- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਤੋਂ ਇਲਾਵਾ, ਕੰਪੋਜ਼ੀਸ਼ਨ ਸਕੀਮ ਤਹਿਤ ਆਉਣ ਵਾਲੇ ਕਾਰੋਬਾਰੀਆਂ ਲਈ GST CMP-08 ਫਾਰਮ ਵਿਚ ਲੋੜੀਂਦੀ ਜਾਣਕਾਰੀ ਦੇਣਾ ਵੀ ਜ਼ਰੂਰੀ ਹੋਵੇਗਾ। ਜੇ ਇਹ ਜਾਣਕਾਰੀ ਜਮ੍ਹਾਂ ਨਹੀਂ ਕਰਵਾਈ ਗਈ ਤਾਂ ਅਰਜ਼ੀ ਜਾਂਚ ਲਈ ਅਧਿਕਾਰੀ ਕੋਲ ਭੇਜ ਦਿੱਤੀ ਜਾਵੇਗੀ।

ਬਿਜ਼ਨਸ ਡੈਸਕ, ਨਵੀਂ ਦਿੱਲੀ: ਜੇ ਤੁਸੀਂ ਆਪਣਾ ਕਾਰੋਬਾਰ ਬੰਦ ਕਰ ਦਿੱਤਾ ਹੈ ਜਾਂ ਹੁਣ ਜੀਐੱਸਟੀ ਦੇ ਦਾਇਰੇ ਵਿਚ ਨਹੀਂ ਆਉਂਦੇ ਤਾਂ ਤੁਹਾਡੇ ਲਈ ਜੀਐੱਸਟੀ ਰਜਿਸਟ੍ਰੇਸ਼ਨ ਰੱਦ ਕਰਵਾਉਣਾ ਪਹਿਲਾਂ ਦੇ ਮੁਕਾਬਲੇ ਆਸਾਨ ਹੋ ਸਕਦਾ ਹੈ। ਸਰਕਾਰ ਨੇ ਜੀਐੱਸਟੀ ਰਜਿਸਟ੍ਰੇਸ਼ਨ ਰੱਦ ਕਰਨ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਲਈ ਨਿਯਮਾਂ ਵਿਚ ਬਦਲਾਅ ਕੀਤਾ ਹੈ। ਨਵੇਂ ਨਿਯਮ 1 ਦਸੰਬਰ 2026 ਤੋਂ ਲਾਗੂ ਹੋਣਗੇ। ਇਸ ਤੋਂ ਬਾਅਦ ਤੈਅ ਸ਼ਰਤਾਂ ਪੂਰੀਆਂ ਕਰਨ ਵਾਲੇ ਕਾਰੋਬਾਰੀ ਜੀਐੱਸਟੀ ਪੋਰਟਲ ਰਾਹੀਂ ਹੀ ਆਪਣੀ ਰਜਿਸਟ੍ਰੇਸ਼ਨ ਰੱਦ ਕਰਵਾ ਸਕਣਗੇ। ਇਸ ਲਈ ਹਰ ਅਰਜ਼ੀ ਵਾਸਤੇ ਟੈਕਸ ਅਧਿਕਾਰੀ ਕੋਲ ਜਾਣ ਦੀ ਲੋੜ ਨਹੀਂ ਪਵੇਗੀ।
CBIC ਨੇ ਕੀਤਾ ਨਿਯਮਾਂ ਵਿਚ ਸੋਧ
ਕੇਂਦਰੀ ਅਸਿੱਧੇ ਕਰ ਅਤੇ ਕਸਟਮ ਬੋਰਡ (CBIC) ਨੇ ਕੇਂਦਰੀ ਜੀਐੱਸਟੀ ਨਿਯਮ, 2017 ਵਿਚ ਸੋਧ ਕੀਤੀ ਹੈ। ਵਿੱਤ ਮੰਤਰਾਲੇ ਵੱਲੋਂ 25 ਨਵੰਬਰ 2026 ਨੂੰ ਜਾਰੀ ਨੋਟੀਫਿਕੇਸ਼ਨ ਨੰਬਰ 08/2026-ਕੇਂਦਰੀ ਕਰ ਤਹਿਤ ਇਹ ਬਦਲਾਅ ਕੀਤਾ ਗਿਆ ਹੈ। ਇਹ ਸੋਧ CGST ਐਕਟ, 2017 ਦੀ ਧਾਰਾ 164 ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਕੀਤੀ ਗਈ ਹੈ।
ਪੋਰਟਲ ਰਾਹੀਂ ਹੀ ਰੱਦ ਹੋਵੇਗੀ ਰਜਿਸਟ੍ਰੇਸ਼ਨ
ਨਵੇਂ ਨਿਯਮਾਂ ਅਨੁਸਾਰ, ਜੀਐੱਸਟੀ ਰਜਿਸਟ੍ਰੇਸ਼ਨ ਰੱਦ ਕਰਵਾਉਣ ਲਈ ਅਰਜ਼ੀ ਦੇਣ ਵਾਲੇ ਕਾਰੋਬਾਰੀਆਂ ਨੂੰ ਕੁਝ ਜ਼ਰੂਰੀ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ। ਜੇ ਕਾਰੋਬਾਰੀ ਨੇ ਨਿਯਮਾਂ ਅਨੁਸਾਰ ਸਾਰੇ ਲੋੜੀਂਦੇ ਰਿਟਰਨ ਭਰ ਦਿੱਤੇ ਹਨ ਅਤੇ ਉਸ ਕੋਲ ਕੋਈ ਬਕਾਇਆ ਟੈਕਸ, ਵਿਆਜ, ਫੀਸ, ਜੁਰਮਾਨਾ ਜਾਂ ਹੋਰ ਰਕਮ ਬਾਕੀ ਨਹੀਂ ਹੈ ਤਾਂ ਜੀਐੱਸਟੀ ਪੋਰਟਲ ਇਲੈਕਟ੍ਰਾਨਿਕ ਤਰੀਕੇ ਨਾਲ ਉਸ ਦੀ ਰਜਿਸਟ੍ਰੇਸ਼ਨ ਰੱਦ ਕਰ ਦੇਵੇਗਾ।
ਅਜਿਹੇ ਮਾਮਲਿਆਂ ਵਿਚ ਰਜਿਸਟ੍ਰੇਸ਼ਨ ਰੱਦ ਹੋਣ ਦੀ ਜਾਣਕਾਰੀ ਕਾਰੋਬਾਰੀ ਨੂੰ ਫਾਰਮ GST REG-38 ਰਾਹੀਂ ਆਨਲਾਈਨ ਦਿੱਤੀ ਜਾਵੇਗੀ। ਇਸ ਨਾਲ ਅਰਜ਼ੀ ਦੇਣ ਤੋਂ ਲੈ ਕੇ ਉਸ ਦੇ ਨਿਪਟਾਰੇ ਤੱਕ ਦੀ ਪ੍ਰਕਿਰਿਆ ਆਨਲਾਈਨ ਪੂਰੀ ਹੋ ਸਕੇਗੀ।
ਸ਼ਰਤਾਂ ਪੂਰੀਆਂ ਨਾ ਹੋਣ ’ਤੇ ਅਧਿਕਾਰੀ ਕਰਨਗੇ ਜਾਂਚ
ਹਾਲਾਂਕਿ, ਸਰਕਾਰ ਨੇ ਇਸ ਪ੍ਰਕਿਰਿਆ ਲਈ ਕੁਝ ਸ਼ਰਤਾਂ ਵੀ ਰੱਖੀਆਂ ਹਨ। ਜੇ ਕਾਰੋਬਾਰੀ ਨੇ ਲੋੜੀਂਦੀ ਜਾਣਕਾਰੀ ਜਾਂ ਰਿਟਰਨ ਜਮ੍ਹਾਂ ਨਹੀਂ ਕਰਵਾਏ ਹਨ ਜਾਂ ਉਸ ਵੱਲ ਟੈਕਸ, ਵਿਆਜ, ਫੀਸ, ਜੁਰਮਾਨਾ ਜਾਂ ਕੋਈ ਹੋਰ ਰਕਮ ਬਕਾਇਆ ਹੈ ਤਾਂ ਉਸ ਦੀ ਅਰਜ਼ੀ ਆਪਣੇ ਆਪ ਮਨਜ਼ੂਰ ਨਹੀਂ ਹੋਵੇਗੀ। ਅਜਿਹੀ ਅਰਜ਼ੀ ਜਾਂਚ ਲਈ ਸਬੰਧਤ ਟੈਕਸ ਅਧਿਕਾਰੀ ਕੋਲ ਭੇਜੀ ਜਾਵੇਗੀ।
ਇਸ ਤੋਂ ਇਲਾਵਾ, ਕੰਪੋਜ਼ੀਸ਼ਨ ਸਕੀਮ ਤਹਿਤ ਆਉਣ ਵਾਲੇ ਕਾਰੋਬਾਰੀਆਂ ਲਈ GST CMP-08 ਫਾਰਮ ਵਿਚ ਲੋੜੀਂਦੀ ਜਾਣਕਾਰੀ ਦੇਣਾ ਵੀ ਜ਼ਰੂਰੀ ਹੋਵੇਗਾ। ਜੇ ਇਹ ਜਾਣਕਾਰੀ ਜਮ੍ਹਾਂ ਨਹੀਂ ਕਰਵਾਈ ਗਈ ਤਾਂ ਅਰਜ਼ੀ ਜਾਂਚ ਲਈ ਅਧਿਕਾਰੀ ਕੋਲ ਭੇਜ ਦਿੱਤੀ ਜਾਵੇਗੀ।
ਕਾਰੋਬਾਰੀਆਂ ਨੂੰ ਕੀ ਹੋਵੇਗਾ ਫ਼ਾਇਦਾ?
ਇਸ ਬਦਲਾਅ ਦਾ ਸਭ ਤੋਂ ਵੱਡਾ ਫ਼ਾਇਦਾ ਉਨ੍ਹਾਂ ਛੋਟੇ ਕਾਰੋਬਾਰੀਆਂ ਅਤੇ ਵਪਾਰੀਆਂ ਨੂੰ ਮਿਲ ਸਕਦਾ ਹੈ, ਜਿਨ੍ਹਾਂ ਨੇ ਆਪਣਾ ਕਾਰੋਬਾਰ ਬੰਦ ਕਰ ਦਿੱਤਾ ਹੈ ਜਾਂ ਕਿਸੇ ਕਾਰਨ ਜੀਐੱਸਟੀ ਰਜਿਸਟ੍ਰੇਸ਼ਨ ਜਾਰੀ ਨਹੀਂ ਰੱਖਣਾ ਚਾਹੁੰਦੇ। ਯੋਗ ਮਾਮਲਿਆਂ ਵਿਚ ਆਨਲਾਈਨ ਪ੍ਰਕਿਰਿਆ ਨਾਲ ਸਮਾਂ ਅਤੇ ਕਾਗਜ਼ੀ ਕਾਰਵਾਈ ਦੋਵਾਂ ਘੱਟ ਹੋਣਗੇ। ਹਾਲਾਂਕਿ, ਬਕਾਇਆ ਟੈਕਸ ਅਦਾ ਕਰਨਾ ਅਤੇ ਜ਼ਰੂਰੀ ਨਿਯਮਾਂ ਦੀ ਪਾਲਣਾ ਕਰਨਾ ਪਹਿਲਾਂ ਵਾਂਗ ਲਾਜ਼ਮੀ ਰਹੇਗਾ।