- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਪੂਰਾ ਵਿਸ਼ਵ ਤੇ ਖ਼ਾਸ ਕਰਕੇ ਪੰਜਾਬ ਧਰਤੀ ਹੇਠਲੇ ਪਾਣੀ ਦੇ ਮੁੱਕਣ ਤੇ ਰਸਾਇਣਾਂ ਦੇ ਜ਼ਹਿਰ ਕਾਰਨ ਖੇਤੀਬਾੜੀ ਸੰਕਟ ਵਿੱਚੋਂ ਲੰਘ ਰਿਹਾ ਹੈ। ਮਾਹਿਰ ਫਸਲੀ ਵੰਨ-ਸੁਵੰਨਤਾ ਦੀ ਗੱਲ ਕਰਦੇ ਹਨ ਪਰ ਅਸਲ ਹੱਲ ਵੰਨ-ਸੁਵੰਨਤਾ ਨਹੀਂ ਸਗੋਂ ਖੇਤੀ ਦਾ ਕੁਦਰਤੀਕਰਨ ਤੇ ਇਸ ’ਚ ਜੰਗਲ ਦਾ ਸਿਧਾਂਤ (Crop-Biodiversity) ਲਾਗੂ ਕਰਨਾ ਹੈ।

‘ਪਸ਼ੂ ਜਗਤ ਦੀ ਲੋੜ ਹੈ ਪਾਣੀ। ਬਨਸਪਤੀ ਜਗਤ ਨਾ ਮੰਗੇ ਬਹੁਤਾ ਪਾਣੀ।’ ਅੱਜ ਪੂਰਾ ਵਿਸ਼ਵ ਤੇ ਖ਼ਾਸ ਕਰਕੇ ਪੰਜਾਬ ਧਰਤੀ ਹੇਠਲੇ ਪਾਣੀ ਦੇ ਮੁੱਕਣ ਤੇ ਰਸਾਇਣਾਂ ਦੇ ਜ਼ਹਿਰ ਕਾਰਨ ਖੇਤੀਬਾੜੀ ਸੰਕਟ ਵਿੱਚੋਂ ਲੰਘ ਰਿਹਾ ਹੈ। ਮਾਹਿਰ ਫਸਲੀ ਵੰਨ-ਸੁਵੰਨਤਾ ਦੀ ਗੱਲ ਕਰਦੇ ਹਨ ਪਰ ਅਸਲ ਹੱਲ ਵੰਨ-ਸੁਵੰਨਤਾ ਨਹੀਂ ਸਗੋਂ ਖੇਤੀ ਦਾ ਕੁਦਰਤੀਕਰਨ ਤੇ ਇਸ ’ਚ ਜੰਗਲ ਦਾ ਸਿਧਾਂਤ (Crop-Biodiversity) ਲਾਗੂ ਕਰਨਾ ਹੈ। ਸੰਯੁਕਤ ਰਾਸ਼ਟਰ ਦੀ ਸੰਸਥਾ ਐੱਫਏਓ (Food and Agriculture Organization) ਵੀ ਅੱਜ ਆਪਣੇ ਐਗਰੋ ਇਕੋਲੋਜੀ ਮਿਸ਼ਨ ਤਹਿਤ ਵਿਸ਼ਵ ਭਰ ’ਚ ਇਸੇ ਕੁਦਰਤੀਕਰਨ ਤੇ ਜੈਵ-ਵਿਭਿੰਨਤਾ ਨੂੰ ਪ੍ਰਚਾਰ ਰਹੀ ਹੈ। ਜਦੋਂ ਤੱਕ ਅਸੀਂ ਜੀਵਨ ਦੇ ਦੋ ਮੁੱਖ ਹਿੱਸਿਆਂ ਬਨਸਪਤੀ ਤੇ ਪਸ਼ੂ ਜਗਤ ’ਚ ਪਾਣੀ ਦੇ ਕੁਦਰਤੀ ਵਰਤਾਰੇ ਦੇ ਫ਼ਰਕ ਨੂੰ ਨਹੀਂ ਸਮਝਾਂਗੇ, ਉਦੋਂ ਤੱਕ ਸਾਡੇ ਮਸਲੇ ਹੱਲ ਨਹੀਂ ਹੋਣਗੇ।
ਪਾਣੀ ਤੇ ਜੀਵਨ ਦੇ ਦੋ ਹਿਸਾਬ
ਕੁਦਰਤ ਨੇ ਜੀਵਨ ਨੂੰ ਪਾਣੀ ਦੀ ਲੋੜ ਮੁਤਾਬਕ ਦੋ ਭਾਗਾਂ ’ਚ ਵੰਡਿਆ ਹੈ।
ਪਸ਼ੂ ਜਗਤ (ਗਤੀਸ਼ੀਲ): ਜਿਸ ਨੂੰ ਪਾਣੀ ਕੋਲ ਚੱਲ ਕੇ ਜਾਣਾ ਪੈਂਦਾ ਹੈ ਕਿਉਂਕਿ ਉਸ ਦੀਆਂ ਤੁਰੰਤ ਸਰੀਰਕ ਲੋੜਾਂ ਵੱਧ ਹਨ।
ਬਨਸਪਤੀ ਜਗਤ (ਸਥਿਰ): ਜਿਸ ਕੋਲ ਪਾਣੀ ਆਪ ਚੱਲ ਕੇ ਆਉਂਦਾ ਹੈ। ਬੂਟਾ ਇੱਕੋ ਥਾਂ ਖੜ੍ਹ ਕੇ ਕੁਦਰਤੀ ਨਮੀ ਦੀ ਉਡੀਕ ਕਰਦਾ ਹੈ।
ਬਨਸਪਤੀ ਜਗਤ ਦੀ ਇਹ ਸਥਿਰਤਾ ਇਸ ਗੱਲ ਦੀ ਸੂਚਕ ਹੈ ਕਿ ਬਹੁਤਾ ਪਾਣੀ ਇਸ ਲਈ ਜ਼ਹਿਰ ਹੈ ਤੇ ਸਹਿਜ ਨਮੀ ਇਸ ਲਈ ਅੰਮ੍ਰਿਤ ਹੈ। ਆਧੁਨਿਕ ਖੇਤੀ ’ਚ ਮਨੁੱਖ ਨੇ ਬਨਸਪਤੀ ਨੂੰ ਵੀ ਪਸ਼ੂ ਜਗਤ ਵਾਂਗ ਸਮਝ ਲਿਆ ਤੇ ਖੇਤਾਂ ਨੂੰ ਪਾਣੀ ਨਾਲ ਨੱਕੋ-ਨੱਕ ਭਰਨਾ ਸ਼ੁਰੂ ਕਰ ਦਿੱਤਾ, ਜੋ ਕੁਦਰਤ ਦੇ ਨਿਯਮਾਂ ਦੇ ਬਿਲਕੁਲ ਉਲਟ ਹੈ।
ਪ੍ਰਾਣ ਨਮੀ ਖੇਤਰ ਦਾ ਵਿਗਿਆਨ
ਫ਼ਸਲਾਂ ਦੀ ਸਿੰਚਾਈ ਲਈ ਖ਼ਾਲੀ ਵਿਧੀ (Furrow Irrigation) ਹੀ ਅਸਲ ਵਰਦਾਨ ਹੈ। ਜਦੋਂ ਅਸੀਂ ਇਸ ਰਾਹੀਂ ਪਾਣੀ ਦਿੰਦੇ ਹਾਂ ਤਾਂ ਪੌਦੇ ਦੀ ਪਾਣੀ ਦੀ ਪੂਰਤੀ ਬਿਨਾਂ ਕਿਸੇ ਨੁਕਸਾਨ ਦੇ ਵਿਸ਼ੇਸ਼ ਕੋਸ਼ਿਕਾਈ ਕਿਰਿਆ (Capillary Action) ਰਾਹੀਂ ਨੇਪਰੇ ਚੜ੍ਹਦੀ ਹੈ। ਇਸ ਕਿਰਿਆ ਨਾਲ ਮਿੱਟੀ ’ਚ ਅਜਿਹਾ ਖ਼ਾਸ ਵਾਤਾਵਰਣ ਸਿਰਜਿਆ ਜਾਂਦਾ ਹੈ, ਜੋ ਪਾਣੀ ਦੇ ਪੱਧਰ ਤੋਂ ਉੱਪਰ (ਨਮੀ ਵਾਲੀ ਥਾਂ) ਤੇ ਹਵਾ ਦੇ ਪੱਧਰ ਤੋਂ ਹੇਠਾਂ ਹੁੰਦਾ ਹੈ। ਹਵਾ ਤੇ ਨਮੀ ਦੇ ਇਸ ਅਦਭੁੱਤ ਸੁਮੇਲ ਨੂੰ ਪ੍ਰਾਣ ਨਮੀ ਖੇਤਰ (Prana-Moisture Zone) ਕਿਹਾ ਜਾਂਦਾ ਹੈ। ਇਹੋ ਉਹ ਖ਼ਾਸ ਸਥਿਤੀ ਹੈ, ਜੋ ਪੌਦੇ ਦੀ ਹਰ ਤਰ੍ਹਾਂ ਦੀ ਸਲਾਮਤੀ ਲਈ ਜ਼ਿੰਮੇਵਾਰ ਹੈ। ਕੌਮਾਂਤਰੀ ਵਾਤਾਵਰਣ ਸੰਸਥਾ ਦੁਆਰਾ ਪੰਜਾਬ ’ਚ ਚਲਾਇਆ ਜਾ ਰਿਹਾ PRANA ਪ੍ਰਾਜੈਕਟ ਵੀ ਮਿੱਟੀ ਦੇ ਅੰਦਰਲੇ ਇਸੇ ਹਵਾ-ਨਮੀ ਦੇ ਕੁਦਰਤੀ ਸੰਤੁਲਨ ਨੂੰ ਬਣਾਉਣ ਲਈ ਜ਼ਮੀਨੀ ਪੱਧਰ ’ਤੇ ਕਾਰਵਾਈ ਕਰ ਰਿਹਾ ਹੈ। ਇਸ ਖੇਤਰ ਵਿਚ ਮਿੱਟੀ ਦੇ ਮਿੱਤਰ ਜੀਵ (ਬੈਕਟੀਰੀਆ) ਸਭ ਤੋਂ ਵੱਧ ਸਰਗਰਮ ਹੁੰਦੇ ਹਨ ਤੇ ਉਨ੍ਹਾਂ ਦੁਆਰਾ ਤਿਆਰ ਕੀਤਾ ਹੋਇਆ ਭੋਜਨ ਬੂਟੇ ਦੀਆਂ ਜੜ੍ਹਾਂ ਤੱਕ ਆਸਾਨੀ ਨਾਲ ਪਹੁੰਚਦਾ ਹੈ। ਦੂਜੇ ਪਾਸੇ ਡ੍ਰਿਪ ਸਿੰਚਾਈ ਵਿਚ ਪਾਣੀ ਉੱਪਰੋਂ ਹੇਠਾਂ ਡਿੱਗਦਾ ਹੈ, ਜੋ ਪੌਸ਼ਟਿਕ ਤੱਤਾਂ ਨੂੰ ਜੜ੍ਹਾਂ ਦੀ ਪਹੁੰਚ ਤੋਂ ਦੂਰ ਲੈ ਜਾਂਦਾ ਹੈ, ਜਿਸ ਕਾਰਨ ਬਾਹਰੋਂ ਫਰਟੀਗੇਸ਼ਨ (ਰਸਾਇਣਾਂ) ਦੀ ਲੋੜ ਪੈਂਦੀ ਹੈ।
ਖੇਤ ’ਚ ਆਕਾਸ਼ ਤੱਤ ਦਾ ਪ੍ਰਬੰਧ
ਖੇਤੀ ਦੇ ਕੁਦਰਤੀਕਰਨ ਦੀ ਸਫਲਤਾ ਜੀਵਨ ਦੇ ਪੰਜ ਤੱਤਾਂ (ਭੂਮੀ, ਗਗਨ, ਵਾਯੂ, ਅਗਨੀ, ਨੀਰ) ਦੇ ਕਾਰਗਰ ਪ੍ਰਬੰਧ ਵਿਚ ਹੈ। ਇਸ ’ਚ ਆਕਾਸ਼ (ਸਪੇਸ) ਦੀ ਭੂਮਿਕਾ ਸਭ ਤੋਂ ਅਹਿਮ ਹੈ, ਜੋ ਬੂਟਿਆਂ ਦੀ ਆਪਸੀ ਘਰੇਲੂ ਤੇ ਗੁਆਂਢੀ ਮੁਕਾਬਲੇਬਾਜ਼ੀ ਨੂੰ ਤੈਅ ਕਰਦੀ ਹੈ। ਆਕਾਸ਼ ਨੂੰ ਧਿਆਨ ’ਚ ਰੱਖ ਕੇ ਹੀ ਸਫਲ ਸਹਿ-ਫ਼ਸਲੀ ਕੀਤੀ ਜਾ ਸਕਦੀ ਹੈ। ਮੈਂ ਆਪਣੇ ਖੇਤ ’ਚ ਗੰਨੇ ਦੀ ਬਿਜਾਈ 8 ਫੁੱਟ× 4 ਫੁੱਟ ਦੀ ਦੂਰੀ 'ਤੇ ਕੀਤੀ ਹੈ। 8 ਫੁੱਟ ਦੀ ਦੂਰੀ ਹੋਣ ਕਾਰਨ ਹਰ ਬੂਟੇ ਨੂੰ ਪੂਰਾ ਆਕਾਸ਼, ਹਵਾ ਤੇ ਸੂਰਜ ਦੀ ਰੌਸ਼ਨੀ ਮਿਲਦੀ ਹੈ, ਜਿਸ ਨਾਲ ਪ੍ਰਕਾਸ਼ ਸੰਸਲੇਸ਼ਣ ਤੇਜ਼ ਹੋ ਕੇ ਪੌਦੇ ਵੱਧ ਭੋਜਨ ਬਣਾਉਂਦੇ ਹਨ। ਇਸ ਵਿਸ਼ਾਲ ਜਗ੍ਹਾ ਵਿਚ ਝੋਨੇ ਨੂੰ ਛੱਡ ਕੇ (ਜੋ ਖੜ੍ਹੇ ਪਾਣੀ ਨੂੰ ਸਹਿਣ ਕਰ ਸਕਦਾ ਹੈ), ਖਿੱਤੇ ਦੀਆਂ ਰਵਾਇਤੀ ਫ਼ਸਲਾਂ (ਜਿਨ੍ਹਾਂ ਨੂੰ ਮੈਂ ਖਿੱਤੇ ਦੇ ਅਸਲੀ ਧੀਆਂ-ਪੁੱਤਰ ਕਹਿੰਦਾ ਹਾਂ) ਜਿਵੇਂ ਦੇਸੀ ਦਾਲਾਂ (ਛੋਲੇ, ਮਸਰ, ਮੂੰਗੀ, ਮਾਂਹ), ਤੇਲਬੀਜ (ਸਰ੍ਹੋਂ, ਮੂੰਗਫਲੀ), ਸਬਜ਼ੀਆਂ (ਆਲੂ, ਗੋਭੀ, ਪਿਆਜ਼, ਲਸਣ) ਤੇ ਮਸਾਲੇ ਬਹੁਤ ਆਸਾਨੀ ਨਾਲ ਉਗਾਏ ਜਾ ਰਹੇ ਹਨ।
ਪ੍ਰਯੋਗ ਦੇ ਕ੍ਰਾਂਤੀਕਾਰੀ ਨਤੀਜੇ
ਖੇਤੀਬਾੜੀ ਮਾਹਿਰ ਜਿਸ ਗੰਨੇ ਨੂੰ ਪਾਣੀ ਖਾਣੀ ਫ਼ਸਲ ਕਹਿੰਦੇ ਹਨ, ਉਹ ਮੇਰੇ ਖੇਤ ’ਚ ਇਸ ਕੁਦਰਤੀ ਪ੍ਰਬੰਧ, ਮਲਚਿੰਗ ਤੇ ਪ੍ਰਾਣ ਨਮੀ ਖੇਤਰ ਦੇ ਸਿਧਾਂਤ ਸਦਕਾ ਬਿਨਾਂ ਸਿੰਚਾਈ ਜਾਂ ਅੱਧੀ ਸਿੰਚਾਈ ਨਾਲ ਸ਼ਾਨਦਾਰ ਝਾੜ ਦੇ ਰਿਹਾ ਹੈ। ਇੰਨਾ ਹੀ ਨਹੀਂ, 8 ਫੁੱਟ ਦੀ ਦੂਰੀ ਹੋਣ ਕਾਰਨ ਇਸ ਮਾਡਲ ’ਚ ਛੋਟੀਆਂ ਮਸ਼ੀਨਾਂ (ਮਿੰਨੀ ਟਰੈਕਟਰ/ਪਾਵਰ ਟਿਲਰ) ਰਾਹੀਂ ਮਸ਼ੀਨੀਕਰਨ ਵੀ 100 ਫ਼ੀਸਦੀ ਸਫਲ ਰਿਹਾ ਹੈ, ਜਿਸ ਨਾਲ ਮਿਹਨਤ ਦੀ ਵੱਡੀ ਬੱਚਤ ਹੋ ਰਹੀ ਹੈ।
ਕੁਦਰਤ ਜਾਂ ਭਗਵਾਨ ਦਾ ਪ੍ਰਬੰਧ ਆਪਣੇ ਆਪ ਵਿਚ ਸੰਪੂਰਨ ਹੈ। ਜੇ ਅਸੀਂ ਬੀਜ ਦੀ ਸਹੀ ਜਗ੍ਹਾ ਤੇ ਆਕਾਸ਼ ਤੱਤ ਦਾ ਧਿਆਨ ਰੱਖ ਕੇ ਖੇਤੀ ਕਰੀਏ ਤਾਂ ਖੇਤ ਆਪਣੇ ਆਪ ’ਚ ਆਤਮ-ਨਿਰਭਰ ਜੰਗਲ ਬਣ ਜਾਂਦਾ ਹੈ। ਇਹ ਮਾਡਲ ਸਾਬਿਤ ਕਰਦਾ ਹੈ ਕਿ ਫ਼ਸਲ ਪਾਣੀ ਨਹੀਂ ਖਾਂਦੀ ਸਗੋਂ ਸਾਡਾ ਗ਼ਲਤ ਤਰੀਕਾ ਪਾਣੀ ਬਰਬਾਦ ਕਰਦਾ ਹੈ। ਜੇ ਅਸੀਂ ਖੇਤੀ ਦੇ ਕੁਦਰਤੀਕਰਨ ਦੀ ਇਸ ਸੋਝੀ ਨੂੰ ਅਪਣਾ ਲਈਏ ਤਾਂ ਵਿਸ਼ਵ-ਵਿਆਪੀ ਖੇਤੀ ਸੰਕਟ ਦਾ ਸਥਾਈ ਤੇ ਸੰਪੂਰਨ ਹੱਲ ਹੋ ਸਕਦਾ ਹੈ।
- ਅਵਤਾਰ ਸਿੰਘ
94635-71522