- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਰਡਾ ਦਾ ਮੰਨਣਾ ਹੈ ਕਿ ਬੀਮਾ ਵੇਚਣ ਵਾਲੀਆਂ ਕੰਪਨੀਆਂ ਆਪਣੇ ਉਤਪਾਦ ਦਾ ਪੂਰਾ ਬ੍ਰੇਕਅਪ ਜਨਤਕ ਨਹੀਂ ਕਰਦੀਆਂ। ਜੇ ਕੋਈ ਗਾਹਕ ਵੱਖ-ਵੱਖ ਕੰਪਨੀਆਂ ਦੇ ਇਕ ਹੀ ਕਿਸਮ ਦੇ ਉਤਪਾਦ ਦੀ ਤੁਲਨਾ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਆਪਣੀ ਪੂਰੀ ਜਾਣਕਾਰੀ ਦੇਣੀ ਪੈਂਦੀ ਹੈ।

ਰਾਜੀਵ ਕੁਮਾਰ, ਜਾਗਰਣ, ਨਵੀਂ ਦਿੱਲੀ : ਇਸ ਵੇਲੇ, ਬੈਂਕਾਂ ਦੇ ਮੁਲਾਜ਼ਮ ਆਪਣੇ ਟਾਰਗੇਟ ਪੂਰੇ ਕਰਨ ਲਈ ਅਜਿਹੇ ਗਾਹਕਾਂ ਨੂੰ ਵੀ ਜੀਵਨ ਬੀਮਾ ਉਤਪਾਦ (ਲਾਈਫ ਇੰਸ਼ੋਰੈਂਸ) ਵੇਚ ਦਿੰਦੇ ਹਨ, ਜੋ ਦੂਜੇ ਸਾਲ ਤੋਂ ਪ੍ਰੀਮੀਅਮ ਦੇਣ ਵਿਚ ਅਸਮਰੱਥ ਹੁੰਦੇ ਹਨ। ਪ੍ਰੀਮੀਅਮ ਨਾ ਦੇਣ ਦਾ ਨਤੀਜਾ ਇਹ ਹੁੰਦਾ ਹੈ ਕਿ ਜੀਵਨ ਬੀਮਾ ਬੇਕਾਰ ਹੋ ਜਾਂਦਾ ਹੈ ਅਤੇ ਪਹਿਲੇ ਸਾਲ ਦੀ ਦਿੱਤੀ ਰਕਮ ਵੀ ਡੁੱਬ ਜਾਂਦੀ ਹੈ। ਭਾਰਤੀ ਬੀਮਾ ਰੈਗੂਲੇਟਰੀ ਤੇ ਵਿਕਾਸ ਅਥਾਰਟੀ (ਇਰਡਾ) ਦੇ ਨਵੇਂ ਪ੍ਰਸਤਾਵ ਵਿਚ ਗਾਹਕ ਨੂੰ ਬਿਨਾਂ ਵਿਸਥਾਰਤ ਜਾਣਕਾਰੀ ਦਿੱਤੇ ਤੇ ਉਸ ਦੀ ਮਨਜ਼ੂਰੀ ਦੇ ਬਿਨਾਂ ਕਿਸੇ ਵੀ ਬੀਮਾ ਉਤਪਾਦ ਨੂੰ ਵੇਚਣ ’ਤੇ ਰੋਕ ਲਗਾਉਣ ਦੀ ਗੱਲ ਕੀਤੀ ਗਈ ਹੈ। ਬੀਮਾ ਦੀ ਮਿਸ-ਸੇਲਿੰਗ 'ਤੇ ਆਰਬੀਆਈ ਦੇ ਨਿਯਮਾਂ ਮੁਤਾਬਕ ਬੈਂਕ ਮੁਲਾਜ਼ਮ ਦੇ ਖ਼ਿਲਾਫ਼ ਕਾਰਵਾਈ ਵੀ ਹੋ ਸਕਦੀ ਹੈ।
ਅਸਲ ਵਿਚ, ਪਿੰਡਾਂ ਅਤੇ ਛੋਟੇ ਸ਼ਹਿਰਾਂ ਵਿਚ ਘੱਟ-ਪੜ੍ਹੇ ਲਿਖੇ ਲੋਕਾਂ ਦੇ ਬੈਂਕ ਖਾਤੇ ਖੋਲ੍ਹਣ ਜਾਂ ਲੋਨ ਦਿਲਵਾਉਣ ਦੌਰਾਨ ਬੈਂਕ ਮੁਲਾਜ਼ਮ ਉਨ੍ਹਾਂ ਨੂੰ ਜੀਵਨ ਬੀਮਾ ਵੇਚ ਦਿੰਦੇ ਹਨ। ਐਸਬੀਆਈ, ਕੋਟਕ, ਐੱਚਡੀਐੱਫਸੀ ਅਤੇ ਆਈਸੀਆਈਸੀਆਈ ਵਰਗੇ ਕਈ ਬੈਂਕ ਆਪਣੀਆਂ ਬੀਮਾ ਕੰਪਨੀਆਂ ਵੀ ਚਲਾਉਂਦੇ ਹਨ। ਕਿਉਂਕਿ ਇਨ੍ਹਾਂ ਘਰੇਲੂ ਉਤਪਾਦਾਂ ’ਤੇ ਕਾਫੀ ਵੱਧ ਮਾਰਜਿਨ ਹੁੰਦਾ ਹੈ, ਇਸ ਲਈ ਬੈਂਕ ਡਿਸਟ੍ਰੀਬਿਊਟਰ ਦੇ ਤੌਰ ’ਤੇ ਆਪਣੇ ਉਤਪਾਦ ਵੇਚਣ ਦਾ ਕੰਮ ਵੀ ਕਰਦੇ ਹਨ। ਹਾਲਾਂਕਿ, ਬੀਮਾ ਰੈਗੂਲੇਟਰੀ ਦੇ ਨਵੇਂ ਪ੍ਰਸਤਾਵ ਦੇ ਲਾਗੂ ਹੋਣ ’ਤੇ ਬੈਂਕ ਇਸ ਤਰ੍ਹਾਂ ਦੀ ਬੀਮਾ ਦੀ ਮਿਸ-ਸੇਲਿੰਗ ਨਹੀਂ ਕਰ ਸਕਣਗੇ। ਇਰਡਾ ਨੇ ਪਹਿਲਾਂ ਹੀ ਬੀਮਾ ਵੇਚਣ ਵਾਲੇ ਡਿਸਟ੍ਰੀਬਿਊਟਰ ਦੇ ਕਮਿਸ਼ਨ ਨੂੰ ਸੀਮਤ ਕਰਨ ਦਾ ਪ੍ਰਸਤਾਵ ਰੱਖਿਆ ਹੈ। ਇਸ ਵੇਲੇ ਜੀਵਨ ਬੀਮਾ ਵੇਚਣ ’ਤੇ ਡਿਸਟ੍ਰੀਬਿਊਟਰ ਨੂੰ ਪਹਿਲੇ ਸਾਲ ਦੇ ਕਮਿਸ਼ਨ ਦੇ ਤੌਰ 'ਤੇ 25 ਫ਼ੀਸਦੀ ਤੋਂ ਵੱਧ ਮਿਲਦਾ ਹੈ। ਨਵੇਂ ਪ੍ਰਸਤਾਵ ਮੁਤਾਬਕ ਹੁਣ ਇਹ 10 ਫ਼ੀਸਦੀ ਤੱਕ ਹੋ ਸਕਦਾ ਹੈ।
ਸਭ ਤੋਂ ਵੱਧ ਬੀਮਾ ਡਿਸਟ੍ਰੀਬਿਊਟਰ ਪ੍ਰਭਾਵਿਤ ਹੋਣਗੇ
ਇਰਡਾ ਦੇ ਨਵੇਂ ਪ੍ਰਸਤਾਵ ਨਾਲ ਸਭ ਤੋਂ ਵੱਧ ਬੀਮਾ ਡਿਸਟ੍ਰੀਬਿਊਟਰ ਪ੍ਰਭਾਵਿਤ ਹੋਣਗੇ। ਬੀਮਾ ਵੇਚਣ ਵਾਲੀ ਕੰਪਨੀ ਦੇ ਮਾਰਜਿਨ ’ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਏਜੰਟ ਦੇ ਕਮਿਸ਼ਨ ਨੂੰ ਪੰਜ ਫ਼ੀਸਦੀ ਤੱਕ ਘਟਾਇਆ ਗਿਆ ਹੈ, ਪਰ ਡਿਸਟ੍ਰੀਬਿਊਟਰ ਦੇ ਕਮਿਸ਼ਨ ਨੂੰ ਅੱਧੇ ਤੋਂ ਵੀ ਘਟਾਉਣ ਦਾ ਪ੍ਰਸਤਾਵ ਰੱਖਿਆ ਗਿਆ ਹੈ। ਡਿਸਟ੍ਰੀਬਿਊਟਰ ਇਕ ਸਮੇਂ ’ਚ ਕਈ ਕੰਪਨੀਆਂ ਲਈ ਕੰਮ ਕਰਦੇ ਹਨ। ਇਸ ਲਈ ਇਰਡਾ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਕਮਾਈ ’ਤੇ ਇਸ ਦਾ ਕੋਈ ਪ੍ਰਭਾਵ ਨਹੀਂ ਪਵੇਗਾ, ਪਰ ਗਾਹਕਾਂ ਨੂੰ ਨਿਸ਼ਚਿਤ ਤੌਰ ’ਤੇ ਬੀਮੇ ਦੀ ਖਰੀਦਦਾਰੀ ਵਿਚ ਰਾਹਤ ਮਿਲੇਗੀ।
ਬੀਮਾ ਉਤਪਾਦ ਦਾ ਪੂਰਾ ਬ੍ਰੇਕਅਪ ਜਨਤਕ ਨਹੀਂ ਕਰਦੀਆਂ ਬੀਮਾ ਕੰਪਨੀਆਂ
ਇਰਡਾ ਦਾ ਮੰਨਣਾ ਹੈ ਕਿ ਬੀਮਾ ਵੇਚਣ ਵਾਲੀਆਂ ਕੰਪਨੀਆਂ ਆਪਣੇ ਉਤਪਾਦ ਦਾ ਪੂਰਾ ਬ੍ਰੇਕਅਪ ਜਨਤਕ ਨਹੀਂ ਕਰਦੀਆਂ। ਜੇ ਕੋਈ ਗਾਹਕ ਵੱਖ-ਵੱਖ ਕੰਪਨੀਆਂ ਦੇ ਇਕ ਹੀ ਕਿਸਮ ਦੇ ਉਤਪਾਦ ਦੀ ਤੁਲਨਾ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਆਪਣੀ ਪੂਰੀ ਜਾਣਕਾਰੀ ਦੇਣੀ ਪੈਂਦੀ ਹੈ। ਉਤਪਾਦ ਵੇਚਣ ਦੌਰਾਨ ਡਿਸਟ੍ਰੀਬਿਊਟਰ ਅਤੇ ਏਜੰਟ ਦੇ ਕਮਿਸ਼ਨ ਦਾ ਕੋਈ ਜ਼ਿਕਰ ਨਹੀਂ ਹੁੰਦਾ। ਇਰਡਾ ਨੇ ਬੀਮਾ ਬਿਕਵਾਲੀ ਦੇ ਤਰੀਕੇ ਨੂੰ ਪਾਰਦਰਸ਼ੀ ਬਣਾਉਣ ਅਤੇ ਗਾਹਕਾਂ ਲਈ ਸਸਤਾ ਬਣਾਉਣ ਲਈ ਨਵੇਂ ਨਿਯਮ ਲਿਆਉਣ ਦਾ ਪ੍ਰਸਤਾਵ ਰੱਖਿਆ ਹੈ, ਜਿਸ 'ਤੇ ਸਾਰੇ ਹਿਤਧਾਰਕਾਂ ਤੋਂ 25 ਅਕਤੂਬਰ ਤੱਕ ਸਲਾਹ ਮੰਗੀ ਗਈ ਹੈ।
ਇਰਡਾ ਨੇ ਸਾਲ 2047 ਤੱਕ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਬੀਮੇ ਦੇ ਦਾਇਰੇ ਵਿਚ ਲਿਆਉਣ ਦਾ ਟੀਚਾ ਰੱਖਿਆ ਹੈ। ਇਸ ਟੀਚਾ ਨੂੰ ਹਾਸਲ ਕਰਨ ਲਈ ਬੀਮਾ ਦੀ ਲਾਗਤ ਨੂੰ ਘਟਾਉਣਾ ਜਰੂਰੀ ਹੈ। ਇਰਡਾ ਦਾ ਪ੍ਰਸਤਾਵ ਇਸ ਦਿਸ਼ਾ ਵਿਚ ਉਠਾਇਆ ਗਿਆ ਕਦਮ ਹੈ ਅਤੇ ਇਸ ਨਾਲ ਗਾਹਕਾਂ ਨੂੰ ਫਾਇਦਾ ਹੋਣ ਦੇ ਨਾਲ-ਨਾਲ ਬੀਮਾ ਵੇਚਣ ਵਾਲੀਆਂ ਕੰਪਨੀਆਂ ਨੂੰ ਵੀ ਨੁਕਸਾਨ ਨਹੀਂ ਹੋਵੇਗਾ। ਹਾਲਾਂਕਿ, ਡਿਸਟ੍ਰੀਬਿਊਟਰ ਨਿਸ਼ਚਿਤ ਤੌਰ ’ਤੇ ਪ੍ਰਭਾਵਿਤ ਹੋਣਗੇ।
- ਅਲਪਨਾ ਸਿੰਘ, ਨਿਰਦੇਸ਼ਕ (ਮਾਰਕੀਟਿੰਗ), ਇਫਕੋ-ਟੋਕੀਓ ਜਨਰਲ ਇੰਸ਼ੋਰੈਂਸ