- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੇਕਰ ਤੁਸੀਂ ਵੀ Redmi Note 17 5G ਖਰੀਦਣ ਬਾਰੇ ਸੋਚ ਰਹੇ ਹੋ ਤਾਂ ਪਹਿਲਾਂ ਇਸ ਦਾ ਪੂਰਾ ਰਿਵਿਊ ਜ਼ਰੂਰ ਜਾਣ ਲਓ। ਫੋਨ ਦੀਆਂ ਮੁੱਖ ਖ਼ਾਸੀਅਤਾਂ ’ਚ ਇਸ ਦੀ 8,000mAh ਦੀ ਵੱਡੀ ਬੈਟਰੀ ਤੇ 6.9 ਇੰਚ ਦੀ AMOLED ਡਿਸਪਲੇਅ ਸ਼ਾਮਲ ਹਨ। ਹਾਲਾਂਕਿ, ਇਸ ਦਾ ਕੈਮਰਾ ਤੇ ਗੇਮਿੰਗ ਪਰਫਾਰਮੈਂਸ ਔਸਤ ਹੈ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਹਾਲ ਹੀ ’ਚ ਰੈੱਡਮੀ ਨੇ ਆਪਣਾ ਨਵਾਂ Redmi Note 17 5G ਫੋਨ ਲਾਂਚ ਕੀਤਾ ਹੈ, ਜਿਸ ’ਚ ਨਾ ਸਿਰਫ਼ ਵੱਡੀ ਬੈਟਰੀ ਮਿਲ ਰਹੀ ਹੈ, ਸਗੋਂ ਵੱਡੀ AMOLED ਡਿਸਪਲੇਅ ਦੇ ਨਾਲ 5G ਕਨੈਕਟੀਵਿਟੀ ਵੀ ਦਿੱਤੀ ਗਈ ਹੈ। ਅੱਜ ਅਸੀਂ ਤੁਹਾਨੂੰ ਇਸ ਫੋਨ ਦਾ ਪੂਰਾ ਰਿਵਿਊ ਦੱਸਾਂਗੇ। ਫੋਨ ਦੀ ਵਰਤੋਂ ਕਰਨ ਤੋਂ ਬਾਅਦ ਇਸ ਦੀਆਂ ਕੁਝ ਖ਼ੂਬੀਆਂ ਸਾਫ਼ ਤੌਰ ’ਤੇ ਸਾਹਮਣੇ ਆਉਂਦੀਆਂ ਹਨ। ਉੱਥੇ ਹੀ, ਕੁਝ ਮਾਮਲਿਆਂ ’ਚ ਤੁਹਾਨੂੰ ਸਮਝੌਤਾ ਵੀ ਕਰਨਾ ਪੈ ਸਕਦਾ ਹੈ। ਖ਼ਾਸ ਤੌਰ ’ਤੇ ਬੈਟਰੀ ਤੇ ਡਿਸਪਲੇਅ ਇਸ ਫੋਨ ਦੇ ਮਜ਼ਬੂਤ ਪੱਖ ਹਨ, ਪਰ ਕੈਮਰੇ ਤੇ ਪਰਫਾਰਮੈਂਸ ਦੇ ਮਾਮਲੇ ’ਚ ਫੋਨ ਹੋਰ ਬਿਹਤਰ ਹੋ ਸਕਦਾ ਸੀ। ਆਓ, ਸਭ ਤੋਂ ਪਹਿਲਾਂ ਫੋਨ ਦੇ ਡਿਜ਼ਾਈਨ ਤੋਂ ਸ਼ੁਰੂ ਕਰਦੇ ਹਾਂ।
ਡਿਜ਼ਾਈਨ ਤੇ ਡਿਸਪਲੇਅ ਕਿਹੋ ਜਿਹੀ ਹੈ?
Redmi Note 17 5G ਦਾ ਡਿਜ਼ਾਈਨ ਕਾਫ਼ੀ ਸਾਦਾ ਤੇ ਮਿਨੀਮਲ ਲੱਗਦਾ ਹੈ। ਵੱਡੀ ਬੈਟਰੀ ਹੋਣ ਦੇ ਬਾਵਜੂਦ ਇਸ ਦੀ ਮੋਟਾਈ ਲਗਭਗ 8.3mm ਤੇ ਭਾਰ 230 ਗ੍ਰਾਮ ਹੈ। ਫੋਨ ’ਚ 8,000mAh ਦੀ ਵੱਡੀ ਬੈਟਰੀ ਦਿੱਤੀ ਗਈ ਹੈ। ਇੰਨੀ ਵੱਡੀ ਬੈਟਰੀ ਦੇ ਹਿਸਾਬ ਨਾਲ ਫੋਨ ਨੂੰ ਜ਼ਿਆਦਾ ਮੋਟਾ ਨਾ ਰੱਖਣਾ ਰੈੱਡਮੀ ਲਈ ਚੰਗੀ ਗੱਲ ਹੈ। ਹਾਲਾਂਕਿ, ਫੋਨ ਦਾ ਆਕਾਰ ਕਾਫ਼ੀ ਵੱਡਾ ਲੱਗਦਾ ਹੈ, ਇਸ ਲਈ ਛੋਟੇ ਹੱਥਾਂ ਵਾਲੇ ਯੂਜ਼ਰਜ਼ ਨੂੰ ਇਸ ਨੂੰ ਇੱਕ ਹੱਥ ਨਾਲ ਚਲਾਉਣ ’ਚ ਪਰੇਸ਼ਾਨੀ ਹੋ ਸਕਦੀ ਹੈ। ਫੋਨ ਦੀਆਂ ਸਭ ਤੋਂ ਵੱਡੀਆਂ ਖ਼ੂਬੀਆਂ ’ਚੋਂ ਇੱਕ ਇਸ ਦੀ 6.9 ਇੰਚ ਦੀ Full HD+ AMOLED ਡਿਸਪਲੇਅ ਹੈ। ਸਕ੍ਰੀਨ ਦੀ ਬ੍ਰਾਈਟਨੈੱਸ ਚੰਗੀ ਹੈ ਤੇ ਬਾਹਰ ਧੁੱਪ ’ਚ ਵੀ ਵਿਜ਼ੀਬਿਲਟੀ ਠੀਕ ਰਹਿੰਦੀ ਹੈ। ਫੋਨ ਦੇ ਬੇਜ਼ਲ ਵੀ ਜ਼ਿਆਦਾ ਮੋਟੇ ਨਹੀਂ ਹਨ, ਹਾਲਾਂਕਿ ਹੇਠਲਾ ਬੇਜ਼ਲ ਥੋੜ੍ਹਾ ਵੱਡਾ ਲੱਗਦਾ ਹੈ। YouTube ’ਤੇ HDR ਸਪੋਰਟ ਨਾ ਮਿਲਣਾ ਇਸ ਡਿਸਪਲੇਅ ਦੀ ਇੱਕ ਕਮੀ ਜਾਪਦੀ ਹੈ।
ਫੋਨ ਦੀ ਪਰਫਾਰਮੈਂਸ ਕਿਹੋ ਜਿਹੀ ਹੈ?
ਫੋਨ ’ਚ Snapdragon 4 Gen 4 ਪ੍ਰੋਸੈਸਰ ਦਿੱਤਾ ਗਿਆ ਹੈ ਤੇ ਇਹ Android 16 ’ਤੇ ਚੱਲਦਾ ਹੈ। ਰੋਜ਼ਾਨਾ ਦੀ ਵਰਤੋਂ ਜਿਵੇਂ WhatsApp, Instagram, YouTube ਤੇ ਬ੍ਰਾਊਜ਼ਿੰਗ ’ਚ ਫੋਨ ਆਸਾਨੀ ਨਾਲ ਕੰਮ ਕਰਦਾ ਹੈ। ਯੂਜ਼ਰ ਇੰਟਰਫੇਸ ’ਚ ਵੀ ਜ਼ਿਆਦਾ ਲੈਗ ਦੇਖਣ ਨੂੰ ਨਹੀਂ ਮਿਲਦਾ। ਹਾਲਾਂਕਿ, ਹੈਵੀ ਮਲਟੀਟਾਸਕਿੰਗ ਤੇ ਗੇਮਿੰਗ ਦੌਰਾਨ ਇਸ ਦੀਆਂ ਸੀਮਾਵਾਂ ਨਜ਼ਰ ਆਉਂਦੀਆਂ ਹਨ। BGMI ਨੂੰ Smooth ਤੇ Extreme ਸੈਟਿੰਗਾਂ ’ਤੇ ਖੇਡਿਆ ਜਾ ਸਕਦਾ ਹੈ, ਪਰ ਗੇਮਿੰਗ ਦੌਰਾਨ ਫ੍ਰੇਮ ਡ੍ਰੌਪ ਦੇਖਣ ਨੂੰ ਮਿਲ ਸਕਦੇ ਹਨ। AnTuTu ਸਕੋਰ ਲਗਭਗ 6.5 ਲੱਖ ਦੇ ਆਸ-ਪਾਸ ਹੈ। ਇਸ ਦੇ ਨਾਲ ਹੀ, ਜੇਕਰ ਇਸ ’ਚ UFS 2.2 ਦੀ ਬਜਾਏ ਤੇਜ਼ ਸਟੋਰੇਜ ਦਿੱਤੀ ਜਾਂਦੀ ਤਾਂ ਫੋਨ ਹੋਰ ਬਿਹਤਰ ਹੋ ਸਕਦਾ ਸੀ।
8,000mAh ਦੀ ਵੱਡੀ ਬੈਟਰੀ
ਫੋਨ ’ਚ ਦਿੱਤੀ ਗਈ 8,000mAh ਦੀ ਬੈਟਰੀ ਇਸ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ। ਆਮ ਵਰਤੋਂ ’ਚ ਫੋਨ ਦੋ ਤੋਂ ਤਿੰਨ ਦਿਨਾਂ ਤੱਕ ਦਾ ਬੈਟਰੀ ਬੈਕਅਪ ਦੇ ਸਕਦਾ ਹੈ। ਜ਼ਿਆਦਾ ਵਰਤੋਂ ਕਰਨ ਵਾਲੇ ਯੂਜ਼ਰਜ਼ ਨੂੰ ਵੀ ਲਗਭਗ ਦੋ ਦਿਨਾਂ ਦਾ ਬੈਕਅਪ ਮਿਲ ਸਕਦਾ ਹੈ। ਫੋਨ ’ਚ 45W ਫਾਸਟ ਚਾਰਜਿੰਗ ਤੇ 22.5W ਰਿਵਰਸ ਵਾਇਰਡ ਚਾਰਜਿੰਗ ਦਾ ਸਪੋਰਟ ਦਿੱਤਾ ਗਿਆ ਹੈ। ਹਾਲਾਂਕਿ, ਇੰਨੀ ਵੱਡੀ ਬੈਟਰੀ ਦੇ ਨਾਲ ਘੱਟੋ-ਘੱਟ 67W ਜਾਂ ਇਸ ਤੋਂ ਵੀ ਤੇਜ਼ ਚਾਰਜਿੰਗ ਮਿਲਦੀ ਤਾਂ ਬਿਹਤਰ ਹੁੰਦਾ, ਕਿਉਂਕਿ 45W ਚਾਰਜਿੰਗ ਨਾਲ ਬੈਟਰੀ ਨੂੰ ਪੂਰੀ ਤਰ੍ਹਾਂ ਚਾਰਜ ਹੋਣ ’ਚ ਜ਼ਿਆਦਾ ਸਮਾਂ ਲੱਗ ਸਕਦਾ ਹੈ।
Redmi Note 17 5G ਦਾ ਕੈਮਰਾ
ਫੋਨ ’ਚ 50MP ਦਾ ਪ੍ਰਾਈਮਰੀ ਕੈਮਰਾ ਤੇ 8MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਚੰਗੀ ਰੌਸ਼ਨੀ ’ਚ ਤਸਵੀਰਾਂ ਠੀਕ ਆਉਂਦੀਆਂ ਹਨ, ਪਰ ਘੱਟ ਰੌਸ਼ਨੀ ’ਚ ਡਿਟੇਲ ਤੇ ਰੰਗਾਂ ਦੀ ਕੁਆਲਿਟੀ ਕਮਜ਼ੋਰ ਪੈ ਜਾਂਦੀ ਹੈ। ਇਸ ’ਚ ਅਲਟਰਾ-ਵਾਈਡ ਕੈਮਰਾ ਤੇ ਪ੍ਰਾਈਮਰੀ ਕੈਮਰੇ ’ਚ OIS ਦੀ ਸਹੂਲਤ ਵੀ ਨਹੀਂ ਹੈ। ਇਸ ਕੀਮਤ ’ਤੇ ਜੇਕਰ OIS ਤੇ ਅਲਟਰਾ-ਵਾਈਡ ਕੈਮਰਾ ਮਿਲਦਾ ਤਾਂ ਫੋਨ ਦਾ ਕੈਮਰਾ ਸੈਟਅਪ ਹੋਰ ਮਜ਼ਬੂਤ ਹੋ ਸਕਦਾ ਸੀ। ਫਰੰਟ ਤੇ ਰੀਅਰ ਦੋਵਾਂ ਕੈਮਰਿਆਂ ’ਚ 1080p ਵੀਡੀਓ ਰਿਕਾਰਡਿੰਗ ਦਾ ਸਪੋਰਟ ਮਿਲਦਾ ਹੈ।
Redmi Note 17 5G ਦੀ ਕੀਮਤ
ਕੀਮਤ ਦੀ ਗੱਲ ਕਰੀਏ ਤਾਂ Redmi Note 17 5G ਦੇ 6GB+128GB ਮਾਡਲ ਦੀ ਕੀਮਤ ਲਗਭਗ ₹28,000 ਤੇ 8GB+128GB ਵੇਰੀਐਂਟ ਦੀ ਕੀਮਤ ਲਗਭਗ ₹31,000 ਹੈ। ਆਫ਼ਰਾਂ ਦੇ ਨਾਲ ਇਸ ਦੀ ਕੀਮਤ ਘੱਟ ਹੋ ਸਕਦੀ ਹੈ। ਦਿਲਚਸਪ ਗੱਲ ਇਹ ਹੈ ਕਿ POCO M8 Power 5G ’ਚ ਵੀ ਕਾਫ਼ੀ ਹੱਦ ਤੱਕ ਇਸੇ ਤਰ੍ਹਾਂ ਦਾ ਹਾਰਡਵੇਅਰ ਮਿਲ ਰਿਹਾ ਹੈ ਤੇ ਇਸ ਦੀ ਕੀਮਤ ਲਗਭਗ ₹3,000 ਤੱਕ ਘੱਟ ਹੋ ਸਕਦੀ ਹੈ। ਇਸ ਲਈ ਰੈੱਡਮੀ ਖਰੀਦਣ ਤੋਂ ਪਹਿਲਾਂ ਪੋਕੋ ਦੇ ਇਸ ਡਿਵਾਈਸ ਨੂੰ ਵੀ ਜ਼ਰੂਰ ਚੈੱਕ ਕਰ ਲਓ।
ਫੋਨ ਖਰੀਦਣਾ ਚਾਹੀਦਾ ਹੈ ਜਾਂ ਨਹੀਂ?
ਕੁੱਲ ਮਿਲਾ ਕੇ ਦੇਖੀਏ ਤਾਂ Redmi Note 17 5G ਦੀਆਂ ਸਭ ਤੋਂ ਵੱਡੀਆਂ ਖ਼ੂਬੀਆਂ ਇਸ ਦੀ 8,000mAh ਦੀ ਬੈਟਰੀ ਤੇ ਵੱਡੀ AMOLED ਡਿਸਪਲੇਅ ਹਨ। ਉੱਥੇ ਹੀ, ਕੈਮਰਾ, ਗੇਮਿੰਗ ਪਰਫਾਰਮੈਂਸ ਤੇ ਚਾਰਜਿੰਗ ਸਪੀਡ ਅਜਿਹੇ ਖੇਤਰ ਹਨ, ਜਿੱਥੇ ਰੈੱਡਮੀ ਥੋੜ੍ਹਾ ਹੋਰ ਬਿਹਤਰ ਕੰਮ ਕਰ ਸਕਦਾ ਸੀ। ਜੇਕਰ ਤੁਹਾਨੂੰ ਲੰਬੀ ਬੈਟਰੀ ਲਾਈਫ਼ ਤੇ ਵੱਡੀ ਡਿਸਪਲੇਅ ਵਾਲਾ ਫੋਨ ਚਾਹੀਦਾ ਹੈ ਤਾਂ ਤੁਸੀਂ Redmi Note 17 5G ਖਰੀਦਣ ਬਾਰੇ ਵਿਚਾਰ ਕਰ ਸਕਦੇ ਹੋ।