- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਸਲੀ ਵਿਭਿੰਨਤਾ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਹ ਸਿਰਫ਼ ਖੇਤੀ ਤੱਕ ਸੀਮਤ ਨਹੀਂ ਰਹਿੰਦੀ, ਸਗੋਂ ਪੂਰੀ ਉਦਯੋਗਿਕ ਲੜੀ ਨੂੰ ਜਨਮ ਦਿੰਦੀ ਹੈ। ਮਿਰਚਾਂ ਨਾਲ ਜੁੜੇ ਉਦਯੋਗਾਂ ਵਿੱਚ ਮਿਰਚ ਪਾਊਡਰ, ਚਿੱਲੀ ਸਾਸ, ਅਚਾਰ, ਡੀਹਾਈਡ੍ਰੇਸ਼ਨ, ਪੈਕਿੰਗ ਅਤੇ ਨਿਰਯਾਤ ਕਾਰੋਬਾਰ ਸ਼ਾਮਲ ਹਨ

ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਪੰਜਾਬ ਦੀ ਖੇਤੀ ਨੂੰ ਲੰਮੇ ਸਮੇਂ ਲਈ ਬਚਾਉਣਾ ਹੈ ਤਾਂ ਫਸਲੀ ਵਿਭਿੰਨਤਾ ਹੀ ਇੱਕੋ-ਇੱਕ ਰਾਹ ਹੈ। ਇਸ ਬਦਲਾਅ ਦੀ ਅਗਵਾਈ ਅੱਜ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਕਰ ਰਿਹਾ ਹੈ, ਜਿਸ ਨੂੰ ਪੰਜਾਬ ਸਰਕਾਰ ਵੱਲੋਂ “ਚਿੱਲੀ ਅਸਟੇਟ” ਵਜੋਂ ਵਿਕਸਤ ਕਰਨ ਦੀ ਯੋਜਨਾ ਨੇ ਨਵੀਂ ਪਛਾਣ ਦਿੱਤੀ ਹੈ। ਹਾਲਾਂਕਿ ਆਜ਼ਾਦੀ ਤੋਂ ਫੌਰਨ ਬਾਅਦ ਹੀ ਫਿਰੋਜ਼ਪੁਰ ਦਾ ਸਰਹੱਦੀ ਅਤੇ ਦਰਿਆਈ ਇਲਾਕਾ ਦੇਸ਼ ਭਰ ਵਿੱਚ ਸਬਜ਼ੀਆਂ ਉਗਾਉਣ ਵਾਲੇ ਜ਼ਿਲ੍ਹੇ ਵਜੋਂ ਜਾਣਿਆ ਜਾਂਦਾ ਸੀ । ਸਾਲ 2023 ਵਿੱਚ ਪੰਜਾਬ ਸਰਕਾਰ ਵੱਲੋਂ ਫਿਰੋਜ਼ਪੁਰ ਨੂੰ ‘ਚਿੱਲੀ ਅਸਟੇਟ’ ਐਲਾਣਦਿਆਂ ਕਈ ਤਰ੍ਹਾਂ ਦੇ ਪ੍ਰੋਜੈਕਟ ਐਲਾਨੇ ਗਏ ਸਨ । ਸਰਕਾਰ ਵੱਲੋਂ ਇਸ ਸਬੰਧੀ ‘ਚਿੱਲੀ ਡਿਵੈਲਪਮੈਂਟ ਸੈਂਟਰ’ ਦੀ ਨੀਂਹ ਰੱਖੀ ਗਈ ਸੀ, ਪਰ ਅਜੇ ਤੱਕ ਮੁਕੰਮਲ ਨਹੀਂ ਹੋ ਸਕਿਆ ਹੈ। ਭਾਵੇਂ ਅਜੇ ਹਰੀ ਮਿਰਚ ਦੇ ਸਿੱਧੇ ਐਕਸਪੋਰਟ ਦੇ ਅਜੇ ਤੱਕ ਸਰਕਾਰੀ ਤੌਰ ’ਤੇ ਕੋਈ ਉਪਰਾਲੇ ਨਹੀਂ ਕੀਤੇ ਗਏ ਹਨ ਪਰ ਅਬੋਹਰ ਸਥਿਤ ਚਿੱਲੀ ਫੈਕਟਰੀ ਤੋਂ ਦੇਸ਼ ਦੇ ਕਈ ਵੱਡੇ ਘਰਾਣੇ ਮਿਰਚ ਪਾਊਡਰ ਅਤੇ ਚਿੱਲੀ ਪੇਸਟ ਵਗੈਰਾ ਬਣਵਾਏ ਜਾ ਰਹੇ ਹਨ। ਮਾਹਿਰਾਂ ਅਨੁਸਾਰ ਫਸਲੀ ਵਿਭਿੰਨਤਾ ਨੂੰ ਸਫਲ ਬਣਾਉਣ ਲਈ ਸਿਰਫ਼ ਕਿਸਾਨਾਂ ਦੇ ਯਤਨ ਕਾਫ਼ੀ ਨਹੀਂ ਹੋਣਗੇ। ਸਰਕਾਰ ਨੂੰ ਮਿਰਚ ਅਤੇ ਸਬਜ਼ੀ ਕਲੱਸਟਰਾਂ ਦੀ ਸਥਾਪਨਾ, ਕੋਲਡ ਚੇਨ ਨੈੱਟਵਰਕ, ਫੂਡ ਪ੍ਰੋਸੈਸਿੰਗ ਪਾਰਕ, ਨਿਰਯਾਤ ਸਹੂਲਤਾਂ ਅਤੇ ਕਿਸਾਨ ਉਤਪਾਦਕ ਸੰਸਥਾਵਾਂ ਨੂੰ ਮਜ਼ਬੂਤ ਕਰਨ ਲਈ ਠੋਸ ਕਦਮ ਚੁੱਕਣੇ ਪੈਣਗੇ। ਇਸ ਦੇ ਨਾਲ-ਨਾਲ ਬਾਜ਼ਾਰ ਲਿੰਕੇਜ ਅਤੇ ਕੰਟਰੈਕਟ ਫਾਰਮਿੰਗ ਦੇ ਮਾਡਲ ਵੀ ਵਿਕਸਤ ਕਰਨੇ ਹੋਣਗੇ।
ਮਿਰਚਾਂ ਦੀ ਕਾਸ਼ਤ ਕਿਵੇਂ ਬਣ ਸਕਦੀ ਹੈ ਵੱਧ ਮੁਨਾਫ਼ੇ ਵਾਲਾ ਕਾਰੋਬਾਰ
ਮਿਰਚ ਇੱਕ ਅਜਿਹੀ ਫਸਲ ਹੈ ਜਿਸ ਦੀ ਤੋੜਾਈ ਲੰਬੇ ਸਮੇਂ ਤੱਕ ਚੱਲਦੀ ਹੈ। ਕਿਸਾਨ ਨੂੰ ਇੱਕੋ ਵਾਰ ਦੀ ਬਜਾਏ ਕਈ ਵਾਰ ਆਮਦਨ ਪ੍ਰਾਪਤ ਹੁੰਦੀ ਹੈ। ਬਾਜ਼ਾਰ ਵਿੱਚ ਇਸ ਦੀ ਮੰਗ ਵੀ ਸਾਲ ਭਰ ਬਣੀ ਰਹਿੰਦੀ ਹੈ।
ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਕਿਸਾਨ ਉੱਚ ਗੁਣਵੱਤਾ ਵਾਲੇ ਬੀਜ, ਡ੍ਰਿਪ ਸਿੰਚਾਈ ਅਤੇ ਵਿਗਿਆਨਕ ਤਰੀਕਿਆਂ ਦੀ ਵਰਤੋਂ ਕਰਨ ਤਾਂ ਮਿਰਚਾਂ ਦੀ ਕਾਸ਼ਤ ਰਵਾਇਤੀ ਫਸਲਾਂ ਦੇ ਮੁਕਾਬਲੇ ਕਈ ਗੁਣਾ ਵੱਧ ਆਮਦਨ ਦੇ ਸਕਦੀ ਹੈ। ਇਹੀ ਕਾਰਨ ਹੈ ਕਿ ਪੰਜਾਬ ਦੇ ਕਈ ਪੜ੍ਹੇ-ਲਿਖੇ ਨੌਜਵਾਨ ਹੁਣ ਸਬਜ਼ੀ ਅਤੇ ਮਸਾਲਾ ਫਸਲਾਂ ਵੱਲ ਆਕਰਸ਼ਿਤ ਹੋ ਰਹੇ ਹਨ।
ਫਸਲੀ ਵਿਭਿੰਨਤਾ ਦਾ ਭਵਿੱਖ: ਸਬਜ਼ੀਆਂ ਅਤੇ ਮਸਾਲਾ ਫਸਲਾਂ ਬਣ ਰਹੀਆਂ ਹਨ ਨਵਾਂ ਬਦਲ
ਪੰਜਾਬ ਵਿੱਚ ਹਰੀ ਮਿਰਚ, ਸ਼ਿਮਲਾ ਮਿਰਚ, ਟਮਾਟਰ, ਭਿੰਡੀ, ਪਿਆਜ਼, ਲਸਣ, ਆਲੂ ਅਤੇ ਹੋਰ ਸਬਜ਼ੀਆਂ ਦੀ ਮੰਗ ਲਗਾਤਾਰ ਵਧ ਰਹੀ ਹੈ। ਇਹ ਫਸਲਾਂ ਕਿਸਾਨ ਨੂੰ ਸਾਲ ਭਰ ਨਗਦ ਆਮਦਨ ਦਿੰਦੀਆਂ ਹਨ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਨਾਲ ਖੇਤੀ ਸਿਰਫ਼ ਉਤਪਾਦਨ ਤੱਕ ਸੀਮਤ ਨਹੀਂ ਰਹਿੰਦੀ, ਸਗੋਂ ਪ੍ਰੋਸੈਸਿੰਗ, ਪੈਕਿੰਗ ਅਤੇ ਮਾਰਕੀਟਿੰਗ ਵਰਗੇ ਨਵੇਂ ਕਾਰੋਬਾਰਾਂ ਨੂੰ ਵੀ ਜਨਮ ਦਿੰਦੀ ਹੈ। ਇਸੇ ਕਰਕੇ ਖੇਤੀ ਅਰਥਸ਼ਾਸਤਰੀ ਮੰਨਦੇ ਹਨ ਕਿ ਆਉਣ ਵਾਲੇ ਦਹਾਕੇ ਵਿੱਚ ਸਬਜ਼ੀਆਂ ਅਤੇ ਮਸਾਲਾ ਫਸਲਾਂ ਪੰਜਾਬ ਦੀ ਖੇਤੀ ਦਾ ਨਵਾਂ ਚਿਹਰਾ ਬਣ ਸਕਦੀਆਂ ਹਨ।
ਫਿਰੋਜ਼ਪੁਰ ਬਣਿਆ ਪੰਜਾਬ ਦੀ ‘ਚਿੱਲੀ ਅਸਟੇਟ’
ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਅੱਜ ਮਿਰਚਾਂ ਦੀ ਖੇਤੀ ਕਾਰਨ ਵਿਸ਼ੇਸ਼ ਪਛਾਣ ਬਣਾ ਚੁੱਕਾ ਹੈ। ਮਮਦੋਟ, ਗੁਰੂਹਰਸਹਾਏ, ਮੱਖੂ, ਫਿਰੋਜ਼ਪੁਰ ਸ਼ਹਿਰੀ ,ਫਿਰੋਜ਼ਪੁਰ ਦਿਹਾਤੀ ਅਤੇ ਸਰਹੱਦੀ ਪਿੰਡਾਂ ਵਿੱਚ ਹਜ਼ਾਰਾਂ ਏਕੜ ਰਕਬੇ ’ਤੇ ਹਰੀ ਮਿਰਚ ਅਤੇ ਸ਼ਿਮਲਾ ਮਿਰਚ ਦੀ ਕਾਸ਼ਤ ਕੀਤੀ ਜਾ ਰਹੀ ਹੈ। ਇੱਥੋਂ ਦੀ ਪੈਦਾਵਾਰ ਪੰਜਾਬ ਦੀਆਂ ਮੰਡੀਆਂ ਤੋਂ ਇਲਾਵਾ ਦਿੱਲੀ, ਹਿਮਾਚਲ, ਰਾਜਸਥਾਨ, ਗੁਜਰਾਤ, ਜੰਮੂ-ਕਸ਼ਮੀਰ ਅਤੇ ਉੱਤਰ ਪ੍ਰਦੇਸ਼ ਤੱਕ ਭੇਜੀ ਜਾਂਦੀ ਹੈ। ਇਸ ਕਾਰਨ ਮਿਰਚਾਂ ਦੀ ਖੇਤੀ ਨਾਲ ਜੁੜਿਆ ਇੱਕ ਵੱਡਾ ਵਪਾਰਕ ਨੈੱਟਵਰਕ ਤਿਆਰ ਹੋ ਰਿਹਾ ਹੈ। ਖੇਤੀ ਵਿਭਾਗ ਵੱਲੋਂ ਵੀ ਇਸ ਖੇਤਰ ਨੂੰ ਮਿਰਚ ਉਤਪਾਦਨ ਦੇ ਕਲੱਸਟਰ ਵਜੋਂ ਵਿਕਸਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਖੇਤ ਤੋਂ ਫੈਕਟਰੀ ਤੱਕ: ਮਿਰਚਾਂ ਨਾਲ ਜੁੜੇ ਉਦਯੋਗ ਖੋਲ੍ਹ ਸਕਦੇ ਹਨ ਰੋਜ਼ਗਾਰ ਦੇ ਨਵੇਂ ਦਰਵਾਜ਼ੇ
ਫਸਲੀ ਵਿਭਿੰਨਤਾ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਹ ਸਿਰਫ਼ ਖੇਤੀ ਤੱਕ ਸੀਮਤ ਨਹੀਂ ਰਹਿੰਦੀ, ਸਗੋਂ ਪੂਰੀ ਉਦਯੋਗਿਕ ਲੜੀ ਨੂੰ ਜਨਮ ਦਿੰਦੀ ਹੈ। ਮਿਰਚਾਂ ਨਾਲ ਜੁੜੇ ਉਦਯੋਗਾਂ ਵਿੱਚ ਮਿਰਚ ਪਾਊਡਰ, ਚਿੱਲੀ ਸਾਸ, ਅਚਾਰ, ਡੀਹਾਈਡ੍ਰੇਸ਼ਨ, ਪੈਕਿੰਗ ਅਤੇ ਨਿਰਯਾਤ ਕਾਰੋਬਾਰ ਸ਼ਾਮਲ ਹਨ। ਜੇਕਰ ਫਿਰੋਜ਼ਪੁਰ ਵਿੱਚ ਫੂਡ ਪ੍ਰੋਸੈਸਿੰਗ ਯੂਨਿਟ ਸਥਾਪਤ ਹੁੰਦੇ ਹਨ ਤਾਂ ਕਿਸਾਨਾਂ ਨੂੰ ਫਸਲ ਦਾ ਵਧੀਆ ਮੁੱਲ ਮਿਲਣ ਦੇ ਨਾਲ-ਨਾਲ ਪਿੰਡਾਂ ਵਿੱਚ ਉਦਯੋਗਿਕ ਵਿਕਾਸ ਨੂੰ ਵੀ ਹੁਲਾਰਾ ਮਿਲੇਗਾ। ਇਸ ਨਾਲ ਕੋਲਡ ਸਟੋਰੇਜ, ਵੇਅਰਹਾਊਸਿੰਗ, ਟਰਾਂਸਪੋਰਟ, ਫੂਡ ਪ੍ਰੋਸੈਸਿੰਗ, ਈ-ਮਾਰਕੀਟਿੰਗ ਅਤੇ ਖੇਤੀ ਸਲਾਹਕਾਰੀ ਵਰਗੇ ਖੇਤਰਾਂ ਵਿੱਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋ ਸਕਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਫਿਰੋਜ਼ਪੁਰ ਦੀ ‘ਚਿੱਲੀ ਅਸਟੇਟ’ ਭਵਿੱਖ ਵਿੱਚ ਸਿਰਫ਼ ਖੇਤੀ ਹੀ ਨਹੀਂ, ਸਗੋਂ ਪਿੰਡਾਂ ਦੀ ਅਰਥਵਿਵਸਥਾ ਅਤੇ ਰੋਜ਼ਗਾਰ ਦਾ ਵੀ ਨਵਾਂ ਕੇਂਦਰ ਬਣ ਸਕਦੀ ਹੈ।