਚ ਹੁਣ ਇਸ ਲਈ ਪੁਰਾਣੀ ਜਾਂ ਨਵੀਂ ਕੰਪਨੀ ਦੀ ਮਨਜ਼ੂਰੀ ਦੀ ਵੀ ਲੋੜ ਨਹੀਂ ਹੁੰਦੀ। ਈਪੀਐੱਫਓ ਨੇ ਜਨਵਰੀ 2025 ਵਿੱਚ ਇਸ ਪ੍ਰਕਿਰਿਆ ਨੂੰ ਆਸਾਨ ਬਣਾ ਦਿੱਤਾ ਸੀ।
PF ਤੋਂ ਬਾਅਦ ਪੈਨਸ਼ਨ ਦਾ ਪੈਸਾ ਕਿਵੇਂ ਹੋਵੇਗਾ ਟਰਾਂਸਫਰ?
ਇਕ ਗੱਲ ਸਮਝਣੀ ਜ਼ਰੂਰੀ ਹੈ ਕਿ ਪੀਐੱਫ (PF) ਅਤੇ ਪੈਨਸ਼ਨ ਦੋਵੇਂ ਵੱਖ-ਵੱਖ ਚੀਜ਼ਾਂ ਹਨ। ਇਸ ਨੂੰ ਇਸ ਤਰ੍ਹਾਂ ਸਮਝੋ:
PF (ਭਵਿੱਖ ਨਿਧੀ): ਇਸ ਵਿੱਚ ਤੁਹਾਡੀ ਅਤੇ ਤੁਹਾਡੀ ਕੰਪਨੀ ਦੋਵਾਂ ਦੀ ਹਿੱਸੇਦਾਰੀ ਜਮ੍ਹਾਂ ਹੁੰਦੀ ਹੈ, ਜਿਸ ’ਤੇ ਤੁਹਾਨੂੰ ਵਿਆਜ ਵੀ ਮਿਲਦਾ ਹੈ।
EPS (ਪੈਨਸ਼ਨ): ਇਹ ਪੈਸਾ ਈਪੀਐੱਫਓ ਦੀ 'ਕਰਮਚਾਰੀ ਪੈਨਸ਼ਨ ਯੋਜਨਾ' ਤਹਿਤ ਜਮ੍ਹਾਂ ਹੁੰਦਾ ਹੈ।
ਨੌਕਰੀ ਬਦਲਣ ’ਤੇ ਪੈਨਸ਼ਨ ਦਾ ਕੀ ਹੁੰਦਾ ਹੈ?
ਜਦੋਂ ਤੁਸੀਂ ਕੰਪਨੀ ਬਦਲਦੇ ਹੋ ਤਾਂ ਤੁਹਾਡਾ ਪੀਐੱਫ ਬੈਲੇਂਸ ਨਵੇਂ ਖਾਤੇ ਵਿੱਚ ਟਰਾਂਸਫਰ ਹੋ ਕੇ ਦਿਖਾਈ ਦੇਣ ਲੱਗਦਾ ਹੈ, ਪਰ ਪੈਨਸ਼ਨ ਦੀ ਰਕਮ ਆਮ ਪੀਐੱਫ ਵਾਂਗ ਬੈਲੇਂਸ ਦੇ ਰੂਪ ਵਿੱਚ ਨਹੀਂ ਦਿਖਾਈ ਦਿੰਦੀ।
ਇਸ ਦੀ ਬਜਾਏ ਤੁਹਾਡੀ ਪੁਰਾਣੀ ਕੰਪਨੀ ਦੀ 'ਪੈਨਸ਼ਨ ਸਰਵਿਸ ਹਿਸਟਰੀ' ਨਵੀਂ ਕੰਪਨੀ ਦੇ ਰਿਕਾਰਡ ਨਾਲ ਜੁੜ ਜਾਂਦੀ ਹੈ। ਇਹ ਪੂਰਾ ਸਰਵਿਸ ਰਿਕਾਰਡ ਹੀ ਭਵਿੱਖ ਵਿੱਚ ਤੁਹਾਡੀ ਪੈਨਸ਼ਨ ਦੀ ਯੋਗਤਾ ਤੈਅ ਕਰਦਾ ਹੈ। ਇਸ ਲਈ ਜਦੋਂ ਵੀ ਪੀਐੱਫ ਟਰਾਂਸਫਰ ਕਰੋ ਤਾਂ ਇਹ ਜ਼ਰੂਰ ਯਕੀਨੀ ਬਣਾਓ ਕਿ ਤੁਹਾਡੀ ਪੁਰਾਣੀ ਪੈਨਸ਼ਨ ਸਰਵਿਸ ਹਿਸਟਰੀ ਨਵੇਂ ਖਾਤੇ ਨਾਲ ਲਿੰਕ ਹੋ ਗਈ ਹੈ ਜਾਂ ਨਹੀਂ।
10 ਸਾਲ ਦੀ ਨੌਕਰੀ ਕਿਉਂ ਹੈ ਜ਼ਰੂਰੀ?
ਹੁਣ ਇਹ ਜਾਣ ਲਓ ਕਿ ਈਪੀਐੱਸ (EPS) ਤਹਿਤ ਆਮ ਤੌਰ ’ਤੇ 10 ਸਾਲ ਦੀ ਯੋਗ ਸੇਵਾ ਪੂਰੀ ਕਰਨ ’ਤੇ ਮਹੀਨਾਵਾਰ ਪੈਨਸ਼ਨ ਲੈਣ ਦਾ ਹੱਕ ਬਣਦਾ ਹੈ। ਆਮ ਤੌਰ ’ਤੇ 58 ਸਾਲ ਦੀ ਉਮਰ ਵਿੱਚ ਪੈਨਸ਼ਨ ਮਿਲਦੀ ਹੈ। 50 ਸਾਲ ਦੀ ਉਮਰ ਤੋਂ ਬਾਅਦ ਕੁਝ ਸ਼ਰਤਾਂ ਤਹਿਤ ਅਗਾਊਂ ਪੈਨਸ਼ਨ ਵੀ ਲਈ ਜਾ ਸਕਦੀ ਹੈ। ਪਰ ਹੁਣ ਈਪੀਐੱਫਓ ਨੇ ਬੀਤੇ ਦਿਨੀਂ ਕਰਮਚਾਰੀਆਂ ਨੂੰ ਇਕ ਵੱਡੀ ਰਾਹਤ ਦਿੱਤੀ ਹੈ।
ਨਵੀਂ ਵਿਵਸਥਾ ਤਹਿਤ ਸੇਵਾਮੁਕਤ ਹੋਣ ਵਾਲੇ ਲੋਕ ਆਪਣੀ ਜਮ੍ਹਾਂ ਪੀਐੱਫ ਬਚਤ ਵਿੱਚੋਂ ਨਿਯਮਤ ਆਮਦਨ ਪ੍ਰਾਪਤ ਕਰ ਸਕਣਗੇ, ਜਦਕਿ ਬਾਕੀ ਬਚੀ ਰਕਮ ਈਪੀਐੱਫ ਪ੍ਰਣਾਲੀ ਵਿੱਚ ਨਿਵੇਸ਼ ਰਹੇਗੀ। ਜਿਹੜੀ ਰਕਮ ਨਹੀਂ ਕਢਵਾਈ ਜਾਵੇਗੀ, ਉਸ ’ਤੇ ਲਾਗੂ ਈਪੀਐੱਫ ਦਰ ਦੇ ਹਿਸਾਬ ਨਾਲ ਵਿਆਜ ਮਿਲਦਾ ਰਹੇਗਾ। ਇਸ ਕਦਮ ਨਾਲ 55 ਸਾਲ ਤੋਂ ਵੱਧ ਉਮਰ ਦੇ ਲਗਪਗ 6.32 ਲੱਖ ਸਬਸਕ੍ਰਾਈਬਰਾਂ ਨੂੰ ਫਾਇਦਾ ਹੋਣ ਦੀ ਉਮੀਦ ਹੈ, ਜਿਨ੍ਹਾਂ ਦੇ ਪ੍ਰੋਵੀਡੈਂਟ ਫੰਡ ਖਾਤਿਆਂ ਵਿੱਚ 5 ਲੱਖ ਰੁਪਏ ਤੋਂ ਵੱਧ ਦੀ ਰਕਮ ਜਮ੍ਹਾਂ ਹੈ।
ਇਸ ਦੇ ਨਾਲ ਹੀ ਐੱਸਡਬਲਿਊਪੀ (SWP) ਨੂੰ ਮਨਜ਼ੂਰੀ ਦੇਣ ਦੇ ਨਾਲ-ਨਾਲ ਈਪੀਐੱਫ ਵਿੱਚੋਂ ਅੰਸ਼ਕ ਨਿਕਾਸੀ ਦੇ ਨਿਯਮਾਂ (EPF Withdrawal Rules) ਵਿੱਚ ਵੀ ਬਦਲਾਅ ਕੀਤੇ ਗਏ ਹਨ। ਇਸ ਨਾਲ ਸਬਸਕ੍ਰਾਈਬਰਾਂ ਲਈ ਸੇਵਾਮੁਕਤੀ ਤੋਂ ਪਹਿਲਾਂ ਆਪਣੀ ਬਚਤ ਕਢਵਾਉਣਾ ਆਸਾਨ ਹੋ ਗਿਆ ਹੈ। ਨਵੇਂ ਨਿਯਮਾਂ ਤਹਿਤ 55 ਸਾਲ ਤੋਂ ਘੱਟ ਉਮਰ ਦੇ ਮੈਂਬਰ ਆਪਣੇ ਪ੍ਰੋਵੀਡੈਂਟ ਫੰਡ (PF) ਬੈਲੇਂਸ ਦਾ 90 ਫ਼ੀਸਦੀ ਤੱਕ ਪੈਸਾ ਕਢਵਾ ਸਕਦੇ ਹਨ। ਪਹਿਲਾਂ ਇਹ ਸੀਮਾ 75 ਫ਼ੀਸਦੀ ਸੀ।