- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਦੇਸ਼ ਵਿਚ ਵੱਡੀ ਗਿਣਤੀ ਵਿਚ ਲੋਕ ਕ੍ਰੈਡਿਟ ਕਾਰਡ ਵਰਤਦੇ ਹਨ। ਕਈ ਵਾਰ ਐਮਰਜੈਂਸੀ ਦੌਰਾਨ ਖ਼ਰਚਾ ਕ੍ਰੈਡਿਟ ਕਾਰਡ ਦੀ ਤੈਅ ਹੱਦ ਤੋਂ ਵੱਧ ਹੋ ਜਾਂਦਾ ਹੈ। ਅਜਿਹੇ ਖ਼ਰਚੇ ਨਾਲ ਨਜਿੱਠਣ ਲਈ ਕ੍ਰੈਡਿਟ ਕਾਰਡ ਦੀ ‘ਓਵਰਲਿਮਟ’ ਸਹੂਲਤ ਕੰਮ ਆ ਸਕਦੀ ਹੈ।

ਅੱਜ ਦੇਸ਼ ਵਿਚ ਵੱਡੀ ਗਿਣਤੀ ਵਿਚ ਲੋਕ ਕ੍ਰੈਡਿਟ ਕਾਰਡ ਵਰਤਦੇ ਹਨ। ਕਈ ਵਾਰ ਐਮਰਜੈਂਸੀ ਦੌਰਾਨ ਖ਼ਰਚਾ ਕ੍ਰੈਡਿਟ ਕਾਰਡ ਦੀ ਤੈਅ ਹੱਦ ਤੋਂ ਵੱਧ ਹੋ ਜਾਂਦਾ ਹੈ। ਅਜਿਹੇ ਖ਼ਰਚੇ ਨਾਲ ਨਜਿੱਠਣ ਲਈ ਕ੍ਰੈਡਿਟ ਕਾਰਡ ਦੀ ‘ਓਵਰਲਿਮਟ’ ਸਹੂਲਤ ਕੰਮ ਆ ਸਕਦੀ ਹੈ। ਹਾਲਾਂਕਿ, ਇਸ ਸਹੂਲਤ ਦੀ ਵਰਤੋਂ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ ਕਿਉਂਕਿ ਇਸ ਲਈ ਤੁਹਾਨੂੰ ਕਾਫ਼ੀ ਭਾਰੀ ਫੀਸ ਦੇਣੀ ਪੈ ਸਕਦੀ ਹੈ। ਆਓ ਜਾਣੀਏ ਕ੍ਰੈਡਿਟ ਕਾਰਡ ਦੀ ਓਵਰਲਿਮਟ ਸਹੂਲਤ ਤੇ ਇਸ ਨਾਲ ਜੁੜੇ ਖ਼ਰਚਿਆਂ ਬਾਰੇ।
ਕੀ ਹੈ ਕ੍ਰੈਡਿਟ ਕਾਰਡ ਦੀ ਓਵਰਲਿਮਟ ਸਹੂਲਤ
ਹਰ ਕ੍ਰੈਡਿਟ ਕਾਰਡ ਨਾਲ ਖ਼ਰਚ ਕਰਨ ਦੀ ਇਕ ਨਿਰਧਾਰਤ ਹੱਦ ਜੁੜੀ ਹੁੰਦੀ ਹੈ। ਇਹ ਹੱਦ ਕਾਰਡਧਾਰਕ ਦੀ ਯੋਗਤਾ ਦੇ ਆਧਾਰ ’ਤੇ ਤੈਅ ਕੀਤੀ ਜਾਂਦੀ ਹੈ। ਕਈ ਕ੍ਰੈਡਿਟ ਕਾਰਡਾਂ ਨਾਲ ਓਵਰਲਿਮਟ ਦੀ ਸਹੂਲਤ ਵੀ ਹੁੰਦੀ ਹੈ, ਜਿਸ ਰਾਹੀਂ ਕਾਰਡਧਾਰਕ ਆਪਣੀ ਨਿਰਧਾਰਤ ਹੱਦ ਤੋਂ ਵੱਧ ਖ਼ਰਚ ਕਰ ਸਕਦਾ ਹੁੰਦਾ ਹੈ। ਇਹ ਖ਼ਰਚ ਕਾਰਡ ਜਾਰੀ ਕਰਨ ਵਾਲੀ ਸੰਸਥਾ ਦੀਆਂ ਸ਼ਰਤਾਂ ਤਹਿਤ ਹੁੰਦਾ ਹੈ। ਮਿਸਾਲ ਵਜੋਂ, ਜੇ ਤੁਹਾਡੇ ਕ੍ਰੈਡਿਟ ਕਾਰਡ ਦੀ ਹੱਦ 50 ਹਜ਼ਾਰ ਰੁਪਏ ਹੈ, ਤਾਂ ਇਸ ਸਹੂਲਤ ਰਾਹੀਂ ਤੁਸੀਂ 50 ਹਜ਼ਾਰ ਰੁਪਏ ਤੋਂ ਵੱਧ ਦਾ ਲੈਣ-ਦੇਣ ਕਰ ਸਕਦੇ ਹੋ।
ਇਹ ਸਹੂਲਤ ਆਪਣੇ ਆਪ ਨਹੀਂ ਮਿਲਦੀ
ਕ੍ਰੈਡਿਟ ਕਾਰਡ ’ਤੇ ਓਵਰਲਿਮਟ ਦੀ ਸਹੂਲਤ ਆਪਣੇ ਆਪ ਚਾਲੂ ਨਹੀਂ ਹੁੰਦੀ। ਇਸ ਲਈ ਕਾਰਡਧਾਰਕ ਨੂੰ ਕਾਰਡ ਜਾਰੀ ਕਰਨ ਵਾਲੀ ਸੰਸਥਾ ਨੂੰ ਸਪੱਸ਼ਟ ਸਹਿਮਤੀ ਦੇਣੀ ਪੈਂਦੀ ਹੈ। ਕਾਰਡ ਜਾਰੀ ਕਰਨ ਵਾਲੀਆਂ ਕੰਪਨੀਆਂ ਦੀ ਇਸ ਸਹੂਲਤ ਸਬੰਧੀ ਪਹਿਲਾਂ ਤੋਂ ਤੈਅ ਨੀਤੀ ਹੁੰਦੀ ਹੈ ਅਤੇ ਉਸੇ ਦੇ ਆਧਾਰ ’ਤੇ ਇਹ ਸਹੂਲਤ ਦਿੱਤੀ ਜਾਂਦੀ ਹੈ। ਨਿਯਮਾਂ, ਸ਼ਰਤਾਂ, ਖ਼ਤਰੇ ਦੇ ਮੁਲਾਂਕਣ ਅਤੇ ਤੈਅ ਨੀਤੀ ਦੇ ਆਧਾਰ ’ਤੇ ਕਾਰਡ ਜਾਰੀ ਕਰਨ ਵਾਲੀ ਸੰਸਥਾ ਓਵਰਲਿਮਟ ਲੈਣ-ਦੇਣ ਨੂੰ ਮਨਜ਼ੂਰ ਕਰਨ ਤੋਂ ਇਨਕਾਰ ਕਰ ਸਕਦੀ ਹੈ ਜਾਂ ਇਸ ਨੂੰ ਰੋਕ ਸਕਦੀ ਹੈ।
ਕਿੰਨੀ ਫੀਸ ਦੇਣੀ ਪੈ ਸਕਦੀ ਹੈ
ਆਮ ਤੌਰ ’ਤੇ ਪ੍ਰਮੁੱਖ ਵਿੱਤੀ ਸੰਸਥਾਵਾਂ ਕ੍ਰੈਡਿਟ ਹੱਦ ਤੋਂ ਵੱਧ ਖਰਚ ਕੀਤੀ ਰਕਮ ’ਤੇ ਕਰੀਬ 2.5 ਫ਼ੀਸਦੀ ਓਵਰਲਿਮਟ ਫੀਸ ਲੈਂਦੀਆਂ ਹਨ। ਇਸ ਦੇ ਨਾਲ ਘੱਟੋ-ਘੱਟ 500 ਤੋਂ 600 ਰੁਪਏ ਤੱਕ ਦਾ ਖ਼ਰਚਾ ਅਤੇ ਜੀਐੱਸਟੀ ਵੀ ਲੱਗ ਸਕਦਾ ਹੈ। ਇਹ ਫੀਸ ਬੈਂਕ ਅਤੇ ਕ੍ਰੈਡਿਟ ਕਾਰਡ ਦੀ ਕਿਸਮ ਮੁਤਾਬਕ ਵੱਖ-ਵੱਖ ਹੋ ਸਕਦੀ ਹੈ।
ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ
- ਓਵਰਲਿਮਿਟ ਸਹੂਲਤ ਲੈਣ ਤੋਂ ਪਹਿਲਾਂ ਆਪਣੇ ਬੈਂਕ ਤੋਂ ਇਸ ਨਾਲ ਸਬੰਧਤ ਨਵੀਆਂ ਸ਼ਰਤਾਂ ਬਾਰੇ ਜਾਣਕਾਰੀ ਲਵੋ।
- ਜੇ ਇਸ ਸਹੂਲਤ ਦੀ ਵਰਤੋਂ ਲਈ ਕੋਈ ਵਾਧੂ ਯੋਗਤਾ ਲਾਜ਼ਮੀ ਹੈ, ਤਾਂ ਉਸ ਨੂੰ ਧਿਆਨ ਨਾਲ ਪੜ੍ਹੋ।
- ਓਵਰਲਿਮਟ ਨਾਲ ਜੁੜੀਆਂ ਫੀਸਾਂ ਤੇ ਟੈਕਸਾਂ ਬਾਰੇ ਬੈਂਕ ਤੋਂ ਪੂਰੀ ਜਾਣਕਾਰੀ ਲਵੋ।
- ਬੈਂਕ ਦੀ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਇਸ ਸਹੂਲਤ ਬਾਰੇ ਵੇਰਵੇ ਨਾਲ ਪੜਤਾਲ ਕਰੋ।
- ਕੋਈ ਸ਼ੱਕ ਹੋਵੇ ਤਾਂ ਕ੍ਰੈਡਿਟ ਕਾਰਡ ਜਾਰੀ ਕਰਨ ਵਾਲੀ ਕੰਪਨੀ ਦੀ ਗਾਹਕ ਸੇਵਾ ਟੀਮ ਨਾਲ ਗੱਲ ਕਰੋ।
- ਸਾਰੀ ਜਾਣਕਾਰੀ ਲੈਣ ਤੇ ਪੂਰੀ ਤਰ੍ਹਾਂ ਸੰਤੁਸ਼ਟ ਹੋਣ ਤੋਂ ਬਾਅਦ ਹੀ ਓਵਰਲਿਮਟ ਸਹੂਲਤ ਦੀ ਵਰਤੋਂ ਕਰੋ।
- ਜੇ ਬਕਾਇਆ ਰਕਮ ਇੱਕੋ ਵਾਰ ਨਹੀਂ ਚੁਕਾਈ ਜਾ ਸਕਦੀ, ਤਾਂ ਕ੍ਰੈਡਿਟ ਕਾਰਡ ਦੀ ਵਿਆਜ-ਮੁਕਤ ਮਿਆਦ ਅਤੇ ਭੁਗਤਾਨ ਦੀਆਂ ਸ਼ਰਤਾਂ ਨੂੰ ਧਿਆਨ ਨਾਲ ਸਮਝੋ।
- ਯਾਦ ਰੱਖੋ, ਓਵਰਲਿਮਟ ਸਹੂਲਤ ਐਮਰਜੈਂਸੀ ਵੇਲੇ ਖ਼ਰਚ ਸੰਭਾਲਣ ਵਿਚ ਮਦਦ ਕਰ ਸਕਦੀ ਹੈ ਪਰ ਇਸ ਨੂੰ ਬੱਚਤ ਜਾਂ ਸੋਚ-ਸਮਝ ਕੇ ਬਣਾਏ ਬਜਟ ਦਾ ਬਦਲ ਨਹੀਂ ਮੰਨਣਾ ਚਾਹੀਦਾ।