- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟੀਕਾਕਰਨ ਦੀ ਪਸ਼ੂਆਂ ’ਚ ਬਹੁਤ ਮਹੱਤਤਾ ਹੈ। ਟੀਕਾਕਰਨ ਨਾਲ ਪਸ਼ੂਆਂ ਨੂੰ ਛੂਤ ਦੀਆਂ ਬਿਮਾਰੀਆਂ ਤੋਂ ਸਭ ਤੋਂ ਅਸਰਦਾਰ ਤੇ ਸਸਤੇ ਤਰੀਕੇ ਨਾਲ ਬਚਾਇਆ ਜਾ ਸਕਦਾ ਹੈ। ਟੀਕਾਕਰਨ ਕਰਵਾਉਣ ਨਾਲ ਪਸ਼ੂਆਂ ਦੇ ਸਰੀਰ ਦੇ ਅੰਦਰ ਐਂਟੀਬਾਡੀਜ਼ ਪੈਦਾ ਹੁੰਦੀਆਂ ਹਨ, ਜਿਸ ਕਾਰਨ ਪਸ਼ੂਆਂ ਦੇ ਸਰੀਰ ਅੰਦਰ ਬਿਮਾਰੀ ਖ਼ਿਲਾਫ਼ ਲੜਨ ਦੀ ਸ਼ਕਤੀ ਪੈਦਾ ਹੁੰਦੀ ਹੈ।

ਟੀਕਾਕਰਨ ਦੀ ਪਸ਼ੂਆਂ ’ਚ ਬਹੁਤ ਮਹੱਤਤਾ ਹੈ। ਟੀਕਾਕਰਨ ਨਾਲ ਪਸ਼ੂਆਂ ਨੂੰ ਛੂਤ ਦੀਆਂ ਬਿਮਾਰੀਆਂ ਤੋਂ ਸਭ ਤੋਂ ਅਸਰਦਾਰ ਤੇ ਸਸਤੇ ਤਰੀਕੇ ਨਾਲ ਬਚਾਇਆ ਜਾ ਸਕਦਾ ਹੈ। ਟੀਕਾਕਰਨ ਕਰਵਾਉਣ ਨਾਲ ਪਸ਼ੂਆਂ ਦੇ ਸਰੀਰ ਦੇ ਅੰਦਰ ਐਂਟੀਬਾਡੀਜ਼ ਪੈਦਾ ਹੁੰਦੀਆਂ ਹਨ, ਜਿਸ ਕਾਰਨ ਪਸ਼ੂਆਂ ਦੇ ਸਰੀਰ ਅੰਦਰ ਬਿਮਾਰੀ ਖ਼ਿਲਾਫ਼ ਲੜਨ ਦੀ ਸ਼ਕਤੀ ਪੈਦਾ ਹੁੰਦੀ ਹੈ। ਇਸ ਨਾਲ ਜਾਨਵਰਾਂ ਨੂੰ ਬਿਮਾਰੀ ਨਹੀਂ ਲਗਦੀ ਤੇ ਆਰਥਿਕ ਨੁਕਸਾਨ ਨਹੀਂ ਹੁੰਦਾ। ਪੰਜਾਬ ’ਚ ਮੱਝਾਂ ਤੇ ਗਾਵਾਂ ਨੂੰ ਮੂੰਹ-ਖੁਰ ਤੇ ਗਲਘੋਟੂ ਦੀ ਬਿਮਾਰੀ ਤੋਂ ਸਭ ਤੋਂ ਵੱਧ ਤਰਾ ਹੈ। ਇਨ੍ਹਾਂ ਦੋਵਾਂ ਬਿਮਾਰੀਆਂ ਤੋਂ ਬਚਾਅ ਲਈ ਪਸ਼ੂ ਪਾਲਣ ਵਿਭਾਗ ਦੇ ਮੁਲਾਜ਼ਮ ਘਰ-ਘਰ ਜਾ ਕੇ ਟੀਕਾਕਰਨ ਕਰਦੇ ਹਨ। ਇਸ ਲਈ ਜਦੋਂ ਵੀ ਇਹ ਸਰਕਾਰੀ ਮੁਲਾਜ਼ਮ ਆਉਣ ਤਾਂ ਕਿਸਾਨ ਆਪਣੇ ਸਾਰੇ ਰੁਝੇਵੇਂ ਛੱਡ ਕੇ ਆਪਣੇ ਪਸ਼ੂਆਂ ਦਾ ਟੀਕਾਕਰਨ ਕਰਵਾ ਲੈਣ। ਇਸ ਤੋਂ ਇਲਾਵਾ ਪੱਟ ਸੋਜ, ਬਰੂਸੀਲੋਸਿਸ, ਥਲੇਰੀਓਸਿਸ ਤੇ ਹਲਕਾਅ ਲਈ ਵੀ ਟੀਕਾਕਰਨ ਕੀਤਾ ਜਾਂਦਾ ਹੈ।
ਮੂੰਹ-ਖੁਰ ਦੀ ਬਿਮਾਰੀ
ਮੂੰਹ ਖੁਰ ਦੀ ਬਿਮਾਰੀ ਵਿਸ਼ਾਣੂ ਰੋਗ ਹੈ। ਇਸ ਬਿਮਾਰੀ ਤੋਂ ਪ੍ਰਭਾਵਿਤ ਪਸ਼ੂਆਂ ਨੂੰ ਤੇਜ਼ ਬੁਖ਼ਾਰ ਹੋ ਜਾਂਦਾ ਹੈ, ਪਸ਼ੂ ਪੱਠੇ ਖਾਣੇ ਬੰਦ ਕਰ ਦਿੰਦੇ ਹਨ, ਮੂੰਹ ਵਿੱਚੋਂ ਲਾਰਾਂ ਡਿਗਦੀਆਂ ਹਨ ਤੇ ਥਣਾਂ ’ਤੇ ਛਾਲੇ ਹੋ ਜਾਂਦੇ ਹਨ। ਇਹ ਬਿਮਾਰੀ ਗਾਵਾਂ ਵਿਚ ਮੱਝਾਂ ਨਾਲੋਂ ਜ਼ਿਆਦਾ ਹੁੰਦੀ ਹੈ। ਇਹ ਬਿਮਾਰੀ ਸਾਹ ਰਾਹੀਂ, ਦੂਸ਼ਿਤ ਪੱਠੇ ਖਾਣ ਨਾਲ ਜਾਂ ਫਿਰ ਦੂਸ਼ਿਤ ਪਾਣੀ ਪੀਣ ਨਾਲ ਹੋ ਸਕਦੀ ਹੈ। ਮੂੰਹ-ਖੁਰ ਦੀ ਬਿਮਾਰੀ ਤੋਂ ਬਚਾਅ ਲਈ ਕਈ ਕਿਸਮ ਦੇ ਟੀਕੇ ਮਿਲਦੇ ਹਨ।
- ਰਕਸ਼ਾ ਓਵੈਕ ਨਾਂ ਦੀ ਵੈਕਸੀਨ ਇੰਡੀਅਨ ਇਮੋਨੋਲੋਜੀਕਲ ਨਾਂ ਦੀ ਕੰਪਨੀ ਬਣਾਉਂਦੀ ਹੈ। ਇਹ ਵੈਕਸੀਨ 4 ਮਹੀਨੇ ਦੀ ਉਮਰ ਤੋਂ ਵੱਧ ਗਾਵਾਂ ਤੇ ਮੱਝਾਂ ਨੂੰ 2 ਮਿਲੀ. ਦੀ ਮਿਕਦਾਰ ਵਿਚ ਡੂੰਘੇ ਮਾਸ ਵਿਚ ਲਗਾਈ ਜਾਂਦੀ ਹੈ। ਇਸ ਤੋਂ ਬਾਅਦ ਇਹ ਹਰ ਛੇ ਮਹੀਨਿਆਂ ਦੇ ਫ਼ਰਕ ’ਤੇ ਲਗਾਈ ਜਾਂਦੀ ਹੈ।
- ਰਕਸ਼ਾ ਬਾਇਓਵਕ ਵੈਕਸੀਨ ਮੂੰਹ-ਖੁਰ ਤੇ ਗਲ ਘੋਟੂ ਦੀਆਂ ਬਿਮਾਰੀਆਂ ਤੋਂ ਬਚਾਉਂਦੀ ਹੈ। ਇਹ ਵੈਕਸੀਨ ਪਹਿਲੀ ਵਾਰ 4 ਮਹੀਨੇ ਦੀ ਉਮਰ ਤੇ 3 ਮਿਲੀ. ਦੀ ਮਿਕਦਾਰ ਵਿਚ ਡੂੰਘੇ ਮਾਸ ਵਿਚ ਲਗਾਈ ਜਾਂਦੀ ਹੈ। ਬੂਸਟਰ ਡੋਜ਼ 9 ਮਹੀਨੇ ਦੀ ਉਮਰ ’ਚ ਅਤੇ ਉਸ ਤੋਂ ਬਾਅਦ ਹਰ ਸਾਲ ਇਹ ਟੀਕਾਕਰਨ ਕਰਵਾਉਣਾ ਚਾਹੀਦਾ ਹੈ।
- ਰਕਸ਼ਾ ਟਰਾਓਵੇਕ ਵੈਕਸੀਨ ਪਸ਼ੂਆਂ ਨੂੰ ਤਿੰਨ ਛੂਤ ਦੀਆਂ ਬਿਮਾਰੀਆਂ ਤੋਂ ਬਚਾਉਂਦੀ ਹੈ। ਇਨ੍ਹਾਂ ਬਿਮਾਰੀਆਂ ਦਾ ਨਾਂ ਹੈ ਗਲਘੋਟੂ, ਮੂੰਹ-ਖੁਰ ਤੇ ਪੱਟ ਸੋਜ। ਇਹ ਟੀਕਾ ਪਸ਼ੂ ਨੂੰ 3 ਮਿਲੀ. ਦੀ ਮਿਕਦਾਰ ਵਿੱਚ ਡੂੰਘੇ ਮਾਸ ਵਿਚ ਲਗਾਇਆ ਜਾਂਦਾ ਹੈ।
ਗਲ ਘੋਟੂ ਦਾ ਟੀਕਾਕਰਨ
ਗਲ ਘੋਟੂ ਦੀ ਬਿਮਾਰੀ ਮੱਝਾਂ ਵਿਚ ਗਾਵਾਂ ਨਾਲੋਂ ਜ਼ਿਆਦਾ ਹੁੰਦੀ ਹੈ। ਇਹ ਬਿਮਾਰੀ ਕਿਸੇ ਵੀ ਉਮਰ ਦੀ ਗਾਂ, ਮੱਝ, ਭੇੜ ਤੇ ਬੱਕਰੀ ਨੂੰ ਹੋ ਸਕਦੀ ਹੈ। ਇਹ ਜੀਵਾਣੂ ਰੋਗ ਹੈ, ਜੋ ਮਹਾਮਾਰੀ ਦਾ ਰੂਪ ਲੈ ਸਕਦਾ ਹੈ ਕਿਉਂਕਿ ਇਹ ਬਿਮਾਰੀ ਬਹੁਤ ਛੇਤੀ ਫੈਲ ਜਾਂਦੀ ਹੈ। ਜਦੋਂ ਵੀ ਕਿਸੇ ਪਸ਼ੂ ਦੀ ਸਰੀਰ ਦੇ ਰੋਗਾਂ ਨਾਲ ਲੜਨ ਦੀ ਤਾਕਤ ਘਟ ਜਾਂਦੀ ਹੈ ਤਾਂ ਉਸ ਵੇਲੇ ਇਹ ਜੀਵਾਣੂ ਪਸ਼ੂਆਂ ਦੇ ਖ਼ੂਨ ’ਚ ਆ ਜਾਂਦੇ ਹਨ ਅਤੇ ਬਿਮਾਰੀ ਪੈਦਾ ਕਰਦੇ ਹਨ। ਇਸ ਬਿਮਾਰੀ ਨਾਲ ਉਨ੍ਹਾਂ ਬਿਮਾਰ ਪਸ਼ੂਆਂ ’ਚ ਮੌਤ ਦਰ ਵੱਧ ਜਾਂਦੀ ਹੈ, ਜੋ ਕਮਜ਼ੋਰ ਹੋਣ, ਜਿਨ੍ਹਾਂ ਪਸ਼ੂਆਂ ਨੇ ਲੰਮਾ ਸਫ਼ਰ ਕੀਤਾ ਹੋਵੇ ਅਤੇ ਹੁੰਮਸ ਵਾਲੇ ਵਾਤਾਵਰਣ ਵਿਚ ਰਹਿੰਦੇ ਹੋਣ। ਕਿਸਾਨ ਵੀਰ ਗਲਘੋਟੂ ਦਾ ਟੀਕਾਕਰਨ ਬਰਸਾਤਾਂ ਤੋਂ ਪਹਿਲਾਂ ਕਰਵਾ ਲੈਣ।
- ਗਲਘੋਟੂ ਦੀ ਬਿਮਾਰੀ ਤੋਂ ਬਚਾਉਣ ਲਈ ਐੱਚਐੱਸ ਐਲਮ ਪਰੈਸਿਪਿਟੇਟ ਵੈਕਸੀਨ ਲਗਾਉਣੀ ਚਾਹੀਦੀ ਹੈ, ਜੋ ਸਾਰੇ ਸਰਕਾਰੀ ਹਸਪਤਾਲਾਂ ਵਿਚ ਮਿਲਦੀ ਹੈ। ਇਹ ਵੈਕਸੀਨ 5 ਮਿਲੀ ਦੀ ਮਿਕਦਾਰ ’ਚ ਡੂੰਘੇ ਮਾਸ ਵਿਚ ਲਗਾਈ ਜਾਂਦੀ ਹੈ। ਇਸ ਵੈਕਸੀਨ ਦਾ ਟੀਕਾ ਪਹਿਲੀ ਵਾਰ 4 ਮਹੀਨੇ ਦੀ ਉਮਰ ਵਿਚ ਲਗਾਇਆ ਜਾਂਦਾ ਹੈ ਤੇ ਇਸ ਤੋਂ ਬਾਅਦ 6 ਮਹੀਨੇ ਬਾਅਦ ਬੂਸਟਰ ਡੋਜ਼ ਲਗਾਉਣਾ ਚਾਹੀਦਾ ਹੈ। ਇਸ ਤੋਂ ਬਾਅਦ ਹਰ ਛੇ ਮਹੀਨਿਆਂ ਬਾਅਦ ਵੈਕਸੀਨ ਲਗਾਤਾਰ ਲਗਵਾਓ। ਵੱਡੀ ਉਮਰ ਦੀਆਂ ਮੱਝਾਂ ਤੇ ਗਾਵਾਂ ਵਿਚ ਇਹ ਵੈਕਸੀਨ ਅਪ੍ਰੈਲ-ਮਈ ਅਤੇ ਅਕਤੂਬਰ-ਨਵੰਬਰ ਦੇ ਮਹੀਨਿਆਂ ਵਿਚ ਲਗਾਈ ਜਾਂਦੀ ਹੈ। ਇਹ ਟੀਕਾ ਦੁੱਧ ਦੇਣ ਵਾਲੇ ਪਸ਼ੂਆਂ ਤੇ ਗੱਭਣ ਪਸ਼ੂਆਂ ਨੂੰ ਵੀ ਲਗਾਇਆ ਜਾ ਸਕਦਾ ਹੈ।
- ਰਕਸ਼ਾ ਐੱਚਐਸ ਵੈਕਸੀਨ ਇੰਡੀਅਨ ਇਮੋਨੋਲੋਜੀਕਲ ਕੰਪਨੀ ਗਲਘੋਟੂ ਦੀ ਬਿਮਾਰੀ ਤੋਂ ਬਚਾਉਣ ਲਈ ਬਣਾਉਂਦੀ ਹੈ, ਦੁਕਾਨਾਂ ਤੋਂ ਖ਼ਰੀਦੀ ਜਾ ਸਕਦੀ ਹੈ। ਇਹ ਵੈਕਸੀਨ ਗਾਵਾਂ ਤੇ ਮੱਝਾਂ ਵਿਚ 2 ਮਿਲੀ ਦੀ ਮਿਕਦਾਰ ਵਿਚ ਚਮੜੀ ਹੇਠਾਂ ਛੇ ਮਹੀਨੇ ਦੀ ਉਮਰ ’ਤੇ ਲੱਗਦੀ ਹੈ ਤੇ ਫਿਰ ਪਸ਼ੂ ਨੂੰ ਹਰ ਛੇ ਮਹੀਨੇ ਬਾਅਦ ਲੱਗਣੀ ਚਾਹੀਦੀ ਹੈ।
ਬਰੂਸੀਲੋਸਿਸ
ਇਸ ਨੂੰ ਤੂਅ ਜਾਣ ਦੀ ਬਿਮਾਰੀ ਵੀ ਆਖਦੇ ਹਨ। ਇਸ ਬਿਮਾਰੀ ਕਾਰਨ ਗੱਭਣ ਗਾਂ ਜਾਂ ਮੱਝ 7-8 ਮਹੀਨੇ ਦਾ ਗਰਭ ਸੁੱਟ ਦਿੰਦੀ ਹੈ। ਇਸ ਬਿਮਾਰੀ ਤੋਂ ਪਸ਼ੂ ਨੂੰ ਬਚਾਉਣ ਲਈ ਬਰੂਵੈਕਸ ਟੀਕਾਕਰਨ ਲਗਾਇਆ ਜਾਂਦਾ ਹੈ। ਇਹ ਵੈਕਸੀਨ 4-8 ਮਹੀਨੇ ਦੀ ਕੱਟੀ ਜਾਂ ਵੱਛੀ ਨੂੰ 2 ਮਿਲੀ ਦੀ ਮਿਕਦਾਰ ਵਿਚ ਚਮੜੀ ਹੇਠਾਂ ਜ਼ਿੰਦਗੀ ਵਿਚ ਇਕ ਵਾਰ ਲਗਾਇਆ ਜਾਂਦਾ ਹੈ। ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਇਹ ਵੈਕਸੀਨ ਵੱਛੇ ਜਾਂ ਫਿਰ ਕੱਟੇ ਨੂੰ ਨਹੀਂ ਲਗਾਉਣਾ। ਜੇ ਇਹ ਟੀਕਾ ਗ਼ਲਤੀ ਨਾਲ ਕੱਟੇ ਜਾਂ ਵੱਛੇ ਨੂੰ ਲੱਗ ਜਾਵੇ ਤਾਂ ਊਹ ਸਾਰੀ ਉਮਰ ਲਈ ਇਸ ਬਿਮਾਰੀ ਦਾ ਵਾਹਕ ਬਣ ਜਾਂਦਾ ਹੈ ਤੇ ਉਸ ਦਾ ਕੋਈ ਇਲਾਜ ਨਹੀਂ ਹੈ।
ਪੱਟ ਸੋਜ ਦੀ ਬਿਮਾਰੀ
ਇਹ ਛੂਤ ਦੀ ਬਿਮਾਰੀ ਹੈ, ਜੋ ਕਲੋਸਟ੍ਰੀਡੀਏਮ ਚੋਵੇਆਈ ਨਾਂ ਦੇ ਜੀਵਾਣੂ ਕਾਰਨ ਹੁੰਦੀ ਹੈ। ਇਹ ਬਿਮਾਰੀ ਛੇ ਮਹੀਨੇ ਤੋਂ ਦੋ ਸਾਲ ਦੀ ਉਮਰ ਦੀਆਂ ਗਾਵਾਂ ਵਿਚ ਹੁੰਦੀ ਹੈ। ਇਹ ਬਿਮਾਰੀ ਭੇਡਾਂ ’ਚ ਵੀ ਹੋ ਸਕਦੀ ਹੈ। ਪੱਟ ਸੋਜ ਦੀ ਬਿਮਾਰੀ ਪਸ਼ੂਆਂ ਨੂੰ ਗਰਮੀਆਂ ਅਤੇ ਬਰਸਾਤਾਂ ਦੇ ਮੌਸਮ ਵਿਚ ਜ਼ਿਆਦਾ ਹੁੰਦੀ ਹੈ। ਕਿਸਾਨ ਪੱਟ ਸੋਜ ਦਾ ਟੀਕਾਕਰਨ ਬਰਸਾਤਾਂ ਤੋਂ ਪਹਿਲਾਂ ਕਰਵਾ ਲੈਣ। ਇਸ ਬਿਮਾਰੀ ਦੀ ਗ੍ਰਿਫ਼ਤ ’ਚ ਆਏ ਕਈ ਪਸ਼ੂ ਲੱਛਣ ਦਿਖਾਏ ਬਿਨਾਂ ਹੀ ਮਰ ਜਾਂਦੇ ਹਨ। ਇਹ ਬਿਮਾਰੀ ਪਸ਼ੂ ਨੂੰ ਦੂਸ਼ਿਤ ਚਾਰਾ ਖੁਆਉਣ ਨਾਲ ਹੋ ਸਕਦੀ ਹੈ। ਇਸ ਨਾਲ ਪਸ਼ੂ ਦੀਆਂ ਪਿਛਲੀਆਂ ਲੱਤਾਂ ਦੇ ਉਪਰਲੇ ਹਿੱਸੇ ’ਤੇ ਸੋਜ ਆ ਜਾਂਦੀ ਹੈ। ਪਸ਼ੂ ਨੂੰ ਤੇਜ਼ ਬੁਖ਼ਾਰ ਹੋ ਜਾਂਦਾ ਹੈ ਤੇ ਪਸ਼ੂ ਸੁਸਤ ਹੋ ਜਾਂਦਾ ਹੈ। ਇਸ ਬਿਮਾਰੀ ਤੋਂ ਬਚਾਅ ਲਈ ਪੰਜਾਬ ਵੈਕਸੀਨ ਇੰਸਟੀਚਿਊਟ ਦੀ ਬੀ ਕਿਊ ਵੈਕਸੀਨ ਗਾਵਾਂ ਵਿਚ 5 ਮਿਲੀ ਦੀ ਮਿਕਦਾਰ ਵਿਚ ਚਮੜੀ ਹੇਠ ਲਗਵਾਓ ਤੇ ਭੇਡਾਂ ਵਿਚ 3 ਮਿਲੀ ਚਮੜੀ ਹੇਠਾਂ ਲਗਵਾਓ। ਪਹਿਲੀ ਵਾਰ ਛੇ ਮਹੀਨੇ ਦੀ ਉਮਰ ’ਤੇ ਵੈਕਸੀਨ ਅਤੇ ਉਸ ਤੋਂ ਬਾਅਦ ਹਰ 6 ਮਹੀਨੇ ’ਤੇ ਇਹ ਟੀਕਾ ਲਗਵਾਉ।
ਥਲੇਰੀਆ
ਥਲੇਰੀਆ ਦੀ ਬਿਮਾਰੀ ਆਮ ਤੌਰ ’ਤੇ ਵਲੈਤੀ ਗਾਵਾਂ ਜਾਂ ਫਿਰ ਦੋਗਲੀਆਂ ਗਾਵਾਂ ਵਿਚ ਹੁੰਦੀ ਹੈ। ਇਹ ਬਿਮਾਰੀ ਚਿੱਚੜਾਂ ਰਾਹੀਂ ਹੁੰਦੀ ਹੈ। ਇਸ ਲਈ ਡੇਅਰੀ ਫਾਰਮ ਤੇ ਚਿੱਚੜਾਂ ਨੂੰ ਮਾਰਨ ਵਾਲੀ ਦਵਾਈਆਂ ਪਸ਼ੂਆਂ ਦੇ ਡਾਕਟਰ ਦੀ ਸਲਾਹ ਨਾਲ ਵਰਤਦੇ ਰਹੋ ਤਾਂ ਜੋ ਡੇਅਰੀ ਫਾਰਮ ਤੇ ਚਿੱਚੜ ਨਾ ਰਹਿਣ। ਇਸ ਬਿਮਾਰੀ ਤੋਂ ਬਚਾਓ ਲਈ ਰਕਸ਼ਾਵੈਕ ਟੀ ਵੈਕਸੀਨ ਚਮੜੀ ਹੇਠਾਂ 3 ਮਿਲੀ. ਦੀ ਮਿਕਦਾਰ ਵਿਚ ਪਹਿਲੀ ਵਾਰ ਦੋ ਮਹੀਨੇ ਦੀ ਉਮਰ ਤੇ ਅਤੇ ਉਸ ਮਗਰੋਂ ਹਰ ਸਾਲ ਲਗਵਾਓ।
ਹਲਕਾਅ
ਹਲਕਾਅ ਤੋਂ ਬਚਾਉਣ ਲਈ ਰਕਸ਼ਾਰੈਬ 1 ਮਿਲੀ ਚਮੜੀ ਹੇਠਾਂ 3 ਮਹੀਨੇ ਦੀ ਉਮਰ ’ਤੇ ਲਗਵਾਓ ਤੇ ਉਸ ਤੋਂ ਬਾਅਦ ਹਰ ਸਾਲ ਟੀਕਾਕਰਨ ਕਰਵਾਓ।
ਟੀਕਾਕਰਨ ਕਰਵਾਉਣ ਲਈ ਸਾਵਧਾਨੀਆਂ
- ਗਲਘੋਟੂ ਤੇ ਮੂੰਹ-ਖੁਰ ਬਿਮਾਰੀ ਦਾ ਟੀਕਾਕਰਨ ਜ਼ਰੂਰ ਕਰਵਾਓ ਤੇ ਠੀਕ ਸਮੇਂ ’ਤੇ ਕਰਵਾਓ।
- ਵੈਕਸੀਨ ਖ਼ਰੀਦਣ ਤੋਂ ਪਹਿਲਾਂ ਉਸ ਦੀ ਮਿਆਦ ਜ਼ਰੂਰ ਵੇਖੋ।
- ਬਿਮਾਰ ਪਸ਼ੂ ਦਾ ਟੀਕਾਕਰਨ ਨਾ ਕਰਵਾਓ।
- ਕੰਪਨੀ ਦੀਆਂ ਹਦਾਇਤਾਂ ਮੁਤਾਬਿਕ ਵੈਕਸੀਨ ਦੀ ਮਾਤਰਾ ਪਸ਼ੂ ਨੂੰ ਲਗਵਾਓ।
- ਟੀਕਾ ਬਣਾਉਣ ਤੋਂ ਲੈ ਕੇ ਪਸ਼ੂ ਨੂੰ ਲਗਾਉਣ ਤੱਕ ਵੈਕਸੀਨ ਨੂੰ ਠੰਢੇ ਤਾਪਮਾਨ ’ਚ ਰੱਖੋ।
- ਹਰ ਪਸ਼ੂ ਦੇ ਟੀਕਾਕਰਨ ਦਾ ਰਿਕਾਰਡ ਰੱਖਣਾ ਜ਼ਰੂਰੀ ਹੈ।
- ਹਰ ਪਸ਼ੂ ਨੂੰ ਟੀਕਾ ਲਗਾਉਣ ਲਈ ਵੱਖਰੀ ਸਰਿੰਜ ਤੇ ਸੂਈ ਵਰਤੋ।
- ਹਰ ਕਿਸਮ ਦੀ ਵੈਕਸੀਨ ਫਰਿੱਜ ਵਿੱਚ 4 ਡਿਗਰੀ ਸੈਂਟੀਗ੍ਰੇਡ ’ਤੇ ਰੱਖਣੀ ਚਾਹੀਦੀ ਹੈ ਤੇ ਇਸ ਨੂੰ ਫਰੀਜ਼ਰ ’ਚ ਨਾ ਰੱਖੋ।
- ਗੁਰਸਿਮਰਨ ਫਿਲਿਆ
ਗੁਰੂ ਅੰਗਦ ਦੇਵ ਵੈਟਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ।