
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪ੍ਰਾਈਵੇਟ ਸੈਕਟਰ ਦੇ ਉਲਟ, ਸਰਕਾਰੀ ਕਰਮਚਾਰੀਆਂ ਨੂੰ ਹਰ ਸਾਲ ਬੇਸਿਕ ਪੇ 'ਤੇ ਸਿਰਫ਼ 3% ਦਾ ਮਾਮੂਲੀ ਸਾਲਾਨਾ ਇੰਕਰੀਮੈਂਟ (Annual Increment) ਮਿਲਦਾ ਹੈ। ਪਰ ਹੁਣ ਇਹੀ 3% ਦਾ ਇੰਕਰੀਮੈਂਟ ਅੱਠਵੇਂ ਤਨਖ਼ਾਹ ਕਮਿਸ਼ਨ ਸਾਹਮਣੇ ਸਭ ਤੋਂ ਵੱਡਾ ਅਤੇ ਵਿਵਾਦਤ ਮੁੱਦਾ ਬਣ ਗਿਆ ਹੈ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਅੱਠਵੇਂ ਤਨਖ਼ਾਹ ਕਮਿਸ਼ਨ ਨੂੰ ਨੋਟੀਫਾਈ ਕੀਤੇ ਹੋਏ ਕਰੀਬ 10 ਮਹੀਨੇ ਬੀਤ ਚੁੱਕੇ ਹਨ। ਤਨਖ਼ਾਹ ਤੇ ਪੈਨਸ਼ਨ ਵਧਣ 'ਚ ਹੁਣ ਸਿਰਫ਼ 8 ਮਹੀਨੇ ਹੀ ਬਚੇ ਹਨ। ਯਾਨੀ ਅੱਠਵਾਂ ਤਨਖ਼ਾਹ ਕਮਿਸ਼ਨ (8th Pay Commission) ਜਲਦ ਹੀ ਕੇਂਦਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਇਕ ਵੱਡੀ ਖੁਸ਼ਖਬਰੀ ਲੈ ਕੇ ਆ ਸਕਦਾ ਹੈ। ਪ੍ਰਾਈਵੇਟ ਸੈਕਟਰ ਦੇ ਉਲਟ, ਸਰਕਾਰੀ ਕਰਮਚਾਰੀਆਂ ਨੂੰ ਹਰ ਸਾਲ ਬੇਸਿਕ ਪੇ 'ਤੇ ਸਿਰਫ਼ 3% ਦਾ ਮਾਮੂਲੀ ਸਾਲਾਨਾ ਇੰਕਰੀਮੈਂਟ (Annual Increment) ਮਿਲਦਾ ਹੈ। ਪਰ ਹੁਣ ਇਹੀ 3% ਦਾ ਇੰਕਰੀਮੈਂਟ ਅੱਠਵੇਂ ਤਨਖ਼ਾਹ ਕਮਿਸ਼ਨ ਸਾਹਮਣੇ ਸਭ ਤੋਂ ਵੱਡਾ ਅਤੇ ਵਿਵਾਦਤ ਮੁੱਦਾ ਬਣ ਗਿਆ ਹੈ।
ਦੋ ਪ੍ਰਮੁੱਖ ਮੁਲਾਜ਼ਮ ਸੰਗਠਨਾਂ ਨੇ ਸਾਲਾਨਾ ਇੰਕਰੀਮੈਂਟ ਵਧਾ ਕੇ 6% ਕਰਨ ਦੀ ਮੰਗ ਕੀਤੀ ਹੈ ਜਦਕਿ ਇਕ ਹੋਰ ਯੂਨੀਅਨ ਨੇ ਇਸ ਨੂੰ 5% ਕਰਨ ਦਾ ਪ੍ਰਸਤਾਵ ਰੱਖਿਆ ਹੈ।
ਭਾਰਤੀ ਰੱਖਿਆ ਮਜ਼ਦੂਰ ਸੰਘ (BPMS) ਤੇ ਮੁਲਾਜ਼ਮਾਂ ਦੇ ਸਭ ਤੋਂ ਵੱਡੇ ਸੰਗਠਨ NCJCM (ਨੈਸ਼ਨਲ ਕੌਂਸਲ ਆਫ਼ ਜੁਆਇੰਟ ਕੰਸਲਟੇਟਿਵ ਮਸ਼ੀਨਰੀ) ਦੋਵਾਂ ਨੇ ਅੱਠਵੇਂ ਤਨਖ਼ਾਹ ਕਮਿਸ਼ਨ (8th Pay Commission Annual Increment) ਨੂੰ ਸੌਂਪੇ ਆਪਣੇ ਮੰਗ ਪੱਤਰ 'ਚ ਸਪੱਸ਼ਟ ਕਿਹਾ ਹੈ ਕਿ ਮੌਜੂਦਾ 3% ਇੰਕਰੀਮੈਂਟ ਦਰ ਨੂੰ ਵਧਾ ਕੇ 6% ਕੀਤਾ ਜਾਣਾ ਚਾਹੀਦਾ ਹੈ। ਉੱਥੇ ਹੀ, ਸਰਵੇ ਆਫ਼ ਇੰਡੀਆ ਦੀ ਮਿਨਿਸਟੀਰੀਅਲ ਸਟਾਫ਼ ਐਸੋਸੀਏਸ਼ਨ (MSA) ਨੇ ਇਸ ਨੂੰ 5% ਕਰਨ ਦੀ ਮੰਗ ਰੱਖੀ ਹੈ।
BPMS ਨੇ ਮਹਿੰਗਾਈ ਭੱਤੇ (DA) ਅਤੇ ਇੰਕਰੀਮੈਂਟ ਵਿਚਕਾਰ ਦਾ ਫ਼ਰਕ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਡੀਏ ਸਿਰਫ਼ ਮਹਿੰਗਾਈ (DA Hike) ਦੀ ਭਰਪਾਈ ਕਰਦਾ ਹੈ, ਜਦਕਿ ਸਾਲਾਨਾ ਇੰਕਰੀਮੈਂਟ ਨਾਲ ਹੀ ਕਰਮਚਾਰੀਆਂ ਦੀ ਅਸਲ ਆਮਦਨ ਅਤੇ ਜੀਵਨ ਪੱਧਰ 'ਚ ਸੁਧਾਰ ਹੁੰਦਾ ਹੈ। ਤਨਖ਼ਾਹ ਕਮਿਸ਼ਨ ਹਰ 10 ਸਾਲ 'ਚ ਆਉਂਦਾ ਹੈ। ਅਜਿਹੇ 'ਚ 3% ਦੇ ਛੋਟੇ ਇੰਕਰੀਮੈਂਟ ਦਾ ਮਤਲਬ ਹੈ ਕਿ 10 ਸਾਲਾਂ ਤੱਕ ਕਰਮਚਾਰੀ ਦੀ ਅਸਲ ਤਨਖ਼ਾਹ 'ਚ ਕੋਈ ਖ਼ਾਸ ਵਾਧਾ ਨਹੀਂ ਹੁੰਦਾ। 6ਵੇਂ ਅਤੇ 7ਵੇਂ ਤਨਖ਼ਾਹ ਕਮਿਸ਼ਨ ਨੇ ਵੀ ਇਸੇ 3% ਦਰ ਨੂੰ ਲਾਗੂ ਰੱਖਿਆ ਸੀ, ਪਰ ਮੌਜੂਦਾ ਸਮੇਂ ਦੀ ਮਹਿੰਗਾਈ ਨੂੰ ਦੇਖਦੇ ਹੋਏ ਇਹ ਦਰ ਨਾਕਾਫ਼ੀ ਹੈ।
ਇੰਕਰੀਮੈਂਟ ਦਾ ਗਣਿਤ: 3% ਬਨਾਮ 6% ਦਾ ਫ਼ਰਕ
ਇੱਕ ਸਿੱਧਾ ਜਿਹਾ ਕੈਲਕੁਲੇਸ਼ਨ ਸਮਝੋ।
ਸੱਤਵੇਂ ਤਨਖ਼ਾਹ ਕਮਿਸ਼ਨ 'ਚ 18,000 ਰੁਪਏ ਦੀ ਘੱਟੋ-ਘੱਟ ਬੇਸਿਕ ਪੇ ਤੋਂ ਸ਼ੁਰੂਆਤ ਕਰਨ ਵਾਲੇ ਕਰਮਚਾਰੀ ਦੀ ਬੇਸਿਕ ਪੇ 10 ਸਾਲ ਬਾਅਦ (3% ਇੰਕਰੀਮੈਂਟ ਦੇ ਹਿਸਾਬ ਨਾਲ) 24,190 ਰੁਪਏ ਹੋ ਜਾਂਦੀ ਹੈ। ਪਰ ਜੇਕਰ ਇਹੀ ਇੰਕਰੀਮੈਂਟ 6% ਹੋਵੇ ਤਾਂ ਬੇਸਿਕ ਪੇ 32,235 ਰੁਪਏ ਤੱਕ ਪਹੁੰਚ ਜਾਵੇਗੀ। ਯਾਨੀ ਹਰ ਮਹੀਨੇ ਸਿੱਧੇ 8,045 ਰੁਪਏ ਦਾ ਫ਼ਾਇਦਾ! ਪੂਰੇ 10 ਸਾਲਾਂ 'ਚ 6% ਇੰਕਰੀਮੈਂਟ ਵਾਲੇ ਕਰਮਚਾਰੀ ਨੂੰ 3% ਵਾਲੇ ਕਰਮਚਾਰੀ ਦੇ ਮੁਕਾਬਲੇ ਕਰੀਬ 4.67 ਲੱਖ ਰੁਪਏ ਜ਼ਿਆਦਾ ਮਿਲਣਗੇ।"
ਮਿਡ-ਲੈਵਲ ਦੇ ਮੁਲਾਜ਼ਮਾਂ (56,100 ਬੇਸਿਕ ਪੇ) ਲਈ ਤਾਂ ਇਹ ਫ਼ਰਕ ਹੋਰ ਵੀ ਵੱਡਾ ਹੈ। 6% ਇੰਕਰੀਮੈਂਟ ਦੇ ਨਾਲ 10 ਸਾਲ ਬਾਅਦ ਉਨ੍ਹਾਂ ਦੀ ਤਨਖ਼ਾਹ 'ਚ ਹਰ ਮਹੀਨੇ 25,073 ਰੁਪਏ ਦਾ ਫ਼ਰਕ ਹੋਵੇਗਾ, ਯਾਨੀ 10 ਸਾਲਾਂ 'ਚ ਲਗਪਗ 14.6 ਲੱਖ ਰੁਪਏ ਦੀ ਵਾਧੂ ਕਮਾਈ।
ਹੁਣ ਸਭ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹਨ ਕਿ ਅੱਠਵਾਂ ਤਨਖ਼ਾਹ ਕਮਿਸ਼ਨ ਮੁਲਾਜ਼ਮਾਂ ਦੀ ਇਸ ਜਾਇਜ਼ ਅਤੇ ਜ਼ਰੂਰੀ ਮੰਗ 'ਤੇ ਕੀ ਫ਼ੈਸਲਾ ਲੈਂਦਾ ਹੈ। ਦੱਸ ਦੇਈਏ ਕਿ ਅੱਠਵੇਂ ਤਨਖ਼ਾਹ ਕਮਿਸ਼ਨ ਨੂੰ ਆਪਣੀ ਰਿਪੋਰਟ ਸੌਂਪਣ ਲਈ 18 ਮਹੀਨਿਆਂ ਦਾ ਸਮਾਂ ਮਿਲਿਆ ਸੀ। ਇਸ 'ਚੋਂ 10 ਮਹੀਨੇ ਬੀਤ ਚੁੱਕੇ ਹਨ। ਯਾਨੀ 8 ਮਹੀਨੇ ਬਾਅਦ ਕਮਿਸ਼ਨ ਆਪਣੀ ਰਿਪੋਰਟ ਸੌਂਪ ਸਕਦਾ ਹੈ, ਜਿਸ ਤੋਂ ਬਾਅਦ ਕੇਂਦਰੀ ਮੁਲਾਜ਼ਮਾਂ ਦੀ ਤਨਖ਼ਾਹ ਅਤੇ ਪੈਨਸ਼ਨ ਵਧਣ (8th Pay Commission Salary Hike) ਦਾ ਰਾਹ ਸਾਫ਼ ਹੋ ਜਾਵੇਗਾ।