- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਨਿਵੇਸ਼ ਨਾਲ ਬੀਮਾ ਕੰਪਨੀ ਨੂੰ ਇਕ ਰਕਮ ਮਿਲਦੀ ਹੈ ਜੋ ਉਸ ਦੇ ਕੋਲ ਇਕ ਸਰਪਲੱਸ ਬਣਾਉਂਦੀ ਹੈ। ਬੀਮਾ ਕੰਪਨੀ ਇਸ ਸਰਪਲੱਸ ਜਾਂ ਵਾਧੂ ਰਕਮ ਨੂੰ ਆਪਣੇ ਪਾਲਿਸੀਧਾਰਕਾਂ ਨੂੰ ਬੋਨਸ ਦੇ ਤੌਰ ’ਤੇ ਵੰਡਦੀ ਹੈ।

ਬੋਨਸ, ਇਹ ਇਕ ਅਜਿਹਾ ਪੈਸਾ ਹੈ ਜਿਸ ਦੀ ਹਰ ਨੌਕਰੀਪੇਸ਼ਾ ਹਰ ਸਾਲ ਉਡੀਕ ਕਰਦਾ ਹੈ। ਪਰ ਇਹ ਸਿਰਫ਼ ਨੌਕਰੀਆਂ ਤੱਕ ਹੀ ਸੀਮਤ ਨਹੀਂ ਹੈ। ਜੀਵਨ ਬੀਮਾ ਵਿਚ ਵੀ ਬੋਨਸ ਦੀ ਵਿਵਸਥਾ ਹੈ ਜਿਸ ਨੂੰ ਜੀਵਨ ਬੀਮਾ ਬੋਨਸ ਕਿਹਾ ਜਾਂਦਾ ਹੈ। ਇਹ ਉਹ ਵਾਧੂ ਰਕਮ ਹੁੰਦੀ ਹੈ ਜੋ ਕੰਪਨੀ ਬੀਮਾਧਾਰਕ ਨੂੰ ਉਸ ਦੇ ਬੇਸਿਕ ਸਮ ਐਸ਼ੋਰਡ ਤੋਂ ਵੱਧ ਦਿੰਦੀ ਹੈ। ਆਓ, ਇਸ ਬਾਰੇ ਸਭ ਕੁਝ ਜਾਣੀਏ...
ਬੀਮਾ ਕੰਪਨੀਆਂ ਕਿੱਥੇ ਦਿੰਦੀਆਂ ਹਨ ਬੋਨਸ
ਜਦੋਂ ਪਾਲਿਸੀਧਾਰਕ ਪ੍ਰੀਮੀਅਮ ਜਮ੍ਹਾਂ ਕਰਦਾ ਹੈ, ਤਾਂ ਉਹ ਰਕਮ ਬੀਮਾ ਕੰਪਨੀ ਦੀ ਕੁੱਲ ਜਾਇਦਾਦ ਦਾ ਹਿੱਸਾ ਬਣ ਜਾਂਦੀ ਹੈ। ਕੰਪਨੀ ਇਸ ਰਕਮ ਦਾ ਕੁਝ ਹਿੱਸਾ ਸਰਕਾਰੀ ਸਕਿਓਰਿਟੀਆਂ ਜਾਂ ਬਾਂਡਾਂ ਵਿਚ ਤੇ ਕੁਝ ਹਿੱਸਾ ਇਕਵਿਟੀ, ਯਾਨੀ ਸ਼ੇਅਰਾਂ ਵਿਚ ਨਿਵੇਸ਼ ਕਰਦੀ ਹੈ। ਇਸ ਨਿਵੇਸ਼ ਨਾਲ ਬੀਮਾ ਕੰਪਨੀ ਨੂੰ ਇਕ ਰਕਮ ਮਿਲਦੀ ਹੈ ਜੋ ਉਸ ਦੇ ਕੋਲ ਇਕ ਸਰਪਲੱਸ ਬਣਾਉਂਦੀ ਹੈ। ਬੀਮਾ ਕੰਪਨੀ ਇਸ ਸਰਪਲੱਸ ਜਾਂ ਵਾਧੂ ਰਕਮ ਨੂੰ ਆਪਣੇ ਪਾਲਿਸੀਧਾਰਕਾਂ ਨੂੰ ਬੋਨਸ ਦੇ ਤੌਰ ’ਤੇ ਵੰਡਦੀ ਹੈ।
ਕਿਹੜੀਆਂ ਪਾਲਿਸੀਆਂ ’ਤੇ ਮਿਲਦਾ ਹੈ ਬੋਨਸ
ਸਭ ਕਿਸਮ ਦੀਆਂ ਬੀਮਾ ਪਾਲਿਸੀਆਂ ’ਤੇ ਬੋਨਸ ਦੀ ਵਿਵਸਥਾ ਨਹੀਂ ਹੁੰਦੀ। ਸਿਰਫ਼ ਪਾਰਟੀਸੀਪੇਟਿੰਗ (ਲਾਭ ਦੇ ਨਾਲ) ਬੀਮਾ ਪਾਲਿਸੀਆਂ ਵਿਚ ਹੀ ਬੋਨਸ ਦੀ ਸਹੂਲਤ ਹੁੰਦੀ ਹੈ। ਇਨ੍ਹਾਂ ਪਾਲਿਸੀਆਂ ਵਿਚ ਕੰਪਨੀ ਦੇ ਲਾਭ ਦਾ ਇਕ ਹਿੱਸਾ ਬੋਨਸ ਦੇ ਤੌਰ ’ਤੇ ਪਾਲਿਸੀਧਾਰਕ ਨੂੰ ਮਿਲਦਾ ਹੈ। ਟਰਮ ਪਲਾਨ ਅਤੇ ਯੂਨਿਟ ਲਿੰਕਡ ਇੰਸ਼ੋਰੈਂਸ ਪਲਾਨ (ਯੂਲਿਪ) ਵਿਚ ਬੋਨਸ ਨਹੀਂ ਮਿਲਦਾ। ਇਸ ਦਾ ਕਾਰਨ ਇਹ ਹੈ ਕਿ ਇਨ੍ਹਾਂ ਵਿਚ ਲਾਭ ਸਾਂਝਾ ਕਰਨ ਦਾ ਬਦਲ ਨਹੀਂ ਹੁੰਦਾ।
ਬੋਨਸ ਦੀਆਂ ਕਿਸਮ ਅਤੇ ਗਣਨਾ
ਸਿੰਪਲ ਰਿਵਰਸਨਰੀ ਬੋਨਸ: ਇਹ ਪਾਲਿਸੀ ਦੀ ਸਮ ਐਸ਼ੋਰਡ ਰਕਮ ’ਤੇ ਹਰ ਸਾਲ ਨਿਰਧਾਰਤ ਫ਼ੀਸਦੀ ਮੁਤਾਬਕ ਜੁੜਦਾ ਰਹਿੰਦਾ ਹੈ। ਭੁਗਤਾਨ ਸਿਰਫ਼ ਪਰਪੱਕਤਾ ਜਾਂ ਮੌਤ ਦੇ ਦਾਅਵੇ ’ਤੇ ਹੁੰਦਾ ਹੈ। ਮੰਨ ਲਓ, ਤੁਹਾਡਾ ਸਮ ਐਸ਼ੋਰਡ ਪੰਜ ਲੱਖ ਰੁਪਏ ਹੈ ਅਤੇ ਬੋਨਸ ਦਰ ਦੋ ਫ਼ੀਸਦ ਹੈ। ਇਸ ਤਰ੍ਹਾਂ ਸਾਲ ਦਾ ਬੋਨਸ ₹10,000 ਹੋਵੇਗਾ।
ਕੰਪਾਊਂਡ ਰਿਵਰਸਨਰੀ ਬੋਨਸ: ਇਸ ਵਿਚ ਹਰ ਸਾਲ ਦੇ ਬੋਨਸ ਦੀ ਗਣਨਾ ਪਿਛਲੇ ਬੋਨਸ ਨੂੰ ਜੋੜ ਕੇ ਕੁੱਲ ਰਕਮ ’ਤੇ ਕੀਤੀ ਜਾਂਦੀ ਹੈ। ਇਹ ਕੰਪਾਊਂਡ ਵਿਆਜ ਦੀ ਤਰ੍ਹਾਂ ਵਧਦਾ ਹੈ। ਮੰਨ ਲਓ, ਪੰਜ ਲੱਖ ਰੁਪਏ ਦੇ ਸਮ ਐਸ਼ੋਰਡ ’ਤੇ ਦੋ ਫ਼ੀਸਦ ਦੀ ਦਰ ਨਾਲ ਪਹਿਲੇ ਸਾਲ 10,000 ਰੁਪਏ ਦਾ ਬੋਨਸ ਮਿਲਿਆ ਹੈ। ਅਗਲੇ ਸਾਲ ਕੁੱਲ ਰਕਮ ਪੰਜ ਲੱਖ ਦਸ ਹਜ਼ਾਰ ਰੁਪਏ ’ਤੇ ਦੋ ਫ਼ੀਸਦ ਦੀ ਦਰ ਨਾਲ 10,200 ਰੁਪਏ ਦਾ ਬੋਨਸ ਮਿਲੇਗਾ।
ਅੰਤ੍ਰਿਮ ਬੋਨਸ: ਜੇਕਰ ਪਾਲਿਸੀ ਮੈਚਿਓਰ ਹੋ ਜਾਂਦੀ ਹੈ ਜਾਂ ਪਾਲਿਸੀਧਾਰਕ ਦੀ ਮੌਤ ਬੋਨਸ ਐਲਾਨ ਤੋਂ ਪਹਿਲਾਂ ਹੋ ਜਾਂਦੀ ਹੈ, ਤਾਂ ਕੰਪਨੀ ਵਿਚਕਾਰ ਦਾ ਬੋਨਸ ਅੰਤ੍ਰਿਮ ਬੋਨਸ ਦੇ ਤੌਰ ’ਤੇ ਦਿੰਦੀ ਹੈ। ਇਸ ਦੀ ਗਣਨਾ ਐਲਾਨੇ ਬੋਨਸ ਤੋਂ ਲੈ ਕੇ ਪਾਲਿਸੀ ਮੈਚਿਓਰ ਹੋਣ ਜਾਂ ਦਾਅਵਾ ਹੋਣ ਦੇ ਦਿਨ ਤੱਕ ਦੇ ਆਧਾਰ ’ਤੇ ਕੀਤੀ ਜਾਂਦੀ ਹੈ।
ਨਕਦ ਬੋਨਸ: ਇਹ ਸਾਲ ਦੇ ਅੰਤ ਵਿਚ ਨਕਦ ਦੇ ਰੂਪ ਵਿਚ ਮਿਲਦਾ ਹੈ। ਇਸ ਨੂੰ ਲੈਣ ਲਈ ਪਾਲਿਸੀ ਦੇ ਮੈਚਿਓਰ ਹੋਣ ਦੀ ਉਡੀਕ ਨਹੀਂ ਕਰਨੀ ਪੈਂਦੀ। ਮੰਨ ਲਓ- ਤੁਸੀਂ ਸਾਲਾਨਾ 20,000 ਰੁਪਏ ਦਾ ਪ੍ਰੀਮੀਅਮ ਦੇ ਰਹੇ ਹੋ ਅਤੇ ਬੋਨਸ ਦਰ ਦੋ ਫ਼ੀਸਦੀ ਹੈ ਤਾਂ ਤੁਹਾਨੂੰ ਹਰ ਸਾਲ ਦੇ ਅੰਤ ਵਿਚ 400 ਰੁਪਏ ਦਾ ਨਕਦ ਬੋਨਸ ਮਿਲੇਗਾ।
ਟਰਮੀਨਲ ਬੋਨਸ: ਇਹ ਇਕ ਵਾਰੀ ਮਿਲਣ ਵਾਲਾ ਬੋਨਸ ਹੈ, ਜੋ ਸਿਰਫ਼ ਪਾਲਿਸੀ ਨੂੰ ਲੰਬੇ ਸਮੇਂ ਤੱਕ ਜਾਰੀ ਰੱਖਣ ’ਤੇ ਮਿਲਦਾ ਹੈ। ਇਹ ਸਿਰਫ਼ ਮੈਚਿਓਰਿਟੀ ਜਾਂ ਮੌਤ ’ਤੇ ਦਿੱਤਾ ਜਾਂਦਾ ਹੈ। ਸਰੰਡਰ ਜਾਂ ਪੇਡ-ਅਪ ਪਾਲਿਸੀਆਂ ’ਤੇ ਇਹ ਲਾਗੂ ਨਹੀਂ ਹੁੰਦਾ। -(ਜਾਗਰਣ ਇਨਫੋ)।