CJP ਪ੍ਰਦਰਸ਼ਨ 'ਚ ਬਿਨਾਂ ਇੰਟਰਨੈੱਟ ਵਿਦਿਆਰਥੀ ਕਿਵੇਂ ਭੇਜ ਰਹੇ ਹਨ ਮੈਸੇਜ? ਇਸ ਤਕਨਾਲੋਜੀ ਨੂੰ ਲੈ ਕੇ ਹੋ ਰਹੀ ਹੈ ਖ਼ੂਬ ਚਰਚਾ
ਦਿੱਲੀ ਦੇ ਜੰਤਰ-ਮੰਤਰ 'ਤੇ ਅੱਜ-ਕੱਲ੍ਹ NEET ਪੇਪਰ ਲੀਕ ਮਾਮਲੇ ਨੂੰ ਲੈ ਕੇ CJP ਦਾ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਸੰਗਠਨ ਨੇ ਸਾਫ਼ ਸ਼ਬਦਾਂ ’ਚ ਕਿਹਾ ਹੈ ਕਿ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਤੱਕ ਅੰਦੋਲਨ ਖ਼ਤਮ ਨਹੀਂ ਹੋਵੇਗਾ। ਦੂਜੇ ਪਾਸੇ, ਸੋਨਮ ਵਾਂਗਚੁਕ ਨੇ ਪ੍ਰਦਰਸ਼ਨਕਾਰੀਆਂ ਨੂੰ ਅੰਦੋਲਨ ਪੂਰੀ ਤਰ੍ਹਾਂ ਸ਼ਾਂਤਮਈ ਰੱਖਣ ਦੀ ਅਪੀਲ ਕੀਤੀ ਹੈ।
Publish Date: Thu, 23 Jul 2026 03:00 PM (IST)
Updated Date: Thu, 23 Jul 2026 03:05 PM (IST)
ਤਕਨਾਲੋਜੀ ਡੈਸਕ, ਨਵੀਂ ਦਿੱਲੀ। ਦਿੱਲੀ ਦੇ ਜੰਤਰ-ਮੰਤਰ 'ਤੇ ਅੱਜ-ਕੱਲ੍ਹ NEET ਪੇਪਰ ਲੀਕ ਮਾਮਲੇ ਨੂੰ ਲੈ ਕੇ CJP ਦਾ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਸੰਗਠਨ ਨੇ ਸਾਫ਼ ਸ਼ਬਦਾਂ ’ਚ ਕਿਹਾ ਹੈ ਕਿ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਤੱਕ ਅੰਦੋਲਨ ਖ਼ਤਮ ਨਹੀਂ ਹੋਵੇਗਾ। ਦੂਜੇ ਪਾਸੇ, ਸੋਨਮ ਵਾਂਗਚੁਕ ਨੇ ਪ੍ਰਦਰਸ਼ਨਕਾਰੀਆਂ ਨੂੰ ਅੰਦੋਲਨ ਪੂਰੀ ਤਰ੍ਹਾਂ ਸ਼ਾਂਤਮਈ ਰੱਖਣ ਦੀ ਅਪੀਲ ਕੀਤੀ ਹੈ।
ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਸਥਿਤੀ ਫਿਲਹਾਲ ਕੰਟਰੋਲ ’ਚ ਹੈ ਅਤੇ ਇਲਾਕੇ ’ਚ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਹਾਲਾਂਕਿ ਇਸੇ ਵਿਚਾਲੇ ਇੱਕ ਸਵਾਲ ਤੇਜ਼ੀ ਨਾਲ ਚਰਚਾ ਵਿੱਚ ਹੈ ਕਿ ਜੇਕਰ ਇੰਟਰਨੈੱਟ ਬੰਦ ਹੈ ਤਾਂ ਪ੍ਰਦਰਸ਼ਨਕਾਰੀ ਇੱਕ-ਦੂਜੇ ਤੱਕ ਮੈਸੇਜ ਕਿਵੇਂ ਪਹੁੰਚਾ ਰਹੇ ਹਨ?
ਕੁਝ ਰਿਪੋਰਟਾਂ ’ਚ ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਦੇ ਲਈ Bitchat ਨਾਮ ਦੇ ਇੱਕ ਆਫ਼ਲਾਈਨ ਮੈਸੇਜਿੰਗ ਐਪ ਦੀ ਵਰਤੋਂ ਕੀਤੀ ਜਾ ਰਹੀ ਹੈ। ਹਾਲਾਂਕਿ, ਦਿੱਲੀ ਪੁਲਿਸ ਨੇ ਹਾਲੇ ਤੱਕ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ ਅਤੇ ਅਜਿਹੇ ਐਪਸ ਦੀ ਜਾਂਚ ਕੀਤੀ ਜਾ ਰਹੀ ਹੈ।
ਕਿਵੇਂ ਕੰਮ ਕਰਦਾ ਹੈ ਆਫ਼ਲਾਈਨ ਮੈਸੇਜਿੰਗ ਐਪ?
ਦਰਅਸਲ, Bitchat ਵਰਗੇ ਐਪ ਇੰਟਰਨੈੱਟ ਜਾਂ ਮੋਬਾਈਲ ਨੈੱਟਵਰਕ 'ਤੇ ਨਿਰਭਰ ਨਹੀਂ ਹੁੰਦੇ। ਇਹ ਬਲੂਟੁੱਥ ਲੋਅ ਐਨਰਜੀ (BLE) ਦੀ ਮਦਦ ਨਾਲ ਨੇੜੇ ਦੇ ਮੌਜੂਦ ਦੂਜੇ ਫ਼ੋਨਾਂ ਨਾਲ ਕਨੈਕਟ ਹੋ ਜਾਂਦੇ ਹਨ। ਅਜਿਹੇ ’ਚ ਜਦੋਂ ਕਈ ਫ਼ੋਨ ਇੱਕ-ਦੂਜੇ ਨਾਲ ਜੁੜਦੇ ਹਨ ਤਾਂ ਉਹ ਮਿਲ ਕੇ ਇੱਕ 'ਮੈਸ਼ ਨੈੱਟਵਰਕ' (Mesh Network) ਤਿਆਰ ਕਰ ਲੈਂਦੇ ਹਨ।
ਇਸ ਨੈੱਟਵਰਕ ’ਚ ਜੇਕਰ ਕੋਈ ਯੂਜ਼ਰ ਕਿਸੇ ਦੂਜੇ ਯੂਜ਼ਰ ਨੂੰ ਕਿਸੇ ਤਰ੍ਹਾਂ ਦਾ ਕੋਈ ਮੈਸੇਜ ਭੇਜਦਾ ਹੈ ਤਾਂ ਉਹ ਮੈਸੇਜ ਵਿਚਾਲੇ ਮੌਜੂਦ ਹੋਰ ਡਿਵਾਈਸਾਂ ਰਾਹੀਂ ਅੱਗੇ ਵਧਦਾ ਰਹਿੰਦਾ ਹੈ ਅਤੇ ਆਖਰਕਾਰ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਹਰ ਫ਼ੋਨ ਇੱਕ ਛੋਟੇ ਰਿਲੇਅ ਪੁਆਇੰਟ ਦੀ ਤਰ੍ਹਾਂ ਕੰਮ ਕਰਦਾ ਹੈ।
ਜਿੰਨੇ ਜ਼ਿਆਦਾ ਯੂਜ਼ਰ, ਉੱਨੀ ਜ਼ਿਆਦਾ ਪਹੁੰਚ
ਇਸ ਮੈਸ਼ ਨੈੱਟਵਰਕ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਸ ਵਿੱਚ ਜਿੰਨੇ ਜ਼ਿਆਦਾ ਲੋਕ ਕਨੈਕਟ ਹੋਣਗੇ, ਮੈਸੇਜ ਉੱਨੀ ਹੀ ਲੰਬੀ ਦੂਰੀ ਤੱਕ ਪਹੁੰਚਾਇਆ ਜਾ ਸਕਦਾ ਹੈ। ਇਹੋ ਕਾਰਨ ਹੈ ਕਿ ਇੰਟਰਨੈੱਟ ਜਾਂ ਮੋਬਾਈਲ ਨੈੱਟਵਰਕ ਬੰਦ ਹੋਣ ਦੀ ਸਥਿਤੀ ਵਿੱਚ ਵੀ ਇਹ ਐਪ ਸੀਮਤ ਦਾਇਰੇ ਵਿੱਚ ਮੈਸੇਜਿੰਗ ਸੰਭਵ ਬਣਾ ਸਕਦਾ ਹੈ।
Bitchat ਤੋਂ ਇਲਾਵਾ ਹੋਰ ਵੀ ਹਨ ਅਜਿਹੇ ਐਪ
ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ Bitchat ਤੋਂ ਇਲਾਵਾ Android ਅਤੇ iPhone ਲਈ ਕਈ ਹੋਰ ਆਫ਼ਲਾਈਨ ਮੈਸੇਜਿੰਗ ਐਪ ਵੀ ਉਪਲਬਧ ਹਨ, ਜੋ ਬਲੂਟੁੱਥ ਜਾਂ ਵਾਈ-ਫਾਈ ਡਾਇਰੈਕਟ ਰਾਹੀਂ ਬਿਨਾਂ ਇੰਟਰਨੈੱਟ ਦੇ ਸੰਚਾਰ ਦੀ ਸਹੂਲਤ ਦਿੰਦੇ ਹਨ। ਅਜਿਹੇ ਐਪਸ ਦੀ ਵਰਤੋਂ ਕੁਦਰਤੀ ਆਫ਼ਤ ਵਿੱਚ, ਨੈੱਟਵਰਕ ਫ਼ੇਲ੍ਹ ਹੋਣ 'ਤੇ ਜਾਂ ਦੂਰ-ਦੁਰਾਡੇ ਦੇ ਇਲਾਕਿਆਂ ’ਚ ਵੀ ਕੀਤੀ ਜਾ ਸਕਦੀ ਹੈ।
ਹਾਲਾਂਕਿ ਇਹ ਅਜੇ ਅਧਿਕਾਰਤ ਤੌਰ 'ਤੇ ਕਨਫ਼ਰਮ ਨਹੀਂ ਹੋਇਆ ਹੈ ਕਿ ਜੰਤਰ-ਮੰਤਰ ਦੇ ਪ੍ਰਦਰਸ਼ਨ ਵਿੱਚ Bitchat ਐਪ ਦੀ ਹੀ ਵਰਤੋਂ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦੇ ਦਾਅਵੇ ਸਾਹਮਣੇ ਆਏ ਹਨ ਅਤੇ ਪੁਲਿਸ ਇਨ੍ਹਾਂ ਦੀ ਜਾਂਚ ਕਰ ਰਹੀ ਹੈ, ਜਦਕਿ ਸੋਸ਼ਲ ਮੀਡੀਆ 'ਤੇ ਵੀ ਕੁਝ ਵੀਡੀਓਜ਼ ’ਚ ਇਨ੍ਹਾਂ ਐਪਸ ਦੀ ਵਰਤੋਂ ਕਰਨ ਲਈ ਵਿਦਿਆਰਥੀਆਂ ਨੂੰ ਕਿਹਾ ਜਾ ਰਿਹਾ ਹੈ।