- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੂਬੇ ਦੇ ਪੇਂਡੂ ਖੇਤਰਾਂ ਵਿਚ ਖੇਤੀਬਾੜੀ ਦੀ ਜਿੰਦ-ਜਾਨ ਮੰਨੀਆਂ ਜਾਂਦੀਆਂ ਕੋਆਪਰੇਟਿਵ ਸੁਸਾਇਟੀਆਂ ਸਹਿਕਾਰਤਾ ਦੇ ਖੇਤਰ ਵਿਚ ਮੀਲ ਪੱਥਰ ਸਾਬਿਤ ਹੋ ਰਹੀਆਂ ਹਨ। ਅਜਿਹਾ ਹੀ ਮਾਰਕਾ ਮਾਰਨ ਵਾਲੀਆਂ ਪੰਜਾਬ ਦੀਆਂ ਗਿਣਤੀ ਦੀਆਂ ਕੋਆਪਰੇਟਿਵ ਸੁਸਾਇਟੀਆਂ ’ਚ ਜਗਰਾਓਂ ਦੇ ਪਿੰਡ ਰਸੂਲਪੁਰ ਦੀ ਸੁਸਾਇਟੀ ਦੀ ਆਪਣੀ ਵਿਲੱਖਣ ਪਛਾਣ ਸਦਕਾ ਨਾਮਣਾ ਖੱਟ ਰਹੀ ਹੈ।

ਸੂਬੇ ਦੇ ਪੇਂਡੂ ਖੇਤਰਾਂ ਵਿਚ ਖੇਤੀਬਾੜੀ ਦੀ ਜਿੰਦ-ਜਾਨ ਮੰਨੀਆਂ ਜਾਂਦੀਆਂ ਕੋਆਪਰੇਟਿਵ ਸੁਸਾਇਟੀਆਂ ਸਹਿਕਾਰਤਾ ਦੇ ਖੇਤਰ ਵਿਚ ਮੀਲ ਪੱਥਰ ਸਾਬਿਤ ਹੋ ਰਹੀਆਂ ਹਨ। ਅਜਿਹਾ ਹੀ ਮਾਰਕਾ ਮਾਰਨ ਵਾਲੀਆਂ ਪੰਜਾਬ ਦੀਆਂ ਗਿਣਤੀ ਦੀਆਂ ਕੋਆਪਰੇਟਿਵ ਸੁਸਾਇਟੀਆਂ ’ਚ ਜਗਰਾਓਂ ਦੇ ਪਿੰਡ ਰਸੂਲਪੁਰ ਦੀ ਸੁਸਾਇਟੀ ਦੀ ਆਪਣੀ ਵਿਲੱਖਣ ਪਛਾਣ ਸਦਕਾ ਨਾਮਣਾ ਖੱਟ ਰਹੀ ਹੈ। ਦੀ ਰਸੂਲਪੁਰ ਬਹੁ-ਮੰਤਵੀ ਸਹਿਕਾਰੀ ਸਭਾ ਲਿਮਟਿਡ ਦੇ ਨਾਂ ਨਾਲ ਜਾਣੀ ਜਾਂਦੀ ਇਸ ਸੁਸਾਇਟੀ ਦਾ ਆਪਣਾ ਬੈਂਕ, ਆਪਣੀ ਆੜ੍ਹਤ, ਟਰੈਕਟਰ, ਟਰਾਲੀਆਂ ਸਮੇਤ 100 ਦੇ ਕਰੀਬ ਖੇਤੀ ਸੰਦ ਅਤੇ ਖੇਤੀਬਾੜੀ ਦਾ ਹੋਰ ਸਾਜ਼ੋ-ਸਾਮਾਨ ਇਲਾਕੇ ਦੇ ਕਿਸਾਨਾਂ ਲਈ ਵਰਦਾਨ ਹਨ। ਇਸ ਸੁਸਾਇਟੀ ਨੇ ਆਪਣੇ ਦਮ ’ਤੇ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਕੰਮ ਕਰਦਿਆਂ ਨਵੇਂ-ਨਵੇਂ ਕੀਰਤੀਮਾਨ ਸਥਾਪਤ ਕੀਤੇ, ਜਿਨ੍ਹਾਂ ਵਿਚ ਸੁਸਾਇਟੀ ਜਿੱਥੇ ਐੱਫਡੀ ਅਤੇ ਸੇਵਿੰਗ ’ਤੇ ਬੈਂਕ ਨਾਲੋਂ ਵੱਧ ਵਿਆਜ ਦਿੰਦੀ ਹੈ, ਉਥੇ ਸੁਸਾਇਟੀ ਦੀ ਆੜ੍ਹਤ ’ਤੇ ਆਉਂਦੀ ਫ਼ਸਲ ’ਤੇ ਵੀ ਸਰਕਾਰੀ ਮੁੱਲ ਨਾਲੋਂ 25 ਰੁਪਏ ਪ੍ਰਤੀ ਕੁਇੰਟਲ ਵੱਧ ਦੇ ਕੇ ਕਿਸਾਨਾਂ ਨੂੰ ਚੋਖਾ ਲਾਭ ਦੇ ਰਹੀ ਹੈ। ਪਿਛਲੇ ਕਰੀਬ 3 ਦਹਾਕਿਆਂ ਤੋਂ ਬਤੌਰ ਸਕੱਤਰ ਸੇਵਾਵਾਂ ਨਿਭਾਅ ਰਹੇ ਲਖਵੀਰ ਸਿੰਘ ਨੇ ਸੁਸਾਇਟੀ ਦੇ 98 ਸਾਲਾਂ ਸਫ਼ਰ ਦੀ ਸਾਂਝ ਪਾਉਂਦਿਆਂ ਸੁਸਾਇਟੀ ਦੇ ਕੰਮਕਾਜ ’ਤੇ ਜਾਣਕਾਰੀ ਸਾਂਝੀ ਕੀਤੀ।
20 ਮੈਂਬਰਾਂ ਨਾਲ ਹੋਂਦ ’ਚ ਆਈ ਸੁਸਾਇਟੀ
ਦੀ ਰਸੂਲਪੁਰ ਬਹੁ-ਮੰਤਵੀ ਸਹਿਕਾਰੀ ਸਭਾ ਲਿਮਟਿਡ ਸੁਸਾਇਟੀ 22 ਫਰਵਰੀ, 1928 ਨੂੰ ਹੋਂਦ ਵਿਚ ਆਈ ਸੀ। ਉਸ ਸਮੇਂ ਸੁਸਾਇਟੀ ਦੇ ਸਿਰਫ਼ 20 ਮੈਂਬਰ ਸਨ। ਸਮੇਂ ਦੇ ਨਾਲ-ਨਾਲ ਸੁਸਾਇਟੀ ਨੇ ਮੁੱਢ ਤੋਂ ਹੀ ਕਿਸਾਨੀ ਦੀ ਬਿਹਤਰੀ ਨੂੰ ਮੁੱਖ ਮਕਸਦ ਮੰਨਦਿਆਂ ਕੰਮ ਕੀਤਾ, ਜਿਸ ਸਦਕਾ ਸੁਸਾਇਟੀ ਦੇ ਨਾਲ ਮੈਂਬਰ ਜੁੜਦੇ ਗਏ। ਮੈਂਬਰਾਂ ਦੀ ਗਿਣਤੀ ’ਚ ਵਾਧਾ ਹੋਣ ਦੇ ਨਾਲ-ਨਾਲ ਸੁਸਾਇਟੀ ਵਿਚ ਵੀ ਵਾਧਾ ਹੋਇਆ। ਅੱਜ ਇਕ ਏਕੜ ਵਿਚ ਫੈਲੀ ਬਹੁ-ਮੰਤਵੀ ਸੁਸਾਇਟੀ ਖੇਤੀਬਾੜੀ ਨਾਲ ਜੁੜੀਆਂ ਸਾਰੀਆਂ ਆਧੁਨਿਕ ਮਸ਼ੀਨਰੀ ਤੇ ਸਹੂਲਤਾਂ ਨਾਲ ਲੈਸ ਹੈ।
ਅੱਜ ਇਸ ਸੁਸਾਇਟੀ ਦੇ 1996 ਮੈਂਬਰ ਹਨ ਤੇ 1000 ਦੇ ਕਰੀਬ ਹੋਰ ਕਿਸਾਨ ਸੁਸਾਇਟੀ ਨਾਲ ਜੁੜੇ ਹੋਏ ਹਨ। ਇਹ ਸੁਸਾਇਟੀ ਇਲਾਕੇ ਦੇ ਕਈ ਪਿੰਡਾਂ ਦੇ ਹਜ਼ਾਰਾਂ ਕਿਸਾਨਾਂ ਨੂੰ ਸਹੂਲਤਾਂ ਪ੍ਰਦਾਨ ਕਰ ਰਹੀ ਹੈ, ਜਿਸ ਸਦਕਾ ਇਸ ਸੁਸਾਇਟੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਕਈ ਕੌਮੀ ਅਤੇ ਵੱਕਾਰੀ ਪੁਰਸਕਾਰ ਮਿਲੇ ਹਨ।
ਹਰ ਸਾਲ 110 ਕਰੋੜ ਦਾ ਕਰਦੀ ਹੈ ਕਾਰੋਬਾਰ
ਰਸੂਲਪੁਰ ਸੁਸਾਇਟੀ ਦੇ ਸਕੱਤਰ ਲਖਵੀਰ ਸਿੰਘ ਨੇ ਦੱਸਿਆ ਕਿ ਸੁਸਾਇਟੀ ਹਰ ਸਾਲ ਕਰੀਬ 110 ਕਰੋੜ ਰੁਪਏ ਦਾ ਕਾਰੋਬਾਰ ਕਰਦੀ ਹੈ। ਸੁਸਾਇਟੀ ਇਸ ਕਾਰੋਬਾਰ ਲਈ ਕਿਸੇ ’ਤੇ ਨਿਰਭਰ ਨਹੀਂ ਹੈ। ਸੁਸਾਇਟੀ ਕੋਲ ਆਪਣੇ ਕਰੋੜਾਂ ਰੁਪਏ ਹਨ, ਜਿਨ੍ਹਾਂ ਵਿੱਚੋਂ ਸੁਸਾਇਟੀ ਵੱਲੋਂ ਆਪਣੇ ਗਾਹਕਾਂ ਨੂੰ 16 ਕਰੋੜ 40 ਲੱਖ ਰੁਪਏ ਦਾ ਕਰਜ਼ਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੁਸਾਇਟੀ ਕੋਲ 30 ਕਰੋੜ 52 ਲੱਖ ਜਮ੍ਹਾ ਪਏ ਹਨ। ਇਹੀ ਨਹੀਂ, ਸੁਸਾਇਟੀ ਆਪਣੇ ਗਾਹਕਾਂ ਤੋਂ ਟੀਡੀਐੱਸ ਦੇ ਪੈਸੇ ਵੀ ਨਹੀਂ ਕੱਟਦੀ।
ਫ਼ਸਲਾਂ ’ਤੇ ਮਿਲਦਾ ਵੱਧ ਭਾਅ
ਰਸੂਲਪੁਰ ਕੋਆਪਰੇਟਿਵ ਸੁਸਾਇਟੀ ਦੀ ਆਪਣੀ ਆੜ੍ਹਤ ਹੈ। ਗਾਹਕਾਂ ਤੇ ਕਿਸਾਨਾਂ ਦੀ ਸਹੂਲਤ ਲਈ ਇਸ ਆੜ੍ਹਤ ’ਤੇ ਆਉਂਦੀ ਫ਼ਸਲ ਜਿੱਥੇ ਬਿਨਾਂ ਕਿਸੇ ਰੁਕਾਵਟ, ਬਿਨਾਂ ਕਿਸੇ ਸਰਕਾਰੀ ਝਮੇਲਿਆਂ ਤੋਂ ਤੁਰੰਤ ਖ਼ਰੀਦੀ ਜਾਂਦੀ ਹੈ, ਉਥੇ ਫ਼ਸਲ ’ਤੇ ਸਰਕਾਰੀ ਭਾਅ ਨਾਲੋਂ ਵੀ 25 ਰੁਪਏ ਪ੍ਰਤੀ ਕੁਇੰਟਲ ਵੱਧ ਕਿਸਾਨ ਨੂੰ ਅਦਾ ਕੀਤਾ ਜਾਂਦਾ ਹੈ। ਸਰਕਾਰੀ ਸਮਰਥਨ ਮੁੱਲ ਨਾਲੋਂ ਵੱਧ ਭਾਅ ਸੁਸਾਇਟੀ ਦੀ ਆਪਣੀ ਬੈਸਟ ਮੈਨੇਜਮੈਂਟ ਸਦਕਾ ਦਿੱਤਾ ਜਾ ਰਿਹਾ ਹੈ। ਸੁਸਾਇਟੀ ਆੜ੍ਹਤ ਤੇ ਮਿਲਦੇ ਕਮਿਸ਼ਨ ਵਜੋਂ ਵੱਡਾ ਹਿੱਸਾ ਵੱਧ ਭਾਅ ਦੇ ਤੌਰ ’ਤੇ ਕਿਸਾਨਾਂ ਨੂੰ ਦੇ ਦਿੰਦੀ ਹੈ, ਜਦੋਂਕਿ ਬਾਕੀ ਦਾ ਕਮਿਸ਼ਨ ਸੁਸਾਇਟੀ ਦੀ ਆਮਦਨ ਦੇ ਖਾਤੇ ਵਿਚ ਪਾ ਲਿਆ ਜਾਂਦਾ ਹੈ।
ਗਾਹਕਾਂ ਨੂੰ ਬੈਂਕ ਨਾਲੋਂ ਮਿਲਦਾ ਵੱਧ ਵਿਆਜ
ਰਸੂਲਪੁਰ ਬਹੁਮੰਤਵੀ ਸੁਸਾਇਟੀ ਨੇ ਵੱਡੀਆਂ-ਵੱਡੀਆਂ ਬੈਂਕਾਂ ਨੂੰ ਵੀ ਵੱਧ ਵਿਆਜ ਦੇਣ ’ਚ ਪਿੱਛੇ ਛੱਡ ਦਿੱਤਾ ਹੈ। ਸੁਸਾਇਟੀ ਆਪਣੇ ਗਾਹਕਾਂ ਨੂੰ ਐੱਫਡੀ ਤੇ ਸੇਵਿੰਗ ਖਾਤਿਆਂ ਵਿਚ ਪਈ ਰਕਮ ’ਤੇ ਬੈਂਕਾਂ ਨਾਲੋਂ ਵੱਧ ਵਿਆਜ ਦਿੰਦੀ ਹੈ, ਜਿਸ ਸਦਕਾ ਸੁਸਾਇਟੀ ਕੋਲ ਕਰੀਬ 50 ਲੱਖ ਰੁਪਏ ਸੇਵਿੰਗ ਖਾਤਿਆਂ ਵਿਚ ਜਮ੍ਹਾ ਕਰਵਾਏ ਹੋਏ ਹਨ। ਇਹੀ ਨਹੀਂ, ਸੁਸਾਇਟੀ ਦੇ ਮੈਂਬਰਾਂ ਦੀ ਵੀ ਕਰੀਬ 40 ਲੱਖ ਰੁਪਏ ਦੀ ਹਿੱਸੇਦਾਰੀ ਨਾਲ ਸੁਸਾਇਟੀ ਦੀ ਮਾਲੀ ਹਾਲਤ ਮਜ਼ਬੂਤ ਹੋਣ ਦਾ ਵੱਡਾ ਕਾਰਨ ਹੈ।
100 ਦੇ ਕਰੀਬ ਹਨ ਖੇਤੀ ਸੰਦ
ਸਕੱਤਰ ਲਖਵੀਰ ਸਿੰਘ ਨੇ ਦੱਸਿਆ ਕਿ ਕੋਆਪਰੇਟਿਵ ਸੁਸਾਇਟੀ ਰਸੂਲਪੁਰ ਕੋਲ ਖੇਤੀਬਾੜੀ ਦੇ ਲਗਪਗ ਸਾਰੇ ਛੋਟੇ-ਵੱਡੇ ਸੰਦ ਹਨ। ਜੋ ਛੋਟੇ ਅਤੇ ਮੀਡੀਅਮ ਵਰਗ ਦੀ ਕਿਸਾਨੀ ਲਈ ਵਰਦਾਨ ਹਨ। ਉਨ੍ਹਾਂ ਦੱਸਿਆ ਕਿ ਸੁਸਾਇਟੀ ਕੋਲ ਤਿੰਨ ਟਰੈਕਟਰ, 2 ਟਰਾਲੀਆਂ, 8 ਰੋਟਾਵੇਟਰ, 7 ਤਵੀਆਂ, ਹੈਪੀਸੀਡਰ, ਲਿਫਟਿੰਗ ਮਸ਼ੀਨਾਂ ਅਤੇ ਹੋਰ ਸਾਰੇ ਸੰਦ ਮੌਜੂਦ ਹਨ, ਜਿਨ੍ਹਾਂ ਦੀ ਇਲਾਕੇ ਦੇ ਕਿਸਾਨਾਂ ਵੱਲੋਂ ਖੇਤੀਬਾੜੀ ਲਈ ਦੱਬ ਕੇ ਵਰਤੋਂ ਕੀਤੀ ਜਾਂਦੀ ਹੈ।
ਹਰ ਸਾਲ 90 ਲੱਖ ਦੇ ਕਰੀਬ ਵੰਡਦੀ ਮੁਨਾਫ਼ਾ
ਕੋਆਪਰੇਟਿਵ ਸੁਸਾਇਟੀ ਰਸੂਲਪੁਰ ਨੇ 98 ਸਾਲਾਂ ਦੇ ਸਫ਼ਰ ਵਿਚ ਮਜ਼ਬੂਤੀ ਦੇ ਨਾਲ-ਨਾਲ ਸਹਿਕਾਰਤਾ ਦੇ ਖੇਤਰ ’ਚ ਮਜ਼ਬੂਤ ਪੈਂਡ ਬਣਾਈ ਹੈ, ਜਿਸ ਸਦਕਾ ਸੁਸਾਇਟੀ ਆਪਣੇ ਮੈਂਬਰਾਂ ਨੂੰ ਹਰ ਸਾਲ ਕਰੀਬ 90 ਲੱਖ ਰੁਪਇਆ ਮੁਨਾਫਾ ਵੰਡਦੀ ਹੈ। ਉਨ੍ਹਾਂ 25 ਫਰਵਰੀ, 2025 ਨੂੰ 2 ਸਾਲਾਂ ਦੇ ਵੰਡੇ ਮੁਨਾਫ਼ੇ ਸਬੰਧੀ ਜਾਣਕਾਰੀ ਸਕੱਤਰ ਨੇ ਦਿੰਦਿਆਂ ਦੱਸਿਆ ਕਿ ਇਨ੍ਹਾਂ ਦੋ ਸਾਲਾਂ ਵਿਚ ਸੁਸਾਇਟੀ ਨੇ ਆਪਣੇ ਗਾਹਕਾਂ ਨੂੰ 1 ਲੱਖ 48 ਹਜ਼ਾਰ ਰੁਪਏ ਤਕਸੀਮ ਕੀਤੇ।
ਪ੍ਰਧਾਨ ਮੰਤਰੀ ਨੇ ਕੀਤਾ ਸਨਮਾਨਿਤ
ਸਾਲ 1928 ਵਿਚ ਸ਼ੁਰੂ ਹੋਈ ਰਸੂਲਪੁਰ ਸੁਸਾਇਟੀ ਨੇ ਜੀਅ-ਜਾਨ ਨਾਲ ਕੰਮ ਕਰਦਿਆਂ ਆਪਣੀ ਵਿਲੱਖਣ ਪਛਾਣ ਬਣਾਈ। ਸੁਸਾਇਟੀ ਦੇ ਖੇਤੀਬਾੜੀ ’ਚ ਕੀਤੇ ਕ੍ਰਾਂਤੀਕਾਰੀ ਕਾਰਜਾਂ ਤੇ ਮੈਂਬਰਾਂ ਦੀ ਬਿਹਤਰੀ ਲਈ ਕੀਤੇ ਉਪਰਾਲੇ ਸੂਬਾ ਅਤੇ ਕੌਮੀ ਪੱਧਰ ’ਤੇ ਵੀ ਚਰਚਾ ਵਿਚ ਆਏ, ਜਿਸ ਸਦਕਾ ਸਾਲ 2014 ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਰਸੂਲਪੁਰ ਸੁਸਾਇਟੀ ਨੂੰ ਬੈਸਟ ਐਵਾਰਡ ਦਿੱਤਾ। ਸੁਸਾਇਟੀ ਵੱਲੋਂ ਦਿੱਲੀ ਵਿਚ ਪ੍ਰਧਾਨ ਮੰਤਰੀ ਨੇ ਇਹ ਸਨਮਾਨ ਉਸ ਸਮੇਂ ਸਕੱਤਰ ਸਾਧੂ ਸਿੰਘ ਨੂੰ ਦਿੱਤਾ। ਇਹੀ ਨਹੀਂ, ਇਸੇ ਸਾਲ ਕੌਮੀ ਪੱਧਰ ’ਤੇ ਸੂਬਾਈ ਐਵਾਰਡ ਵੀ ਰਸੂਲਪੁਰ ਸੁਸਾਇਟੀ ਨੂੰ ਮਿਲਿਆ। ਸਾਲ 2014 ਵਿਚ ਰਸੂਲਪੁਰ ਸੁਸਾਇਟੀ ਨੇ ਨਾਮਣਾ ਖੱਟਿਆ। ਜਿਸ ਵਿਚ ਕੌਮੀ ਸਹਿਕਾਰੀ ਵਿਕਾਸ ਨਿਗਮ ਵੱਲੋਂ ਰਸੂਲਪੁਰ ਸੁਸਾਇਟੀ ਨੂੰ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ ਕੀਤਾ।
ਸਟਾਫ਼ ਦੀ ਘਾਟ ਨਾਲ ਰਫ਼ਤਾਰ ਪਈ ਮੱਠੀ
ਰਸੂਲਪੁਰ ਕੋਆਪਰੇਟਿਵ ਸੁਸਾਇਟੀ ਨੂੰ ਵੀ ਸਟਾਫ਼ ਦੀ ਘਾਟ ਨੇ ਵੱਡੀ ਢਾਹ ਲਈ ਹੈ। ਸਾਲ 2010 ਤੱਕ ਇਸ ਸੁਸਾਇਟੀ ਵਿਚ 9 ਮੁਲਾਜ਼ਮ ਸਨ, ਜਿਸ ਦੇ ਚੱਲਦਿਆਂ ਸੁਸਾਇਟੀ ਕੋਲ ਖੇਤੀ ਸੰਦਾਂ ਤੋਂ ਇਲਾਵਾ ਆਪਣੇ ਗਾਹਕਾਂ ਲਈ ਆਪਣਾ ਸੀਮੈਂਟ ਸਟੋਰ, ਖਲ, ਫੀਡ, ਗੋਦਾਮ, ਕੋਲਡ ਡਰਿੰਕ ਏਜੰਸੀ ਤੇ ਕਰਿਆਨਾ ਸਟੋਰ ਵੀ ਸੀ, ਜਿਸ ਤੋਂ ਸੁਸਾਇਟੀ ਦੇ ਗਾਹਕਾਂ ਨੂੰ ਬਿਨਾਂ ਨੁਕਸਾਨ-ਫ਼ਾਇਦੇ ਤੋਂ ਇਹ ਸਾਰਾ ਸਮਾਨ ਸਸਤੇ ਭਾਅ ਮਿਲਦਾ ਸੀ। ਮੁਲਾਜ਼ਮਾਂ ਦੀ ਘਾਟ ਕਾਰਨ ਹੁਣ ਇਹ ਸਾਰੀਆਂ ਦੁਕਾਨਾਂ ਅਤੇ ਸਟੋਰ ਬੰਦ ਕਰਨੇ ਪਏ ਕਿਉਂਕਿ ਅੱਜ ਇਸ ਸੁਸਾਇਟੀ ਕੋਲ ਸਕੱਤਰ ਸਮੇਤ 3 ਮੁਲਾਜ਼ਮਾਂ ਦਾ ਸਟਾਫ ਹੈ, ਜਿਨ੍ਹਾਂ ਵਿਚ ਲਖਵੀਰ ਸਿੰਘ ਸਕੱਤਰ, ਰਣਜੀਤ ਸਿੰਘ ਸੇਲਜ਼ਮੈਨ ਤੇ ਅਮਨਦੀਪ ਸਿੰਘ ਕਲਰਕ ਵਜੋਂ ਸੇਵਾਵਾਂ ਨਿਭਾਅ ਰਹੇ ਹਨ।
ਭਵਿੱਖ ਦੀਆਂ ਯੋਜਨਾਵਾਂ
ਰਸੂਲਪੁਰ ਕੋਆਪਰੇਟਿਵ ਸੁਸਾਇਟੀ ਜਿਸ ਦੀ ਮਾਲੀ ਹਾਲਤ ਬਹੁਤ ਮਜ਼ਬੂਤ ਤੇ ਕਾਰੋਬਾਰ ਵਿਚ ਚੰਗਾ ਮੁਨਾਫ਼ਾ ਆ ਰਿਹਾ ਹੈ, ਜਿਸ ਦੇ ਚੱਲਦਿਆਂ ਸੁਸਾਇਟੀ ਵੱਲੋਂ ਪਿੰਡ ਵਿਚ ਲੋਕਾਂ ਦੀ ਸਹੂਲਤ ਲਈ ਖੁਸ਼ੀ-ਗ਼ਮੀ ਦੇ ਸਮਾਗਮਾਂ ਲਈ ਵੱਡਾ ਪੈਲੇਸ, ਖੇਤੀ ਖਾਦਾਂ ਅਤੇ ਹੋਰ ਸਾਮਾਨ ਲਈ ਗੋਦਾਮ ਬਣਾਉਣ ਦੀ ਯੋਜਨਾ ਹੈ ਪਰ ਸਟਾਫ ਦੀ ਕਮੀ ਇਨ੍ਹਾਂ ਸਾਰੀਆਂ ਯੋਜਨਾਵਾਂ ਨੂੰ ਸਿਰੇ ਲਾਉਣ ਵਿਚ ਅੜਿੱਕਾ ਬਣ ਰਹੀਆਂ ਹਨ।
ਪ੍ਰਧਾਨ ਸਮੇਤ 11 ਮੈਂਬਰ ਬਿਹਤਰੀ ਲਈ ਕਰ ਰਹੇ ਕੰਮ
ਰਸੂਲਪੁਰ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਸਤਿੰਦਰਪਾਲ ਸਿੰਘ ਅਤੇ ਜਗਸੀਰ ਸਿੰਘ ਮੀਤ ਪ੍ਰਧਾਨ ਹਨ। ਉਨ੍ਹਾਂ ਨਾਲ ਕੇਵਲ ਸਿੰਘ, ਹਰਦੇਵ ਸਿੰਘ, ਪ੍ਰਦੀਪ ਸਿੰਘ, ਗੁਰਬਚਨ ਸਿੰਘ, ਪਰਮਜੀਤ ਸਿੰਘ, ਅਮਰਜੀਤ ਸਿੰਘ, ਸੁਰਜੀਤ ਸਿੰਘ, ਕਮਲਜੀਤ ਕੌਰ ਅਤੇ ਹਰਬੰਸ ਕੌਰ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ। ਇਹ ਸਾਰੀ ਟੀਮ ਸੁਸਾਇਟੀ ਦੀ ਬੇਹਤਰੀ ਲਈ ਕੰਮ ਕਰਨ ਲਈ ਤੱਤਪਰ ਰਹਿੰਦੀ ਹੈ।
- ਸੰਜੀਵ ਗੁਪਤਾ