- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ AI ਨਾਲ ਜੁੜੀਆਂ ਨਵੀਆਂ ਭਰਤੀਆਂ 83,100 ਰਹੀਆਂ। ਉੱਥੇ ਹੀ AI ਦੇ ਕਾਰਨ ਛਾਂਟੀ/ਪ੍ਰਭਾਵਿਤ ਨੌਕਰੀਆਂ 31,921 ਰਹੀਆਂ। ਜੇਕਰ ਇਨ੍ਹਾਂ ਦੋਵਾਂ ਦੇ ਅਨੁਪਾਤ 'ਤੇ ਨਜ਼ਰ ਮਾਰੀਏ ਤਾਂ ਪਤਾ ਚੱਲੇਗਾ ਕਿ 1 ਨੌਕਰੀ ਦੇ ਬਦਲੇ ਭਾਰਤ 'ਚ 2.6 ਭਰਤੀਆਂ ਦੇ ਨਵੇਂ ਮੌਕੇ ਮਿਲੇ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਅਕਸਰ ਇਹ ਡਰ ਬਣਿਆ ਰਹਿੰਦਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਲੋਕਾਂ ਦੀਆਂ ਨੌਕਰੀਆਂ ਖੋਹ ਲਵੇਗਾ। ਹਾਲਾਂਕਿ, ਇਕ ਗਲੋਬਲ ਰਿਪੋਰਟ 'ਚ ਭਾਰਤ ਬਾਰੇ ਅਜਿਹੇ ਅੰਕੜੇ ਸਾਹਮਣੇ ਆਏ ਹਨ ਜੋ ਹੈਰਾਨ ਕਰਨ ਵਾਲੇ ਵੀ ਹਨ ਤੇ ਰਾਹਤ ਦੇਣ ਵਾਲੇ ਵੀ। ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੁਨੀਆ ਦੇ ਕੰਮ ਕਰਨ ਦੇ ਤਰੀਕੇ ਨੂੰ ਬਦਲ ਰਿਹਾ ਹੈ ਤੇ ਭਾਰਤ 'ਚ ਇਸਦਾ ਅਸਰ ਉਮੀਦ ਤੋਂ ਵੱਖਰਾ ਤੇ ਸਕਰਾਤਮਕ ਤਰੀਕੇ ਨਾਲ ਦਿਸ ਰਿਹਾ ਹੈ। ਨੋਮੁਰਾ ਦੀ ਇਕ ਨਵੀਂ ਰਿਪੋਰਟ ਅਨੁਸਾਰ AI ਭਾਰਤ 'ਚ ਜਿੰਨੀਆਂ ਨੌਕਰੀਆਂ ਖਤਮ ਕਰ ਰਿਹਾ ਹੈ, ਉਸ ਨਾਲੋਂ ਕਿਤੇ ਵੱਧ ਨਵੇਂ ਮੌਕੇ ਪੈਦਾ ਕਰ ਰਿਹਾ ਹੈ।
ਨੋਮੁਰਾ ਦੇ ਅਰਥਸ਼ਾਸਤਰੀ ਸੋਨਲ ਵਰਮਾ ਤੇ ਸੀ ਯਿੰਗ ਤੋਹ ਨੇ ਏਸ਼ੀਆ ਭਰ 'ਚ ਰੋਜ਼ਗਾਰ ਨਾਲ ਜੁੜੇ 69 ਮਾਮਲਿਆਂ ਦਾ ਅਧਿਐਨ ਕੀਤਾ। ਰਿਪੋਰਟ ਅਨੁਸਾਰ, ਜਿੱਥੇ ਭਾਰਤ 'ਚ AI ਦੀ ਵਜ੍ਹਾ ਨਾਲ 31,921 ਨੌਕਰੀਆਂ ਗਈਆਂ ਜਾਂ ਪ੍ਰਭਾਵਿਤ ਹੋਈਆਂ, ਉੱਥੇ ਹੀ ਇਸੇ ਟੈਕਨੋਲੋਜੀ ਨਾਲ 83,100 ਨਵੀਆਂ ਭਰਤੀਆਂ ਵੀ ਹੋਈਆਂ। ਇਸਦਾ ਸਿੱਧਾ ਮਤਲਬ ਹੈ ਕਿ AI ਦੀ ਵਜ੍ਹਾ ਨਾਲ ਜਾਣ ਵਾਲੀ ਹਰ ਇੱਕ ਨੌਕਰੀ ਦੇ ਬਦਲੇ 2.6 ਨਵੀਆਂ ਨੌਕਰੀਆਂ ਬਣ ਰਹੀਆਂ ਹਨ।
ਭਾਰਤ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ AI ਨਾਲ ਜੁੜੀਆਂ ਨਵੀਆਂ ਭਰਤੀਆਂ 83,100 ਰਹੀਆਂ। ਉੱਥੇ ਹੀ AI ਦੇ ਕਾਰਨ ਛਾਂਟੀ/ਪ੍ਰਭਾਵਿਤ ਨੌਕਰੀਆਂ 31,921 ਰਹੀਆਂ। ਜੇਕਰ ਇਨ੍ਹਾਂ ਦੋਵਾਂ ਦੇ ਅਨੁਪਾਤ 'ਤੇ ਨਜ਼ਰ ਮਾਰੀਏ ਤਾਂ ਪਤਾ ਚੱਲੇਗਾ ਕਿ 1 ਨੌਕਰੀ ਦੇ ਬਦਲੇ ਭਾਰਤ 'ਚ 2.6 ਭਰਤੀਆਂ ਦੇ ਨਵੇਂ ਮੌਕੇ ਮਿਲੇ।
ਇਹ ਰਿਪੋਰਟ AI ਦੇ ਅਸਰ ਨੂੰ ਸਮਝਣ ਲਈ ਭਾਰਤ ਨੂੰ 'ਗਰਾਊਂਡ ਜ਼ੀਰੋ' ਦੱਸਦੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਭਾਰਤ 'ਚ ਬਹੁਤ ਵੱਡੀ ਵਰਕਫੋਰਸ ਹੈ ਤੇ ਦੇਸ਼ ਗਲੋਬਲ ਲੈਵਲ 'ਤੇ ਟੈਕਨੋਲੋਜੀ ਸਰਵਿਸ ਅਤੇ ਬਿਜ਼ਨਸ-ਪ੍ਰੋਸੈਸ ਆਊਟਸੋਰਸਿੰਗ (BPO) 'ਤੇ ਨਿਰਭਰ ਹੈ। ਸਾਲਾਂ ਤੋਂ ਭਾਰਤ ਕਸਟਮਰ ਸਪੋਰਟ, ਸਾਫਟਵੇਅਰ ਟੈਸਟਿੰਗ ਅਤੇ ਡਾਟਾ ਪ੍ਰੋਸੈਸਿੰਗ ਵਰਗੇ ਸੈਕਟਰਾਂ 'ਚ ਅੱਗੇ ਰਿਹਾ ਹੈ, ਪਰ ਹੁਣ AI ਇਨ੍ਹਾਂ ਕੰਮਾਂ ਦੇ ਇਕੋਨਾਮਿਕਸ ਨੂੰ ਬਦਲ ਰਿਹਾ ਹੈ।
ਨੋਮੁਰਾ ਦਾ ਕਹਿਣਾ ਹੈ ਕਿ ਸਪੋਰਟ ਟੀਮ ਦਾ ਕੋਈ ਮੁਲਾਜ਼ਮ ਸਿੱਧਾ AI ਇੰਜੀਨੀਅਰ ਦੀ ਭੂਮਿਕਾ ਨਹੀਂ ਨਿਭਾ ਸਕਦਾ; ਇਸਦੇ ਲਈ ਵੱਖਰੀ ਡਿਗਰੀ, ਹੁਨਰ (ਸਕਿੱਲ) ਤੇ ਤਜਰਬੇ ਦੀ ਲੋੜ ਹੁੰਦੀ ਹੈ।
ਇਹ ਰਿਪੋਰਟ 'ਦੋ-ਪੱਧਰੀ' ਲੇਬਰ ਮਾਰਕੀਟ ਵੱਲ ਇਸ਼ਾਰਾ ਕਰਦੀ ਹੈ। ਕੰਪਨੀਆਂ ਹੁਣ ਅਜਿਹੇ ਤਜਰਬੇਕਾਰ ਪ੍ਰੋਫੈਸ਼ਨਲਜ਼ ਦੀ ਭਾਲ ਕਰ ਰਹੀਆਂ ਹਨ ਜਿਹਨਾਂ ਨੂੰ AI ਦੀ ਸਮਝ ਹੋਵੇ, ਜਿਸ ਨਾਲ ਐਂਟਰੀ-ਲੇਵਲ ਨੌਕਰੀਆਂ ਦੀ ਮੰਗ ਘੱਟ ਸਕਦੀ ਹੈ। ਭਾਰਤ ਵਰਗੇ ਦੇਸ਼ ਲਈ ਇਹ ਚਿੰਤਾ ਦੀ ਗੱਲ ਹੈ ਜਿੱਥੇ ਹਰ ਸਾਲ ਵੱਡੀ ਗਿਣਤੀ ਵਿੱਚ ਨੌਜਵਾਨ ਵਰਕਫੋਰਸ 'ਚ ਸ਼ਾਮਲ ਹੁੰਦੇ ਹਨ।
ਨੋਮੁਰਾ ਨੇ ਪੂਰੇ ਏਸ਼ਿਆਈ ਖੇਤਰ 'ਚ AI ਨਾਲ ਜੁੜੀਆਂ 130,758 ਨਿਯੁਕਤੀਆਂ ਅਤੇ 60,654 ਨੌਕਰੀਆਂ ਜਾਣ ਦੀ ਗੱਲ ਦਰਜ ਕੀਤੀ। 90% ਤੋਂ ਵੱਧ ਨਿਯੁਕਤੀਆਂ ਟੈਕਨੋਲੋਜੀ ਸੈਕਟਰ 'ਚ ਹੋਈਆਂ ਜਦੋਂਕਿ ਨੌਕਰੀਆਂ ਦੇ ਨੁਕਸਾਨ ਖਾਸ ਕਰਕੇ ਛਾਂਟੀ ਦਾ ਲਗਪਗ 60% ਹਿੱਸਾ ਫਾਈਨੈਂਸ਼ੀਅਲ ਸਰਵਿਸਿਜ਼ ਸੈਕਟਰ 'ਚ ਦੇਖਿਆ ਗਿਆ।