ਭਾਰਤੀ ਬੈਂਕਾਂ ਲਈ ਵੱਡੀ ਰਾਹਤ! ਤਿਜੋਰੀਆਂ 'ਚ 127 ਅਰਬ ਡਾਲਰ ਦੀ ਵਿਦੇਸ਼ੀ ਕਰੰਸੀ, ਕੈਸ਼ ਦੀ ਉਪਲਬਧਤਾ ਹੋਈ ਬਿਹਤਰ
ਚੁੱਘ ਨੇ ਕਿਹਾ ਕਿ ਬੈਂਕਾਂ ਦੀਆਂ ਕੁੱਲ ਜਾਇਦਾਦਾਂ ਇਨ੍ਹਾਂ ਖਾਤਿਆਂ ਰਾਹੀਂ ਇਕੱਠੀ ਕੀਤੀ ਗਈ 127 ਅਰਬ ਡਾਲਰ ਦੀ ਰਕਮ ਤੋਂ ਵੀ ਜ਼ਿਆਦਾ ਵਧ ਸਕਦੀਆਂ ਹਨ। ਇਸ ਦਾ ਕਾਰਨ ਇਹ ਹੈ ਕਿ ਬੈਂਕ ਗਾਹਕਾਂ ਨੂੰ ਆਪਣੀ ਜਮ੍ਹਾ ਰਕਮ ਦੇ ਬਦਲੇ ਵੱਧ ਨਕਦੀ ਉਧਾਰ ਲੈਣ ਅਤੇ ਉਸ ਨੂੰ FCNR-B ਖਾਤਿਆਂ 'ਚ ਰੱਖਣ ਦੀ ਇਜਾਜ਼ਤ ਦੇ ਰਹੇ ਹਨ।
Publish Date: Mon, 21 Sep 2026 04:16 PM (IST)
Updated Date: Mon, 21 Sep 2026 04:24 PM (IST)
ਏਜੰਸੀ, ਨਵੀਂ ਦਿੱਲੀ : ਵਿੱਤੀ ਖੋਜ ਤੇ ਸਾਖ ਨਿਰਧਾਰਤ ਕਰਨ ਵਾਲੀ ਏਜੰਸੀ ਐੱਸਐਂਡਪੀ ਗਲੋਬਲ ਰੇਟਿੰਗਜ਼ ਨੇ ਸੋਮਵਾਰ ਨੂੰ ਕਿਹਾ ਕਿ ਅਮਰੀਕੀ ਡਾਲਰ ਆਕਰਸ਼ਿਤ ਕਰਨ ਲਈ ਵਿਸ਼ੇਸ਼ ਜਮ੍ਹਾ ਯੋਜਨਾ ਤਹਿਤ ਇਕੱਠੀ ਕੀਤੀ ਗਈ 127 ਅਰਬ ਡਾਲਰ ਦੀ ਰਕਮ ਭਾਰਤੀ ਬੈਂਕਾਂ ਲਈ 'ਵੱਡੀ ਰਾਹਤ' ਹੈ। ਇਸ ਨਾਲ ਵਿੱਤੀ ਹਾਲਤ ਠੀਕ ਹੋਈ ਹੈ ਤੇ ਕੈਸ਼ ਦੀ ਉਪਲਬਧਤਾ ਵਧੀ ਹੈ। ਬੈਂਕਾਂ ਨੇ 8 ਜੂਨ ਤੋਂ 31 ਅਗਸਤ 2026 ਦਰਮਿਆਨ ਫੌਰਨ ਕਰੰਸੀ ਨਾਨ-ਰੈਜ਼ੀਡੈਂਟ ਬੈਂਕ (FCNR-B) ਖਾਤਿਆਂ ਰਾਹੀਂ ਰਿਕਾਰਡ 127 ਅਰਬ ਡਾਲਰ ਦੀ ਜਮ੍ਹਾ ਰਕਮ ਇਕੱਠੀ ਕੀਤੀ।
ਬੈਂਕਾਂ ਨੂੰ ਮਿਲੀ ਵੱਡੀ ਰਾਹਤ
ਐੱਸਐਂਡਪੀ ਨੇ ਕਿਹਾ ਕਿ ਇਹ ਰਕਮ 31 ਮਾਰਚ 2026 ਤੱਕ ਬੈਂਕਾਂ 'ਚ ਜਮ੍ਹਾ ਕੁੱਲ ਰਕਮ ਦਾ ਲਗਪਗ 4.5 ਫ਼ੀਸਦੀ ਹੈ। ਰੇਟਿੰਗ ਏਜੰਸੀ ਨੇ ਕਿਹਾ, 'ਭਾਰਤੀ ਬੈਂਕਾਂ ਨੂੰ ਇਸ ਨਾਲ ਵੱਡੀ ਰਾਹਤ ਮਿਲੀ ਹੈ। ਅਨੁਕੂਲ ਦਰਾਂ ਨੇ ਦੇਸ਼ ਦੇ ਪ੍ਰਵਾਸੀ ਭਾਈਚਾਰੇ ਨੂੰ ਵੱਡੀ ਮਾਤਰਾ 'ਚ ਜਮ੍ਹਾ ਰਕਮ ਵਾਪਸ ਭਾਰਤ ਭੇਜਣ ਲਈ ਪ੍ਰੇਰਿਤ ਕੀਤਾ। ਅਸੀਂ ਇਸ ਨੂੰ ਵਿਆਪਕ ਤੌਰ 'ਤੇ ਸਕਾਰਾਤਮਕ ਮੰਨਦੇ ਹਾਂ।'
ਐੱਸਐਂਡਪੀ ਨੇ ਕਿਹਾ, 'ਇਸ ਨਾਲ ਫਾਈਨੈਂਸਿੰਗ ਦੀ ਤੰਗ ਸਥਿਤੀ ਸੁਖਾਲੀ ਹੋਈ ਹੈ। ਪਿਛਲੇ ਚਾਰ ਸਾਲਾਂ ਤੋਂ ਕਰਜ਼ਾ ਵਾਧਾ, ਜਮ੍ਹਾ ਵਾਧੇ ਨਾਲੋਂ ਜ਼ਿਆਦਾ ਰਿਹਾ ਹੈ।'
FCNR-B ਜਮ੍ਹਾਂ ਦੀ ਮਿਆਦ 3-5 ਸਾਲ
ਭਾਰਤੀ ਰਿਜ਼ਰਵ ਬੈਂਕ (RBI) ਨੇ ਵਿਦੇਸ਼ੀ ਪੂੰਜੀ ਆਕਰਸ਼ਿਤ ਕਰਨ ਲਈ ਜੂਨ ਦੀ ਸ਼ੁਰੂਆਤ ਤੋਂ ਅਗਸਤ ਦਰਮਿਆਨ ਇਨ੍ਹਾਂ ਤਿੰਨ ਤੋਂ ਪੰਜ ਸਾਲ ਦੀ ਮਿਆਦ ਵਾਲੀਆਂ ਜਮ੍ਹਾਂ ਰਕਮਾਂ ਦੀ ਮੂਲ ਰਕਮ ਨਾਲ ਜੁੜੀ ਜੋਖ਼ਮ ਲਾਗਤ ਖੁਦ ਚੁੱਕੀ ਹੈ। ਇਸ ਨਾਲ ਬੈਂਕਾਂ ਨੂੰ ਅਜਿਹੀਆਂ ਅਮਰੀਕੀ ਡਾਲਰ ਜਮ੍ਹਾਂ ਰਕਮਾਂ 'ਤੇ ਵੱਧ ਵਿਆਜ ਦਰ ਦੇਣ ਦੀ ਸਹੂਲਤ ਮਿਲੀ।
ਐੱਸਐਂਡਪੀ ਗਲੋਬਲ ਰੇਟਿੰਗਜ਼ ਦੀ ਕਰਜ਼ਾ ਵਿਸ਼ਲੇਸ਼ਕ ਗੀਤਾ ਚੁੱਘ ਨੇ ਕਿਹਾ, 'FCNR-B ਜਮ੍ਹਾਂ ਦੀ ਮਿਆਦ ਤਿੰਨ ਤੋਂ ਪੰਜ ਸਾਲ ਹੈ। ਇਸ ਨਾਲ ਬੈਂਕਾਂ ਦੀ ਫਾਈਨੈਂਸਿੰਗ ਸਥਿਤੀ 'ਚ ਸੁਧਾਰ ਹੋਵੇਗਾ ਅਤੇ ਐਸੇਟ-ਲਾਇਬਿਲਟੀ ਦੀ ਮਿਆਦ ਦੇ ਅੰਤਰ ਨੂੰ ਪੂਰਾ ਕਰਨ 'ਚ ਮਦਦ ਮਿਲੇਗੀ।'
ਫਾਈਨੈਂਸਿੰਗ ਤੇ ਲਾਇਬਿਲਟੀ ਦੀ ਮਿਆਦ 'ਚ ਸੁਧਾਰ
ਚੁੱਘ ਨੇ ਕਿਹਾ ਕਿ ਬੈਂਕਾਂ ਦੀਆਂ ਕੁੱਲ ਜਾਇਦਾਦਾਂ ਇਨ੍ਹਾਂ ਖਾਤਿਆਂ ਰਾਹੀਂ ਇਕੱਠੀ ਕੀਤੀ ਗਈ 127 ਅਰਬ ਡਾਲਰ ਦੀ ਰਕਮ ਤੋਂ ਵੀ ਜ਼ਿਆਦਾ ਵਧ ਸਕਦੀਆਂ ਹਨ। ਇਸ ਦਾ ਕਾਰਨ ਇਹ ਹੈ ਕਿ ਬੈਂਕ ਗਾਹਕਾਂ ਨੂੰ ਆਪਣੀ ਜਮ੍ਹਾ ਰਕਮ ਦੇ ਬਦਲੇ ਵੱਧ ਨਕਦੀ ਉਧਾਰ ਲੈਣ ਅਤੇ ਉਸ ਨੂੰ FCNR-B ਖਾਤਿਆਂ 'ਚ ਰੱਖਣ ਦੀ ਇਜਾਜ਼ਤ ਦੇ ਰਹੇ ਹਨ। ਐੱਸਐਂਡਪੀ ਨੇ ਕਿਹਾ ਕਿ FCNR-B ਜਮ੍ਹਾਂ ਇਕੱਠੀ ਕਰਨ ਦਾ ਸਭ ਤੋਂ ਸਪੱਸ਼ਟ ਲਾਭ ਨਕਦੀ ਦੀ ਉਪਲਬਧਤਾ ਦੇ ਪੱਧਰ 'ਤੇ ਹੋਇਆ ਹੈ।
ਭਾਰਤ 'ਚ ਬੈਂਕ ਉੱਚੇ ਕਰਜ਼ਾ-ਜਮ੍ਹਾ ਅਨੁਪਾਤ ਅਤੇ ਜਮ੍ਹਾਂ ਰਕਮ ਇਕੱਠੀ ਕਰਨ ਲਈ ਵਧਦੀ ਮੁਕਾਬਲੇਬਾਜ਼ੀ ਵਿਚਕਾਰ ਕੰਮ ਕਰ ਰਹੇ ਹਨ। ਇਸ ਨੇ ਕਿਹਾ, "FCNR-B ਰਾਹੀਂ ਆਈ ਰਕਮ ਇਸ ਰੁਕਾਵਟ ਨੂੰ ਘੱਟ ਕਰਦੀ ਹੈ ਅਤੇ ਮੱਧਮ ਮਿਆਦ ਲਈ ਲੋੜੀਂਦੀ ਫਾਈਨੈਂਸਿੰਗ ਉਪਲਬਧ ਕਰਵਾਉਂਦੀ ਹੈ। ਇਨ੍ਹਾਂ ਜਮ੍ਹਾਂ ਦੀ ਮਿਆਦ ਤਿੰਨ ਤੋਂ ਪੰਜ ਸਾਲ ਹੈ, ਜਿਸ ਨਾਲ ਫਾਈਨੈਂਸਿੰਗ ਅਤੇ ਦੇਣਦਾਰੀ ਦੀ ਮਿਆਦ 'ਚ ਸੁਧਾਰ ਹੋਇਆ ਹੈ।"