TVS ਗਰੁੱਪ ਦੇ ₹2.80 ਲੱਖ ਕਰੋੜ ਦੇ ਸਾਮਰਾਜ 'ਚ ਹਿੱਸੇਦਾਰੀ ਦੀ ਜੰਗ, ਧੀ ਨੇ ਪਿਤਾ ਤੇ ਭਰਾ ਖ਼ਿਲਾਫ਼ ਖੋਲ੍ਹਿਆ ਮੋਰਚਾ, ਲਕਸ਼ਮੀ ਵੇਣੂ ਪਹੁੰਚੀ ਹਾਈ ਕੋਰਟ
ਪਰਿਵਾਰਕ ਜਾਇਦਾਦ 'ਚ ਲਕਸ਼ਮੀ ਵੇਣੂ ਦੇ ਅਧਿਕਾਰਾਂ ਦਾ ਸਮਰਥਨ ਕਰਦਿਆਂ ਮੱਲਿਕਾ ਸ਼੍ਰੀਨਿਵਾਸਨ ਨੇ 25 ਨਵੰਬਰ ਨੂੰ ਕਿਹਾ, 'ਇਹ ਮੰਦਭਾਗਾ ਹੈ ਕਿ ਲਕਸ਼ਮੀ ਦੇ ਨੋਟਿਸ ਦੇ ਜਵਾਬ 'ਚ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਨੂੰ ਮਾਨਤਾ ਨਹੀਂ ਦਿੱਤੀ ਗਈ ਅਤੇ ਆਪਸੀ ਸਹਿਮਤੀ ਨਾਲ ਹੱਲ ਕੱਢਣ ਦੀ ਦਿਸ਼ਾ 'ਚ ਕੋਈ ਤਰੱਕੀ ਨਹੀਂ ਹੋਈ। ਅਜਿਹੇ ਹਾਲਾਤ 'ਚ ਆਪਣੇ ਅਧਿਕਾਰਾਂ ਦੀ ਰੱਖਿਆ ਲਈ ਉਨ੍ਹਾਂ ਨੂੰ ਅਦਾਲਤ ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਹੋਣਾ ਪਿਆ ਹੈ।
Publish Date: Wed, 25 Nov 2026 03:22 PM (IST)
Updated Date: Wed, 25 Nov 2026 03:24 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਭਾਰਤ ਦੇ ਵੱਡੇ ਉਦਯੋਗਿਕ ਘਰਾਣਿਆਂ 'ਚ ਸ਼ਾਮਲ TVS ਗਰੁੱਪ ਇਨ੍ਹੀਂ ਦਿਨੀਂ ਪਰਿਵਾਰਕ ਜਾਇਦਾਦ ਦੀ ਵੰਡ ਨੂੰ ਲੈ ਕੇ ਚਰਚਾ 'ਚ ਹੈ। ਇਸ ਮਾਮਲੇ 'ਚ ਹੁਣ TVS ਹੋਲਡਿੰਗਜ਼ ਦੇ ਚੇਅਰਮੈਨ ਵੇਣੂ ਸ਼੍ਰੀਨਿਵਾਸਨ ਦੀ ਧੀ ਲਕਸ਼ਮੀ ਵੇਣੂ ਨੇ 25 ਨਵੰਬਰ ਨੂੰ ਮਦਰਾਸ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਨ੍ਹਾਂ ਨੇ TVS ਪਰਿਵਾਰ ਦੀ ਵੇਣੂ ਸ਼੍ਰੀਨਿਵਾਸਨ ਸ਼ਾਖਾ ਦੀ ਸਾਂਝੀ ਪਰਿਵਾਰਕ ਜਾਇਦਾਦ ਦੀ ਵੰਡ ਕਰਨ ਅਤੇ ਉਸ 'ਚ ਆਪਣਾ ਹਿੱਸਾ ਦੇਣ ਦੀ ਮੰਗ ਕੀਤੀ ਹੈ। ਸੂਚੀਬੱਧ TVS ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ਦਾ ਕੁੱਲ ਬਾਜ਼ਾਰ ਪੂੰਜੀਕਰਨ ਲਗਭਗ 2.80 ਲੱਖ ਕਰੋੜ ਰੁਪਏ (2,80,371 ਕਰੋੜ ਰੁਪਏ) ਹੈ।
ਇਹ ਮੁਕੱਦਮਾ 16 ਨਵੰਬਰ ਨੂੰ ਲਕਸ਼ਮੀ ਵੱਲੋਂ ਭੇਜੇ ਗਏ ਵੰਡ ਸਬੰਧੀ ਨੋਟਿਸ ਤੋਂ ਬਾਅਦ ਦਾਇਰ ਕੀਤਾ ਗਿਆ ਹੈ। ਇਸ ਨੋਟਿਸ 'ਚ ਉਨ੍ਹਾਂ ਨੇ ਪਰਿਵਾਰ ਦੇ ਮੁਖੀ ਵਜੋਂ ਆਪਣੇ ਪਿਤਾ ਨੂੰ ਜ਼ਿੰਮੇਵਾਰੀਆਂ ਨਿਭਾਉਣ ਅਤੇ ਜਾਇਦਾਦ ਦੀ ਸਹੀ ਤੇ ਕਾਨੂੰਨੀ ਤਰੀਕੇ ਨਾਲ ਵੰਡ ਕਰਨ ਲਈ ਕਿਹਾ ਸੀ। ਵੇਣੂ ਸ਼੍ਰੀਨਿਵਾਸਨ ਸ਼ਾਖਾ ਦੀ ਜਾਇਦਾਦ 'ਚ TVS ਮੋਟਰ ਕੰਪਨੀ, ਸੁੰਦਰਮ ਕਲੇਟਨ, TVS ਕ੍ਰੈਡਿਟ ਸਰਵਿਸਿਜ਼ ਅਤੇ TVS ਹੋਲਡਿੰਗਜ਼ 'ਚ ਹਿੱਸੇਦਾਰੀ ਸ਼ਾਮਲ ਹੋਵੇਗੀ।
TVS ਗਰੁੱਪ 'ਚ ਕਿਸ ਗੱਲ ਨੂੰ ਲੈ ਕੇ ਹੈ ਵਿਵਾਦ?
ਵਿਵਾਦ ਇਸ ਗੱਲ ਨੂੰ ਲੈ ਕੇ ਹੈ ਕਿ ਕੀ 2020 'ਚ ਹੋਏ TVS ਪਰਿਵਾਰ ਦੇ ਵਿਆਪਕ ਪੁਨਰਗਠਨ ਅਤੇ ਇਸ ਤੋਂ ਬਾਅਦ 2024 'ਚ ਵੇਣੂ ਸ਼੍ਰੀਨਿਵਾਸਨ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਵਿਚਾਲੇ ਹੋਏ ਸਮਝੌਤੇ (MoU) ਨਾਲ ਉਨ੍ਹਾਂ ਦੀ ਪਰਿਵਾਰਕ ਸ਼ਾਖਾ ਦੇ ਅੰਦਰ ਆਰਥਿਕ ਹਿੱਤਾਂ ਦੀ ਵੰਡ ਵੀ ਪੂਰੀ ਹੋ ਗਈ ਸੀ ਜਾਂ ਨਹੀਂ। ਵੇਣੂ ਸ਼੍ਰੀਨਿਵਾਸਨ ਅਤੇ ਸੁਦਰਸ਼ਨ ਵੇਣੂ ਦਾ ਕਹਿਣਾ ਹੈ ਕਿ ਇਹ ਸਮਝੌਤਾ ਪਹਿਲਾਂ ਹੀ ਹੋ ਚੁੱਕਾ ਹੈ। ਦੂਜੇ ਪਾਸੇ, ਲਕਸ਼ਮੀ ਅਤੇ ਉਨ੍ਹਾਂ ਦੀ ਮਾਂ ਮੱਲਿਕਾ ਸ਼੍ਰੀਨਿਵਾਸਨ ਦਾ ਤਰਕ ਹੈ ਕਿ ਪਰਿਵਾਰ ਦੇ ਆਰਥਿਕ ਹਿੱਤਾਂ ਦੀ ਪੂਰੀ ਵੰਡ ਅਜੇ ਨਹੀਂ ਹੋਈ ਹੈ।
ਮਾਂ ਨੇ ਧੀ ਦੇ ਹੱਕ 'ਚ ਦਿੱਤਾ ਬਿਆਨ
ਪਰਿਵਾਰਕ ਜਾਇਦਾਦ 'ਚ ਲਕਸ਼ਮੀ ਵੇਣੂ ਦੇ ਅਧਿਕਾਰਾਂ ਦਾ ਸਮਰਥਨ ਕਰਦਿਆਂ ਮੱਲਿਕਾ ਸ਼੍ਰੀਨਿਵਾਸਨ ਨੇ 25 ਨਵੰਬਰ ਨੂੰ ਕਿਹਾ, 'ਇਹ ਮੰਦਭਾਗਾ ਹੈ ਕਿ ਲਕਸ਼ਮੀ ਦੇ ਨੋਟਿਸ ਦੇ ਜਵਾਬ 'ਚ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਨੂੰ ਮਾਨਤਾ ਨਹੀਂ ਦਿੱਤੀ ਗਈ ਅਤੇ ਆਪਸੀ ਸਹਿਮਤੀ ਨਾਲ ਹੱਲ ਕੱਢਣ ਦੀ ਦਿਸ਼ਾ 'ਚ ਕੋਈ ਤਰੱਕੀ ਨਹੀਂ ਹੋਈ। ਅਜਿਹੇ ਹਾਲਾਤ 'ਚ ਆਪਣੇ ਅਧਿਕਾਰਾਂ ਦੀ ਰੱਖਿਆ ਲਈ ਉਨ੍ਹਾਂ ਨੂੰ ਅਦਾਲਤ ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਹੋਣਾ ਪਿਆ ਹੈ। ਇਕ ਮਾਂ ਵਜੋਂ ਮੇਰੇ ਲਈ ਪੁੱਤਰ ਅਤੇ ਧੀ ਹਰ ਪੱਖੋਂ ਬਰਾਬਰ ਹਨ। ਮੇਰਾ ਮੰਨਣਾ ਹੈ ਕਿ ਪਰਿਵਾਰਕ ਜਾਇਦਾਦ 'ਚ ਲਕਸ਼ਮੀ ਦਾ ਵੀ ਉਨਾ ਹੀ ਜਾਇਜ਼ ਹਿੱਸਾ ਹੈ, ਜਿੰਨਾ ਸੁਦਰਸ਼ਨ ਦਾ ਹੈ।'