BS7 Emission Norms: ਭਾਰਤ 'ਚ ਆ ਰਿਹਾ ਹੈ BS-7, ਕੀ ਬਦਲੇਗਾ ਤੇ ਕਦੋਂ ਲਾਗੂ ਹੋਣਗੇ ਨਵੇਂ ਨਿਯਮ?
ਜੇਕਰ ਤੁਸੀਂ ਭਵਿੱਖ 'ਚ ਨਵੀਂ ਕਾਰ ਜਾਂ ਕਮਰਸ਼ੀਅਲ ਵਾਹਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਮਨ 'ਚ ਵੀ ਇਹ ਸਵਾਲ ਜ਼ਰੂਰ ਹੋਵੇਗਾ ਕਿ ਕੀ ਇਨ੍ਹਾਂ ਨਵੇਂ ਨਿਯਮਾਂ ਦੇ ਆਉਣ ਨਾਲ ਤੁਹਾਡਾ ਮੌਜੂਦਾ ਵਾਹਨ ਕਬਾੜ ਹੋ ਜਾਵੇਗਾ?
Publish Date: Wed, 14 Oct 2026 09:59 AM (IST)
Updated Date: Wed, 14 Oct 2026 10:34 AM (IST)
ਆਟੋ ਡੈਸਕ, ਨਵੀਂ ਦਿੱਲੀ : ਦੇਸ਼ ਦੇ ਵੱਡੇ ਸ਼ਹਿਰਾਂ 'ਚ ਲਗਾਤਾਰ ਪ੍ਰਦੂਸ਼ਣ ਵਧ ਰਿਹਾ ਹੈ। ਇਸ ਨੂੰ ਲੈ ਕੇ ਭਾਰਤ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਹਨ। ਵਾਹਨਾਂ ਤੋਂ ਹੋਣ ਵਾਲੇ ਪ੍ਰਦੂਸ਼ਣ 'ਤੇ ਲਗਾਮ ਲਗਾਉਣ ਲਈ ਸਰਕਾਰ ਵੱਡਾ ਕਦਮ ਚੁੱਕਣ ਦੀ ਤਿਆਰੀ ਕਰ ਰਹੀ ਹੈ। ਭਾਰਤ 'ਚ ਜਲਦ ਹੀ BS-VII (BS-7) ਨਿਕਾਸੀ ਨਿਯਮ ਲਿਆਉਣ ਦੀ ਤਿਆਰੀ ਹੈ।
ਜੇਕਰ ਤੁਸੀਂ ਭਵਿੱਖ 'ਚ ਨਵੀਂ ਕਾਰ ਜਾਂ ਕਮਰਸ਼ੀਅਲ ਵਾਹਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਮਨ 'ਚ ਵੀ ਇਹ ਸਵਾਲ ਜ਼ਰੂਰ ਹੋਵੇਗਾ ਕਿ ਕੀ ਇਨ੍ਹਾਂ ਨਵੇਂ ਨਿਯਮਾਂ ਦੇ ਆਉਣ ਨਾਲ ਤੁਹਾਡਾ ਮੌਜੂਦਾ ਵਾਹਨ ਕਬਾੜ ਹੋ ਜਾਵੇਗਾ? ਜਾਂ ਫਿਰ ਇਨ੍ਹਾਂ ਦੇ ਲਾਗੂ ਹੋਣ ਤੋਂ ਬਾਅਦ ਪੈਟਰੋਲ-ਡੀਜ਼ਲ ਵਾਲੇ ਵਾਹਨਾਂ 'ਚ ਕੀ ਵੱਡੇ ਬਦਲਾਅ ਆਉਣਗੇ? ਆਓ, ਆਸਾਨ ਭਾਸ਼ਾ 'ਚ ਸਮਝਦੇ ਹਾਂ BS-VII ਨਾਲ ਜੁੜੀ ਹਰ ਉਹ ਗੱਲ, ਜਿਸ ਬਾਰੇ ਤੁਹਾਨੂੰ ਜਾਣਨਾ ਜ਼ਰੂਰੀ ਹੈ।
ਨਵੇਂ ਨਿਯਮ ਕਦੋਂ ਤੋਂ ਲਾਗੂ ਹੋਣਗੇ?
1. ਅਪ੍ਰੈਲ 2029: ਨਵੀਆਂ ਬਣਨ ਵਾਲੀਆਂ ਕਾਰਾਂ ਅਤੇ SUV ਲਈ।
2. ਅਪ੍ਰੈਲ 2030: ਛੋਟੀਆਂ ਡਿਲੀਵਰੀ ਵੈਨਾਂ ਅਤੇ ਪਿਕਅੱਪ ਟਰੱਕਾਂ ਲਈ।
3. ਅਪ੍ਰੈਲ 2031: ਬੱਸਾਂ ਅਤੇ ਭਾਰੀ ਕਮਰਸ਼ੀਅਲ ਵਾਹਨਾਂ (Heavy-duty vehicles) ਲਈ।
4. ਦੋਪਹੀਆ ਵਾਹਨ: ਪ੍ਰਦੂਸ਼ਣ 'ਚ ਵੱਡਾ ਯੋਗਦਾਨ ਪਾਉਣ ਵਾਲੇ ਦੋਪਹੀਆ ਵਾਹਨਾਂ ਲਈ ਨਿਯਮਾਂ ਦਾ ਐਲਾਨ ਬਾਅਦ 'ਚ ਕੀਤਾ ਜਾਵੇਗਾ।
ਕੀ ਪੁਰਾਣੇ ਵਾਹਨਾਂ 'ਤੇ ਪਵੇਗਾ ਕੋਈ ਅਸਰ?
ਤਜਵੀਜ਼ਸ਼ੁਦਾ BS-VII ਨਿਯਮਾਂ ਮੁਤਾਬਕ, ਇਸ ਦਾ ਅਸਰ ਪੁਰਾਣੇ ਵਾਹਨਾਂ 'ਤੇ ਨਹੀਂ ਪਵੇਗਾ। ਇਹ ਨਿਯਮ ਸਿਰਫ਼ ਨਵੇਂ ਬਣਨ ਵਾਲੇ ਵਾਹਨਾਂ 'ਤੇ ਹੀ ਲਾਗੂ ਹੋਣਗੇ। ਮੌਜੂਦਾ ਵਾਹਨਾਂ ਜਾਂ ਉਨ੍ਹਾਂ ਦੀ ਵਰਤੋਂ ਦੀ ਮਿਆਦ 'ਤੇ, BS-VI ਮਾਪਦੰਡਾਂ ਵਾਲੇ ਵਾਹਨਾਂ ਸਮੇਤ, ਇਸ ਦਾ ਕੋਈ ਅਸਰ ਨਹੀਂ ਪਵੇਗਾ।
ਪੈਟਰੋਲ-ਡੀਜ਼ਲ ਤੇ ਇੰਜਣ 'ਚ ਕੀ ਬਦਲੇਗਾ?
ਜਦੋਂ BS-VI (BS-6) ਨਿਯਮ ਲਾਗੂ ਹੋਏ ਸਨ, ਤਾਂ ਰਿਫਾਇਨਰੀਆਂ ਨੂੰ ਨਵਾਂ ਪੈਟਰੋਲ-ਡੀਜ਼ਲ ਤਿਆਰ ਕਰਨ ਲਈ ਆਪਣੇ ਢਾਂਚੇ 'ਚ ਬਦਲਾਅ ਕਰਨੇ ਪਏ ਸਨ। ਪਰ BS-7 ਲਈ ਰਿਫਾਇਨਰੀ ਦੇ ਢਾਂਚੇ 'ਚ ਕਿਸੇ ਬਦਲਾਅ ਦੀ ਲੋੜ ਨਹੀਂ ਹੋਵੇਗੀ। ਹਾਲਾਂਕਿ, ਆਟੋਮੋਬਾਈਲ ਕੰਪਨੀਆਂ ਨੂੰ ਆਪਣੇ ਵਾਹਨਾਂ ਦੇ ਇੰਜਣਾਂ ਨੂੰ ਅਪਗ੍ਰੇਡ ਕਰਨਾ ਪਵੇਗਾ।
BS-VII ਨਿਯਮਾਂ 'ਚ ਕੀ ਹੋਵੇਗਾ ਨਵਾਂ?
1. ਕਾਰਾਂ ਅਤੇ SUV ਲਈ ਨਿਕਾਸੀ ਦੀਆਂ ਹੱਦਾਂ: ਕਾਰਾਂ ਅਤੇ SUV ਲਈ ਨਿਕਾਸੀ ਦੀਆਂ ਹੱਦਾਂ BS-VI ਵਰਗੀਆਂ ਹੀ ਰਹਿਣਗੀਆਂ, ਪਰ ਪਾਰਟੀਕੁਲੇਟ ਨੰਬਰ (PN) ਨੂੰ 23 ਨੈਨੋਮੀਟਰ ਤੋਂ ਘਟਾ ਕੇ 10 ਨੈਨੋਮੀਟਰ ਕਰ ਦਿੱਤਾ ਗਿਆ ਹੈ। ਇਸ ਨਾਲ ਫੇਫੜਿਆਂ ਦੀ ਡੂੰਘਾਈ ਤੱਕ ਪਹੁੰਚਣ ਵਾਲੇ ਬੇਹੱਦ ਬਰੀਕ ਕਣਾਂ ਨੂੰ ਫਿਲਟਰ ਕਰਨ 'ਚ ਮਦਦ ਮਿਲੇਗੀ।
2. ਟਰੱਕਾਂ ਤੇ ਭਾਰੀ ਵਾਹਨਾਂ ਦੇ ਪ੍ਰਦੂਸ਼ਣ 'ਚ ਕਮੀ: ਇਸ ਬਦਲਾਅ ਦਾ ਸਭ ਤੋਂ ਵੱਧ ਅਸਰ ਟਰੱਕਾਂ ਅਤੇ ਭਾਰੀ ਵਾਹਨਾਂ 'ਤੇ ਪਵੇਗਾ। ਇਸ ਤਹਿਤ ਇਨ੍ਹਾਂ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ 20 ਤੋਂ 50 ਫ਼ੀਸਦੀ ਤਕ ਘਟਾਉਣ ਦਾ ਟੀਚਾ ਰੱਖਿਆ ਗਿਆ ਹੈ।
3. ਸਿਰਫ਼ ਧੂੰਏਂ ਦੀ ਨਹੀਂ, ਹੋਰ ਪ੍ਰਦੂਸ਼ਣ ਦੀ ਵੀ ਜਾਂਚ: BS-VII ਤਹਿਤ ਸਿਰਫ਼ ਸਾਈਲੈਂਸਰ 'ਚੋਂ ਨਿਕਲਣ ਵਾਲੇ ਧੂੰਏਂ ਨੂੰ ਹੀ ਨਹੀਂ ਮਾਪਿਆ ਜਾਵੇਗਾ, ਸਗੋਂ ਬ੍ਰੇਕਾਂ ਦੇ ਘਸਣ ਅਤੇ ਟਾਇਰਾਂ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੂੰ ਵੀ ਕੰਟਰੋਲ ਕੀਤਾ ਜਾਵੇਗਾ।
4. ਸੜਕਾਂ 'ਤੇ ਚੱਲਦੇ ਵਾਹਨਾਂ ਦੀ ਵੀ ਹੋਵੇਗੀ ਨਿਗਰਾਨੀ: ਵਾਹਨਾਂ ਦੇ ਪ੍ਰਦੂਸ਼ਣ ਦੀ ਜਾਂਚ ਹੁਣ ਸਿਰਫ਼ ਕੰਟਰੋਲਡ ਲੈਬ ਟੈਸਟਿੰਗ ਤਕ ਸੀਮਤ ਨਹੀਂ ਰਹੇਗੀ। ਇਹ ਯਕੀਨੀ ਬਣਾਇਆ ਜਾਵੇਗਾ ਕਿ ਵਾਹਨ ਸੜਕਾਂ 'ਤੇ ਚੱਲਦੇ ਸਮੇਂ ਵੀ ਨਿਰਧਾਰਤ ਹੱਦਾਂ ਦੀ ਪਾਲਣਾ ਕਰਨ।
5. ਬਾਜ਼ਾਰ 'ਚ ਚੱਲ ਰਹੇ ਵਾਹਨਾਂ ਦੀ ਜਾਂਚ: ਨਵੇਂ ਨਿਯਮਾਂ ਤਹਿਤ ਟੈਸਟਿੰਗ ਏਜੰਸੀਆਂ ਬਾਜ਼ਾਰ 'ਚ ਚੱਲ ਰਹੇ ਵਾਹਨਾਂ ਦੀ ਜਾਂਚ ਕਰਨਗੀਆਂ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਕਰ ਰਹੇ ਹਨ।
ਜਲਦ ਜਾਰੀ ਹੋਵੇਗਾ ਡਰਾਫਟ ਨੋਟੀਫਿਕੇਸ਼ਨ
ਸੜਕ ਆਵਾਜਾਈ ਮੰਤਰਾਲੇ ਨੇ ਪ੍ਰਸਤਾਵਿਤ ਸਮਾਂ-ਸੀਮਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਅਗਲੇ ਕੁਝ ਦਿਨਾਂ 'ਚ ਵਾਹਨਾਂ ਦੀਆਂ ਤਿੰਨੋਂ ਸ਼੍ਰੇਣੀਆਂ ਲਈ ਡਰਾਫਟ ਨੋਟੀਫਿਕੇਸ਼ਨ ਜਾਰੀ ਹੋਣ ਦੀ ਉਮੀਦ ਹੈ। ਛੇ ਸਾਲਾਂ ਦੀ ਇਸ ਲੰਬੀ ਸਮਾਂ-ਸੀਮਾ ਦਾ ਉਦੇਸ਼ ਆਟੋਮੋਬਾਈਲ ਉਦਯੋਗ ਅਤੇ ਟੈਸਟਿੰਗ ਏਜੰਸੀਆਂ ਨੂੰ ਤਿਆਰੀ ਲਈ ਲੋੜੀਂਦਾ ਸਮਾਂ ਦੇਣਾ ਹੈ।