- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਲ 2026 ਦੇ ਇਸ ਸੀਜ਼ਨ ਦੌਰਾਨ ਬਿਹਾਰ ਤੇ ਯੂਪੀ ਤੋਂ ਸਭ ਤੋਂ ਵੱਧ ਮਜ਼ਦੂਰ ਝੋਨਾ ਲਾਉਣ ਲਈ ਪੰਜਾਬ ਵਿਚ ਆਏ ਹੋਏ ਹਨ ਕਿਉਂਕਿ ਪੰਜਾਬ ਵਿਚ ਝੋਨਾ ਲਾਉਣ ਵਾਲੀ ਮਸ਼ੀਨ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਨਹੀਂ ਕਰ ਸਕੀ। 90 ਤੋਂ ਮਗਰਲੇ ਸਾਲਾਂ ਦੌਰਾਨ ਪੰਜਾਬ ਅੰਦਰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਘਰ ਤੇ ਖੇਤਾਂ ਵਿਚ ਕੰਮ ਕਰਦੇ ਸਨ।

ਪੰਜਾਬ ਅੰਦਰ ਝੋਨੇ ਦੀ ਲਵਾਈ ਤਿੰਨ ਪੜਾਵਾਂ ’ਚ ਸ਼ੁਰੂ ਹੋ ਚੁੱਕੀ ਹੈ। ਝੋਨਾ ਲਾਉਣ ਲਈ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ। ਦੂਸਰੇ ਪਾਸੇ ਪੰਜਾਬ ਅੰਦਰ ਖੇਤੀ ਦੇ ਖੇਤਰ ’ਚ ਮਜ਼ਦੂਰਾਂ ਦੀ ਘਾਟ ਮਹਿਸੂਸ ਹੋਣੀ ਆਮ ਜਿਹੀ ਗੱਲ ਹੋ ਗਈ ਹੈ ਕਿਉਂਕਿ ਕਿਸਾਨਾਂ ਦੇ ਆਪਣੇ ਬੱਚੇ ਜਾਂ ਤਾਂ ਵਿਦੇਸ਼ ਚਲੇ ਗਏ ਹਨ ਜਾਂ ਫਿਰ ਖੇਤੀ ਦਾ ਧੰਦਾ ਖ਼ੁਦ ਨਹੀਂ ਕਰਨਾ ਚਾਹੁੰਦੇ। ਕੁਝ ਕੁ ਕਿਸਾਨ ਪਰਿਵਾਰ ਅਜਿਹੇ ਵੀ ਵੇਖੇ ਜਾ ਸਕਦੇ ਹਨ, ਜਿਨ੍ਹਾਂ ਦੇ ਬੱਚੇ ਖੇਤੀ ਦਾ ਧੰਦਾ ਕਰਦੇ ਹਨ। ਉਹ ਆਰਥਿਕ ਪੱਖੋਂ ਵੀ ਪੂਰੀ ਤਰ੍ਹਾਂ ਖ਼ੁਸ਼ਹਾਲ ਹਨ। ਉਹ ਵਿਦੇਸ਼ਾਂ ’ਚ ਲੇਬਰ ਕਰਨ ਦੀ ਬਜਾਏ ਆਪਣੇ ਕਾਰੋਬਾਰ ਕਰ ਰਹੇ ਹਨ।
ਸਾਲ 2026 ਦੇ ਇਸ ਸੀਜ਼ਨ ਦੌਰਾਨ ਬਿਹਾਰ ਤੇ ਯੂਪੀ ਤੋਂ ਸਭ ਤੋਂ ਵੱਧ ਮਜ਼ਦੂਰ ਝੋਨਾ ਲਾਉਣ ਲਈ ਪੰਜਾਬ ਵਿਚ ਆਏ ਹੋਏ ਹਨ ਕਿਉਂਕਿ ਪੰਜਾਬ ਵਿਚ ਝੋਨਾ ਲਾਉਣ ਵਾਲੀ ਮਸ਼ੀਨ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਨਹੀਂ ਕਰ ਸਕੀ। 90 ਤੋਂ ਮਗਰਲੇ ਸਾਲਾਂ ਦੌਰਾਨ ਪੰਜਾਬ ਅੰਦਰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਘਰ ਤੇ ਖੇਤਾਂ ਵਿਚ ਕੰਮ ਕਰਦੇ ਸਨ। ਬੱਚੇ ਤੇ ਬਜ਼ੁਰਗ ਖੇਤਾਂ ’ਚ ਮੱਝਾਂ ਚਰਾ ਕੇ ਲਿਆਉਂਦੇ ਸਨ ਤਾਂ ਬਾਕੀ ਦਾ ਪਰਿਵਾਰ ਰੋਟੀ-ਟੁੱਕ ਤੋਂ ਲੈ ਕੇ ਕਪਾਹ/ਨਰਮੇ ਦੀ ਚੁਗਾਈ, ਮਿਰਚਾਂ ਦੀ ਤੁੜਾਈ ਅਤੇ ਮੌਸਮ ਦੇ ਅਨੁਸਾਰ ਖੇਤ ਦਾ ਹਰ ਕੰਮ ਕਰਦਾ ਸੀ, ਜਿਸ ਕਰਕੇ ਖੇਤੀ ਲਾਹੇਵੰਦ ਧੰਦਾ ਸੀ ਪਰ ਹੁਣ ਖੇਤੀ ਦੇ ਹਰ ਖੇਤਰ ਵਿਚ ਮਸ਼ੀਨਾਂ ਦਾ ਬੋਲਬਾਲਾ ਹੋ ਗਿਆ ਹੈ। ਮੂੰਗਫਲੀ ਬੀਜਣਾ, ਮੂੰਗੀ ਬੀਜਣਾ, ਕਮਾਦ ਬੀਜਣਾ, ਝੋਨਾ ਲਗਾਉਣਾ, ਲਸਨ ਬੀਜਣਾ ਆਦਿ ਤੋਂ ਲੈ ਕੇ ਹਰ ਫ਼ਸਲ ਲਈ ਮਸ਼ੀਨਰੀ ਦੀ ਵਰਤੋਂ ਹੋਣ ਲੱਗ ਪਈ ਹੈ। ਹੁਣ ਪੰਜਾਬ ਅੰਦਰ ਝੋਨੇ ਦੀ ਲਵਾਈ ਸ਼ੁਰੂ ਹੋ ਚੁੱਕੀ ਹੈ ਪਰ ਮਜ਼ਦੂਰਾਂ ਦੀ ਘਾਟ ਰੜਕਦੀ ਰਹਿੰਦੀ ਹੈ। ਪੇਂਡੂ ਖੇਤਰਾਂ ਵਿਚ ਤਾਂ ਮਜ਼ਦੂਰ ਭਾਲਿਆ ਵੀ ਨਹੀਂ ਲੱਭਦਾ।
ਪੰਜਾਬ ’ਚ ਝੋਨਾ ਲਗਾਉਣ ਵਾਲੀ ਮਸ਼ੀਨ ਦੀ ਵਰਤੋਂ ਦਾ ਰੁਝਾਨ ਵਧਿਆ ਸੀ ਪਰ ਝੋਨਾ ਲਾਉਣ ਵਾਲੀ ਮਸ਼ੀਨ ਨਾਲ ਜਿੰਨੀ ਉਮੀਦ ਸੀ, ਓਨਾ ਕੰਮ ਪੰਜਾਬ ਵਿਚ ਨਹੀਂ ਹੋਇਆ, ਜਿਸ ਕਰਕੇ ਹਰ ਸਾਲ ਝੋਨੇ ਦੀ ਸਿੱਧੀ ਬਿਜਾਈ ਵੀ ਕੀਤੀ ਜਾਂਦੀ ਹੈ। ਫਿਰ ਵੀ ਝੋਨਾ ਲਗਾਉਣਾ ਬਹੁਤ ਗਿਣਤੀ ਕਿਸਾਨਾਂ ਦੀ ਮਜਬੂਰੀ ਹੈ। 50 ਏਕੜ ਤੋਂ ਜ਼ਿਆਦਾ ਝੋਨਾ ਲਗਾਉਣ ਵਾਲੇ ਕਿਸਾਨਾਂ ਨੂੰ ਮਜ਼ਦੂਰਾਂ ਦੀ ਸਮੱਸਿਆ ਆ ਰਹੀ ਹੈ ਜਿਸ ਕਰਕੇ ਉਨ੍ਹਾਂ ਲਈ ਝੋਨਾ ਲਗਾਉਣ ਵਾਲੀ ਮਸ਼ੀਨ ਲਾਹੇਵੰਦ ਸਿੱਧ ਹੋ ਸਕਦੀ ਸੀ। ਇਹ ਮਸ਼ੀਨ ਕੰਬਾਈਨ, ਜ਼ੀਰੋ ਡਰਿੱਲ ਅਤੇ ਹੋਰ ਖੇਤੀ ਮਸ਼ੀਨਰੀ ਨਾਲੋਂ ਕਿਤੇ ਵਧੀਆ ਸੀ ਕਿਉਂਕਿ 50 ਏਕੜ ਅਤੇ ਇਸ ਤੋਂ ਜ਼ਿਆਦਾ ਝੋਨਾ ਲਗਾਉਣ ਵਾਲਾ ਕਿਸਾਨ ਇਸ ਮਸ਼ੀਨ ਨੂੰ ਖ਼ਰੀਦ ਵੀ ਸਕਦਾ ਹੈ। ਖੇਤੀਬਾੜੀ ਵਿਭਾਗ ਵੱਲੋਂ ਇਸ ਮਸ਼ੀਨ ’ਤੇ ਸਬਸਿਡੀ ਵੀ ਦਿੱਤੀ ਜਾਂਦੀ ਹੈ। ਹੋਰਨਾਂ ਮਸ਼ੀਨਾਂ ਦੇ ਬਦਲੇ ਇਹ ਮਸ਼ੀਨ ਸਸਤੀ ਪੈਂਦੀ ਹੈ । ਬੇਸ਼ੱਕ ਪੰਜਾਬ ਵਿਚ ਹੱਥੀਂ ਕੰਮ ਕਰਾਉਣ ਲਈ ਮਜ਼ਦੂਰਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਪਰ ਮਜ਼ਦੂਰ ਬਹੁਤ ਘੱਟ ਮਿਲਦੇ ਹਨ। ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਕਈ ਕਿਸਾਨ ਆਪਣੇ ਖੇਤਾਂ ਵਿਚ ਮਸ਼ੀਨ ਨਾਲ ਝੋਨਾ ਲਗਾਉਣ ਦੇ ਨਾਲ ਹੀ ਹੋਰ ਕਿਸਾਨਾਂ ਦੇ ਖੇਤਾਂ ਵਿਚ ਮਸ਼ੀਨਾਂ ਨਾਲ ਝੋਨਾ ਲਗਾਉਂਦੇ ਹਨ ਜਾਂ ਫਿਰ ਇਹ ਕਹਿ ਲਈਏ ਕਿ ਝੋਨਾ ਲਾਉਣ ਵਾਲੀ ਮਸ਼ੀਨ ਨੂੰ ਸਹਾਇਕ ਧੰਦੇ ਵਜੋਂ ਵੀ ਵਰਤਿਆ ਜਾ ਸਕਦਾ ਹੈ। ਸਰਦੀ ਦੇ ਮੌਸਮ ’ਚ ਕੁਝ ਕਿਸਾਨ ਖੁੰਬਾਂ ਦੀ ਕਾਸ਼ਤ ਕਰਦੇ ਹਨ ਅਤੇ ਕੁਝ ਕਿਸਾਨ ਗੰਨੇ ਪੀੜਨ ਲਈ ਘੁਲਾੜੀ ਚਲਾਉਂਦੇ ਹਨ। ਇਸੇ ਤਰ੍ਹਾਂ ਸਾਉਣੀ ਦੀ ਫ਼ਸਲ ਮੌਕੇ ਝੋਨਾ ਲਾਉਣ ਵਾਲੀ ਮਸ਼ੀਨ ਵੀ ਰੱਖੀ ਜਾ ਸਕਦੀ ਹੈ। ਪੰਜਾਬ ’ਚ ਇਹੋ ਜਿਹੇ ਕਿਸਾਨ ਵੀ ਹਨ, ਜਿਹੜੇ ਝੋਨਾ ਲਗਾਉਣ ਵਾਲੀ ਇਕ ਮਸ਼ੀਨ ਲੈ ਕੇ ਆਏ ਸੀ । ਉਸ ਨਾਲ ਝੋਨੇ ਦੀ ਲਵਾਈ ਕਰ ਕੇ ਕਮਾਏ ਹੋਏ ਪੈਸਿਆਂ ਨਾਲ ਇਕ ਹੋਰ ਮਸ਼ੀਨ ਲੈ ਆਏ।
ਮਸ਼ੀਨ ਨਾਲ ਝੋਨਾ ਲਗਾਉਣ ਨਾਲ ਪ੍ਰਤੀ ਏਕੜ 3 ਕੁਇੰਟਲ ਝਾੜ ਵੀ ਵਧਦਾ ਹੈ ਅਤੇ ਇਕ ਏਕੜ ਦਾ ਝੋਨਾ ਲਗਾਉਣ ਲਈ ਮਸ਼ੀਨ 3/4 ਲਿਟਰ ਪੈਟਰੋਲ ਦੀ ਖਪਤ ਕਰਦੀ ਹੈ ਜਿਸ ਕਰਕੇ ਝੋਨਾ ਲਗਾਉਣ ਵਾਲੀ ਮਸ਼ੀਨ ਤੋਂ ਘੱਟ ਖ਼ਰਚਾ ਕਿਸੇ ਵੀ ਢੰਗ ਨਾਲ ਨਹੀਂ ਆਉਂਦਾ। ਮਸ਼ੀਨ ਵਾਲੀ ਪਨੀਰੀ ਦੀ ਬਿਜਾਈ ਕਰਨ ’ਤੇ ਮਿਹਨਤ ਥੋੜ੍ਹੀ ਜ਼ਿਆਦਾ ਕਰਨੀ ਪੈਂਦੀ ਹੈ ਕਿਉਂਕਿ ਮਿੱਟੀ ਦੇ ਬੈਂਡ ਬਣਾ ਕੇ ਪਲਾਸਟਿਕ ਦੀ ਸੀਟ 'ਤੇ ਝੋਨੇ ਦੀ ਪਨੀਰੀ ਬੀਜਣੀ ਪੈਂਦੀ ਹੈ, ਜਿਸ ਕਰਕੇ ਪਨੀਰੀ ਬੀਜਣ ’ਤੇ ਮਿਹਨਤ ਜ਼ਿਆਦਾ ਹੈ। ਬੈੱਡਾਂ ’ਤੇ ਬੀਜੀ ਹੋਈ ਪਨੀਰੀ ਹੀ ਮਸ਼ੀਨ 'ਚ ਰੱਖ ਕੇ ਲਵਾਈ ਸ਼ੁਰੂ ਕੀਤੀ ਜਾਂਦੀ ਹੈ। ਕੁੱਲ ਮਿਲਾ ਕੇ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਝੋਨਾ ਲਾਉਣ ਵਾਲੀ ਮਸ਼ੀਨ ਦੀ ਵਰਤੋਂ ਕਰਨ ਦਾ ਰੁਝਾਨ ਵਧਣਾ ਚਾਹੀਦਾ ਸੀ ਪਰ ਝੋਨਾ ਲਾਉਣ ਵਾਲੀ ਮਸ਼ੀਨ ਦਾ ਕਾਰੋਬਾਰ ਸਿਮਟ ਕੇ ਰਹਿ ਗਿਆ ਤੇ ਇਹ ਮਸ਼ੀਨ ਪੰਜਾਬ ਵਿਚ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਨਹੀਂ ਕਰ ਸਕੀ।
ਬ੍ਰਿਸ ਭਾਨ ਬੁਜਰਕ