
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮਹਾਰਾਸ਼ਟਰ ਦੇ ਉੱਤਰ-ਪੱਛਮ ਵਿੱਚ ਨਾਸਿਕ ਸਥਿਤ ਜ਼ੇਪਟੋ ਦੇ ਇੱਕ ਵੇਅਰਹਾਊਸ ਵਿੱਚ ਡਿਲੀਵਰੀ ਸਟਾਫ ਬਾਹਰ ਪਹਿਨਣ ਵਾਲੇ ਜੁੱਤੀਆਂ ਨਾਲ ਸਟੋਰੇਜ ਏਰੀਆ ਵਿੱਚ ਜਾ ਰਹੇ ਸਨ, ਜਿਸ ਨਾਲ ਕਰਾਸ-ਕੰਟੈਮੀਨੇਸ਼ਨ (ਗੰਦਗੀ ਫੈਲਣ) ਦਾ ਖਤਰਾ ਵਧ ਰਿਹਾ ਸੀ।

ਨਵੀਂ ਦਿੱਲੀ। ਮਹਾਰਾਸ਼ਟਰ ਦੇ ਫੂਡ ਸੇਫਟੀ ਚੀਫ ਨੇ ਫੂਡ ਅਤੇ ਗ੍ਰੋਸਰੀ ਇੰਡਸਟਰੀ 'ਤੇ ਸਖਤੀ ਵਧਾ ਦਿੱਤੀ ਹੈ। ਇਸਨੇ ਕਾਕਰੋਚ ਤੇ ਗੰਦਗੀ ਮਿਲਣ ਤੋਂ ਬਾਅਦ 'ਇਟਰਨਲ' (Eternal), 'ਸਵਿਗੀ' (Swiggy) ਅਤੇ 'ਜ਼ੇਪਟੋ' (Zepto) ਵਰਗੀਆਂ ਵੱਡੀਆਂ ਗ੍ਰੋਸਰੀ ਕੰਪਨੀਆਂ ਦੇ 12 ਵੇਅਰਹਾਊਸਾਂ ਦੇ ਪਰਮਿਟ ਮੁਅੱਤਲ ਕਰ ਦਿੱਤੇ ਹਨ। ਇਹ ਛਾਪੇ 'ਕਵਿੱਕ ਕਾਮਰਸ' ਸੈਕਟਰ 'ਤੇ ਮਾਰੇ ਗਏ ਹਨ, ਜਿੱਥੇ ਕੰਪਨੀਆਂ ਕੁਝ ਹੀ ਮਿੰਟਾਂ ਵਿੱਚ ਗ੍ਰੋਸਰੀ ਡਿਲੀਵਰ ਕਰਦੀਆਂ ਹਨ।
ਇਹ ਕਾਰਵਾਈ ਰਾਜ ਦੇ ਨਵੇਂ ਫੂਡ ਸੇਫਟੀ ਹੈੱਡ, 51 ਸਾਲਾ ਤੁਕਾਰਾਮ ਮੁੰਡੇ ਦੇ ਉਸ ਕਦਮ ਤੋਂ ਬਾਅਦ ਹੋਈ ਹੈ, ਜਿਸ ਵਿੱਚ ਉਨ੍ਹਾਂ ਨੇ ਮੁੰਬਈ ਦੇ ਕੁਝ ਸਭ ਤੋਂ ਮਸ਼ਹੂਰ ਰੈਸਟੋਰੈਂਟਾਂ ਨੂੰ ਖਰਾਬ ਸਾਫ-ਸਫਾਈ ਦੇ ਕਾਰਨ ਬੰਦ ਕਰਵਾ ਦਿੱਤਾ ਸੀ। ਮੁੰਡੇ ਦੇ ਸਖਤ ਰਵੱਈਏ ਕਰਕੇ ਉਨ੍ਹਾਂ ਦੀ ਇਸ ਮੁਹਿੰਮ ਵੱਲ ਕਾਫੀ ਧਿਆਨ ਜਾ ਰਿਹਾ ਹੈ।
ਸਖਤ ਰੁੱਖ ਅਪਣਾ ਰਹੀਆਂ ਹਨ ਅਥਾਰਟੀਆਂ
ਇਸ ਹਫਤੇ ਮੁੰਡੇ ਦੇ ਡਿਪਾਰਟਮੈਂਟ ਨੇ 'ਡੋਮੀਨੋਜ਼' (Domino's) ਦੇ ਚਾਰ ਆਊਟਲੇਟ ਬੰਦ ਕਰਵਾ ਦਿੱਤੇ। ਡੋਮੀਨੋਜ਼ ਭਾਰਤ ਦੀ ਸਭ ਤੋਂ ਵੱਡੀ ਫਾਸਟ-ਫੂਡ ਚੇਨ ਹੈ ਅਤੇ ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਉੱਥੇ ਸੇਫਟੀ ਦੇ ਨਿਯਮ ਜ਼ਿਆਦਾ ਸਖਤ ਹੁੰਦੇ ਹਨ।
ਰਾਜ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਉਸਨੇ 86 ਥਾਵਾਂ ਦੀ ਜਾਂਚ ਕੀਤੀ, 60 'ਸੁਧਾਰ ਨੋਟਿਸ' ਜਾਰੀ ਕੀਤੇ ਅਤੇ 'ਇਟਰਨਲ' ਦੀ 'ਬਲਿੰਕਿਟ' (Blinkit) ਦੇ ਪੰਜ, 'ਜ਼ੇਪਟੋ' ਦੇ ਪੰਜ ਅਤੇ 'ਸਵਿਗੀ' ਦੇ 'ਇੰਸਟਾਮਾਰਟ' (Instamart) ਦੇ ਦੋ ਵੇਅਰਹਾਊਸਾਂ ਦੇ ਪਰਮਿਟ ਮੁਅੱਤਲ ਕਰ ਦਿੱਤੇ।
13 ਅਰਬ ਡਾਲਰ ਦਾ 'ਕਵਿੱਕ ਕਾਮਰਸ' ਸੈਕਟਰ
ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਵਿੱਚ 'ਸਵਿਗੀ' ਅਤੇ 'ਜ਼ੇਪਟੋ' ਦੇ ਲਗਭਗ 1,100-1,100 ਡਿਲੀਵਰੀ ਆਊਟਲੇਟ ਹਨ ਅਤੇ 'ਬਲਿੰਕਿਟ' ਦੇ 2,200 ਆਊਟਲੇਟ ਹਨ। ਰਾਜ ਦੇ FDA ਨੇ ਕੰਪਨੀਆਂ ਦੇ ਖਿਲਾਫ ਕੀਤੀ ਗਈ ਕਾਰਵਾਈ ਬਾਰੇ ਜੋ ਤਸਵੀਰਾਂ ਸਾਂਝੀਆਂ ਕੀਤੀਆਂ, ਉਨ੍ਹਾਂ ਵਿੱਚ ਜੰਗ ਲੱਗੇ ਅਤੇ ਗੰਦੇ ਸਟੋਰੇਜ ਰੈਕ ਦਿਖੇ, ਅਤੇ ਖਾਣ-ਪੀਣ ਦੀਆਂ ਚੀਜ਼ਾਂ ਦੇ ਆਲੇ-ਦੁਆਲੇ ਕਾਕਰੋਚ ਘੁੰਮਦੇ ਹੋਏ ਨਜ਼ਰ ਆਏ।
ਇਨ੍ਹਾਂ ਛਾਪਿਆਂ ਨੇ 13 ਅਰਬ ਡਾਲਰ ਦੇ 'ਕਵਿੱਕ ਕਾਮਰਸ' ਸੈਕਟਰ ਵੱਲ ਧਿਆਨ ਖਿੱਚਿਆ ਹੈ, ਜਿਸਨੇ ਪਿਛਲੇ ਕੁਝ ਸਾਲਾਂ ਵਿੱਚ ਅਰਬਾਂ ਡਾਲਰ ਦੀ ਵਿਦੇਸ਼ੀ ਪੂੰਜੀ ਜੁਟਾਈ ਹੈ ਅਤੇ ਕੰਪਨੀਆਂ ਰੋਜ਼ਾਨਾ 90 ਲੱਖ ਆਰਡਰ ਪੂਰੇ ਕਰਦੀਆਂ ਹਨ।
ਹੋਰ ਵੀ ਸਖਤ ਕਾਰਵਾਈ ਦੀ ਚਿਤਾਵਨੀ
ਮੁੰਡੇ ਦੇ ਦਫਤਰ ਤੋਂ ਜਾਰੀ ਬਿਆਨ ਅਨੁਸਾਰ, ਭਾਰਤ ਦੀ ਸਭ ਤੋਂ ਵੱਡੀ ਕਵਿੱਕ ਕਾਮਰਸ ਕੰਪਨੀ ਬਲਿੰਕਿਟ ਦੇ ਇੱਕ ਫੂਡ ਸਟੋਰੇਜ ਸੈਂਟਰ ਵਿੱਚ ਇੰਸਪੈਕਟਰਾਂ ਨੂੰ ਕਾਕਰੋਚ ਅਤੇ ਗਲੀਆਂ-ਸੜੀਆਂ ਸਬਜ਼ੀਆਂ ਮਿਲੀਆਂ, ਅਤੇ ਦੂਜੀਆਂ ਥਾਵਾਂ 'ਤੇ ਕੀੜੇ-ਮਕੌੜਿਆਂ ਦੀ ਗੰਦਗੀ ਅਤੇ ਸਾਫ-ਸਫਾਈ ਦੀ ਘਾਟ ਪਾਈ ਗਈ।
ਮਹਾਰਾਸ਼ਟਰ ਦੇ ਉੱਤਰ-ਪੱਛਮ ਵਿੱਚ ਨਾਸਿਕ ਸਥਿਤ ਜ਼ੇਪਟੋ ਦੇ ਇੱਕ ਵੇਅਰਹਾਊਸ ਵਿੱਚ ਡਿਲੀਵਰੀ ਸਟਾਫ ਬਾਹਰ ਪਹਿਨਣ ਵਾਲੇ ਜੁੱਤੀਆਂ ਨਾਲ ਸਟੋਰੇਜ ਏਰੀਆ ਵਿੱਚ ਜਾ ਰਹੇ ਸਨ, ਜਿਸ ਨਾਲ ਕਰਾਸ-ਕੰਟੈਮੀਨੇਸ਼ਨ (ਗੰਦਗੀ ਫੈਲਣ) ਦਾ ਖਤਰਾ ਵਧ ਰਿਹਾ ਸੀ।
FDA ਦੀ ਜਾਂਚ ਦੇ ਘੇਰੇ ਵਿੱਚ ਆਏ ਬਲਿੰਕਿਟ ਦੇ ਇੱਕ ਸਟੋਰ 'ਤੇ ਦੇਖਿਆ ਗਿਆ ਕਿ ਉੱਥੇ ਸਫਾਈ ਅਤੇ ਪੈਸਟ-ਕੰਟਰੋਲ ਦਾ ਕੰਮ ਚੱਲ ਰਿਹਾ ਸੀ, ਜਦਕਿ ਬਾਹਰ ਰੱਖੇ ਕੂੜੇਦਾਨ ਪੂਰੀ ਤਰ੍ਹਾਂ ਭਰੇ ਹੋਏ ਸਨ। ਮੁੰਡੇ ਨੇ FDA ਦੇ ਬਿਆਨ ਵਿੱਚ ਕਿਹਾ, "ਅਸੀਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਬਰਦਾਸ਼ਤ ਨਹੀਂ ਕਰਾਂਗੇ"। ਉਨ੍ਹਾਂ ਨੇ ਅਸੁਰੱਖਿਅਤ ਤਰੀਕੇ ਨਾਲ ਖਾਣਾ ਬਣਾਉਣ ਅਤੇ ਸਾਫ-ਸਫਾਈ ਤੋਂ ਬਿਨਾਂ ਖਾਣਾ ਸਟੋਰ ਕਰਨ ਦੇ ਖਿਲਾਫ ਸਖਤ ਕਾਰਵਾਈ ਦੀ ਚਿਤਾਵਨੀ ਦਿੱਤੀ।