- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਸਾਤ ’ਚ ਸਿਹਤਮੰਦ ਰਹਿਣਾ ਜ਼ਰੂਰੀ

ਨਰਿੰਦਰ ਮਾਹੀ, ਬੰਗਾ : ਬਰਸਾਤ ਦੇ ਮੌਸਮ ਵਿਚ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਸ ਮੌਸਮ ’ਚ ਪਾਚਨ ਦੇ ਨਾਲ-ਨਾਲ ਚਮੜੀ ਦੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਇਸ ਲਈ, ਇਨ੍ਹਾਂ ਦੇ ਕਾਰਨਾਂ ਨੂੰ ਸਮਝਣਾ ਤੇ ਰੋਕਥਾਮ ਲਈ ਪਹਿਲਾਂ ਤੋਂ ਉਪਰਾਲੇ ਕਰਨਾ ਮਹੱਤਵਪੂਰਨ ਹੈ। ਇਹ ਜਾਣਨ ਲਈ ਕਿ ਮਾਨਸੂਨ ਦੌਰਾਨ ਸਿਹਤਮੰਦ ਰਹਿਣ ਲਈ ਸਾਨੂੰ ਆਪਣੀ ਰੁਟੀਨ ਵਿਚ ਕੀ ਬਦਲਾਅ ਕਰਨੇ ਚਾਹੀਦੇ ਹਨ। ਪੇਸ਼ ਹੈ ਇਸ ਸਬੰਧੀ ਵੱਖ-ਵੱਖ ਮਾਹਰ ਡਾਕਟਰਾਂ ਦੇ ਵਿਚਾਰ।
--ਸਿਹਤਮੰਦ ਜੀਵਨ ਲਈ ਪੌਸ਼ਟਿਕ ਖੁਰਾਕ ਲਾਜ਼ਮੀ : ਡਾ. ਪ੍ਰੀਤਪਾਲ
ਡਾ. ਪ੍ਰਿਤਪਾਲ ਸਿੰਘ ਚੀਫ ਸਰਜਨ ਜੇਪੀ ਹੈਲਥ ਕੇਅਰ ਬੰਗਾ ਨੇ ਦੱਸਿਆ ਕਿ ਸਿਹਤਮੰਦ ਅਤੇ ਪੌਸ਼ਟਿਕ ਖੁਰਾਕ ਖਾਓ। ਇਸ ਮੌਸਮ ਵਿਚ ਸਟ੍ਰੀਟ ਫੂਡ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨਾ ਬਿਹਤਰ ਹੋਵੇਗਾ। ਪ੍ਰੋਟੀਨ ਅਤੇ ਵਿਟਾਮਿਨਾਂ ਨਾਲ ਭਰਪੂਰ ਘਰੇਲੂ ਭੋਜਨ ਖਾਣਾ ਸਭ ਤੋਂ ਵਧੀਆ ਹੈ। ਪਹਿਲਾਂ ਤੋਂ ਕੱਟੇ ਹੋਏ ਫਲਾਂ ਵਿਚ ਮੌਜੂਦ ਬੈਕਟੀਰੀਆ ਦੇ ਸੰਪਰਕ ਤੋਂ ਬਚਣ ਲਈ, ਸਿਰਫ ਤਾਜ਼ੀ ਕੱਟੀਆਂ ਸਬਜ਼ੀਆਂ ਅਤੇ ਫਲਾਂ ਦਾ ਸੇਵਨ ਕਰਨ ਚਾਹੀਦਾ ਹੈ। ਇਸ ਮੌਸਮ ਦੌਰਾਨ ਘਰ ਵਿਚ ਭੋਜਨ ਤਿਆਰ ਕਰਨ ਦੀ ਕੋਸ਼ਿਸ਼ ਕਰੋ।
--ਸਾਫ ਤੇ ਚੰਗੀ ਤਰ੍ਹਾਂ ਪਕਾਇਆ ਭੋਜਨ ਕਰੋ : ਡਾ. ਬੇਦੀ
ਡਾ. ਜਸਦੀਪ ਸਿੰਘ ਬੇਦੀ ਐਮਡੀ ਜੇਪੀ ਹੈਲਥ ਕੇਅਰ ਬੰਗਾ ਨੇ ਕਿਹਾ ਕਿ ਜੇਕਰ ਤੁਸੀਂ ਮੱਛੀ ਤੇ ਮੀਟ ਦਾ ਸੇਵਨ ਕਰਦੇ ਹੋ ਤਾਂ ਇਹ ਸਾਫ਼ ਤੇ ਚੰਗੀ ਤਰ੍ਹਾਂ ਪਕਾਇਆ ਜਾਣਾ ਚਾਹੀਦਾ ਹੈ ਤਾਂ ਜੋ ਘੱਟ ਪਕਾਏ ਗਏ ਭੋਜਨ ਨਾਲ ਬੈਕਟੀਰੀਆ ਦੀ ਲਾਗ ਨਾ ਹੋਵੇ। ਬਚਿਆ ਹੋਇਆ ਭੋਜਨ ਖਾਣ ਤੋਂ ਪਰਹੇਜ਼ ਕਰੋ। ਸਾਰੇ ਪੌਸ਼ਟਿਕ ਤੱਤਾਂ ਦੀ ਲੋੜੀਂਦੀ ਮਾਤਰਾ ਪ੍ਰਾਪਤ ਕਰਨ ਲਈ ਹਮੇਸ਼ਾ ਤਾਜ਼ਾ ਤਿਆਰ ਭੋਜਨ ਖਾਓ। ਕਿਉਂਕਿ ਮੀਂਹ ਵਿਚ ਨਮੀ ਕਾਰਨ ਬੈਕਟੀਰੀਆ ਤੇਜ਼ੀ ਨਾਲ ਵਧਦੇ ਹਨ ਅਤੇ ਭੋਜਨ ਵਿਚ ਜ਼ਹਿਰੀਲੇ ਹੋਣ ਦਾ ਖ਼ਤਰਾ ਰਹਿੰਦਾ ਹੈ।
--ਤਰਲ ਪਦਾਰਥਾਂ ਦਾ ਜਿਆਦਾ ਸੇਵਨ ਕਰੋ : ਡਾ. ਦੁਆ
ਡਾ. ਚੇਤਨ ਦੁਆ ਆਪ੍ਰੇਸ਼ਨਾਂ ਦੇ ਮਾਹਰ ਦੁਆ ਹਸਪਤਾਲ ਬੰਗਾ ਨੇ ਕਿਹਾ ਕਿ ਬਰਸਾਤ ਦੇ ਮੌਸਮ ਵਿਚ ਤਰਲ ਪਦਾਰਥਾਂ ਦਾ ਸੇਵਨ ਜਿਆਦਾ ਕਰਨਾ ਚਾਹੀਦਾ ਹੈ। ਦਿਨ ਭਰ ਬਹੁਤ ਸਾਰੇ ਤਰਲ ਪਦਾਰਥਾਂ ਦਾ ਸੇਵਨ ਕਰਨਾ ਚਾਹੀਦਾ ਹੈ। ਤੁਸੀਂ ਨਾਰੀਅਲ ਪਾਣੀ, ਨਿੰਬੂ ਪਾਣੀ, ਤਾਜ਼ੇ ਫਲਾਂ ਦਾ ਰਸ, ਸਬਜ਼ੀਆਂ ਦਾ ਰਸ, ਸੂਪ, ਸ਼ਰਬਤ ਆਦਿ ਲੈ ਸਕਦੇ ਹੋ। ਸਾਦਾ ਪਾਣੀ ਉਬਾਲ ਕੇ ਹੀ ਪੀਣਾ ਚਾਹੀਦਾ ਹੈ। ਪੈਕ ਕੀਤੇ ਜੂਸ ਪੀਣ ਤੋਂ ਬਚੋ ਅਤੇ ਤਾਜ਼ੇ ਨਿਚੋੜੇ ਹੋਏ ਜੂਸ ਹੀ ਲਉ।
--ਡੇਂਗੂ ਦਾ ਲਾਰਵਾ ਸਾਫ ਪਾਣੀ ਵਿਚ ਪਨਪਦਾ : ਡਾ. ਬਖ਼ਸ਼ੀਸ਼
ਡਾ. ਬਖਸ਼ੀਸ਼ ਸਿੰਘ ਚੀਫ ਸਰਜਨ ਕਰਨ ਹਸਪਤਾਲ ਨੇੜੇ ਬੱਸ ਸਟੈਂਡ ਬੰਗਾ ਨੇ ਕਿਹਾ ਕਿ ਡੇਂਗੂ ਦਾ ਲਾਰਵਾ ਸਾਫ ਖੜ੍ਹੇ ਪਾਣੀ ਵਿਚ ਪੈਦਾ ਹੁੰਦਾ ਹੈ, ਸਾਨੂੰ ਆਪਣੇ ਘਰ ਨੂੰ ਰੋਗਾਣੂ-ਮੁਕਤ ਕਰਨਾ ਚਾਹੀਦਾ ਹੈ। ਗੰਦਾ ਪਾਣੀ ਮੱਛਰਾਂ, ਮੱਖੀਆਂ ਆਦਿ ਦਾ ਪੈਦਾਇਸ਼ੀ ਸਥਾਨ ਹੈ। ਆਪਣੇ ਘਰ ਨੂੰ ਹਰ ਰੋਜ਼ ਕੀਟਾਣੂਨਾਸ਼ਕ ਨਾਲ ਸਾਫ਼ ਕਰੋ ਅਤੇ ਗੰਦੇ ਪਾਣੀ ਦੇ ਜਮ੍ਹਾਂ ਹੋਣ ਤੋਂ ਬਚਣ ਲਈ ਫੁੱਲਾਂ ਦੇ ਬਰਤਨ, ਕੋਨਿਆਂ, ਵਾਸ਼ਰੂਮਾਂ ਨੂੰ ਸਾਫ਼ ਕਰੋ। ਇਸ ਲਈ ਆਪਣੇ ਘਰਾਂ ਵਿਚ ਪਏ ਕੂਲਰ, ਗਮਲੇ ਪੁਰਾਣੇ ਪਏ ਟਾਇਰ ਆਦਿ ਦੀ ਸਫਾਈ ਦਾ ਖਿਆਲ ਰੱਖੋ। ਇਸ ਮੌਸਮ ਵਿਚ ਉਲਟੀਆਂ, ਟੱਟੀਆਂ ਲੱਗਣ ਨਾਲ ਸਰੀਰ ਵਿਚ ਪਾਣੀ ਦੀ ਕਮੀ ਹੋ ਜਾਂਦੀ ਹੈ। ਅਜਿਹਾ ਹੋਣ ਦੀ ਸੂਰਤ ਵਿਚ ਓਆਰਐਸ ਦਾ ਘੋਲ, ਨਾਰੀਅਲ ਪਾਣੀ, ਤਾਜਾ ਫਲਾਂ ਦਾ ਜੂਸ ਲੈ ਸਕਦੇ ਹੋ।
-ਡਿੱਗਣ ਤੋਂ ਬੱਚਣਾ ਜ਼ਰੂਰੀ : ਡਾ. ਹਰਮਿੰਦਰ
ਡਾ. ਹਰਮਿੰਦਰ ਸਿੰਘ ਆਰਥੋ ਹੱਡੀਆਂ ਦੇ ਮਾਹਰ ਸ਼੍ਰੀ ਗੁਰੂਦੇਵ ਹਸਪਤਾਲ ਬੰਗਾ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਵਿਚ ਪੈਦਲ ਚੱਲਣ ਵੇਲੇ ਡਿੱਗਣ ਤੋਂ ਬਚਣ ਲਈ ਗੈਰ-ਸਲਿਪ ਜੁੱਤੀਆਂ ਦੀ ਵਰਤੋਂ ਕਰੋ। ਖਾਸ ਕਰਕੇ ਗਿੱਲੇ ਖੇਤਰਾਂ ਵਿਚ ਜਾਣ ਤੋਂ ਪਰਹੇਜ਼ ਕਰੋ। ਆਪਣੇ ਸਾਰੇ ਕੱਪੜੇ ਸਾਫ਼ ਕਰਨ ਲਈ ਚੰਗੀ ਕੁਆਲਿਟੀ ਦੇ ਕੀਟਾਣੂਨਾਸ਼ਕ ਦੀ ਵਰਤੋਂ ਕਰੋ। ਜੇ ਸੰਭਵ ਹੋਵੇ, ਤਾਂ ਤੁਹਾਡੀ ਚਮੜੀ ’ਤੇ ਬੈਕਟੀਰੀਆ ਨੂੰ ਮਾਰਨ ਲਈ ਦਿਨ ਵਿਚ ਦੋ ਵਾਰ ਨਹਾਉ। ਪੈਰਾਂ ਨੂੰ ਨਿਯਮਤ ਤੌਰ ’ਤੇ ਸਾਫ਼ ਰੱਖੋ ਖਾਸ ਤੌਰ ’ਤੇ ਨਹੁੰਆਂ ਨੂੰ ਕਿਉੰਕਿ ਇਹ ਗੰਦੇ ਮੀਂਹ ਦੇ ਪਾਣੀ ਤੋਂ ਬੈਕਟੀਰੀਆ ਅਤੇ ਫੰਗਲ ਇਨਫੈਕਸ਼ਨ ਦੇ ਜੋਖਮ ਨੂੰ ਵਧਾ ਸਕਦੇ ਹਨ।