Aadhaar ਕਾਰਡ ਅਪਡੇਟ ਕਰਵਾਉਣ ਦੇ ਬਦਲੇ ਨਿਯਮ: ਵਿਆਹ ਤੋਂ ਬਾਅਦ ਸਰਨੇਮ ਬਦਲਣਾ ਹੋਵੇ ਜਾਂ ਪੂਰਾ ਨਾਮ, ਜਾਣੋ ਕਿਹੜੇ ਦਸਤਾਵੇਜ਼ ਹੋਣਗੇ ਜ਼ਰੂਰੀ
UIDAI ਦੀ ਨਵੀਂ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ (SOP) 18 ਸਤੰਬਰ 2026 ਤੋਂ ਲਾਗੂ ਹੋ ਗਈ ਹੈ। ਇਸ ਤਹਿਤ ਆਧਾਰ 'ਚ ਨਾਮ ਬਦਲਣ ਲਈ ਜਮ੍ਹਾਂ ਕਰਵਾਏ ਜਾਣ ਵਾਲੇ ਦਸਤਾਵੇਜ਼ਾਂ, ਹਲਫ਼ਨਾਮੇ ਅਤੇ ਗਜ਼ਟ ਨੋਟੀਫਿਕੇਸ਼ਨ ਦੀ ਜਾਂਚ ਕੀਤੀ ਜਾਵੇਗੀ। ਇਸ ਲਈ ਨਾਮ ਅਪਡੇਟ ਕਰਵਾਉਣ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਤੁਹਾਡਾ ਮਾਮਲਾ ਕਿਸ ਸ਼੍ਰੇਣੀ 'ਚ ਆਉਂਦਾ ਹੈ ਤੇ ਇਸ ਲਈ ਕਿਹੜੇ ਕਾਗਜ਼ਾਤ ਦੀ ਲੋੜ ਪਵੇਗੀ।
Publish Date: Fri, 09 Oct 2026 04:18 PM (IST)
Updated Date: Fri, 09 Oct 2026 04:24 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਕੀ ਤੁਹਾਡੇ ਆਧਾਰ ਕਾਰਡ 'ਚ ਨਾਮ ਗ਼ਲਤ ਦਰਜ ਹੈ? ਕੀ ਵਿਆਹ ਤੋਂ ਬਾਅਦ ਸਰਨੇਮ ਬਦਲਵਾਉਣਾ ਹੈ ਜਾਂ ਤੁਸੀਂ ਆਪਣਾ ਨਾਮ ਅਪਡੇਟ ਕਰਵਾਉਣਾ ਚਾਹੁੰਦੇ ਹੋ? ਇਨ੍ਹਾਂ ਸਾਰੇ ਕੰਮਾਂ ਲਈ ਇੱਕੋ ਜਿਹੇ ਦਸਤਾਵੇਜ਼ ਕਾਫ਼ੀ ਨਹੀਂ ਹੋਣਗੇ। ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਨੇ ਆਧਾਰ ਕਾਰਡ 'ਚ ਨਾਮ ਅਪਡੇਟ ਕਰਨ ਲਈ ਨਿਯਮਾਂ 'ਚ ਤਬਦੀਲੀ ਕੀਤੀ ਹੈ।
ਨਵੇਂ ਨਿਯਮਾਂ ਤਹਿਤ ਨਾਮ ਦੀ ਮਾਮੂਲੀ ਗ਼ਲਤੀ ਠੀਕ ਕਰਨ, ਵਿਆਹ ਜਾਂ ਤਲਾਕ ਤੋਂ ਬਾਅਦ ਸਰਨੇਮ ਬਦਲਣ ਅਤੇ ਪੂਰਾ ਨਾਮ ਬਦਲਣ ਲਈ ਵੱਖ-ਵੱਖ ਦਸਤਾਵੇਜ਼ ਤੈਅ ਕੀਤੇ ਗਏ ਹਨ।
UIDAI ਦੀ ਨਵੀਂ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ (SOP) 18 ਸਤੰਬਰ 2026 ਤੋਂ ਲਾਗੂ ਹੋ ਗਈ ਹੈ। ਇਸ ਤਹਿਤ ਆਧਾਰ 'ਚ ਨਾਮ ਬਦਲਣ ਲਈ ਜਮ੍ਹਾਂ ਕਰਵਾਏ ਜਾਣ ਵਾਲੇ ਦਸਤਾਵੇਜ਼ਾਂ, ਹਲਫ਼ਨਾਮੇ ਅਤੇ ਗਜ਼ਟ ਨੋਟੀਫਿਕੇਸ਼ਨ ਦੀ ਜਾਂਚ ਕੀਤੀ ਜਾਵੇਗੀ। ਇਸ ਲਈ ਨਾਮ ਅਪਡੇਟ ਕਰਵਾਉਣ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਤੁਹਾਡਾ ਮਾਮਲਾ ਕਿਸ ਸ਼੍ਰੇਣੀ 'ਚ ਆਉਂਦਾ ਹੈ ਅਤੇ ਇਸ ਲਈ ਕਿਹੜੇ ਕਾਗਜ਼ਾਤ ਦੀ ਲੋੜ ਪਵੇਗੀ।
1. ਨਾਮ ਦੇ ਸਪੈਲਿੰਗ ਗ਼ਲਤ ਹੈ ਤਾਂ ਕੀ ਕਰਨਾ ਚਾਹੀਦਾ ?
ਜੇ ਆਧਾਰ ਕਾਰਡ (Aadhaar Card) 'ਚ ਨਾਮ ਦੀ ਸਪੈਲਿੰਗ ਗ਼ਲਤ ਹੈ ਜਾਂ ਨਾਮ 'ਚ ਮਾਮੂਲੀ ਸੁਧਾਰ ਕਰਵਾਉਣਾ ਹੈ ਤਾਂ ਇਸ ਨੂੰ ਛੋਟੇ ਬਦਲਾਅ ਦੀ ਸ਼੍ਰੇਣੀ 'ਚ ਰੱਖਿਆ ਜਾਵੇਗਾ।
ਉਦਾਹਰਨ ਵਜੋਂ, ਨਾਮ 'ਚ ਮਿਡਲ ਨੇਮ ਜਾਂ ਸਰਨੇਮ ਜੋੜਨਾ, ਹਟਾਉਣਾ, ਨਾਮ ਦੇ ਸ਼ੁਰੂਆਤੀ ਅੱਖਰਾਂ ਨੂੰ ਪੂਰਾ ਲਿਖਣਾ ਜਾਂ ਨਾਮ ਦੇ ਕ੍ਰਮ 'ਚ ਬਦਲਾਅ ਕਰਨਾ ਸ਼ਾਮਲ ਹੈ। ਅਜਿਹੇ ਮਾਮਲਿਆਂ 'ਚ ਸਬੰਧਤ ਨਿਯਮਾਂ ਮੁਤਾਬਕ ਜਾਇਜ਼ ਪਛਾਣ ਸਬੂਤ ਦੇਣਾ ਹੋਵੇਗਾ। ਹਾਲਾਂਕਿ, ਅੰਗਰੇਜ਼ੀ ਦੇ ਵੱਡੇ ਅਤੇ ਛੋਟੇ ਅੱਖਰਾਂ 'ਚ ਸੁਧਾਰ ਕਰਨ ਜਾਂ ਨਾਮ 'ਚ ਲੱਗੇ ਡਾਟ ਹਟਾਉਣ ਵਰਗੇ ਕੁਝ ਬਦਲਾਵਾਂ ਲਈ ਦਸਤਾਵੇਜ਼ ਦੀ ਲੋੜ ਨਹੀਂ ਹੋਵੇਗੀ।
2. ਸਰਨੇਮ ਬਦਲਣ ਲਈ ਕਿਹੜੇ ਦਸਤਾਵੇਜ਼ ਚਾਹੀਦੇ ਹਨ?
ਵਿਆਹ ਤੋਂ ਬਾਅਦ ਸਰਨੇਮ ਬਦਲਣ ਜਾਂ ਤਲਾਕ ਤੋਂ ਬਾਅਦ ਪੁਰਾਣੇ ਨਾਮ 'ਤੇ ਵਾਪਸ ਆਉਣ ਲਈ ਵੱਖਰੀ ਪ੍ਰਕਿਰਿਆ ਤੈਅ ਕੀਤੀ ਗਈ ਹੈ। ਅਜਿਹੇ ਮਾਮਲਿਆਂ 'ਚ ਬਿਨੈਕਾਰ ਨੂੰ Annexure D ਤਹਿਤ ਨਿਰਧਾਰਤ ਹਲਫ਼ਨਾਮਾ ਅਤੇ ਪਛਾਣ ਦਾ ਸਬੂਤ (Proof of Identity) ਦੇਣਾ ਹੋਵੇਗਾ।
ਹਲਫ਼ਨਾਮੇ 'ਚ ਇਹ ਸਪੱਸ਼ਟ ਕਰਨਾ ਪਵੇਗਾ ਕਿ ਨਾਮ 'ਚ ਬਦਲਾਅ ਵਿਆਹ ਜਾਂ ਤਲਾਕ ਕਾਰਨ ਕੀਤਾ ਜਾ ਰਿਹਾ ਹੈ, ਨਾ ਕਿ ਕਿਸੇ ਹੋਰ ਪਛਾਣ ਨੂੰ ਅਪਣਾਉਣ ਲਈ। ਰਿਪੋਰਟ ਮੁਤਾਬਕ, ਰਜਿਸਟਰਡ ਵਿਆਹ ਸਰਟੀਫਿਕੇਟ ਵੀ ਇਸ ਪ੍ਰਕਿਰਿਆ 'ਚ ਸਵੀਕਾਰਯੋਗ ਦਸਤਾਵੇਜ਼ ਹੋ ਸਕਦਾ ਹੈ।
3. ਆਧਾਰ ਬਣਾਉਂਦੇ ਸਮੇਂ ਆਪਰੇਟਰ ਨੇ ਨਾਮ ਗ਼ਲਤ ਦਰਜ ਕਰ ਦਿੱਤਾ ਤਾਂ?
ਕਈ ਵਾਰ ਵਿਅਕਤੀ ਆਧਾਰ ਬਣਵਾਉਂਦੇ ਸਮੇਂ ਸਹੀ ਦਸਤਾਵੇਜ਼ ਦਿੰਦਾ ਹੈ, ਪਰ ਡਾਟਾ ਦਰਜ ਕਰਨ 'ਚ ਗ਼ਲਤੀ ਹੋਣ ਕਾਰਨ ਕਾਰਡ 'ਤੇ ਨਾਮ ਗ਼ਲਤ ਛਪ ਜਾਂਦਾ ਹੈ। ਅਜਿਹੀ ਸਥਿਤੀ ਨੂੰ ਆਮ ਨਾਮ ਬਦਲਣ ਦੀ ਬਜਾਏ ਡਾਟਾ ਐਂਟਰੀ ਦੀ ਗ਼ਲਤੀ ਮੰਨਿਆ ਜਾਵੇਗਾ।
ਨਵੇਂ ਨਿਯਮਾਂ ਮੁਤਾਬਕ, ਬਾਲਗਾਂ ਨੂੰ Annexure B ਤਹਿਤ ਹਲਫ਼ਨਾਮਾ ਦੇਣਾ ਹੋਵੇਗਾ। ਇਸ ਦੇ ਨਾਲ ਪਛਾਣ ਦਾ ਸਬੂਤ (PoI) ਜਾਂ ਰਿਸ਼ਤੇ ਦਾ ਸਬੂਤ (PoR) ਵੀ ਦੇਣਾ ਪੈ ਸਕਦਾ ਹੈ।
4. ਅੰਗਰੇਜ਼ੀ 'ਚ ਨਾਮ ਸਹੀ, ਪਰ ਹਿੰਦੀ 'ਚ ਗ਼ਲਤ ਹੈ ਤਾਂ?
ਜੇ ਆਧਾਰ ਕਾਰਡ 'ਤੇ ਅੰਗਰੇਜ਼ੀ 'ਚ ਨਾਮ ਸਹੀ ਦਰਜ ਹੈ, ਪਰ ਹਿੰਦੀ ਜਾਂ ਕਿਸੇ ਹੋਰ ਖੇਤਰੀ ਭਾਸ਼ਾ 'ਚ ਨਾਮ ਗ਼ਲਤ ਲਿਖਿਆ ਗਿਆ ਹੈ, ਤਾਂ ਇਸ ਲਈ ਵੀ ਵੱਖਰਾ ਪ੍ਰਬੰਧ ਹੈ।
ਅਜਿਹੇ ਮਾਮਲਿਆਂ 'ਚ ਨਿਰਧਾਰਤ ਹਲਫ਼ਨਾਮੇ ਅਤੇ ਪਛਾਣ ਦੇ ਸਬੂਤ ਦੇ ਆਧਾਰ 'ਤੇ ਸੁਧਾਰ ਲਈ ਬੇਨਤੀ ਕੀਤੀ ਜਾ ਸਕਦੀ ਹੈ। ਇਸ ਦਾ ਮਤਲਬ ਹੈ ਕਿ ਅੰਗਰੇਜ਼ੀ ਅਤੇ ਖੇਤਰੀ ਭਾਸ਼ਾ 'ਚ ਦਰਜ ਨਾਮਾਂ ਵਿਚਾਲੇ ਫ਼ਰਕ ਹੋਣ 'ਤੇ ਵੀ ਉਸ ਨੂੰ ਠੀਕ ਕਰਵਾਉਣ ਦੀ ਪ੍ਰਕਿਰਿਆ ਮੌਜੂਦ ਹੈ।
5. ਪੂਰਾ ਨਾਮ ਬਦਲਣਾ ਹੈ ਤਾਂ ਗਜ਼ਟ ਨੋਟੀਫਿਕੇਸ਼ਨ ਜ਼ਰੂਰੀ
ਜੇ ਕੋਈ ਵਿਅਕਤੀ ਸਿਰਫ਼ ਸਪੈਲਿੰਗ ਜਾਂ ਸਰਨੇਮ 'ਚ ਸੁਧਾਰ ਨਹੀਂ, ਸਗੋਂ ਆਪਣਾ ਪੂਰਾ ਨਾਮ ਬਦਲਣਾ ਚਾਹੁੰਦਾ ਹੈ ਅਤੇ ਇਸ ਨਾਲ ਉਸ ਦੀ ਪਛਾਣ 'ਚ ਵੱਡਾ ਬਦਲਾਅ ਹੁੰਦਾ ਹੈ, ਤਾਂ ਇਸ ਨੂੰ ਵੱਡੇ ਪੱਧਰ 'ਤੇ ਨਾਮ ਬਦਲਣਾ (Major Name Change) ਮੰਨਿਆ ਜਾਵੇਗਾ। ਅਜਿਹੇ ਮਾਮਲਿਆਂ 'ਚ ਕੇਂਦਰ ਜਾਂ ਸੂਬਾ ਸਰਕਾਰ ਵੱਲੋਂ ਜਾਰੀ ਗਜ਼ਟ ਨੋਟੀਫਿਕੇਸ਼ਨ ਦੇਣਾ ਲਾਜ਼ਮੀ ਹੋਵੇਗਾ। ਇਸ ਦੇ ਨਾਲ ਸਬੰਧਤ ਪਛਾਣ ਸਬੂਤ ਵੀ ਮੰਗਿਆ ਜਾ ਸਕਦਾ ਹੈ।