- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਜੋਕੇ ਸਮੇਂ ’ਚ ਜ਼ਿਆਦਾਤਰ ਕਿਸਾਨਾਂ ਦੀਆਂ ਜ਼ਮੀਨਾਂ ਕਈ ਕਾਰਨਾਂ ਕਰਕੇ ਘਟਦੀਆਂ ਜਾ ਰਹੀਆਂ ਹਨ। ਇਕੱਲੀ ਖੇਤੀਬਾੜੀ ਨਾਲ ਨਿਰਵਾਹ ਕਰਨਾ ਔਖਾ ਹੋ ਰਿਹਾ ਹੈ। ਅਜਿਹੇ ਸਮੇਂ ਕਿਸਾਨਾਂ ਨੂੰ ਅਜਿਹੇ ਸੰਯੁਕਤ ਧੰਦਿਆਂ ਦੀ ਜ਼ਰੂਰਤ ਹੈ, ਜਿਨ੍ਹਾਂ ਦਾ ਆਪਸ ਵਿਚ ਚੰਗਾ ਸੁਮੇਲ ਹੋਵੇ। ਕਿਸੇ ਦੋ ਜਾਂ ਜ਼ਿਆਦਾ ਖੇਤੀਬਾੜੀ ਕਿੱਤਿਆਂ ਦੇ ਲਾਹੇਵੰਦ ਸੁਮੇਲ ਨੂੰ ਸੰਯੁਕਤ ਪਾਲਣ ਕਿਹਾ ਜਾਂਦਾ ਹੈ, ਜਿਸ ਵਿੱਚੋਂ ਇਕ ਖੇਤੀ ਮੁੱਖ ਹੁੰਦੀ ਹੈ।

ਅਜੋਕੇ ਸਮੇਂ ’ਚ ਜ਼ਿਆਦਾਤਰ ਕਿਸਾਨਾਂ ਦੀਆਂ ਜ਼ਮੀਨਾਂ ਕਈ ਕਾਰਨਾਂ ਕਰਕੇ ਘਟਦੀਆਂ ਜਾ ਰਹੀਆਂ ਹਨ। ਇਕੱਲੀ ਖੇਤੀਬਾੜੀ ਨਾਲ ਨਿਰਵਾਹ ਕਰਨਾ ਔਖਾ ਹੋ ਰਿਹਾ ਹੈ। ਅਜਿਹੇ ਸਮੇਂ ਕਿਸਾਨਾਂ ਨੂੰ ਅਜਿਹੇ ਸੰਯੁਕਤ ਧੰਦਿਆਂ ਦੀ ਜ਼ਰੂਰਤ ਹੈ, ਜਿਨ੍ਹਾਂ ਦਾ ਆਪਸ ਵਿਚ ਚੰਗਾ ਸੁਮੇਲ ਹੋਵੇ। ਕਿਸੇ ਦੋ ਜਾਂ ਜ਼ਿਆਦਾ ਖੇਤੀਬਾੜੀ ਕਿੱਤਿਆਂ ਦੇ ਲਾਹੇਵੰਦ ਸੁਮੇਲ ਨੂੰ ਸੰਯੁਕਤ ਪਾਲਣ ਕਿਹਾ ਜਾਂਦਾ ਹੈ, ਜਿਸ ਵਿੱਚੋਂ ਇਕ ਖੇਤੀ ਮੁੱਖ ਹੁੰਦੀ ਹੈ। ਖੇਤੀਬਾੜੀ ਨਾਲ ਜੁੜੇ ਸਹਾਇਕ ਧੰਦਿਆਂ ਵਿੱਚੋਂ ਮੱਛੀ ਪਾਲਣ ਅਜਿਹਾ ਧੰਦਾ ਹੈ, ਜਿਸ ਨੂੰ ਖੇਤੀਯੋਗ ਜ਼ਮੀਨ ਉੱਤੇ ਵਾਧੂ ਭਾਰ ਪਾਏ ਬਿਨਾਂ ਅਪਣਾਇਆ ਜਾ ਸਕਦਾ ਹੈ। ਮੱਛੀ ਪਾਲਣ ਨੂੰ ਖੇਤੀਬਾੜੀ ਜਾਂ ਪਸ਼ੂ-ਪਾਲਣ ਨਾਲ ਜੋੜ ਕੇ ਸਰੋਤਾਂ ਦੀ ਸੁਚੱਜੀ ਵਰਤੋਂ, ਫ਼ਸਲੀ ਵਿਭਿੰਨਤਾ ਦੇ ਨਾਲ-ਨਾਲ ਵਾਧੂ ਭੋਜਨ ਤੇ ਆਮਦਨ ਦੇ ਸਾਧਨ ਵਧਾਏ ਜਾ ਸਕਦੇ ਹਨ। ਜਿਸ ਨਾਲ ਪ੍ਰਤੀ ਇਕਾਈ ਜ਼ਿਆਦਾ ਉਤਪਾਦਨ ਵਧਣ ਦੇ ਨਾਲ-ਨਾਲ ਉਤਪਾਦਨ ਖ਼ਰਚਾ ਵੀ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ ਅਤੇ ਕਿਸਾਨ ਨੂੰ ਆਰਥਿਕ ਤੰਗੀ ਦਾ ਸਾਹਮਣਾ ਵੀ ਨਹੀਂ ਕਰਨਾ ਪੈਂਦਾ। ਅਜਿਹੇ ਸੁਮੇਲ ਵਿਚ ਇਕ ਕਿੱਤੇ ਦੀ ਰਹਿੰਦ-ਖੂਹਦ ਨੂੰ ਦੂਸਰੇ ਕਿੱਤੇ ਵਿਚ ਖਾਦ ਜਾਂ ਖ਼ੁਰਾਕ ਵਜੋਂ ਵਰਤਿਆ ਜਾਂਦਾ ਹੈ। ਮੱਛੀ ਪਾਲਣ ਦਾ ਕਿਸੇ ਇਕ ਜਾਂ ਜ਼ਿਆਦਾ ਕਿੱਤਿਆਂ ਨਾਲ ਲਾਹੇਵੰਦ ਸੁਮੇਲ ਨੂੰ ‘ਸੰਯੁਕਤ ਮੱਛੀ ਪਾਲਣ’ ਕਹਿੰਦੇ ਹਨ। ਸੰਯੁਕਤ ਮੱਛੀ ਪਾਲਣ ਦਾ ਮੁੱਖ ਸਿਧਾਂਤ ਕਿਸੇ ਖੇਤਰ ਤੇ ਤਲਾਬ ਦੇ ਵਿਅਰਥ ਪਦਾਰਥਾਂ ਨੂੰ ਪੂਰੀ ਤਰ੍ਹਾਂ ਵਰਤੋਂ ਵਿਚ ਲਿਆ ਕੇ ਉਤਪਾਦਕਤਾ ਨੂੰ ਵਧਾਉਣਾ ਹੈ।
ਪਾਲਣਯੋਗ ਮੱਛੀਆਂ
ਪੰਜਾਬ ਵਿਚ ਮੁੱਖ ਤੌਰ ’ਤੇ ਕਾਰਪ ਮੱਛੀਆਂ ਪਾਲੀਆਂ ਜਾਂਦੀਆਂ ਹਨ, ਜਿਸ ਵਿਚ ਭਾਰਤੀ ਮੇਜਰ ਕਾਰਪ (ਕਤਲਾ, ਰੋਹੂ, ਮੁਰਾਖ) ਅਤੇ ਵਿਦੇਸ਼ੀ ਕਾਰਪ (ਕਾਮਨ ਕਾਰਪ, ਗਰਾਸ ਕਾਰਪ ਅਤੇ ਸਿਲਵਰ ਕਾਰਪ) ਮੱਛੀਆਂ ਪ੍ਰਮੁੱਖ ਹਨ। ਤਲਾਬ ’ਚ ਇਨ੍ਹਾਂ ਪਾਲਣਯੋਗ ਕਾਰਪ ਮੱਛੀਆਂ ਦਾ ਉਂਗਲਕਾਰੀ ਬੱਚ 10,000 ਪ੍ਰਤੀ ਹੈਕਟੇਅਰ 3:4:3 ਦੇ ਅਨੁਪਾਤ ਨਾਲ ਸੰਚਿਤ ਕਰਨਾ ਚਾਹੀਦਾ ਹੈ।
ਮੱਛੀ ਤਲਾਬ ਲਈ ਜਗ੍ਹਾ ਦੀ ਚੋਣ
ਜਿਸ ਜ਼ਮੀਨ ’ਤੇ ਖੇਤੀਬਾੜੀ ਹੁੰਦੀ ਹੋਵੇ ਜਾਂ ਪੈਦਾਵਾਰ ਬਹੁਤ ਘੱਟ ਹੁੰਦੀ ਹੋਵੇ, ਨੂੰ ਮੱਛੀ ਤਲਾਬ ਬਣਾਉਣ ਲਈ ਵਰਤਣਾ ਚਾਹੀਦਾ ਹੈ। ਉਸ ਜਗ੍ਹਾ ਦੀ ਮਿੱਟੀ ਪਾਣੀ ਨੂੰ ਸਾਂਭ ਕੇ ਰੱਖਣ ਵਾਲੀ ਹੋਵੇ, ਜਿਸ ਵਿਚ 20-30 ਫ਼ੀਸਦੀ ਚੀਕਣੀ ਮਿੱਟੀ ਹੋਣੀ ਚਾਹੀਦੀ ਹੈ। ਮੱਛੀ ਤਲਾਬ ਲਈ ਭਰੋਸੇਯੋਗ ਪਾਣੀ ਦੇ ਸੋਮੇ ਟਿਊਬਵੈੱਲ ਜਾਂ ਨਹਿਰ ਦੇ ਪਾਣੀ ਦਾ ਹੋਣਾ ਬਹੁਤ ਜ਼ਰੂਰੀ ਹੈ। ਵਪਾਰਕ ਪੱਧਰ ’ਤੇ ਮੱਛੀਆਂ ਪਾਲਣ ਲਈ ਤਲਾਬ ਦਾ ਰਕਬਾ ਘੱਟੋ-ਘੱਟ ਇਕ ਏਕੜ ਹੋਣਾ ਚਾਹੀਦਾ ਹੈ।
ਸੰਯੁਕਤ ਮੱਛੀ ਪਾਲਣ ਪ੍ਰਣਾਲੀ
ਮੱਛੀ ਪਾਲਣ ਇੱਕੋ ਇਕ ਅਜਿਹਾ ਧੰਦਾ ਹੈ, ਜਿਸ ਨੂੰ ਬੜੀ ਆਸਾਨੀ ਨਾਲ ਹੋਰਨਾਂ ਪਸ਼ੂ-ਪਾਲਣ ਧੰਦਿਆਂ ਨਾਲ ਜੋੜਿਆ ਜਾ ਸਕਦਾ ਹੈ। ਸੰਯੁਕਤ ਮੱਛੀ ਤੇ ਪਸ਼ੂ-ਪਾਲਣ ਦਾ ਸੁਮੇਲ ਲਾਭਦਾਇਕ ਸੁਮੇਲ ਹੈ। ਤਲਾਬ ਵਿਚ ਇਨ੍ਹਾਂ ਪਾਲਣਯੋਗ ਕਾਰਪ ਮੱਛੀਆਂ ਦਾ ਸੁਮੇਲ ਪਸ਼ੂ (ਮੱਝ/ ਗਾਂ), ਸੂਰ, ਮੁਰਗੀ, ਬੱਤਖ ਆਦਿ ਨਾਲ ਕੀਤਾ ਜਾ ਸਕਦਾ ਹੈ, ਜਿਨ੍ਹਾਂ ਦਾ ਸ਼ੈੱਡ ਤਲਾਬ ਦੇ ਨਜ਼ਦੀਕ ਜਾਂ ਉੱਪਰ ਬਣਾਉਣਾ ਚਾਹੀਦਾ ਹੈ। ਇਸ ਤਰ੍ਹਾਂ ਪਸ਼ੂਆਂ ਦੀ ਰਹਿੰਦ-ਖੂੰਹਦ ਨੂੰ ਮੱਛੀ ਪਾਲਣ ਤਲਾਬ ਵਿਚ ਖਾਦ ਅਤੇ ਖ਼ੁਰਾਕ ਵਜੋਂ ਵਰਤਿਆ ਜਾ ਸਕਦਾ ਹੈ, ਜਿਸ ਨਾਲ ਵਾਤਾਵਰਣ ਵੀ ਸਾਫ਼ ਰਹਿੰਦਾ ਹੈ।
ਸੰਯੁਕਤ ਮੱਛੀ ਤੇ ਬੱਤਖ ਪਾਲਣ
ਬੱਤਖ ਘਰ ਤਲਾਬ ਦੇ ਕਿਨਾਰੇ ਬਣਾਉਣਾ ਚਾਹੀਦਾ ਹੈ ਤਾਂ ਜੋ ਬੱਤਖਾਂ ਦੀਆਂ ਵਿੱਠਾਂ ਤੇ ਫੀਡ ਸਿੱਧੀ ਪਾਣੀ ਵਿੱਚ ਡਿੱਗ ਸਕੇ। ਬੱਤਖ ਘਰ ਬਾਂਸ ਜਾਂ ਸਸਤੇ ਸਾਮਾਨ ਨਾਲ ਬਣਾਇਆ ਜਾ ਸਕਦਾ ਹੈ ਤੇ ਇਸ ਦਾ ਆਕਾਰ ਬੱਤਖਾਂ ਦੀ ਗਿਣਤੀ ’ਤੇ ਨਿਰਭਰ ਕਰਦਾ ਹੈ। ਸੰਯੁਕਤ ਮੱਛੀ ਤੇ ਬੱਤਖ ਪਾਲਣ ਲਈ ਖਾਖੀ ਕੈਂਪਬੈਲ (ਆਂਡੇ ਦੇਣ ਵਾਲੀਆਂ) ਕਿਸਮ ਨੂੰ ਤਰਜੀਹ ਦਿੱਤੀ ਜਾਂਦੀ ਹੈ। ਖਾਖੀ ਕੈਂਪਬੈਲ ਤੇ ਇੰਡੀਅਨ ਰਨਰ ਬੱਤਖਾਂ ਦੀਆਂ ਪ੍ਰਮੁੱਖ ਨਸਲਾਂ ਹਨ। ਇਕ ਹੈਕਟੇਅਰ ਮੱਛੀ ਪਾਲਣ ਤਲਾਬ ਲਈ ਬੱਤਖਾਂ ਦੀ ਗਿਣਤੀ ਲਗਪਗ 200-300 ਹੁੰਦੀ ਹੈ। ਬੱਤਖਾਂ ਦੀ ਖ਼ੁਰਾਕ 50% ਚੌਲਾਂ ਦੀ ਫੱਕ, 10% ਮੱਛੀ ਦਾ ਚੂਰਾ, 3% ਚੂਨਾ, 2% ਖਣਿਜ ਆਦਿ ਨੂੰ ਮਿਲਾ ਕੇ ਬਣਾਈ ਜਾਂਦੀ ਹੈ। ਇਸ ਤੋਂ ਇਲਾਵਾ ਵਿਟਾਮਿਨ ਤੇ ਕੈਲਸ਼ੀਅਮ ਲੋੜ ਅਨੁਸਾਰ ਅਤੇ ਅਜੋਲਾ (ਜਲਬੂਟੀ) ਕਦੇ ਵੀ ਸਿੱਧੇ ਤੌਰ ’ਤੇ ਦਿੱਤੀ ਜਾ ਸਕਦੀ ਹੈ। ਬੱਤਖਾਂ ਲਈ ਡਰਿੰਕਰ ਅਤੇ ਫੀਡਰ ਵੀ ਚੰਗੀ ਸੰਖਿਆ ਵਿਚ ਹੋਣੇ ਜ਼ਰੂਰੀ ਹਨ। ਸੰਯੁਕਤ ਮੱਛੀ ਤੇ ਬੱਤਖ ਪਾਲਣ ਵਿਚ ਮੱਛੀਆਂ ਨੂੰ ਓਪਰੀ ਖ਼ੁਰਾਕ ਦੇਣ ਦੀ ਜ਼ਰੂਰਤ ਨਹੀ ਪੈਂਦੀ, ਜਦੋਂਕਿ ਬੱਤਖਾਂ ਦੀ ਖ਼ੁਰਾਕੀ ਰਹਿੰਦ-ਖੂੰਹਦ ਮੱਛੀ ਤਲਾਬ ਵਿਚ ਖ਼ੁਰਾਕ ਵਜੋਂ ਵਰਤੀ ਜਾਣ ਦੇ ਨਾਲ-ਨਾਲ ਬੱਤਖਾਂ ਦੀਆਂ ਵਿੱਠਾਂ ਤੋਂ ਤਲਾਬ ਵਿਚ ਪਲੈਂਕਟਨ (ਕੁਦਰਤੀ ਖ਼ੁਰਾਕ) ਵੀ ਨਿਰੰਤਰ ਬਣਦੀ ਰਹਿੰਦੀ ਹੈ। ਸੰਯੁਕਤ ਮੱਛੀ ਤੇ ਬੱਤਖ ਪਾਲਣ ਵਿਚ ਮੱਛੀਆਂ ਹਮੇਸ਼ਾ ਵੱਡੇ ਸਾਈਜ਼ (50-100 ਗ੍ਰਾਮ/ 3 ਇੰਚ ਤੋਂ ਵੱਡੀ) ’ਚ ਹੀ ਸੰਚਿਤ ਕਰਨਾ ਚਾਹੀਦਾ ਹੈ ਤਾਂ ਜੋ ਬੱਤਖ ਦੀ ਪਕੜ ਵਿਚ ਨਾ ਆ ਸਕਣ ਤੇ ਬੱਤਖ ਉਸ ਨੂੰ ਖਾ ਵੀ ਨਾ ਸਕੇ। ਬੱਤਖਾਂ ਦਾ ਸ਼ੈੱਡ ਤਲਾਬ ਦੇ ਕੰਢੇ ’ਤੇ ਬਣਾਉਣਾ ਚਾਹੀਦਾ ਹੈ ਤਾਂ ਜੋ ਬੱਤਖਾਂ ਦਿਨ ਸਮੇਂ ਤਲਾਬ ਵਿਚ ਤੈਰਦੀਆਂ ਹੋਈਆਂ ਇਕ ਤਾਂ ਪਾਣੀ ਵਿਚ ਘੁਲੀ ਹੋਈ ਆਕਸੀਜਨ ਦਾ ਵਾਧਾ ਕਰਦੀਆਂ ਹਨ ਤੇ ਦੂਸਰਾ ਪਾਣੀ ਵਿਚਲੇ ਕੀੜਿਆਂ ਨੂੰ ਵੀ ਖ਼ਤਮ ਕਰਦੀਆਂ ਹਨ। ਇਸ ਤਰ੍ਹਾਂ ਦੇ ਸੰਯੁਕਤ ਪਾਲਣ ਵਿਚ ਬੱਤਖਾਂ ਨੂੰ ਨੇੜਲੇ ਖੇਤਾਂ ਵਿਚ ਜਾਣ ਤੋਂ ਰੋਕਣ ਲਈ ਜਾਲੀਨੁਮਾ ਵਾੜ ਵੀ ਲਗਾ ਦੇਣੀ ਚਾਹੀਦੀ ਹੈ।
ਪੈਦਾਵਰ ਤੇ ਮੁਨਾਫ਼ਾ
- 3-4 ਟਨ ਮੱਛੀ ਦੀ ਪੈਦਾਵਾਰ।
- 18,000-20,000 ਬੱਤਖ ਦੇ ਆਂਡੇ।
- 450-600 ਕਿਲੋਗ੍ਰਾਮ ਬੱਤਖ ਦਾ ਮੀਟ।
- ਕੁੱਲ ਮੁਨਾਫਾ ਲਗਪਗ 1.25 ਲੱਖ ਰੁਪਏ ਪ੍ਰਤੀ ਹੈਕਟੇਅਰ।
ਲਾਭ
ਇਸ ਕਿੱਤੇ ਨਾਲ ਮੱਛੀ ਤੇ ਬੱਤਖ ਦੋਵਾਂ ਨੂੰ ਫ਼ਾਇਦਾ ਹੁੰਦਾ ਹੈ।
- ਵਧੀਆ ਤੇ ਪੌਸ਼ਟਿਕ ਭੋਜਨ।
- ਵਾਤਾਵਰਣ ਦੀ ਸਫ਼ਾਈ।
- ਜਗ੍ਹਾ ਦੀ ਸੁਚੱਜੀ ਵਰਤੋਂ।
- ਵਧੇਰੇ ਮੁਨਾਫ਼ਾ।
- ਪ੍ਰਤੀ ਰਕਬਾ ਵੱਧ ਉਤਪਾਦਨ।
- ਖੁਸ਼ਵੀਰ ਸਿੰਘ ਤੇ ਵਨੀਤ ਇੰਦਰ ਕੌਰ
ਫਿਸ਼ਰੀਜ਼ ਕਾਲਜ, ਲੁਧਿਆਣਾ
94636-05072