- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਸਾਢੇ ਤਿੰਨ ਸਾਲਾਂ ’ਚ ਪਹਿਲਾ ਵਾਧਾ ਹੈ। ਕੇਂਦਰੀ ਬੈਂਕ ਨੇ ਮਹਿੰਗਾਈ ਵਧਣ ਅਤੇ ਰੁਪਏ ਦੀ ਕਮਜ਼ੋਰੀ ਦਰਮਿਆਨ ਅੱਗੇ ਵੀ ਦਰਾਂ ’ਚ ਵਾਧੇ ਦੇ ਸੰਕੇਤ ਦਿੱਤੇ ਹਨ।

ਨਵੀਂ ਦਿੱਲੀ (ਏਜੰਸੀ) : ਆਰਬੀਆਈ ਵੱਲੋਂ ਰੈਪੋ ਰੇਟ ਵਧਾਏ ਜਾਣ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ (ਪੀਐਨਬੀ), ਇੰਡੀਅਨ ਬੈਂਕ ਤੇ ਬੈਂਕ ਆਫ਼ ਬੜੌਦਾ ਸਮੇਤ ਕਈ ਵੱਡੇ ਬੈਂਕਾਂ ਨੇ ਆਪਣੀਆਂ ਕਰਜ਼ ’ਤੇ ਵਿਆਜ ਦਰਾਂ ’ਚ 0.25 ਫ਼ੀਸਦ ਤੱਕ ਦਾ ਵਾਧਾ ਕੀਤਾ। ਇਸ ਨਾਲ ਇਨ੍ਹਾਂ ਬੈਂਕਾਂ ਤੋਂ ਕਰਜ਼ ਲੈਣ ਵਾਲੇ ਗਾਹਕਾਂ ਲਈ ਕਰਜ਼ ਮਹਿੰਗਾ ਹੋ ਜਾਵੇਗਾ। ਆਰਬੀਆਈ ਨੇ ਬੁੱਧਵਾਰ ਨੂੰ ਰੈਪੋ ਰੇਟ ’ਚ 0.25 ਫ਼ੀਸਦ ਦਾ ਵਾਧਾ ਕਰਕੇ ਇਸ ਨੂੰ 5.50 ਫ਼ੀਸਦ ਕਰ ਦਿੱਤਾ। ਇਹ ਸਾਢੇ ਤਿੰਨ ਸਾਲਾਂ ’ਚ ਪਹਿਲਾ ਵਾਧਾ ਹੈ। ਕੇਂਦਰੀ ਬੈਂਕ ਨੇ ਮਹਿੰਗਾਈ ਵਧਣ ਅਤੇ ਰੁਪਏ ਦੀ ਕਮਜ਼ੋਰੀ ਦਰਮਿਆਨ ਅੱਗੇ ਵੀ ਦਰਾਂ ’ਚ ਵਾਧੇ ਦੇ ਸੰਕੇਤ ਦਿੱਤੇ ਹਨ।
ਪੀਐਨਬੀ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ’ਚ ਕਿਹਾ ਕਿ ਆਰਬੀਆਈ ਵੱਲੋਂ ਰੈਪੋ ਰੇਟ ਵਧਾਏ ਜਾਣ ਤੋਂ ਬਾਅਦ ਉਸ ਨੇ ਰੈਪੋ ਨਾਲ ਜੁੜੀ ਕਰਜ਼ ਦਰ (ਆਰਐਲਐਲਆਰ) ਨੂੰ 8.10 ਫ਼ੀਸਦ ਤੋਂ ਵਧਾ ਕੇ 8.35 ਫ਼ੀਸਦ ਕਰ ਦਿੱਤਾ ਹੈ। ਨਵੀਂ ਦਰ ਵੀਰਵਾਰ ਤੋਂ ਲਾਗੂ ਹੋ ਗਈ ਹੈ। ਹਾਲਾਂਕਿ, ਦੇਸ਼ ਦੇ ਦੂਜੇ ਸਭ ਤੋਂ ਵੱਡੇ ਸਰਕਾਰੀ ਖੇਤਰ ਦੇ ਬੈਂਕ ਪੀਐਨਬੀ ਨੇ ਕਿਹਾ ਕਿ ਉਸ ਦੀ ਸੀਮਾਂਤ ਲਾਗਤ ਆਧਾਰਿਤ ਕਰਜ਼ ਦਰ (ਐਮਸੀਐਲਆਰ) ਤੇ ਆਧਾਰ ਦਰ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਬੈਂਕ ਆਫ਼ ਬੜੌਦਾ ਨੇ ਆਪਣੀ ਰੈਪੋ ਆਧਾਰਿਤ ਕਰਜ਼ ਦਰ ਨੂੰ 7.90 ਫ਼ੀਸਦ ਤੋਂ ਵਧਾ ਕੇ 8.15 ਫ਼ੀਸਦ ਕਰ ਦਿੱਤਾ ਹੈ। ਚੇਨਈ ਸਥਿਤ ਸਰਕਾਰੀ ਖੇਤਰ ਦੇ ਇੰਡੀਅਨ ਬੈਂਕ ਨੇ ਵੀ ਆਪਣੀ ਰੈਪੋ ਨਾਲ ਜੁੜੀ ਬੈਂਚਮਾਰਕ ਕਰਜ਼ ਦਰ (ਆਰਬੀਐਲਆਰ) ਨੂੰ 7.95 ਫ਼ੀਸਦ ਤੋਂ ਵਧਾ ਕੇ 8.20 ਫ਼ੀਸਦ ਕਰ ਦਿੱਤਾ ਹੈ। ਬੈਂਕ ਆਫ਼ ਇੰਡੀਆ ਅਤੇ ਇੰਡੀਅਨ ਓਵਰਸੀਜ਼ ਬੈਂਕ ਨੇ ਵੀ ਆਪਣੀ ਰੈਪੋ ਆਧਾਰਿਤ ਕਰਜ਼ ਦਰ (ਆਰਬੀਐਲਆਰ) ਵਧਾ ਕੇ 8.35 ਫ਼ੀਸਦ ਕਰ ਦਿੱਤੀ ਹੈ। ਇਹ ਨਵੀਆਂ ਦਰਾਂ ਵੀਰਵਾਰ ਤੋਂ ਲਾਗੂ ਹੋ ਗਈਆਂ ਹਨ।
ਰੈਪੋ ਦਰ ਉਹ ਵਿਆਜ ਦਰ ਹੈ, ਜਿਸ ’ਤੇ ਆਰਬੀਆਈ ਬੈਂਕਾਂ ਨੂੰ ਥੋੜ੍ਹੇ ਸਮੇਂ ਲਈ ਕਰਜ਼ ਦਿੰਦਾ ਹੈ। ਇਸ ਦੇ ਵਧਣ ਨਾਲ ਆਮ ਤੌਰ ’ਤੇ ਬੈਂਕਾਂ ਲਈ ਧਨ ਇਕੱਠਾ ਕਰਨਾ ਮਹਿੰਗਾ ਹੋ ਜਾਂਦਾ ਹੈ ਅਤੇ ਇਸ ਦਾ ਅਸਰ ਨਵੇਂ ਕਰਜ਼ਿਆਂ ਦੀਆਂ ਵਿਆਜ ਦਰਾਂ ’ਤੇ ਪੈ ਸਕਦਾ ਹੈ। ਨਿੱਜੀ ਖੇਤਰ ਦੇ ਤਮਿਲਨਾਡ ਮਰਕੈਂਟਾਈਲ ਬੈਂਕ ਨੇ ਵੀ ਰੇਪੋ ਨਾਲ ਜੁੜੀ ਕਰਜ਼ ਦਰ ਨੂੰ 8.25 ਫ਼ੀਸਦ ਤੋਂ ਵਧਾ ਕੇ 8.50 ਫ਼ੀਸਦ ਕਰ ਦਿੱਤਾ ਹੈ।
ਅਗਲੇ ਤਿੰਨ ਮਹੀਨਿਆਂ ਤੱਕ ਜਮ੍ਹਾਂ ਦਰਾਂ ’ਚ ਵਾਧੇ ਦੀ ਉਮੀਦ ਨਹੀਂ
ਸਟੇਟ ਬੈਂਕ ਆਫ਼ ਇੰਡੀਆ ਦੇ ਚੇਅਰਮੈਨ ਸੀਐਸ ਸੇੱਟੀ ਨੇ ਕਿਹਾ ਹੈ ਕਿ ਬੈਂਕਿੰਗ ਪ੍ਰਣਾਲੀ ’ਚ ਇਸ ਸਮੇਂ ਨਕਦੀ ਬਹੁਤ ਜ਼ਿਆਦਾ ਹੈ, ਇਸ ਲਈ ਉਨ੍ਹਾਂ ਨੂੰ ਅਗਲੇ ਤਿੰਨ ਮਹੀਨਿਆਂ ਤੱਕ ਜਮ੍ਹਾਂ ਦਰਾਂ ’ਚ ਵਾਧੇ ਦੀ ਉਮੀਦ ਨਹੀਂ ਹੈ। ਉਨ੍ਹਾਂ ਕਿਹਾ ਕਿ ਰੇਪੋ ਦਰ ਵਧਾਏ ਜਾਣ ਨਾਲ ਬੈਂਕਾਂ ਨੂੰ ਤਿੰਨ ਤਿਮਾਹੀਆਂ ਤੱਕ ਆਪਣੇ ਸ਼ੁੱਧ ਵਿਆਜ ਮਾਰਜਿਨ ਨੂੰ ਵਧਾਉਣ ’ਚ ਮਦਦ ਮਿਲੇਗੀ।