ਅਸਲੀ ਹੈ ਜਾਂ AI ਨਾਲ ਬਣਾਈ ਗਈ? Google ਲਿਆਇਆ ਨਵਾਂ ਟੂਲ, ਫੋਟੋ ਤੇ ਵੀਡੀਓ ’ਚ ਫੜੇਗਾ ਅਦਿੱਖ AI ਵਾਟਰਮਾਰਕ
ਇੰਟਰਨੈੱਟ ’ਤੇ ਡੀਪਫੇਕ ਤੇ AI ਨਾਲ ਤਿਆਰ ਕੀਤੇ ਕੰਟੈਂਟ ਦੀ ਪਛਾਣ ਆਸਾਨ ਬਣਾਉਣ ਲਈ Google ਨੇ ਵੱਡਾ ਕਦਮ ਚੁੱਕਿਆ ਹੈ। ਕੰਪਨੀ ਨੇ ਆਪਣੇ SynthID Detector ਟੂਲ ਨੂੰ ਹੁਣ ਦੁਨੀਆ ਭਰ ਦੇ ਆਮ ਯੂਜ਼ਰਜ਼ ਲਈ ਅੰਗਰੇਜ਼ੀ ਭਾਸ਼ਾ ’ਚ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਇਹ ਟੂਲ ਸਿਰਫ਼ ਮੀਡੀਆ ਪ੍ਰੋਫੈਸ਼ਨਲਜ਼ ਤੱਕ ਹੀ ਸੀਮਤ ਸੀ।
Publish Date: Fri, 09 Oct 2026 12:22 PM (IST)
Updated Date: Fri, 09 Oct 2026 12:44 PM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ। Google ਹੁਣ ਆਮ ਲੋਕਾਂ ਲਈ ਇਹ ਪਤਾ ਲਗਾਉਣਾ ਆਸਾਨ ਬਣਾ ਰਿਹਾ ਹੈ ਕਿ ਇੰਟਰਨੈੱਟ ’ਤੇ ਉਨ੍ਹਾਂ ਦੇ ਸਾਹਮਣੇ ਆਉਣ ਵਾਲੀਆਂ ਫੋਟੋਆਂ, ਵੀਡੀਓਜ਼ ਜਾਂ ਆਡੀਓ ਫਾਈਲਾਂ AI ਨਾਲ ਤਿਆਰ ਕੀਤੀਆਂ ਗਈਆਂ ਹਨ ਜਾਂ ਨਹੀਂ। ਕੰਪਨੀ ਦਾ SynthID Detector, ਜੋ ਪਹਿਲਾਂ ਸਿਰਫ਼ ਮੀਡੀਆ ਪ੍ਰੋਫੈਸ਼ਨਲਜ਼ ਲਈ ਉਪਲਬਧ ਸੀ, ਹੁਣ ਦੁਨੀਆ ਭਰ ’ਚ ਅੰਗਰੇਜ਼ੀ ਭਾਸ਼ਾ ’ਚ ਰੋਲਆਊਟ ਕੀਤਾ ਜਾ ਰਿਹਾ ਹੈ।
ਇਹ ਟੂਲ ਮੀਡੀਆ ਫਾਈਲਾਂ ’ਚ ਲੁਕੇ ਹੋਏ ਅਦਿੱਖ AI ਵਾਟਰਮਾਰਕਸ ਦੀ ਜਾਂਚ ਕਰਦਾ ਹੈ। ਇਹ Google ਦੇ ਨਾਲ-ਨਾਲ ਹੋਰ ਸਹਿਯੋਗੀ AI ਕੰਪਨੀਆਂ ਦੇ ਕੰਟੈਂਟ ’ਤੇ ਵੀ ਕੰਮ ਕਰ ਸਕਦਾ ਹੈ। ਇਸ ਤੋਂ ਇਲਾਵਾ, Google ਆਪਣੀਆਂ ਹੋਰ ਸੇਵਾਵਾਂ, ਜਿਵੇਂ Search, Gemini ਤੇ Chrome ’ਚ ਵੀ AI ਕੰਟੈਂਟ ਦੀ ਪੁਸ਼ਟੀ ਕਰਨ ਦੀ ਸਹੂਲਤ ਦੇ ਰਿਹਾ ਹੈ।
ਹੁਣ ਸਾਰੇ ਯੂਜ਼ਰਜ਼ ਲਈ ਉਪਲਬਧ ਹੋਇਆ Google SynthID Detector Google ਨੇ ਆਪਣੇ SynthID Detector ਨੂੰ ਦੁਨੀਆ ਭਰ ਦੇ ਸਾਰੇ ਯੂਜ਼ਰਜ਼ ਲਈ ਉਪਲਬਧ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੀ ਮਦਦ ਨਾਲ ਕੋਈ ਵੀ ਇਹ ਜਾਂਚ ਕਰ ਸਕਦਾ ਹੈ ਕਿ ਕਿਸੇ ਤਸਵੀਰ, ਵੀਡੀਓ ਜਾਂ ਆਡੀਓ ਫਾਈਲ ’ਚ AI ਨਾਲ ਤਿਆਰ ਕੀਤੇ ਕੰਟੈਂਟ ਨਾਲ ਜੁੜਿਆ ਵਾਟਰਮਾਰਕ ਮੌਜੂਦ ਹੈ ਜਾਂ ਨਹੀਂ।
ਇਹ ਟੂਲ ਪਹਿਲਾਂ ਸਿਰਫ਼ ਮੀਡੀਆ ਪ੍ਰੋਫੈਸ਼ਨਲਜ਼ ਤੱਕ ਸੀਮਤ ਸੀ, ਪਰ ਹੁਣ ਇਸ ਨੂੰ ਦੁਨੀਆ ਭਰ ’ਚ ਅੰਗਰੇਜ਼ੀ ਭਾਸ਼ਾ ’ਚ ਉਪਲਬਧ ਕਰਵਾਇਆ ਜਾ ਰਿਹਾ ਹੈ। SynthID ਨੂੰ ਪਹਿਲੀ ਵਾਰ 2023 ’ਚ ਪੇਸ਼ ਕੀਤਾ ਗਿਆ ਸੀ। ਉਦੋਂ ਤੋਂ ਹੁਣ ਤੱਕ ਇਸ ਦੀ ਵਰਤੋਂ 180 ਅਰਬ ਤੋਂ ਵੱਧ ਤਸਵੀਰਾਂ ਤੇ ਵੀਡੀਓਜ਼ ਦੇ ਨਾਲ-ਨਾਲ 2,40,000 ਸਾਲਾਂ ਦੇ ਬਰਾਬਰ ਆਡੀਓ ਕੰਟੈਂਟ ’ਤੇ ਵਾਟਰਮਾਰਕ ਲਗਾਉਣ ਲਈ ਕੀਤੀ ਜਾ ਚੁੱਕੀ ਹੈ।
ਮਾਊਂਟੇਨ ਵਿਊ ਸਥਿਤ ਇਸ ਤਕਨੀਕੀ ਕੰਪਨੀ ਨੇ ਪਿਛਲੇ ਸਾਲ ਮੀਡੀਆ ਪ੍ਰੋਫੈਸ਼ਨਲਜ਼ ਨੂੰ ਇਸ ਦਾ ਸ਼ੁਰੂਆਤੀ ਵਰਜਨ ਮੁਹੱਈਆ ਕਰਵਾਇਆ ਸੀ। ਹੁਣ ਵੱਡੇ ਪੱਧਰ ’ਤੇ ਕੀਤੇ ਜਾ ਰਹੇ ਰੋਲਆਊਟ ਤੋਂ ਬਾਅਦ ਕੋਈ ਵੀ ਯੂਜ਼ਰ ਆਪਣੀ ਤਸਵੀਰ, ਵੀਡੀਓ ਜਾਂ ਆਡੀਓ ਫਾਈਲ ਅਪਲੋਡ ਕਰਕੇ ਜਾਂਚ ਕਰ ਸਕਦਾ ਹੈ ਕਿ ਉਸ ’ਚ SynthID ਵਾਟਰਮਾਰਕ ਮੌਜੂਦ ਹੈ ਜਾਂ ਨਹੀਂ।
ਇਹ ਵਾਟਰਮਾਰਕ ਇਸ ਤਰ੍ਹਾਂ ਡਿਜ਼ਾਈਨ ਕੀਤੇ ਜਾਂਦੇ ਹਨ ਕਿ ਇਨ੍ਹਾਂ ਨੂੰ ਅੱਖਾਂ ਨਾਲ ਦੇਖ ਕੇ ਜਾਂ ਕੰਨਾਂ ਨਾਲ ਸੁਣ ਕੇ ਪਛਾਣਿਆ ਨਹੀਂ ਜਾ ਸਕਦਾ। ਇਸ ਦਾ ਮਤਲਬ ਹੈ ਕਿ ਇਨ੍ਹਾਂ ਕਾਰਨ ਮੀਡੀਆ ਫਾਈਲ ਦੀ ਦਿੱਖ ਜਾਂ ਆਵਾਜ਼ ’ਚ ਕੋਈ ਬਦਲਾਅ ਨਹੀਂ ਹੁੰਦਾ।
ਇਹ ਡਿਟੈਕਟਰ Google ਤੋਂ ਇਲਾਵਾ OpenAI, Nvidia ਤੇ Kakao ਵਰਗੀਆਂ ਸਹਿਯੋਗੀ AI ਕੰਪਨੀਆਂ ਦੇ ਵਾਟਰਮਾਰਕਸ ਦੀ ਵੀ ਪਛਾਣ ਕਰ ਸਕਦਾ ਹੈ। ਉਮੀਦ ਹੈ ਕਿ ਜਲਦੀ ਹੀ Apple ਵੀ ਇਸ ’ਚ ਸ਼ਾਮਲ ਹੋ ਸਕਦਾ ਹੈ, ਹਾਲਾਂਕਿ Google ਨੇ ਇਸ ਸਬੰਧੀ ਕੋਈ ਤਾਰੀਖ ਨਹੀਂ ਦੱਸੀ ਹੈ।
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਟੂਲ ਸਿਰਫ਼ ਫਾਈਲ ਦੇ ਆਧਾਰ ’ਤੇ ਸਿੱਧਾ ਇਹ ਫ਼ੈਸਲਾ ਨਹੀਂ ਕਰਦਾ ਕਿ ਉਸ ਨੂੰ AI ਨੇ ਬਣਾਇਆ ਹੈ ਜਾਂ ਨਹੀਂ। ਇਹ ਖ਼ਾਸ ਤੌਰ ’ਤੇ SynthID ਵਾਟਰਮਾਰਕ ਦੀ ਭਾਲ ਕਰਦਾ ਹੈ। ਇਸ ਲਈ ਜੇਕਰ ਕਿਸੇ ਫਾਈਲ ’ਚ ਇਹ ਵਾਟਰਮਾਰਕ ਮੌਜੂਦ ਨਹੀਂ ਹੈ, ਤਾਂ AI ਨਾਲ ਬਣਾਈ ਗਈ ਹੋਣ ਦੇ ਬਾਵਜੂਦ ਇਹ ਟੂਲ ਉਸ ਦੀ ਪਛਾਣ ਨਹੀਂ ਕਰ ਸਕੇਗਾ।
Google ਪਹਿਲਾਂ ਤੋਂ ਹੀ Search, Gemini ਐਪ ਤੇ Chrome ਰਾਹੀਂ ਇਸ ਤਰ੍ਹਾਂ ਦੀ ਜਾਂਚ ਕਰਨ ਦੀ ਸਹੂਲਤ ਦਿੰਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਉਸ ਦੀਆਂ ਮੌਜੂਦਾ ਵੈਰੀਫਿਕੇਸ਼ਨ ਸਹੂਲਤਾਂ ਰਾਹੀਂ ਹਰ ਰੋਜ਼ 10 ਲੱਖ ਤੋਂ ਵੱਧ ਬੇਨਤੀਆਂ (Requests) ਨੂੰ ਸੰਭਾਲਿਆ ਜਾ ਰਿਹਾ ਹੈ।