- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਕ ਸਮਾਂ ਸੀ, ਜਦੋਂ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਸੀ, ਜਿੱਥੇ ਪਾਣੀ ਦੀ ਕੋਈ ਕਮੀ ਨਹੀਂ ਸੀ। ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ । ਇਹ ਦਰਿਆ ਇਸ ਧਰਤੀ ਦੀ ਜੀਵਨ-ਰੇਖਾ ਸਨ, ਜੋ ਖੇਤਾਂ ਨੂੰ ਸਿੰਜਦੇ ਸਨ ਤੇ ਲੋਕਾਂ ਦੀ ਖੁਸ਼ਹਾਲੀ ਦਾ ਪ੍ਰਤੀਕ ਸਨ ਪਰ ਅੱਜ ਸਮਾਂ ਬਦਲ ਗਿਆ ਹੈ।

ਇਕ ਸਮਾਂ ਸੀ, ਜਦੋਂ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਸੀ, ਜਿੱਥੇ ਪਾਣੀ ਦੀ ਕੋਈ ਕਮੀ ਨਹੀਂ ਸੀ। ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ । ਇਹ ਦਰਿਆ ਇਸ ਧਰਤੀ ਦੀ ਜੀਵਨ-ਰੇਖਾ ਸਨ, ਜੋ ਖੇਤਾਂ ਨੂੰ ਸਿੰਜਦੇ ਸਨ ਤੇ ਲੋਕਾਂ ਦੀ ਖੁਸ਼ਹਾਲੀ ਦਾ ਪ੍ਰਤੀਕ ਸਨ ਪਰ ਅੱਜ ਸਮਾਂ ਬਦਲ ਗਿਆ ਹੈ। ਉਹ ਪੰਜਾਬ, ਜੋ ਕਦੇ ਪਾਣੀਆਂ ਦਾ ਦੇਸ਼ ਅਖਵਾਉਂਦਾ ਸੀ, ਅੱਜ ਪਾਣੀ ਦੀ ਗੰਭੀਰ ਕਿੱਲਤ ਦਾ ਸਾਹਮਣਾ ਕਰ ਰਿਹਾ ਹੈ। ਇਹ ਬਦਨਸੀਬੀ ਦੀ ਗੱਲ ਹੈ ਕਿ ਜਿਸ ਧਰਤੀ ਨੂੰ ਕੁਦਰਤ ਨੇ ਇੰਨੀ ਬਖਸ਼ਿਸ਼ ਦਿੱਤੀ ਸੀ, ਉਹ ਹੁਣ ਬੂੰਦ-ਬੂੰਦ ਪਾਣੀ ਲਈ ਤਰਸ ਰਹੀ ਹੈ।
ਪੰਜਾਬ ਵਿਚ ਪਾਣੀ ਦੀ ਇਸ ਭਿਆਨਕ ਸਥਿਤੀ ਦੇ ਕਈ ਕਾਰਨ ਹਨ। ਸਭ ਤੋਂ ਮੁੱਖ ਕਾਰਨ ਧਰਤੀ ਹੇਠਲੇ ਪਾਣੀ ਦਾ ਅੰਨ੍ਹੇਵਾਹ ਵਰਤੋਂ ਹੈ। ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਪੰਜਾਬ ’ਚ ਝੋਨੇ ਅਤੇ ਕਣਕ ਵਰਗੀਆਂ ਵੱਧ ਪਾਣੀ ਦੀ ਖਪਤ ਵਾਲੀਆਂ ਫ਼ਸਲਾਂ ਦੀ ਬਹੁਤਾਤ ਹੈ। ਕਿਸਾਨਾਂ ਦੁਆਰਾ ਲਗਾਤਾਰ ਡੂੰਘੇ ਬੋਰਵੈੱਲ ਕਰ ਕੇ ਪਾਣੀ ਕੱਢਣ ਕਰਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਖ਼ਤਰਨਾਕ ਹੱਦ ਤੱਕ ਹੇਠਾਂ ਚਲਾ ਗਿਆ ਹੈ। ਕਈ ਇਲਾਕਿਆਂ ਵਿਚ ਤਾਂ ਪਾਣੀ ਸੈਂਕੜੇ ਫੁੱਟ ਹੇਠਾਂ ਚਲਾ ਗਿਆ ਹੈ, ਜਿਸ ਨਾਲ ਛੋਟੇ ਕਿਸਾਨਾਂ ਲਈ ਸਿੰਚਾਈ ਕਰਨਾ ਔਖਾ ਹੋ ਗਿਆ ਹੈ।
ਇਸ ਤੋਂ ਇਲਾਵਾ ਨਹਿਰੀ ਪਾਣੀ ਪ੍ਰਬੰਧਨ ਵਿਚ ਕਮੀਆਂ ਵੀ ਇਸ ਸਮੱਸਿਆ ਨੂੰ ਵਧਾਉਂਦੀਆਂ ਹਨ। ਪੁਰਾਣੇ ਨਹਿਰੀ ਸਿਸਟਮ ਦੀ ਮੁਰੰਮਤ ਨਾ ਹੋਣ ਤੇ ਪਾਣੀ ਦੀ ਸਹੀ ਵੰਡ ਨਾ ਹੋਣ ਕਾਰਨ ਬਹੁਤ ਸਾਰਾ ਪਾਣੀ ਖ਼ਰਾਬ ਹੋ ਜਾਂਦਾ ਹੈ। ਸਨਅਤੀਕਰਨ ਤੇ ਸ਼ਹਿਰੀਕਰਨ ਨੇ ਵੀ ਪਾਣੀ ਦੀ ਮੰਗ ਵਿਚ ਵਾਧਾ ਕੀਤਾ ਹੈ, ਜਦੋਂਕਿ ਦੂਸ਼ਿਤ ਪਾਣੀ ਦੀ ਸਮੱਸਿਆ ਨੇ ਪੀਣ ਵਾਲੇ ਪਾਣੀ ਦੀ ਗੁਣਵੱਤਾ ਨੂੰ ਪ੍ਰਭਾਵਿਤ ਕੀਤਾ ਹੈ। ਦਰਿਆਵਾਂ ਵਿਚ ਪ੍ਰਦੂਸ਼ਣ ਤੇ ਪੰਜਾਬ ਦੇ ਪਾਣੀਆਂ ਨਾਲ ਜੁੜੇ ਅੰਤਰਰਾਜ਼ੀ ਵਿਵਾਦ ਵੀ ਪਾਣੀ ਦੀ ਕਮੀ ਦੇ ਮਸਲੇ ਨੂੰ ਹੋਰ ਗੁੰਝਲਦਾਰ ਬਣਾਉਂਦੇ ਹਨ।
ਪਾਣੀ ਦੀ ਇਸ ਘਾਟ ਦੇ ਪੰਜਾਬ 'ਤੇ ਗੰਭੀਰ ਸਮਾਜਿਕ, ਆਰਥਿਕ ਅਤੇ ਵਾਤਾਵਰਣਿਕ ਪ੍ਰਭਾਵ ਪੈ ਰਹੇ ਹਨ। ਕਿਸਾਨੀ ਪਹਿਲਾਂ ਹੀ ਸੰਕਟ ਵਿਚ ਹੈ ਅਤੇ ਪਾਣੀ ਦੀ ਕਮੀ ਇਸ ਨੂੰ ਹੋਰ ਡੂੰਘਾ ਕਰ ਰਹੀ ਹੈ, ਜਿਸ ਨਾਲ ਕਿਸਾਨਾਂ ’ਤੇ ਆਰਥਿਕ ਬੋਝ ਵੱਧ ਰਿਹਾ ਹੈ।
ਇਸ ਗੰਭੀਰ ਸਮੱਸਿਆ ਨਾਲ ਨਜਿੱਠਣ ਲਈ ਤੁਰੰਤ ਕਦਮ ਚੁੱਕਣੇ ਬੇਹੱਦ ਜ਼ਰੂਰੀ ਹਨ। ਸਭ ਤੋਂ ਪਹਿਲਾਂ ਖੇਤੀ ਪੈਟਰਨ ਵਿਚ ਬਦਲਾਅ ਲਿਆਉਣਾ ਹੋਵੇਗਾ। ਕਿਸਾਨਾਂ ਨੂੰ ਝੋਨੇ ਅਤੇ ਕਣਕ ਦੀ ਜਗ੍ਹਾ ਘੱਟ ਪਾਣੀ ਵਾਲੀਆਂ ਫ਼ਸਲਾਂ ਜਿਵੇਂ ਮੱਕੀ, ਦਾਲਾਂ ਅਤੇ ਬਾਗ਼ਬਾਨੀ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਸਿੰਚਾਈ ਦੀਆਂ ਆਧੁਨਿਕ ਤਕਨੀਕਾਂ ਜਿਵੇਂ ਤੁਪਕਾ ਸਿੰਚਾਈ ਤੇ ਫੁਹਾਰਾ ਸਿੰਚਾਈ ਨੂੰ ਅਪਣਾਉਣਾ ਚਾਹੀਦਾ ਹੈ। ਧਰਤੀ ਹੇਠਲੇ ਪਾਣੀ ਦੀ ਬੱਚਤ ਲਈ ਬਰਸਾਤੀ ਪਾਣੀ ਦੀ ਸੰਭਾਲ ਤੇ ਨਹਿਰੀ ਪਾਣੀ ਦੇ ਬਿਹਤਰ ਪ੍ਰਬੰਧਨ ਦੀ ਲੋੜ ਹੈ। ਪਾਣੀ ਦੀ ਮੁੜ ਵਰਤੋਂ ਤੇ ਪ੍ਰਦੂਸ਼ਣ ਨੂੰ ਕੰਟਰੋਲ ਕਰਨਾ ਵੀ ਅਹਿਮ ਕਦਮ ਹਨ। ਸਰਕਾਰ ਤੇ ਲੋਕਾਂ ਦੋਵਾਂ ਨੂੰ ਇਸ ਮਸਲੇ ਦੀ ਗੰਭੀਰਤਾ ਨੂੰ ਸਮਝਣਾ ਪਵੇਗਾ ਤੇ ਸਾਂਝੇ ਯਤਨਾਂ ਨਾਲ ਹੀ ਇਸ ’ਤੇ ਕਾਬੂ ਪਾਇਆ ਜਾ ਸਕਦਾ ਹੈ। ਪੰਜਾਬ ਨੂੰ ਦੁਬਾਰਾ ਪਾਣੀਆਂ ਦਾ ਦੇਸ਼ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ। ਪਾਣੀ ਅਨਮੋਲ ਕੁਦਰਤੀ ਸਰੋਤ ਹੈ ਤੇ ਇਸ ਦੀ ਸੰਭਾਲ ਸਾਡੇ ਸਭ ਲਈ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ। ਆਪਣੇ ਭਵਿੱਖ ਲਈ ਇਸ ਅਨਮੋਲ ਸਰੋਤ ਨੂੰ ਬਚਾਉਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ।
- ਚਾਨਣਦੀਪ ਸਿੰਘ