- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਲਾਂਟ ਬ੍ਰੀਡਿੰਗ ਐਂਡ ਜੈਨੇਟਿਕਸ ਵਿਭਾਗ ਦੇ ਪ੍ਰਿੰਸੀਪਲ ਵ੍ਹੀਟ ਬ੍ਰੀਡਰ ਡਾ. ਗੁਰਵਿੰਦਰ ਸਿੰਘ ਮਾਵੀ ਨੇ ਦੱਸਿਆ ਕਿ ਪੀਬੀਡਬਲਯੂ-887 ਦਾ ਵੱਖ-ਵੱਖ ਖੇਤੀ ਹਾਲਾਤਾਂ ਵਿੱਚ ਪ੍ਰੀਖਣ ਕੀਤਾ ਗਿਆ ਹੈ, ਜਿਸ ਦੌਰਾਨ ਇਸ ਦਾ ਪ੍ਰਦਰਸ਼ਨ ਵਧੀਆ ਰਿਹਾ। ਰਾਸ਼ਟਰੀ ਪੱਧਰ ਦੀਆਂ ਪਰਖਾਂ ਵਿੱਚ ਵੀ ਇਸ ਕਿਸਮ ਨੇ ਬਿਹਤਰ ਨਤੀਜੇ ਦਿੱਤੇ ਹਨ।

ਆਸ਼ਾ ਮਹਿਤਾ, ਪੰਜਾਬੀ ਜਾਗਰਣ, ਲੁਧਿਆਣਾ : ਬਦਲਦੇ ਮੌਸਮ ਅਤੇ ਲਗਾਤਾਰ ਵਧਦੇ ਤਾਪਮਾਨ ਕਾਰਨ ਕਣਕ ਦੀ ਫ਼ਸਲ ਨੂੰ ਲੈ ਕੇ ਕਿਸਾਨਾਂ ਦੀ ਚਿੰਤਾ ਵਧ ਰਹੀ ਹੈ। ਇਸ ਦਰਮਿਆਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ), ਲੁਧਿਆਣਾ ਦੇ ਪਲਾਂਟ ਬ੍ਰੀਡਿੰਗ ਐਂਡ ਜੈਨੇਟਿਕਸ ਵਿਭਾਗ ਨੇ ਕਣਕ ਦੀ ਨਵੀਂ ਕਿਸਮ ਪੀਬੀਡਬਲਯੂ-887 ਤਿਆਰ ਕੀਤੀ ਹੈ। ਵਿਗਿਆਨੀਆਂ ਵੱਲੋਂ ਅੱਠ ਸਾਲ ਦੀ ਖੋਜ ਤੋਂ ਬਾਅਦ ਵਿਕਸਤ ਕੀਤੀ ਗਈ ਇਹ ਕਿਸਮ ਗਰਮ ਤਾਪਮਾਨ ਨੂੰ ਸਹਿਣ ਦੇ ਨਾਲ-ਨਾਲ ਵਧੀਆ ਝਾੜ ਦੇਣ ਦੀ ਸਮਰੱਥਾ ਰੱਖਦੀ ਹੈ। ਇਸ ਵਿੱਚ ਫ਼ਸਲ ਦੇ ਡਿੱਗਣ ਦਾ ਖ਼ਤਰਾ ਵੀ ਘੱਟ ਹੈ ਅਤੇ ਕਣਕ ਨੂੰ ਲੱਗਣ ਵਾਲੇ ਪ੍ਰਮੁੱਖ ਰੋਗਾਂ ਪ੍ਰਤੀ ਦਰਮਿਆਨੀ ਪ੍ਰਤੀਰੋਧਕ ਸਮਰੱਥਾ ਵੀ ਹੈ।
ਪਲਾਂਟ ਬ੍ਰੀਡਿੰਗ ਐਂਡ ਜੈਨੇਟਿਕਸ ਵਿਭਾਗ ਦੇ ਪ੍ਰਿੰਸੀਪਲ ਵ੍ਹੀਟ ਬ੍ਰੀਡਰ ਡਾ. ਗੁਰਵਿੰਦਰ ਸਿੰਘ ਮਾਵੀ ਨੇ ਦੱਸਿਆ ਕਿ ਪੀਬੀਡਬਲਯੂ-887 ਦਾ ਵੱਖ-ਵੱਖ ਖੇਤੀ ਹਾਲਾਤਾਂ ਵਿੱਚ ਪ੍ਰੀਖਣ ਕੀਤਾ ਗਿਆ ਹੈ, ਜਿਸ ਦੌਰਾਨ ਇਸ ਦਾ ਪ੍ਰਦਰਸ਼ਨ ਵਧੀਆ ਰਿਹਾ। ਰਾਸ਼ਟਰੀ ਪੱਧਰ ਦੀਆਂ ਪਰਖਾਂ ਵਿੱਚ ਵੀ ਇਸ ਕਿਸਮ ਨੇ ਬਿਹਤਰ ਨਤੀਜੇ ਦਿੱਤੇ ਹਨ।
ਪੰਜਾਬ ਵਿੱਚ ਲਗਪਗ 35 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਖੇਤੀ ਹੁੰਦੀ ਹੈ। ਅਜਿਹੇ ਵਿੱਚ ਇਸ ਨਵੀਂ ਕਿਸਮ ਤੋਂ ਕਿਸਾਨਾਂ ਨੂੰ ਵਧੀਆ ਝਾੜ ਮਿਲਣ ਦੀ ਉਮੀਦ ਹੈ। ਡਾ. ਮਾਵੀ ਮੁਤਾਬਕ ਪੀਬੀਡਬਲਯੂ-887 ਦਾ ਔਸਤ ਝਾੜ 24.6 ਕੁਇੰਟਲ ਪ੍ਰਤੀ ਏਕੜ ਦਰਜ ਕੀਤਾ ਗਿਆ ਹੈ। ਇਹ ਪੀਬੀਡਬਲਯੂ-872 ਨਾਲੋਂ 1.4 ਫੀਸਦੀ, ਪੀਬੀਡਬਲਯੂ-826 ਨਾਲੋਂ 3.8 ਫੀਸਦੀ ਅਤੇ ਡੀਬੀਡਬਲਯੂ-222 ਨਾਲੋਂ 12.5 ਫੀਸਦੀ ਵੱਧ ਹੈ।
ਇਸ ਕਿਸਮ ਦੇ ਦਾਣੇ ਆਕਾਰ ਵਿੱਚ ਵੱਡੇ, ਮੋਟੇ ਅਤੇ ਚਮਕਦਾਰ ਹਨ। ਇਸ ਦੇ ਇਕ ਹਜ਼ਾਰ ਦਾਣਿਆਂ ਦਾ ਭਾਰ ਕਰੀਬ 45 ਗ੍ਰਾਮ ਹੈ, ਜਦਕਿ ਕਈ ਹੋਰ ਪ੍ਰਚਲਿਤ ਕਿਸਮਾਂ ਵਿੱਚ ਇਹ ਭਾਰ 40 ਤੋਂ 42 ਗ੍ਰਾਮ ਦੇ ਵਿਚਕਾਰ ਰਹਿੰਦਾ ਹੈ। ਦਾਣਿਆਂ ਦੀ ਬਿਹਤਰ ਬਣਤਰ ਅਤੇ ਚਮਕ ਕਾਰਨ ਇਸ ਕਿਸਮ ਦੀ ਕਣਕ ਨੂੰ ਮੰਡੀ ਵਿੱਚ ਵੀ ਚੰਗਾ ਹੁੰਗਾਰਾ ਮਿਲਣ ਦੀ ਉਮੀਦ ਹੈ।
25 ਅਕਤੂਬਰ ਤੋਂ 15 ਨਵੰਬਰ ਤੱਕ ਕੀਤੀ ਜਾ ਸਕਦੀ ਹੈ ਬਿਜਾਈ
ਕਿਸਾਨ ਇਸ ਕਿਸਮ ਦੀ ਬਿਜਾਈ 25 ਅਕਤੂਬਰ ਤੋਂ 15 ਨਵੰਬਰ ਤੱਕ ਕਰ ਸਕਦੇ ਹਨ। ਇਹ ਦਰਮਿਆਨੀ ਮਿਆਦ ਵਿੱਚ ਪੱਕਣ ਵਾਲੀ ਕਿਸਮ ਹੈ। ਫ਼ਸਲ ਕਰੀਬ 105 ਦਿਨਾਂ ਵਿੱਚ ਬੱਲੀਆਂ ਨਿਕਲਣ ਦੀ ਅਵਸਥਾ ਵਿੱਚ ਪਹੁੰਚ ਜਾਂਦੀ ਹੈ ਅਤੇ ਲਗਪਗ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ।
ਪੀਬੀਡਬਲਯੂ-887 ਪੋਸ਼ਣ ਗੁਣਵੱਤਾ ਦੇ ਲਿਹਾਜ਼ ਨਾਲ ਵੀ ਬਿਹਤਰ ਦੱਸੀ ਜਾ ਰਹੀ ਹੈ। ਇਸ ਵਿੱਚ ਜ਼ਿੰਕ ਅਤੇ ਆਇਰਨ ਦੀ ਮਾਤਰਾ 40 ਪਾਰਟਸ ਪ੍ਰਤੀ ਮਿਲੀਅਨ (ਪੀਪੀਐੱਮ) ਅਤੇ ਪ੍ਰੋਟੀਨ ਦੀ ਮਾਤਰਾ ਕਰੀਬ 12 ਫੀਸਦੀ ਹੈ। ਡਾ. ਮਾਵੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਮਾਰਚ ਮਹੀਨੇ ਵਿੱਚ ਤਾਪਮਾਨ ਅਚਾਨਕ ਵਧਣ ਅਤੇ ਅਕਤੂਬਰ ਵਿੱਚ ਵੀ ਗਰਮੀ ਦੇ ਵੱਧ ਅਸਰ ਨੂੰ ਦੇਖਦਿਆਂ ਇਹ ਕਿਸਮ ਕਿਸਾਨਾਂ ਲਈ ਲਾਭਦਾਇਕ ਸਾਬਿਤ ਹੋ ਸਕਦੀ ਹੈ।
ਪੀਬੀਡਬਲਯੂ-887 ਦਾ ਬੀਜ ਸਤੰਬਰ ਵਿੱਚ ਲੱਗਣ ਵਾਲੇ ਪੀਏਯੂ ਅਤੇ ਪੰਜਾਬ ਦੇ ਵੱਖ-ਵੱਖ ਕਿਸਾਨ ਮੇਲਿਆਂ ਵਿੱਚ ਉਪਲਬਧ ਕਰਵਾਇਆ ਜਾਵੇਗਾ। ਕਿਸਾਨਾਂ ਲਈ ਬੀਜ 20 ਅਤੇ 40 ਕਿੱਲੋ ਦੀ ਪੈਕਿੰਗ ਵਿੱਚ ਮਿਲੇਗਾ। 20 ਕਿੱਲੋ ਦੀ ਪੈਕਿੰਗ ਦੀ ਕੀਮਤ 1,250 ਰੁਪਏ, ਜਦਕਿ 40 ਕਿੱਲੋ ਦੀ ਪੈਕਿੰਗ 2,500 ਰੁਪਏ ਰੱਖੀ ਗਈ ਹੈ।