ਯੂਰਪ 'ਚ ਮੈਟਾ 'ਤੇ ਸੰਕਟ: ਕੀ ਫੇਸਬੁੱਕ ਤੇ ਇੰਸਟਾਗ੍ਰਾਮ ਦੇ ਫੀਚਰਜ਼ ਬੱਚਿਆਂ ਨੂੰ ਬਣਾ ਰਹੇ ਨੇ ਆਦੀ? EU ਨੇ ਲਗਾਏ ਗੰਭੀਰ ਦੋਸ਼
ਅਜਿਹਾ ਲੱਗਦਾ ਹੈ ਕਿ ਮੈਟਾ ਲਈ ਕਾਫ਼ੀ ਮਾੜੇ ਦਿਨ ਚੱਲ ਰਹੇ ਹਨ। ਭਾਰਤ ਦੇ ਰੈਗੂਲੇਟਰੀ ਦਬਾਅ ਤੋਂ ਬਾਅਦ, ਹੁਣ ਯੂਰਪੀਅਨ ਕਮਿਸ਼ਨ ਨੇ ਬ੍ਰਾਂਡ 'ਤੇ ਡਿਜੀਟਲ ਸਰਵਿਸਿਜ਼ ਐਕਟ ਦੀ ਉਲੰਘਣਾ ਕਰਨ ਦਾ ਆਰੋਪ ਲਗਾਇਆ ਹੈ। ਕਮਿਸ਼ਨ ਦਾ ਕਹਿਣਾ ਹੈ ਕਿ ਇੰਸਟਾਗ੍ਰਾਮ ਅਤੇ ਫੇਸਬੁੱਕ ਨੂੰ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਜੋ ਯੂਜ਼ਰਸ, ਖ਼ਾਸ ਕਰਕੇ ਨੌਜਵਾਨਾਂ ਨੂੰ ਨਕਾਰਾਤਮਕ ਤੌਰ 'ਤੇ ਪ੍ਰਭਾਵਿਤ ਕਰਦਾ ਹੈ। ਇਹ ਸ਼ੁਰੂਆਤੀ ਸਿੱਟੇ ਲਗਭਗ ਦੋ ਸਾਲ ਪਹਿਲਾਂ ਸ਼ੁਰੂ ਕੀਤੀ ਗਈ ਇੱਕ ਜਾਂਚ ਦਾ ਹਿੱਸਾ ਹਨ, ਜਿਸ 'ਚ ਇਹ ਦੇਖਿਆ ਜਾ ਰਿਹਾ ਸੀ ਕਿ ਕੀ ਮੈਟਾ ਨੇ ਆਪਣੇ ਪਲੇਟਫਾਰਮਾਂ ਨਾਲ ਜੁੜੇ ਜੋਖਮਾਂ ਨੂੰ ਘੱਟ ਕਰਨ ਲਈ ਲੋੜੀਂਦੇ ਕਦਮ ਚੁੱਕ
Publish Date: Sun, 12 Jul 2026 08:53 AM (IST)
Updated Date: Sun, 12 Jul 2026 08:55 AM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ - ਅਜਿਹਾ ਲੱਗਦਾ ਹੈ ਕਿ ਮੈਟਾ ਲਈ ਕਾਫ਼ੀ ਮਾੜੇ ਦਿਨ ਚੱਲ ਰਹੇ ਹਨ। ਭਾਰਤ ਦੇ ਰੈਗੂਲੇਟਰੀ ਦਬਾਅ ਤੋਂ ਬਾਅਦ, ਹੁਣ ਯੂਰਪੀਅਨ ਕਮਿਸ਼ਨ ਨੇ ਬ੍ਰਾਂਡ 'ਤੇ ਡਿਜੀਟਲ ਸਰਵਿਸਿਜ਼ ਐਕਟ ਦੀ ਉਲੰਘਣਾ ਕਰਨ ਦਾ ਆਰੋਪ ਲਗਾਇਆ ਹੈ। ਕਮਿਸ਼ਨ ਦਾ ਕਹਿਣਾ ਹੈ ਕਿ ਇੰਸਟਾਗ੍ਰਾਮ ਅਤੇ ਫੇਸਬੁੱਕ ਨੂੰ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਜੋ ਯੂਜ਼ਰਸ, ਖ਼ਾਸ ਕਰਕੇ ਨੌਜਵਾਨਾਂ ਨੂੰ ਨਕਾਰਾਤਮਕ ਤੌਰ 'ਤੇ ਪ੍ਰਭਾਵਿਤ ਕਰਦਾ ਹੈ। ਇਹ ਸ਼ੁਰੂਆਤੀ ਸਿੱਟੇ ਲਗਭਗ ਦੋ ਸਾਲ ਪਹਿਲਾਂ ਸ਼ੁਰੂ ਕੀਤੀ ਗਈ ਇੱਕ ਜਾਂਚ ਦਾ ਹਿੱਸਾ ਹਨ, ਜਿਸ 'ਚ ਇਹ ਦੇਖਿਆ ਜਾ ਰਿਹਾ ਸੀ ਕਿ ਕੀ ਮੈਟਾ ਨੇ ਆਪਣੇ ਪਲੇਟਫਾਰਮਾਂ ਨਾਲ ਜੁੜੇ ਜੋਖਮਾਂ ਨੂੰ ਘੱਟ ਕਰਨ ਲਈ ਲੋੜੀਂਦੇ ਕਦਮ ਚੁੱਕੇ ਹਨ ਜਾਂ ਨਹੀਂ।
EU ਦੇ ਮੁਤਾਬਕ, ਇੰਸਟਾਗ੍ਰਾਮ ਅਤੇ ਫੇਸਬੁੱਕ ਦੇ ਕਈ ਮੁੱਖ ਫੀਚਰਜ਼, ਜਿਨ੍ਹਾਂ 'ਚ ਪਰਸਨਲਾਈਜ਼ਡ ਰਿਕਮੈਂਡੇਸ਼ਨਜ਼, ਆਟੋਪਲੇਅ ਵੀਡੀਓ ਅਤੇ ਇਨਫਿਨਿਟ ਸਕ੍ਰੋਲਿੰਗ ਸ਼ਾਮਲ ਹਨ, ਯੂਜ਼ਰਸ 'ਚ ਇਸ ਦੀ ਲਤ ਨੂੰ ਵਧਾ ਸਕਦੇ ਹਨ। ਰੈਗੂਲੇਟਰਾਂ ਨੇ ਰੀਲਾਂ ਅਤੇ ਸਟੋਰੀਜ਼ ਨੂੰ ਲੈ ਕੇ ਵੀ ਚਿੰਤਾ ਜਤਾਈ ਹੈ ਅਤੇ ਕਿਹਾ ਹੈ ਕਿ ਇਹ ਫਾਰਮੈਟ ਯੂਜ਼ਰਸ ਨੂੰ ਪਲੇਟਫਾਰਮ 'ਤੇ ਜ਼ਿਆਦਾ ਸਮਾਂ ਬਿਤਾਉਣ ਲਈ ਉਕਸਾ ਸਕਦੇ ਹਨ।
EU ਨੇ ਕਿਹਾ ਕਿ ਮੈਟਾ ਦੇ ਮੌਜੂਦਾ ਸੁਰੱਖਿਆ ਪ੍ਰਬੰਧ ਨਾਕਾਫ਼ੀ ਹਨ। ਤਰਕ ਦਿੱਤਾ ਗਿਆ ਕਿ ਸਕ੍ਰੀਨ ਟਾਈਮ ਮੈਨੇਜਮੈਂਟ ਟੂਲਸ ਨੂੰ ਆਸਾਨੀ ਨਾਲ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ, ਜਦਕਿ ਪੇਰੈਂਟਲ ਕੰਟਰੋਲ ਇੰਨੇ ਗੁੰਝਲਦਾਰ ਹਨ ਕਿ ਕਈ ਪਰਿਵਾਰਾਂ ਲਈ ਉਨ੍ਹਾਂ ਦਾ ਸਹੀ ਇਸਤੇਮਾਲ ਕਰਨਾ ਬਹੁਤ ਮੁਸ਼ਕਲ ਹੈ। ਇਸ ਕਰਕੇ, ਕਮਿਸ਼ਨ ਨੇ ਸੁਝਾਅ ਦਿੱਤਾ ਹੈ ਕਿ ਮੈਟਾ ਨੂੰ ਡਿਫਾਲਟ ਰੂਪ 'ਚ ਆਟੋਪਲੇਅ ਅਤੇ ਇਨਫਿਨਿਟ ਸਕ੍ਰੋਲਿੰਗ ਨੂੰ ਬੰਦ ਕਰ ਦੇਣਾ ਚਾਹੀਦਾ ਹੈ, ਯੂਜ਼ਰਸ ਨੂੰ ਬ੍ਰੇਕ ਲੈਣ ਲਈ ਪ੍ਰੇਰਿਤ ਕਰਨ ਵਾਲੇ ਮਜ਼ਬੂਤ ਰੀਮਾਈਂਡਰ ਪੇਸ਼ ਕਰਨੇ ਚਾਹੀਦੇ ਹਨ ਅਤੇ ਇੰਗੇਜਮੈਂਟ-ਡ੍ਰੀਵਨ ਰਿਕਮੈਂਡੇਸ਼ਨਜ਼ ਦੇ ਪ੍ਰਭਾਵ ਨੂੰ ਘੱਟ ਕਰਨਾ ਚਾਹੀਦਾ ਹੈ।
ਦੂਜੇ ਪਾਸੇ, ਮੈਟਾ ਨੇ ਰੈਗੂਲੇਟਰ ਦੇ ਇਨ੍ਹਾਂ ਸਿੱਟਿਆਂ ਨੂੰ ਖਾਰਜ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਉਹ ਸ਼ੁਰੂਆਤੀ ਨਤੀਜਿਆਂ ਨਾਲ ਸਹਿਮਤ ਨਹੀਂ ਹੈ ਅਤੇ ਉਸ ਦਾ ਮੰਨਣਾ ਹੈ ਕਿ ਇਨ੍ਹਾਂ 'ਚ ਉਨ੍ਹਾਂ ਕਦਮਾਂ ਨੂੰ ਧਿਆਨ 'ਚ ਨਹੀਂ ਰੱਖਿਆ ਗਿਆ ਜੋ ਉਸ ਨੇ ਨੌਜਵਾਨ ਯੂਜ਼ਰਸ ਨੂੰ ਸੁਰੱਖਿਅਤ ਰੱਖਣ ਲਈ ਲਾਗੂ ਕੀਤੇ ਹਨ।
ਕੰਪਨੀ ਨੇ ਆਪਣੇ 'ਟੀਨ ਅਕਾਊਂਟਸ' ਦਾ ਵੀ ਹਵਾਲਾ ਦਿੱਤਾ, ਜੋ ਆਟੋਮੈਟਿਕਲੀ ਵਾਧੂ ਸੁਰੱਖਿਆ ਪ੍ਰਬੰਧ ਲਾਗੂ ਕਰਦੇ ਹਨ, ਜਿਨ੍ਹਾਂ 'ਚ ਰਾਤ ਦੇ ਸਮੇਂ ਐਕਸੈਸ 'ਤੇ ਪਾਬੰਦੀ ਅਤੇ ਡੇਲੀ ਸਕ੍ਰੀਨ-ਟਾਈਮ ਲਿਮਿਟਸ ਸ਼ਾਮਲ ਹਨ, ਜਿਨ੍ਹਾਂ ਨੂੰ ਮਾਪੇ ਮੈਨੇਜ ਕਰ ਸਕਦੇ ਹਨ। ਮੈਟਾ ਨੇ ਕਿਹਾ ਕਿ ਜਾਂਚ ਅੱਗੇ ਵਧਣ ਦੇ ਨਾਲ ਉਹ ਯੂਰਪੀਅਨ ਰੈਗੂਲੇਟਰਾਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖੇਗੀ।
ਜੇਕਰ ਕਮਿਸ਼ਨ ਅਖ਼ੀਰ 'ਚ ਇਹ ਸਿੱਟਾ ਕੱਢਦਾ ਹੈ ਕਿ ਮੈਟਾ ਨੇ DSA ਦੀ ਉਲੰਘਣਾ ਕੀਤੀ ਹੈ, ਤਾਂ ਕੰਪਨੀ ਨੂੰ ਆਪਣੀ ਗਲੋਬਲ ਸਾਲਾਨਾ ਕਮਾਈ ਦੇ 6 ਫੀਸਦੀ ਤੱਕ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹੁਣ ਮੈਟਾ ਕੋਲ ਇਹ ਮੌਕਾ ਹੈ ਕਿ ਉਹ ਆਉਣ ਵਾਲੇ ਮਹੀਨਿਆਂ 'ਚ EU ਦੇ ਅੰਤਿਮ ਫੈਸਲੇ ਤੋਂ ਪਹਿਲਾਂ ਆਪਣਾ ਪੱਖ ਰੱਖ ਸਕੇ।
ਇਸ ਤੋਂ ਇਲਾਵਾ, ਕਮਿਸ਼ਨ ਇਸ ਗੱਲ ਦੀ ਵੀ ਜਾਂਚ ਕਰ ਰਿਹਾ ਹੈ ਕਿ ਕੀ ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਰਿਕਮੈਂਡੇਸ਼ਨ ਸਿਸਟਮ 'ਰੈਬਿਟ ਹੋਲ' ਵਰਗਾ ਅਸਰ ਪੈਦਾ ਕਰਦੇ ਹਨ, ਜੋ ਯੂਜ਼ਰਸ ਨੂੰ ਬਾਰ-ਬਾਰ ਇੱਕੋ ਜਿਹੇ ਕੰਟੈਂਟ ਵੱਲ ਧੱਕਦੇ ਹਨ। ਉੱਥੇ ਹੀ, ਇੱਕ ਹੋਰ ਜਾਂਚ ਇਸ ਗੱਲ 'ਤੇ ਕੇਂਦਰਿਤ ਹੈ ਕਿ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਨ੍ਹਾਂ ਪਲੇਟਫਾਰਮਾਂ ਦਾ ਇਸਤੇਮਾਲ ਕਰਨ ਤੋਂ ਕਿਵੇਂ ਰੋਕਿਆ ਜਾਵੇ।