- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੇਸ਼ ਦੇ ਸਭ ਤੋਂ ਵੱਡੇ ਕਾਰਡ ਜਾਰੀਕਰਤਾ ਐੱਚਡੀਐੱਫਸੀ ਬੈਂਕ ਨੇ ਖ਼ਰਚ ਦੇ ਮਾਮਲੇ ’ਚ ਆਪਣੀ ਬੜ੍ਹਤ ਬਰਕਰਾਰ ਰੱਖੀ। ਇਸ ਮਹੀਨੇ ਬੈਂਕ ਦੇ ਕਾਰਡਾਂ ਰਾਹੀਂ 70,115 ਕਰੋੜ ਰੁਪਏ ਦਾ ਲੈਣ-ਦੇਣ ਹੋਇਆ, ਜੋ ਪਿਛਲੇ ਮਹੀਨੇ ਦੇ ਮੁਕਾਬਲੇ 7.6 ਫ਼ੀਸਦ ਵੱਧ ਹੈ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ: ਆਰਬੀਆਈ ਮੁਤਾਬਕ, ਅਕਤੂਬਰ ’ਚ ਦੇਸ਼ ’ਚ ਕ੍ਰੈਡਿਟ ਕਾਰਡਾਂ ਰਾਹੀਂ ਹੋਣ ਵਾਲੇ ਖ਼ਰਚ ’ਚ ਭਾਰੀ ਉਛਾਲ ਆਇਆ। ਦੀਵਾਲੀ ਤੋਂ ਪਹਿਲਾਂ ਤਿਉਹਾਰੀ ਖ਼ਰੀਦਦਾਰੀ ’ਚ ਤੇਜ਼ੀ ਆਉਣ ਕਾਰਨ ਕੁੱਲ ਲੈਣ-ਦੇਣ ਦਾ ਮੁੱਲ ਸਤੰਬਰ ਦੇ ਮੁਕਾਬਲੇ ਲਗਪਗ 20 ਫ਼ੀਸਦ ਵਧ ਕੇ 2.45 ਲੱਖ ਕਰੋੜ ਰੁਪਏ ਤੱਕ ਪੁੱਜ ਗਿਆ। ਸਤੰਬਰ ’ਚ ਕ੍ਰੈਡਿਟ ਕਾਰਡਾਂ ਰਾਹੀਂ 2.04 ਲੱਖ ਕਰੋੜ ਰੁਪਏ ਦਾ ਲੈਣ-ਦੇਣ ਹੋਇਆ ਸੀ। ਅਕਤੂਬਰ ’ਚ ਖ਼ਰਚ ’ਚ ਹੋਇਆ ਇਹ ਵਾਧਾ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ 14.4 ਫ਼ੀਸਦ ਵੱਧ ਹੈ ਜੋ ਖ਼ਪਤਕਾਰਾਂ ਦੀ ਖ਼ਰਚ ਕਰਨ ਦੀ ਸਮਰੱਥਾ ’ਚ ਲਗਾਤਾਰ ਮਜ਼ਬੂਤੀ ਨੂੰ ਦਰਸਾਉਂਦਾ ਹੈ।
63 ਫ਼ੀਸਦ ਲੈਣ-ਦੇਣ ਆਨਲਾਈਨ ਤੇ ਈ-ਕਾਮਰਸ ਪਲੇਟਫਾਰਮਾਂ ਰਾਹੀਂ
ਆਨਲਾਈਨ ਤੇ ਈ-ਕਾਮਰਸ ਪਲੇਟਫਾਰਮਾਂ ਰਾਹੀਂ ਲੈਣ-ਦੇਣ 1.54 ਲੱਖ ਕਰੋੜ ਰੁਪਏ ਤੱਕ ਪੁੱਜ ਗਿਆ, ਜੋ ਕ੍ਰੈਡਿਟ ਕਾਰਡਾਂ ਰਾਹੀਂ ਹੋਏ ਕੁੱਲ ਖ਼ਰਚ ਦਾ ਲਗਪਗ 63 ਫ਼ੀਸਦ ਹੈ। ਉੱਥੇ ਹੀ, ਪੁਆਇੰਟ ਆਫ ਸੇਲ (ਪੀਓਐੱਸ) ਲੈਣ-ਦੇਣ 90,562 ਕਰੋੜ ਰੁਪਏ ਰਹੇ।
70,115 ਕਰੋੜ ਰੁਪਏ ਦੇ ਲੈਣ-ਦੇਣ ਹੋਏ ਐੱਚਡੀਐੱਫਸੀ ਬੈਂਕ ਦੇ ਕਾਰਡਾਂ ਰਾਹੀਂ
ਦੇਸ਼ ਦੇ ਸਭ ਤੋਂ ਵੱਡੇ ਕਾਰਡ ਜਾਰੀਕਰਤਾ ਐੱਚਡੀਐੱਫਸੀ ਬੈਂਕ ਨੇ ਖ਼ਰਚ ਦੇ ਮਾਮਲੇ ’ਚ ਆਪਣੀ ਬੜ੍ਹਤ ਬਰਕਰਾਰ ਰੱਖੀ। ਇਸ ਮਹੀਨੇ ਬੈਂਕ ਦੇ ਕਾਰਡਾਂ ਰਾਹੀਂ 70,115 ਕਰੋੜ ਰੁਪਏ ਦਾ ਲੈਣ-ਦੇਣ ਹੋਇਆ, ਜੋ ਪਿਛਲੇ ਮਹੀਨੇ ਦੇ ਮੁਕਾਬਲੇ 7.6 ਫ਼ੀਸਦ ਵੱਧ ਹੈ। ਇਸ ਤੋਂ ਇਲਾਵਾ, ਪ੍ਰਮੁੱਖ ਕਾਰਡ ਜਾਰੀਕਰਤਾਵਾਂ ’ਚ ਐੱਸਬੀਆਈ ਤੇ ਆਈਸੀਆਈਸੀਆਈ ਬੈਂਕ ਨੇ ਵੀ ਚੰਗਾ ਵਾਧਾ ਦਰਜ ਕੀਤਾ। ਐੱਸਬੀਆਈ ਕਾਰਡ ਰਾਹੀਂ 45,797 ਕਰੋੜ ਰੁਪਏ ਦਾ ਖ਼ਰਚ ਹੋਇਆ, ਜੋ ਸਤੰਬਰ ਦੇ ਮੁਕਾਬਲੇ 31 ਫ਼ੀਸਦ ਵੱਧ ਹੈ। ਉੱਥੇ ਹੀ, ਆਈਸੀਆਈਸੀਆਈ ਬੈਂਕ ਦੇ ਲੈਣ-ਦੇਣ ਦੇ ਮੁੱਲ ’ਚ 37 ਫ਼ੀਸਦ ਵਾਧਾ ਹੋਇਆ ਤੇ ਇਹ 42,295 ਕਰੋੜ ਰੁਪਏ ਤੱਕ ਪੁੱਜ ਗਿਆ। ਐਕਸਿਸ ਬੈਂਕ ਨੇ ਕ੍ਰੈਡਿਟ ਕਾਰਡਾਂ ਰਾਹੀਂ 30,211 ਕਰੋੜ ਰੁਪਏ ਦਾ ਖ਼ਰਚ ਦਰਜ ਕੀਤਾ, ਜੋ ਪਿਛਲੇ ਮਹੀਨੇ ਦੇ ਮੁਕਾਬਲੇ 30.5 ਫ਼ੀਸਦ ਵੱਧ ਹੈ।
32 ਫ਼ੀਸਦ ਵਧਿਆ ਕ੍ਰੈਡਿਟ ਕਾਰਡਾਂ ਰਾਹੀਂ ਲੈਣ-ਦੇਣ
ਖ਼ਰਚ ਦੇ ਤਰੀਕਿਆਂ ’ਚ ਡਿਜੀਟਲ ਮਾਧਿਅਮਾਂ ਦਾ ਦਬਦਬਾ ਬਣਿਆ ਰਿਹਾ। ਕ੍ਰੈਡਿਟ ਕਾਰਡਾਂ ਰਾਹੀਂ ਲੈਣ-ਦੇਣ ਦੀ ਗਿਣਤੀ ਸਾਲਾਨਾ ਆਧਾਰ ’ਤੇ 32 ਫ਼ੀਸਦ ਵਧ ਕੇ 68.3 ਕਰੋੜ ਹੋ ਗਈ, ਜੋ ਲੈਣ-ਦੇਣ ਦੇ ਮੁੱਲ ’ਚ ਹੋਏ ਵਾਧੇ ਨਾਲੋਂ ਵੀ ਜ਼ਿਆਦਾ ਹੈ।
3,585 ਰੁਪਏ ਰਹਿ ਗਿਆ ਪ੍ਰਤੀ ਲੈਣ-ਦੇਣ ਔਸਤ ਖ਼ਰਚ
ਪ੍ਰਤੀ ਲੈਣ-ਦੇਣ ਔਸਤ ਖ਼ਰਚ ਇਕ ਸਾਲ ਪਹਿਲਾਂ ਦੇ 4,133 ਰੁਪਏ ਤੋਂ ਘਟ ਕੇ ਲਗਪਗ 3,585 ਰੁਪਏ ਰਹਿ ਗਿਆ। ਛੋਟੀਆਂ-ਮੋਟੀਆਂ ਖ਼ਰੀਦਦਾਰੀਆਂ ਲਈ ਕ੍ਰੈਡਿਟ ਕਾਰਡਾਂ ਦੀ ਵਰਤੋਂ ਦਾ ਰੁਝਾਨ ਵਧ ਰਿਹਾ ਹੈ। ਇਸ ’ਚ ਯੂਪੀਆਈ ਨਾਲ ਜੁੜੇ ਰੁਪੇ ਕ੍ਰੈਡਿਟ ਕਾਰਡਾਂ ਰਾਹੀਂ ਕੀਤੇ ਜਾਣ ਵਾਲੇ ਲੈਣ-ਦੇਣ ਵੀ ਸ਼ਾਮਲ ਹਨ, ਜਿਸ ਨਾਲ ਰੋਜ਼ਾਨਾ ਦੇ ਭੁਗਤਾਨਾਂ ’ਚ ਕ੍ਰੈਡਿਟ ਕਾਰਡਾਂ ਦੀ ਵਰਤੋਂ ਹੋਰ ਵਧੀ ਹੈ।
-(ਇਨਪੁਟ : ਆਈਏਐੱਨਐੱਸ)।