PM Kisan Yojana: 6 ਹਜ਼ਾਰ ਰੁਪਏ ਤੋਂ ਇਲਾਵਾ ਹਰ ਮਹੀਨੇ 3,000 ਰੁਪਏ ਪੈਨਸ਼ਨ, ਇਸ ਯੋਜਨਾ 'ਚ ਮਿਲਦਾ ਹੈ 5 ਲੱਖ ਤਕ ਦਾ ਲੋਨ
ਕਿਸਾਨਾਂ ਨਾਲ ਸੰਬੰਧਿਤ ਤਿੰਨ ਯੋਜਨਾਵਾਂ ਉਨ੍ਹਾਂ ਲਈ ਆਰਥਿਕ ਸੁਰੱਖਿਆ, ਆਮਦਨ ਸਹਾਇਤਾ ਅਤੇ ਵਿੱਤੀ ਸਸ਼ਕਤੀਕਰਨ ਦਾ ਮਜ਼ਬੂਤ ਆਧਾਰ ਬਣ ਸਕਦੀਆਂ ਹਨ ਤੇ ਇਹ ਯੋਜਨਾਵਾਂ ਹਨ- ਉਹ ਹਨ- ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ, ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ ਤੇ ਕਿਸਾਨ ਕ੍ਰੈਡਿਟ ਕਾਰਡ (KCC)।
Publish Date: Tue, 15 Sep 2026 03:13 PM (IST)
Updated Date: Tue, 15 Sep 2026 03:17 PM (IST)
ਆਈਏਐਨਐਸ, ਨਵੀਂ ਦਿੱਲੀ : ਕਿਸਾਨਾਂ ਦੀ ਆਮਦਨ ਵਧਾਉਣ ਤੇ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਬਣਾਉਣ ਲਈ ਕੇਂਦਰ ਸਰਕਾਰ ਵੱਲੋਂ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ 'ਚ ਕੁਝ ਅਜਿਹੀਆਂ ਯੋਜਨਾਵਾਂ ਵੀ ਹਨ, ਜੋ ਕਿਸਾਨਾਂ ਨੂੰ ਸਿੱਧੀ ਵਿੱਤੀ ਮਦਦ, ਬੁਢਾਪੇ 'ਚ ਪੈਨਸ਼ਨ ਤੇ ਖੇਤੀ ਲਈ ਆਸਾਨ ਕਰਜ਼ੇ ਵਰਗੀਆਂ ਸਹੂਲਤਾਂ ਦਿੰਦੀਆਂ ਹਨ। ਹਾਲਾਂਕਿ ਜਾਣਕਾਰੀ ਦੀ ਘਾਟ ਕਾਰਨ ਅੱਜ ਵੀ ਕਈ ਯੋਗ ਕਿਸਾਨ ਇਨ੍ਹਾਂ ਯੋਜਨਾਵਾਂ ਦਾ ਪੂਰਾ ਲਾਭ ਨਹੀਂ ਲੈ ਪਾਉਂਦੇ। ਜੇ ਤੁਸੀਂ ਖੇਤੀ ਕਰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਸਰਕਾਰ ਦੀਆਂ ਅਜਿਹੀਆਂ ਤਿੰਨ ਯੋਜਨਾਵਾਂ ਬਾਰੇ ਦੱਸ ਰਹੇ ਹਾਂ, ਜੋ ਤੁਹਾਡੇ ਬਹੁਤ ਕੰਮ ਆ ਸਕਦੀਆਂ ਹਨ।
ਦਰਅਸਲ, ਕਿਸਾਨਾਂ ਨਾਲ ਸਬੰਧਤ ਜਿਨ੍ਹਾਂ ਯੋਜਨਾਵਾਂ ਦੀ ਗੱਲ ਕੀਤੀ ਜਾ ਰਹੀ ਹੈ, ਉਹ ਹਨ- ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ, ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ ਤੇ ਕਿਸਾਨ ਕ੍ਰੈਡਿਟ ਕਾਰਡ (KCC)।
PM Kisan Yojana ਤਹਿਤ ਸਾਲ 'ਚ ਮਿਲਦੇ ਹਨ 6 ਹਜ਼ਾਰ ਰੁਪਏ
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (PM Kisan Yojana) ਦੀ। PM-KISAN ਦੇਸ਼ ਦੀਆਂ ਸਭ ਤੋਂ ਮਸ਼ਹੂਰ ਕਿਸਾਨ ਯੋਜਨਾਵਾਂ 'ਚ ਸ਼ਾਮਲ ਹੈ। ਇਸ ਯੋਜਨਾ ਤਹਿਤ ਯੋਗ ਜ਼ਮੀਨ ਮਾਲਕ ਕਿਸਾਨਾਂ ਨੂੰ ਹਰ ਸਾਲ 6,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਹ ਰਕਮ ਕਿਸਾਨਾਂ ਦੇ ਬੈਂਕ ਖਾਤਿਆਂ 'ਚ 2,000 ਰੁਪਏ ਦੀਆਂ ਤਿੰਨ ਬਰਾਬਰ ਕਿਸ਼ਤਾਂ 'ਚ ਸਿੱਧੀ ਟਰਾਂਸਫਰ ਕੀਤੀ ਜਾਂਦੀ ਹੈ।
ਯੋਜਨਾ ਦਾ ਉਦੇਸ਼ ਕਿਸਾਨਾਂ ਨੂੰ ਖੇਤੀਬਾੜੀ ਤੇ ਘਰੇਲੂ ਲੋੜਾਂ ਲਈ ਵਾਧੂ ਆਰਥਿਕ ਮਦਦ ਮੁਹੱਈਆ ਕਰਵਾਉਣਾ ਹੈ। ਇਸ ਦਾ ਲਾਭ ਉਨ੍ਹਾਂ ਕਿਸਾਨਾਂ ਨੂੰ ਮਿਲਦਾ ਹੈ ਜਿਨ੍ਹਾਂ ਦੇ ਨਾਮ 'ਤੇ ਖੇਤੀ ਯੋਗ ਜ਼ਮੀਨ ਦਰਜ ਹੈ। ਯੋਜਨਾ ਦੀ ਰਕਮ ਹਾਸਲ ਕਰਨ ਲਈ ਈ-ਕੇਵਾਈਸੀ, ਆਧਾਰ ਨਾਲ ਬੈਂਕ ਖਾਤਾ ਲਿੰਕ ਤੇ ਜ਼ਮੀਨੀ ਰਿਕਾਰਡ ਦੀ ਤਸਦੀਕ ਲਾਜ਼ਮੀ ਹੈ।
PM-KISAN ਯੋਜਨਾ ਦਾ ਲਾਭ ਸਿਰਫ਼ ਯੋਗ ਜ਼ਮੀਨ ਮਾਲਕ ਕਿਸਾਨ ਪਰਿਵਾਰਾਂ ਨੂੰ ਦਿੱਤਾ ਜਾਂਦਾ ਹੈ। ਸੰਸਥਾਗਤ ਜ਼ਮੀਨ ਮਾਲਕ ਇਸ ਦੇ ਯੋਗ ਨਹੀਂ ਹੁੰਦੇ। ਇਸ ਤੋਂ ਇਲਾਵਾ ਜਿਨ੍ਹਾਂ ਪਰਿਵਾਰਾਂ 'ਚ ਕੋਈ ਮੈਂਬਰ ਇਨਕਮ ਟੈਕਸ ਭਰਦਾ ਹੈ, ਉਹ ਵੀ ਇਸ ਯੋਜਨਾ ਦਾ ਲਾਭ ਨਹੀਂ ਲੈ ਸਕਦੇ।
ਡਾਕਟਰ, ਇੰਜੀਨੀਅਰ, ਵਕੀਲ, ਚਾਰਟਰਡ ਅਕਾਊਂਟੈਂਟ ਤੇ ਆਰਕੀਟੈਕਟ ਵਰਗੇ ਰਜਿਸਟਰਡ ਪੇਸ਼ੇਵਰ ਵੀ ਯੋਜਨਾ ਦੀ ਅਯੋਗ ਸ਼੍ਰੇਣੀ 'ਚ ਆਉਂਦੇ ਹਨ। ਇਸ ਲਈ ਅਰਜ਼ੀ ਦੇਣ ਤੋਂ ਪਹਿਲਾਂ ਯੋਗਤਾ ਦੀਆਂ ਸ਼ਰਤਾਂ ਨੂੰ ਸਮਝਣਾ ਜ਼ਰੂਰੀ ਹੈ।
ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ ਤੋਂ ਮਿਲੇਗੀ 3,000 ਰੁਪਏ ਤਕ ਦੀ ਪੈਨਸ਼ਨ
ਦੂਜੀ ਯੋਜਨਾ ਹੈ ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ। ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਬੁਢਾਪੇ 'ਚ ਆਰਥਿਕ ਸੁਰੱਖਿਆ ਦੇਣ ਲਈ ਕੇਂਦਰ ਸਰਕਾਰ ਇਹ ਯੋਜਨਾ ਚਲਾ ਰਹੀ ਹੈ। ਇਸ ਯੋਜਨਾ ਤਹਿਤ 60 ਸਾਲ ਦੀ ਉਮਰ ਪੂਰੀ ਹੋਣ ਤੋਂ ਬਾਅਦ ਯੋਗ ਕਿਸਾਨਾਂ ਨੂੰ ਹਰ ਮਹੀਨੇ 3,000 ਰੁਪਏ ਪੈਨਸ਼ਨ ਦਿੱਤੀ ਜਾਂਦੀ ਹੈ।
ਯੋਜਨਾ ਨਾਲ ਜੁੜਨ ਸਮੇਂ ਕਿਸਾਨ ਦੀ ਉਮਰ 18 ਤੋਂ 40 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਅਤੇ ਉਸ ਕੋਲ ਵੱਧ ਤੋਂ ਵੱਧ 2 ਹੈਕਟੇਅਰ ਤਕ ਖੇਤੀ ਯੋਗ ਜ਼ਮੀਨ ਹੋਣੀ ਚਾਹੀਦੀ ਹੈ। ਕਿਸਾਨ ਨੂੰ ਆਪਣੀ ਉਮਰ ਦੇ ਹਿਸਾਬ ਨਾਲ ਹਰ ਮਹੀਨੇ 55 ਤੋਂ 200 ਰੁਪਏ ਤਕ ਦਾ ਯੋਗਦਾਨ ਦੇਣਾ ਹੁੰਦਾ ਹੈ। ਖ਼ਾਸ ਗੱਲ ਇਹ ਹੈ ਕਿ ਕਿਸਾਨ ਜਿੰਨੀ ਰਕਮ ਜਮ੍ਹਾਂ ਕਰਵਾਉਂਦਾ ਹੈ, ਓਨੀ ਹੀ ਰਕਮ ਕੇਂਦਰ ਸਰਕਾਰ ਵੀ ਉਸ ਦੇ ਪੈਨਸ਼ਨ ਖਾਤੇ 'ਚ ਯੋਗਦਾਨ ਵਜੋਂ ਜਮ੍ਹਾਂ ਕਰਵਾਉਂਦੀ ਹੈ।
ਇਸ ਯੋਜਨਾ 'ਚ ਪਰਿਵਾਰਕ ਪੈਨਸ਼ਨ ਦਾ ਵੀ ਪ੍ਰਬੰਧ ਹੈ। ਜੇ ਪੈਨਸ਼ਨ ਲੈ ਰਹੇ ਕਿਸਾਨ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਜੀਵਨਸਾਥੀ ਨੂੰ ਨਿਯਮਾਂ ਅਨੁਸਾਰ ਪੈਨਸ਼ਨ ਦੀ 50 ਫ਼ੀਸਦੀ ਰਕਮ ਪਰਿਵਾਰਕ ਪੈਨਸ਼ਨ ਵਜੋਂ ਦਿੱਤੀ ਜਾਂਦੀ ਹੈ। ਇਸ ਨਾਲ ਪਰਿਵਾਰ ਨੂੰ ਵੀ ਆਰਥਿਕ ਸੁਰੱਖਿਆ ਮਿਲਦੀ ਹੈ।
KCC ਤੋਂ ਮਿਲ ਸਕਦਾ ਹੈ 5 ਲੱਖ ਰੁਪਏ ਤਕ ਦਾ ਲੋਨ
ਤੀਜੀ ਯੋਜਨਾ ਹੈ ਕਿਸਾਨ ਕ੍ਰੈਡਿਟ ਕਾਰਡ (KCC)। ਖੇਤੀ ਦੌਰਾਨ ਕਿਸਾਨਾਂ ਨੂੰ ਬੀਜ, ਖਾਦ, ਸਿੰਚਾਈ, ਕੀਟਨਾਸ਼ਕ, ਮਜ਼ਦੂਰੀ ਅਤੇ ਹੋਰ ਖੇਤੀਬਾੜੀ ਕੰਮਾਂ ਲਈ ਵੱਡੀ ਰਕਮ ਦੀ ਲੋੜ ਹੁੰਦੀ ਹੈ। ਅਜਿਹੇ 'ਚ ਕਿਸਾਨ ਕ੍ਰੈਡਿਟ ਕਾਰਡ ਕਿਸਾਨਾਂ ਨੂੰ ਸਸਤੀ ਅਤੇ ਆਸਾਨ ਕਰਜ਼ਾ ਸਹੂਲਤ ਮੁਹੱਈਆ ਕਰਵਾਉਂਦਾ ਹੈ।
ਇਸ ਯੋਜਨਾ ਤਹਿਤ ਕਿਸਾਨ ਖੇਤੀ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਲਈ ਬੈਂਕ ਤੋਂ ਕਰਜ਼ਾ ਲੈ ਸਕਦੇ ਹਨ। ਸਿਰਫ਼ ਫ਼ਸਲ ਉਤਪਾਦਨ ਹੀ ਨਹੀਂ, ਸਗੋਂ ਪਸ਼ੂ ਪਾਲਣ, ਡੇਅਰੀ, ਪੋਲਟਰੀ ਅਤੇ ਮੱਛੀ ਪਾਲਣ ਵਰਗੇ ਖੇਤਰਾਂ ਨਾਲ ਜੁੜੇ ਯੋਗ ਲਾਭਪਾਤਰੀ ਵੀ KCC ਰਾਹੀਂ ਕਰਜ਼ਾ ਸਹੂਲਤ ਦਾ ਲਾਭ ਲੈ ਸਕਦੇ ਹਨ।
ਕਿਸਾਨ ਕ੍ਰੈਡਿਟ ਕਾਰਡ ਤਹਿਤ ਮਿਲਣ ਵਾਲੀ ਕਰਜ਼ਾ ਸੀਮਾ ਕਿਸਾਨ ਦੀ ਜ਼ਮੀਨ, ਫ਼ਸਲ ਪੈਟਰਨ, ਉਤਪਾਦਨ ਲਾਗਤ ਅਤੇ ਵਿੱਤੀ ਲੋੜ ਦੇ ਆਧਾਰ 'ਤੇ ਤੈਅ ਕੀਤੀ ਜਾਂਦੀ ਹੈ। ਬੈਂਕ ਸਾਰੇ ਪਹਿਲੂਆਂ ਦਾ ਮੁਲਾਂਕਣ ਕਰਨ ਤੋਂ ਬਾਅਦ ਕ੍ਰੈਡਿਟ ਲਿਮਿਟ ਤੈਅ ਕਰਦੇ ਹਨ। ਯੋਜਨਾ ਤਹਿਤ ਯੋਗ ਕਿਸਾਨਾਂ ਨੂੰ 5 ਲੱਖ ਰੁਪਏ ਤੱਕ ਦਾ ਲੋਨ ਮਿਲ ਸਕਦਾ ਹੈ, ਜਿਸ ਨਾਲ ਖੇਤੀਬਾੜੀ ਕੰਮਾਂ ਲਈ ਪੂੰਜੀ ਇਕੱਠੀ ਕਰਨਾ ਆਸਾਨ ਹੋ ਜਾਂਦਾ ਹੈ ਅਤੇ ਕਿਸਾਨਾਂ ਦੀ ਸਾਹੂਕਾਰਾਂ 'ਤੇ ਨਿਰਭਰਤਾ ਘਟਦੀ ਹੈ।
ਇਸ ਤਰ੍ਹਾਂ ਇਹ ਤਿੰਨੋਂ ਯੋਜਨਾਵਾਂ ਕਿਸਾਨਾਂ ਲਈ ਆਰਥਿਕ ਸੁਰੱਖਿਆ, ਆਮਦਨ ਸਹਾਇਤਾ ਅਤੇ ਵਿੱਤੀ ਸਸ਼ਕਤੀਕਰਨ ਦਾ ਮਜ਼ਬੂਤ ਆਧਾਰ ਬਣ ਸਕਦੀਆਂ ਹਨ।